ਹੁਣ ਡਾਕੇ ਲਈ ਵੀ ਕਢਵਾਇਆ ਜਾਣ ਲੱਗਾ ‘ਸ਼ੁੱਭ ਮਹੂਰਤ’

08/23/2023 4:31:58 AM

ਆਮ ਤੌਰ ’ਤੇ ਲੋਕ ਵਿਆਹ, ਗ੍ਰਹਿ ਪ੍ਰਵੇਸ਼, ਵਾਹਨ ਦੀ ਖਰੀਦ, ਨਵਾਂ ਕਾਰੋਬਾਰ ਸ਼ੁਰੂ ਕਰਨ, ਯਾਤਰਾ ਆਦਿ ’ਤੇ ਜਾਣ ਲਈ ‘ਸ਼ੁੱਭ ਮਹੂਰਤ’ ਕਢਵਾਉਂਦੇ ਹਨ ਪਰ ਮਹਾਰਾਸ਼ਟਰ ’ਚ ਪੁਣੇ ਜ਼ਿਲੇ ਦੇ ਬਾਰਾਮਤੀ ’ਚ ਸਾਗਰ ਗੋਫਾਨੇ ਨਾਂ ਦੇ ਇਕ ਅਮੀਰ ਵਪਾਰੀ ਦੇ ਇੱਥੇ ਡਾਕਾ ਮਾਰਨ ਲਈ 5 ਡਾਕੂਆਂ ਨੇ ਇਕ ਜੋਤਿਸ਼ੀ ਰਾਮਚੰਦਰ ਚਾਵਾ ਕੋਲੋਂ ‘ਸ਼ੁੱਭ ਮਹੂਰਤ’ ਕਢਵਾ ਕੇ ਡਾਕਾ ਮਾਰਿਆ ਤੇ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਲੁੱਟੀ।

ਡਾਕਾ ਮਾਰਨ ਦਾ ਸਮਾਂ ਭਾਵੇਂ ਹੀ ਸ਼ੁੱਭ ਰਿਹਾ ਹੋਵੇ ਪਰ ਬਾਅਦ ਦਾ ਸਮਾਂ ਅਸ਼ੁੱਭ ਹੋ ਗਿਆ ਅਤੇ ਸਾਰੇ ਫੜੇ ਗਏ। ‘ਪੁਣੇ ਪੁਲਸ’ ਦੇ ਇਕ ਅਧਿਕਾਰੀ ਮੁਤਾਬਕ, ਇਸ ਮਾਮਲੇ ’ਚ 5 ਡਕੈਤਾਂ ਤੇ ਜੋਤਿਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਉਨ੍ਹਾਂ ਦੱਸਿਆ ਕਿ 5 ਡਾਕੂ ਸਾਗਰ ਗੋਫਾਨੇ ਦੇ ਘਰ ’ਚ ਉਦੋਂ ਵੜੇ ਜਦ ਉਹ ਸ਼ਹਿਰ ਤੋਂ ਬਾਹਰ ਤੀਰਥ ਯਾਤਰਾ ’ਤੇ ਗਏ ਹੋਏ ਸਨ। ਉਨ੍ਹਾਂ ਗੋਫਾਨੇ ਦੀ ਪਤਨੀ ਅਤੇ ਬੱਚਿਆਂ ਨੂੰ ਬੰਧਕ ਬਣਾਇਆ ਅਤੇ 95 ਲੱਖ ਰੁਪਏ ਨਕਦ ਅਤੇ 11 ਲੱਖ ਰੁਪਏ ਦੇ ਗਹਿਣੇ ਲੈ ਕੇ ਚੰਪਤ ਹੋ ਗਏ ਪਰ ਜਲਦੀ ਹੀ ਫੜੇ ਗਏ।

ਪੁੱਛਗਿੱਛ ਦੌਰਾਨ ਡਾਕੂਆਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਡਕੈਤੀ ਦਾ ‘ਸ਼ੁੱਭ’ ਸਮਾਂ ਜਾਣਨ ਲਈ ਜੋਤਿਸ਼ੀ ਰਾਮਚੰਦਰ ਚਾਵਾ ਨਾਲ ਸੰਪਰਕ ਕੀਤਾ ਜਿਸ ਨੇ ਇਸ ਲਈ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲ ਕੀਤੀ ਸੀ। ਦੋਸ਼ੀਆਂ ਕੋਲੋਂ ਲੁੱਟ ਦੀ ਰਕਮ ’ਚੋਂ 76 ਲੱਖ ਰੁਪਏ ਬਰਾਮਦ ਕੀਤੇ ਗਏ ਹਨ।

ਉਕਤ ਘਟਨਾ ਤੋਂ ਸਪੱਸ਼ਟ ਹੈ ਕਿ ਹੁਣ ਡਾਕੂ ਵਰਗੇ ਸਮਾਜ ਵਿਰੋਧੀ ਤੱਤਾਂ ਨੇ ਵੀ ਆਪਣੇ ਗਲਤ ਕੰਮਾਂ ਲਈ ਜੋਤਿਸ਼ ਵਿਗਿਆਨ ਵਰਗੀ ਮਹਾਨ ਵਿੱਦਿਆ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਅਜਿਹਾ ਕਰਨ ਵਾਲਿਆਂ ਅਤੇ ਇਸ ’ਚ ਸਹਾਇਤਾ ਕਰਨ ਵਾਲਿਆਂ, ਦੋਵਾਂ ਵਿਰੁੱਧ ਹੀ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ।
-ਵਿਜੇ ਕੁਮਾਰ


Manoj

Content Editor

Related News