ਹੁਣ ਪੁਲ ਅਤੇ ਰੇਲਵੇ ਇੰਜਣ ਵੀ ਆ ਗਏ ਲੁਟੇਰਿਆਂ ਦੇ ਨਿਸ਼ਾਨੇ ’ਤੇ
Tuesday, Jul 11, 2023 - 06:23 AM (IST)

ਦੇਸ਼ ’ਚ ਚੋਰ-ਡਾਕੂਆਂ ਅਤੇ ਬਦਮਾਸ਼ਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਛੋਟੀ-ਮੋਟੀ ਚੋਰੀ ਤਾਂ ਇਕ ਪਾਸੇ, ਹੁਣ ਇਨ੍ਹਾਂ ਨੇ ਭਾਰੀ-ਭਰਕਮ ਪੁਲ ਅਤੇ ਰੇਲਗੱਡੀਆਂ ਦੇ ਇੰਜਣਾਂ ਨੂੰ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਦੀ ਤਾਜ਼ਾ ਮਿਸਾਲ ਹਾਲ ਹੀ ’ਚ ਸਾਹਮਣੇ ਆਈ ਜਦ ਮੁੰਬਈ ਪੁਲਸ ਨੇ ‘ਮਲਾਡ ਪੱਛਮ’ ਵਿਚ ਇਕ ਨਾਲੇ ’ਤੇ ਬਣਿਆ 90 ਫੁੱਟ ਲੰਬਾ ਅਤੇ 6 ਹਜ਼ਾਰ ਕਿਲੋ ਵਜ਼ਨੀ ਲੋਹੇ ਦਾ ਪੁਲ ਚੋਰੀ ਕਰਨ ਦੇ ਦੋਸ਼ ’ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ।
ਪੁਲਸ ਅਨੁਸਾਰ ਆਸ-ਪਾਸ ਦੇ ਇਲਾਕਿਆਂ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ’ਤੇ ਇਕ ਵੱਡਾ ਟਰੱਕ ਪੁਲ ਕੱਟਣ ਲਈ ਵਰਤੋਂ ’ਚ ਲਿਆਂਦੀਆਂ ਜਾਣ ਵਾਲੀਆਂ ਮਸ਼ੀਨਾਂ ਨਾਲ ਪੁਲ ਵੱਲ ਜਾਂਦਾ ਦੇਖਿਆ ਗਿਆ।
ਅੱਗੋਂ ਦੀ ਜਾਂਚ ਲਈ ਪੁਲਸ ਉਸ ਬਿਜਲੀ ਕੰਪਨੀ ਦੇ ਕਰਮਚਾਰੀ ਤਕ ਪਹੁੰਚੀ, ਜਿਸ ਨੂੰ ਪੁਲ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ ਅਤੇ ਉਕਤ ਕਰਮਚਾਰੀ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਨਵੰਬਰ, 2022 ਨੂੰ ਬਿਹਾਰ ਦੇ ਮੁਜ਼ੱਫਰਪੁਰ ’ਚ ਕਬਾੜ ਦੀ ਇਕ ਦੁਕਾਨ ਤੋਂ ਰੇਲ ਇੰਜਣ ਦੇ ਪੁਰਜ਼ੇ ਮਿਲਣ ਪਿੱਛੋਂ ਕੀਤੀ ਗਈ ਵੱਡੇ ਪੱਧਰ ’ਤੇ ਜਾਂਚ ’ਚ ਬਰੌਨੀ ’ਚ ਮੁਰੰਮਤ ਲਈ ਲਿਆਂਦੇ ਗਏ ਇਕ ਪੂਰੇ ਦੇ ਪੂਰੇ ਡੀਜ਼ਲ ਇੰਜਣ ਨੂੰ ਚੋਰੀ ਕਰ ਲਏ ਜਾਣ ਦਾ ਖੁਲਾਸਾ ਹੋਇਆ ਸੀ।
ਇਸ ਤੋਂ ਪਹਿਲਾਂ 5 ਅਪ੍ਰੈਲ, 2022 ਨੂੰ ਬਿਹਾਰ ਦੇ ਹੀ ਰੋਹਤਾਸ ਜ਼ਿਲੇ ’ਚ ‘ਆਰਾ-ਸੋਨ ਨਹਿਰ’ ਉੱਤੇ ਬਣਿਆ 500 ਟਨ ਵਜ਼ਨੀ ਸਾਰਾ ਪੁਲ ਚੋਰੀ ਕਰ ਲਿਆ ਗਿਆ ਸੀ।
ਇੰਨੀਆਂ ਭਾਰੀ-ਭਰਕਮ ਵਸਤੂਆਂ ਦੀ ਚੋਰੀ ਲੁਟੇਰਿਆਂ ਦੇ ਵਧੇ ਹੋਏ ਹੌਸਲਿਆਂ ਦਾ ਮੂੰਹ ਬੋਲਦਾ ਸਬੂਤ ਹੈ। ਇਸ ਲਈ ਇਸ ’ਚ ਸ਼ਾਮਲ ਪਾਏ ਜਾਣ ਵਾਲੇ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।