‘ਨਵਾਂ ਸਾਲ 2023’ ਸਭ ਦੇ ਲਈ ਮੰਗਲਮਯ ਹੋਵੇ
Sunday, Jan 01, 2023 - 02:53 AM (IST)
ਸਾਲਾਂ ਤੋਂ ਇਹ ਰਵਾਇਤ ਚਲੀ ਆ ਰਹੀ ਹੈ ਕਿ ਨਵਾਂ ਸਾਲ ਆਰੰਭ ਹੋਣ ਤੋਂ ਪਹਿਲਾਂ 31 ਦਸੰਬਰ ਤੋਂ ਹੀ ਲੋਕ ਮੋਬਾਇਲ ਫੋਨ ਅਤੇ ਈ-ਮੇਲ ਆਦਿ ਰਾਹੀਂ ਆਪਣੇ ਪਿਆਰਿਆਂ ਨੂੰ ਨਵੇਂ ਸਾਲ ਦੀ ਵਧਾਈ ਦੇਣੀ ਸ਼ੁਰੂ ਕਰ ਦਿੰਦੇ ਹਨ ਅਤੇ ਰਾਤ 12 ਵਜੇ ਨਵੇਂ ਸਾਲ ਦਾ ਆਗਮਨ ਹੋਣ ਦੇ ਨਾਲ ਹੀ ਲੋਕਾਂ ਦਾ ਉਤਸ਼ਾਹ ਸਿਖਰ ’ਤੇ ਪਹੁੰਚ ਜਾਂਦਾ ਹੈ।
ਖੁਸ਼ੀਆਂ ਮਨਾਉਣ ਅਤੇ ਇਕ-ਦੂਜੇ ਦੇ ਗਲੇ ਮਿਲ ਕੇ ਵਧਾਈਆਂ ਦੇਣ ਦਾ ਇਹ ਸਿਲਸਿਲਾ ਅਗਲੇ ਦਿਨ ਅਤੇ ਉਸ ਤੋਂ ਅੱਗੇ ਵੀ ਕੁਝ ਦਿਨ ਜਾਰੀ ਰਹਿੰਦਾ ਹੈ।
ਉਂਝ ਤਾਂ ਭਾਰਤੀ ਨਵਾਂ ਸਾਲ ਮਾਰਚ-ਅਪ੍ਰੈਲ (ਚੇਤਰ) ’ਚ ਸ਼ੁਰੂ ਹੁੰਦਾ ਹੈ ਪਰ 400 ਸਾਲ ਪਹਿਲਾਂ ਅੰਗਰੇਜ਼ਾਂ ਦੇ ਭਾਰਤ ’ਚ ਆਉਣ ਦੇ ਬਾਅਦ ਭਾਰਤ ’ਚ ਵੀ ਅੰਗਰੇਜ਼ੀ ਕੈਲੰਡਰ ਦੇ ਅਨੁਸਾਰ ਇਕ ਜਨਵਰੀ ਨੂੰ ਨਵਾਂ ਸਾਲ ਮਨਾਉਣ ਦੀ ਰਵਾਇਤ ਸ਼ੁਰੂ ਹੋਈ ਜੋ ਹੁਣ ਪੂਰੀ ਦੁਨੀਆ ’ਚ ਫੈਲ ਚੁੱਕੀ ਹੈ।
ਅਤੀਤ ਦੇ ਵਾਂਗ ਹੀ ਬੀਤਿਆ ਸਾਲ ਵੀ ਲੋਕਾਂ ਨੂੰ ਕਈ ਖੱਟੀਆਂ-ਮਿੱਠੀਆਂ ਯਾਦਾਂ ਦੇ ਕੇ ਵਿਦਾ ਹੋਇਆ ਹੈ ਜਿਸ ’ਚ ਕਿਸੇ ਦੇ ਪਿਆਰੇ ਵਿਛੜ ਗਏ ਤਾਂ ਕਿਸੇ ਦੇ ਪਰਿਵਾਰ ’ਚ ਵਿਆਹ-ਸ਼ਾਦੀਆਂ ਅਤੇ ਬੱਚਿਆਂ ਦੇ ਜਨਮ ਦੇ ਰੂਪ ’ਚ ਖੁਸ਼ੀਆਂ ਆਈਆਂ।
ਕੁਦਰਤ ਦੇ ਨਿਯਮ ਦੇ ਅਨੁਸਾਰ ਅਤੀਤ ਦੀਆਂ ਕੌੜੀਆਂ ਯਾਦਾਂ ਨੂੰ ਭੁਲਾ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ ਹੀ ਉਚਿਤ ਹੈ ਕਿਉਂਕਿ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਅਤੇ ਨਵਾਂ ਸਾਲ ਅਤੀਤ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਕਰਨ ਦਾ ਇਕ ਮੌਕਾ ਹੈ।
ਇਸ ਲਈ ਸਾਲ 2022 ਨੂੰ ਅਲਵਿਦਾ ਕਹਿ ਕੇ ਨਵੇਂ ਸਾਲ 2023 ’ਚ ਕਦਮ ਰੱਖਣ ਦੇ ਇਸ ਮੌਕੇ ’ਤੇ ਅਸੀਂ ਆਪਣੇ ਪਾਠਕਾਂ ਅਤੇ ਸਮੁੱਚੇ ਦੇਸ਼ ਵਾਸੀਆਂ ਦੀ ਜ਼ਿੰਦਗੀ ’ਚ ਸੁੱਖ ਅਤੇ ਖੁਸ਼ਹਾਲੀ ਦੇ ਲਈ ਹਾਰਦਿਕ ਸ਼ੁੱਭਕਾਮਨਾਵਾਂ ਦਿੰਦੇ ਹਾਂ ਅਤੇ ਇਹੀ ਕਾਮਨਾ ਕਰਦੇ ਹਾਂ ਕਿ ਇਹ ਨਵਾਂ ਸਾਲ ਤੁਹਾਡੀ ਸਭ ਦੀ ਜ਼ਿੰਦਗੀ ’ਚ ਪਿਛਲੇ ਸਾਲ ਨਾਲੋਂ ਬਿਹਤਰ ਸਾਬਤ ਹੋਵੇ ਅਤੇ ਤੁਹਾਡੀ ਜ਼ਿੰਦਗੀ ’ਚ ਨਵੀਂ ਊਰਜਾ, ਉਮੰਗ, ਉਤਸ਼ਾਹ ਅਤੇ ਨਵੀਆਂ ਖੁਸ਼ੀਆਂ ਲੈ ਕੇ ਆਵੇ।
सर्वे भवन्तु सुखिन: सर्वे संतु निरामया:!
सर्वे भद्राणि पश्यन्तु मा कश्चिद् दु:ख भाग् भवेत!!
-ਵਿਜੇ ਕੁਮਾਰ