ਵਿਗਿਆਨਕ ਯੁੱਗ ’ਚ ਵੀ ਜਾਦੂ-ਟੂਣੇ-ਵਹਿਮ ਦੇ ਚੱਕਰ ’ਚ ਹੋ ਰਹੀਆਂ ਹੱਤਿਆਵਾਂ

Sunday, Dec 31, 2023 - 06:17 AM (IST)

ਆਜ਼ਾਦੀ ਦੇ 76 ਸਾਲ ਬਾਅਦ ਵੀ ਦੇਸ਼ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਜਾਦੂ-ਟੂਣੇ ਦੇ ਜਾਲ ਤੋਂ ਮੁਕਤ ਨਹੀਂ ਹੋ ਸਕਿਆ। ਜਿੱਥੇ ਲੋਕਾਂ ਦੀ ਇਕ ਵੱਡੀ ਗਿਣਤੀ ਅੰਧਵਿਸ਼ਵਾਸਾਂ ਦੇ ਜਾਲ ’ਚ ਫਸ ਕੇ ਸੈਕਸ ਸ਼ੋਸ਼ਣ, ਠੱਗੀ ਅਤੇ ਹਿੰਸਾ ਦਾ ਸ਼ਿਕਾਰ ਹੋ ਰਹੀ ਹੈ, ਉੱਥੇ ਹੀ ਜਾਦੂ-ਟੂਣੇ ਕਰਨ ਦੇ ਸ਼ੱਕ ’ਚ ਕਈ ਲੋਕਾਂ ਨੂੰ ਜਾਨਾਂ ਤੋਂ ਹੱਥ ਧੋਣਾ ਪੈ ਰਿਹਾ ਹੈ :

* 5 ਸਤੰਬਰ ਨੂੰ ਖੂੰਟੀ (ਝਾਰਖੰਡ) ਜ਼ਿਲੇ ਦੇ ਸੇਰੇਂਗ ਹਾਤੂ ਪਿੰਡ ’ਚ ਕੁਝ ਲੋਕਾਂ ਨੇ ‘ਪਿਸ਼ਾਚ’ ਕਰਾਰ ਦੇ ਕੇ ਭਾਨੂੰ ਮੁੰਡਾ ਨਾਂ ਦੇ 65 ਸਾਲਾ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।

* 5 ਸਤੰਬਰ ਨੂੰ ਹੀ ਬੋਕਾਰੋ (ਝਾਰਖੰਡ) ਜ਼ਿਲੇ ਦੇ ‘ਬਨਚਾਸ’ ਪਿੰਡ ’ਚ 55 ਸਾਲਾ ਔਰਤ ਫੂਲਮਣੀ ਨੂੰ ਪਿੰਡ ਦੇ ਹੀ 2 ਲੋਕਾਂ ਨੇ ਡਾਇਣ ਹੋਣ ਦੇ ਸ਼ੱਕ ’ਚ ਕੁਹਾੜੀ ਨਾਲ ਵੱਢ ਦਿੱਤਾ।

* 6 ਸਤੰਬਰ ਨੂੰ ਰਾਂਚੀ (ਝਾਰਖੰਡ) ਦੇ ‘ਸੋਨਾਹਪੁਟ’ ਥਾਣੇ ਦੇ ਪਿੰਡ ‘ਰਨਡੀਹ’ ’ਚ 8 ਲੋਕਾਂ ਨੇ ਜਾਦੂ-ਟੂਣਾ ਕਰਨ ਦੇ ਸ਼ੱਕ ’ਚ 3 ਔਰਤਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਦੋਸ਼ੀਆਂ ’ਚ ਮ੍ਰਿਤਕ ਔਰਤ ਦਾ ਪਤੀ ਵੀ ਸ਼ਾਮਲ ਪਾਇਆ ਗਿਆ।

* 13 ਅਕਤੂਬਰ ਨੂੰ ਕਟਿਹਾਰ (ਬਿਹਾਰ) ਦੇ ‘ਫਲਕਾ’ ਥਾਣੇ ਦੇ ਇਲਾਕੇ ’ਚ ‘ਮਹਾਦਲਿਤ ਟੋਲਾ ਪਿੰਡ’ ’ਚ ਬੁਗੀਆ ਦੇਵੀ ਨਾਮਕ ਬਿਰਧ ਔਰਤ ਦੀ ਰਾਤ ਨੂੰ ਸੌਂਦੇ ਸਮੇਂ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ।

ਮ੍ਰਿਤਕਾ ਦੀ ਨੂੰਹ ਪੂਨਮ ਦੇਵੀ ਨੇ ਪਿੰਡ ਦੇ ਹੀ ਇਕ ਵਿਅਕਤੀ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਆਪਣੇ ਪਿਤਾ ਦੀ ਮੌਤ ਪਿੱਛੋਂ ਉਹ ਹਮੇਸ਼ਾ ਬੁਗੀਆ ਦੇਵੀ ਨੂੰ ਡਾਇਣ ਕਹਿ ਕੇ ਸਤਾਉਣ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਸੀ।

* 19 ਅਕਤੂਬਰ ਨੂੰ ਦੁਮਕਾ (ਝਾਰਖੰਡ) ਜ਼ਿਲੇ ਦੇ ‘ਬੀਰਾਬਥਾਨ’ ਪਿੰਡ ’ਚ ਕਾਂਤ ਹੇਂਬ੍ਰਮ ਨਾਂ ਦੇ ਲੜਕੇ ਨੇ ਡਾਇਣ ਦੱਸ ਕੇ ਆਪਣੀ ਮਾਂ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਕਾਂਤ ਹੇਂਬ੍ਰਮ ਨੂੰ ਸ਼ੱਕ ਸੀ ਕਿ ਉਸ ਦੀ ਮਾਂ ਨੇ ਹੀ ਕੁਝ ਮਹੀਨੇ ਪਹਿਲਾਂ ਡਾਇਣ ਬਣ ਕੇ ਉਸ ਦੇ ਬੇਟੇ ਨੂੰ ਮਾਰ ਦਿੱਤਾ ਸੀ।

* 20 ਅਕਤੂਬਰ ਨੂੰ ਗੁਜਰਾਤ ਦੇ ਜਾਮਨਗਰ ਜ਼ਿਲੇ ਦੇ ‘ਹਜਾਮਚੋਰਾ’ ਪਿੰਡ ’ਚ ਧਾਰਮਿਕ ਰੀਤੀ ਰਿਵਾਜ ਦੇ ਨਾਂ ’ਤੇ ਇਕ ਭਰਾ-ਭੈਣ ਨੇ ਮਿਲ ਕੇ ਆਪਣੀ ਛੋਟੀ ਭੈਣ ਨੂੰ ਨਗਨ ਕਰ ਕੇ ਜ਼ਮੀਨ ’ਤੇ ਲਿਟਾ ਕੇ ਪਹਿਲਾਂ ਉਸ ’ਤੇ ਲਾਠੀ-ਡੰਡਿਆਂ ਨਾਲ ਵਾਰ ਕੀਤੇ ਅਤੇ ਫਿਰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

ਪੁਲਸ ਦੀ ਜਾਂਚ-ਪੜਤਾਲ ਦੌਰਾਨ ਦੋਸ਼ੀ ਭਰਾ-ਭੈਣ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਜੇ ਛੋਟੀ ਭੈਣ ਜਿਊਂਦੀ ਰਹੀ ਤਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਵੇਗੀ ਅਤੇ ਇਸੇ ਅੰਧਵਿਸ਼ਵਾਸ ’ਚ ਦੋਵਾਂ ਨੇ ਆਪਣੀ ਭੈਣ ਨੂੰ ਮਾਰ ਦਿੱਤਾ।

* 23 ਅਕਤੂਬਰ ਨੂੰ ਇਟਾਵਾ (ਮੱਧ ਪ੍ਰਦੇਸ਼) ’ਚ ਮਾਨਸਿਕ ਤੌਰ ’ਤੇ ਬੀਮਾਰ ਲੜਕੀ ਦੇ ਰਿਸ਼ਤੇਦਾਰਾਂ ਦੇ ਸੰਪਰਕ ’ਚ ਆਏ ਇਕ ਤਾਂਤਰਿਕ ਨੇ ਲੜਕੀ ’ਤੇ ਭੂਤ-ਪ੍ਰੇਤ ਦਾ ਸਾਇਆ ਹੋਣ ਦੀ ਗੱਲ ਕਹਿ ਕੇ ਉਸ ਨੂੰ ਤੰਤਰ ਕਿਰਿਆ ਰਾਹੀਂ ਤੰਦਰੁਸਤ ਕਰਨ ਦਾ ਦਾਅਵਾ ਕੀਤਾ।

ਇਸ ਲਈ ਲੜਕੀ ਦੀ ਧੌਣ ’ਤੇ ਖੜ੍ਹਾ ਹੋ ਕੇ ਕਿਰਿਆ ਨੂੰ ਅੰਜਾਮ ਦੇਣ ਲੱਗਾ ਅਤੇ ਉਸ ਪਿੱਛੋਂ ਹਵਨ ਆਦਿ ਕਰ ਕੇ ਭੂਤ ਭਜਾਉਣ ਲਈ ਲੜਕੀ ਨੂੰ ਸਰੀਰਕ ਤਸੀਹੇ ਦਿੱਤੇ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।

* 31 ਅਕਤੂਬਰ ਨੂੰ ਸ਼ਹਿਡੋਲ (ਮੱਧ ਪ੍ਰਦੇਸ਼) ਦੇ ਪਿੰਡ ‘ਪਤੇਰਾ ਟੋਲਾ ’ਚ ਜਾਦੂ-ਟੂਣਾ ਕਰਨ ਦੇ ਸ਼ੱਕ ’ਚ ਇਕ ਨੌਜਵਾਨ ਨੇ ਆਪਣੇ ਚਚੇਰੇ ਭਰਾ ਦੀ ਹੱਤਿਆ ਕਰ ਦਿੱਤੀ।

* 21 ਨਵੰਬਰ ਨੂੰ ਜਸ਼ਪੁਰ (ਛੱਤੀਸਗੜ੍ਹ) ਜ਼ਿਲੇ ਦੇ ਨਾਰਾਇਣਪੁਰ ’ਚ ਇਕ ਵਿਅਕਤੀ ਨੇ ਇਕ ਔਰਤ ਦੀ ਹੱਤਿਆ ਕਰ ਦਿੱਤੀ। ਵਿਅਕਤੀ ਨੂੰ ਸ਼ੱਕ ਸੀ ਕਿ ਉਸ ਔਰਤ ਨੇ ਉਸ ਦੇ ਬੇਟੇ ’ਤੇ ਜਾਦੂ-ਟੂਣਾ ਕਰ ਦਿੱਤਾ ਹੈ ਜਿਸ ਕਾਰਨ ਉਹ ਬੀਮਾਰ ਰਹਿੰਦਾ ਹੈ।

* 2 ਦਸੰਬਰ ਨੂੰ ਪਲਾਮੂ (ਝਾਰਖੰਡ) ਜ਼ਿਲੇ ਦੇ ‘ਬਸਰੀਆ ਕਲਾਂ’ ਪਿੰਡ ’ਚ ਇਕ ਵਿਧਵਾ ਦੀ ਜ਼ਮੀਨ ਹੜੱਪਣ ਲਈ ਉਸ ਨੂੰ ਡਾਇਣ ਦੱਸ ਕੇ ਉਸ ਦੇ ਹੀ ਦਿਓਰ ਅਤੇ 2 ਬੇਟਿਆਂ ਨੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਲਾਸ਼ ਖੂਹ ’ਚ ਸੁੱਟ ਦਿੱਤੀ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਦੇ ਵਿਗਿਆਨਕ ਯੁੱਗ ’ਚ ਵੀ ਲੋਕਾਂ ’ਤੇ ਅੰਧਵਿਸ਼ਵਾਸਾਂ ਤੇ ਜਾਦੂ-ਟੂਣੇ ਦਾ ਕਿੰਨਾ ਜ਼ਿਆਦਾ ਅਸਰ ਹੈ, ਜਿਸ ਅਧੀਨ ਉਹ ਸੱਚਾਈ ਜਾਣੇ ਬਗੈਰ ਹੀ ਗੁੱਸੇ ’ਚ ਆ ਕੇ ਹੱਤਿਆ ਵਰਗਾ ਅਪਰਾਧ ਕਰਨ ਤੋਂ ਵੀ ਝਿਜਕਦੇ ਨਹੀਂ।

ਇਸ ਦੇ ਨਾਲ ਹੀ ਬਿਨਾਂ ਸੋਚੇ-ਵਿਚਾਰੇ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲਿਆਂ ਜਾਂ ਲੋਕਾਂ ਨੂੰ ਵਹਿਮ-ਭਰਮ ਦੇ ਚੱਕਰ ’ਚ ਪਾ ਕੇ ਠੱਗਣ ਵਾਲਿਆਂ ਨੂੰ ਸਖਤ ਸਜ਼ਾ ਦੇਣ ਦੀ ਵੀ ਲੋੜ ਹੈ, ਤਾਂ ਕਿ ਅਜਿਹੇ ਲੋਕਾਂ ਦੀ ਅਗਿਆਨਤਾ ਕਾਰਨ ਨਿਰਦੋਸ਼ ਲੋਕਾਂ ਨੂੰ ਮਰਨ ਤੋਂ ਬਚਾਇਆ ਜਾ ਸਕੇ।

- ਵਿਜੇ ਕੁਮਾਰ


Anmol Tagra

Content Editor

Related News