ਹੋ ਜਾਓ ਸਾਵਧਾਨ! ਮਰਨ ਤੋਂ ਬਾਅਦ ਵੀ ਨਹੀਂ ਮਿੱਟਦੇ ਸਮੋਕਿੰਗ ਦੇ ਨਿਸ਼ਾਨ, ਹੈਰਾਨ ਕਰੇਗੀ ਪੂਰੀ ਰਿਪੋਰਟ
Thursday, Nov 21, 2024 - 07:15 PM (IST)
ਜਲੰਧਰ (ਸੂਰਜ ਠਾਕੁਰ)-ਹਾਲ ਹੀ ’ਚ ਚੇਨ ਸਮੋਕਰ ਸ਼ਾਹਰੁਖ ਖਾਨ ਨੇ ਆਪਣੇ 59ਵੇਂ ਜਨਮ ਦਿਨ ’ਤੇ ਸਿਗਰਟ ਪੀਣੀ ਛੱਡ ਦਿੱਤੀ ਅਤੇ ਕਿਹਾ ਕਿ ਮੈਨੂੰ ਲੱਗਾ ਕਿ ਸਿਗਰਟ ਛੱਡਣ ਤੋਂ ਬਾਅਦ ਮੈਨੂੰ ਸਾਹ ਲੈਣ ’ਚ ਤਕਲੀਫ਼ ਨਹੀਂ ਹੋਵੇਗੀ। ਸਪੱਸ਼ਟ ਹੈ ਕਿ ਸਿਗਰਟਨੋਸ਼ੀ ਨਾਲ ਜਦੋਂ ਸਰੀਰ ਨੂੰ ਨੁਕਸਾਨ ਹੋ ਰਿਹਾ ਹੋਵੇ ਤਾਂ ਇਸ ਨੂੰ ਛੱਡਣਾ ਹੀ ਬਿਹਤਰ ਹੈ। ਪਿਛਲੇ ਕੁਝ ਦਹਾਕਿਆਂ ’ਚ ਹਜ਼ਾਰਾਂ ਅਜਿਹੀਆਂ ਖੋਜਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਤੰਬਾਕੂ ਦਾ ਸੇਵਨ ਵਿਅਕਤੀ ਨੂੰ ਮੌਤ ਦੇ ਬੂਹੇ ’ਤੇ ਲੈ ਜਾਂਦਾ ਹੈ ਪਰ ਤੰਬਾਕੂ ’ਤੇ ਹੋਈ ਤਾਜ਼ਾ ਖੋਜ ’ਚ ਕਿਹਾ ਗਿਆ ਹੈ ਕਿ ਇਹ ਮਨੁੱਖੀ ਹੱਡੀਆਂ ਦੀ ਬਣਤਰ ਨੂੰ ਵੀ ਬਦਲ ਦਿੰਦਾ ਹੈ। ਦੰਦਾਂ ’ਤੇ ਤੰਬਾਕੂ ਦੇ ਨਿਸ਼ਾਨ ਮੌਤ ਤੋਂ ਸਦੀਆਂ ਬਾਅਦ ਵੀ ਬਣੇ ਰਹਿੰਦੇ ਹਨ।
ਇਹ ਖੋਜ ਬ੍ਰਿਟੇਨ ਵਿਚ 17ਵੀਂ ਅਤੇ 18ਵੀਂ ਸਦੀ ਦੇ ਮਨੁੱਖੀ ਪਿੰਜਰਾਂ ’ਤੇ ਕੀਤੀ ਗਈ ਹੈ। ਇਤਿਹਾਸ ਦੇ ਪੰਨਿਆਂ ਅਨੁਸਾਰ ਬ੍ਰਿਟੇਨ ਵਿਚ ਪਾਈਪ ਸਮੋਕਿੰਗ ਦਾ ਰੁਝਾਨ ਇੰਨਾ ਜ਼ਿਆਦਾ ਸੀ ਕਿ ਸਾਲ 1700 ਵਿਚ 1 ਕਰੋੜ 70 ਲੱਖ ਕਿਲੋਗ੍ਰਾਮ ਤੰਬਾਕੂ ਦੀ ਦਰਾਮਦ ਕੀਤੀ ਗਈ ਸੀ। ਉਸ ਸਮੇਂ ਇਹ ਦੇਸ਼ ਦੇ ਹਰ ਵਿਅਕਤੀ ਲਈ ਹਰ ਦਿਨ ਇਕ ਪਾਈਪ ਪੀਣਾ ਕਾਫ਼ੀ ਸੀ।
ਇਹ ਵੀ ਪੜ੍ਹੋ-ਗੋਰਾਇਆ 'ਚ ਨਿਰ-ਵਸਤਰ ਮਿਲੀ ਔਰਤ ਦੀ ਲਾਸ਼ ਦੇ ਮਾਮਲੇ 'ਚ ਹੈਰਾਨੀਜਨਕ ਖ਼ੁਲਾਸਾ
ਹੱਡੀਆਂ ’ਚ ਬਚੇ ਅਣੂਆਂ ਦਾ ਵਿਸ਼ਲੇਸ਼ਣ
ਮਨੁੱਖੀ ਪਿੰਜਰਾਂ ’ਤੇ ਕੀਤੀ ਗਈ ਇਹ ਖੋਜ ਅੰਤਰਰਾਸ਼ਟਰੀ ਜਰਨਲ ਸਾਇੰਸ ਐਡਵਾਂਸ ਵਿਚ ਪ੍ਰਕਾਸ਼ਿਤ ਹੋਈ ਹੈ। ਖੋਜਕਾਰਾਂ ਦੇ ਅਧਿਐਨ ਦੌਰਾਨ 1700 ਤੋਂ 1855 ਦੇ ਵਿਚਾਲੇ ਇੰਗਲੈਂਡ ਵਿਚ ਮਰਨ ਵਾਲੇ ਸੈਂਕੜੇ ਲੋਕਾਂ ’ਚ ਸਿਗਰਟਨੋਸ਼ੀ ਕਰਨ ਵਾਲਿਆਂ ਅਤੇ ਨਾ ਕਰਨ ਵਾਲਿਆਂ ਦੀ ਪਛਾਣ ਕਰਨ ਦੇ ਯੋਗ ਸਨ। ਉਨ੍ਹਾਂ ਨੇ ਉਸ ਦੌਰਾਨ ਦੇ ਮਨੁੱਖੀ ਪਿੰਜਰਾਂ ’ਚ ਹੋ ਚੁੱਕੀਆਂ ਰਸਾਇਣਕ ਪ੍ਰਕਿਰਿਆਵਾਂ ਤੋਂ ਬਾਅਦ ਹੱਡੀਆਂ ’ਚ ਬਚੇ ਅਣੂਆਂ ਦਾ ਵਿਸ਼ਲੇਸ਼ਣ ਕੀਤਾ। ਖੋਜ ’ਚ ਕਿਹਾ ਗਿਆ ਹੈ ਕਿ ਕੁਝ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਪੁਰਾਤੱਤਵ ਤੌਰ ’ਤੇ ਪਛਾਣਨਾ ਆਸਾਨ ਹੁੰਦਾ ਹੈ। ਉਦਾਹਰਣ ਲਈ ਵਿਕਟੋਰੀਅਨ ਯੁੱਗ ਯਾਨੀ ਲੱਗਭਗ 1830 ਤੋਂ 1900 ਤੱਕ ਇੰਗਲੈਂਡ ਵਿਚ ਉਦਯੋਗਿਕ ਤੌਰ ’ਤੇ ਤਿਆਰ ਕੀਤੀਆਂ ਗਈਆਂ ਮਿੱਟੀ ਦੀਆਂ ਪਾਈਪਾਂ ਕਾਰਨ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਦਿੰਦਾਂ ’ਚ ਵਿਸ਼ੇਸ਼ ਖਾਂਚੇ ਬਣਦੇ ਸਨ।
ਖੋਜਕਰਤਾ ਪਿਛਲੀਆਂ ਸਦੀਆਂ ਵਿਚ ਸਿਹਤ ’ਤੇ ਤੰਬਾਕੂ ਦੇ ਪ੍ਰਭਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਪਛਾਣ ਕਰਨ ਦਾ ਇਕ ਹੋਰ ਤਰੀਕਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਮਨੁੱਖੀ ਪਿੰਜਰ ਵਿਚ ਮੈਟਾਬੋਲਿਜ਼ਮ (ਸਰੀਰ ਵਿਚ ਹੋਣ ਵਾਲੀਆਂ ਰਸਾਇਣਕ ਪ੍ਰਕਿਰਿਆਵਾਂ) ਦਾ ਵਿਸ਼ਲੇਸ਼ਣ ਕੀਤਾ। ਇਹ ਆਧੁਨਿਕ ਦਵਾਈ ਵਿਚ ਇਕ ਆਮ ਸਾਧਨ ਹੈ ਜੋ ਖ਼ਾਸ ਬੀਮਾਰੀਆਂ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਪਛਾਣ ਕਰਨ ਵਿਚ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ-ਮਥੁਰਾ ਦੇ ਸ਼੍ਰੀ ਬਾਂਕੇ ਬਿਹਾਰੀ ਮੰਦਿਰ 'ਚ ਜਲੰਧਰ ਦੇ ਵਿਅਕਤੀ ਦੀ ਮੌਤ, 5 ਸੈਕਿੰਡਾਂ 'ਚ ਇੰਝ ਨਿਕਲੇ ਪ੍ਰਾਣ
ਸਿਗਰਟਨੋਸ਼ੀ ਕਰਨ ਵਾਲਿਆਂ ਦੀਆਂ ਹੱਡੀਆਂ ’ਚ 45 ਵੱਖ-ਵੱਖ ਲੱਛਣ
ਲੀਸੈਸਟਰ ਯੂਨੀਵਰਸਿਟੀ ਦੀ ਪੁਰਾਤੱਤਵ ਵਿਗਿਆਨੀ ਅਤੇ ਇਸ ਨਵੇਂ ਅਧਿਐਨ ਦੀ ਸਹਿ-ਲੇਖਿਕਾ ਸਾਰਾ ਇੰਸਕਿਪ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਮਰੇ ਹੋਏ ਲੋਕਾਂ ਵਿਚ ਪਾਚਕ ਤਬਦੀਲੀਆਂ ਨੂੰ ਚਾਰਟ ਕਰਨਾ ਚੁਣੌਤੀਪੂਰਨ ਹੈ ਕਿਉਂਕਿ ਪਿੰਜਰ ਵਿਚ ਆਮ ਤੌਰ ’ਤੇ ਸਿਰਫ ਹੱਡੀਆਂ ਬਚੀਆਂ ਹੁੰਦੀਆਂ ਹਨ। ਉਸ ਦਾ ਕਹਿਣਾ ਹੈ ਕਿ ਕੁਝ ਅਧਿਐਨਾਂ ਨੇ ਆਧੁਨਿਕ ਲੋਕਾਂ ਵਿਚ ਹੱਡੀਆਂ ਵਿਚ ਪਾਚਕ ਤਬਦੀਲੀਆਂ ਦੀ ਰਿਪੋਰਟ ਕੀਤੀ ਹੈ ਪਰ ਸਕ੍ਰੀਨਿੰਗ ਲਈ ਜੀਵਿਤ ਲੋਕਾਂ ਤੋਂ ਹੱਡੀਆਂ ਦੇ ਨਮੂਨੇ ਲੈਣਾ ਬਹੁਤ ਮੁਸ਼ਕਲ ਹੈ।
ਇਹ ਅਧਿਐਨ ਹੱਡੀਆਂ ਦੇ ਨਮੂਨਿਆਂ ’ਤੇ ਪਾਚਕ ਤਕਨੀਕਾਂ ਨੂੰ ਲਾਗੂ ਕਰਨ ਵਾਲੇ ਪਹਿਲੇ ਅਧਿਐਨਾਂ ’ਚੋਂ ਇਕ ਹੈ ਅਤੇ ਲੇਖਿਕਾ ਨੇ ਦਲੀਲ ਦਿੱਤੀ ਹੈ ਕਿ ਇਹ ਕਈ ਹੋਰ ਪੁਰਾਣੇ ਵਿਵਹਾਰਾਂ ਜਾਂ ਬੀਮਾਰੀਆਂ, ਜਿਵੇਂ ਕਿ ਤਪਦਿਕ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਰਸਾਇਣਕ ਨਿਸ਼ਾਨਾਂ ਦੀ ਪਛਾਣ ਕਰਨ ਲਈ ਦਰਵਾਜ਼ਾ ਖੋਲ੍ਹ ਸਕਦਾ ਹੈ। ਪੱਛਮੀ ਯੂਰਪ ਵਿਚ ਤੰਬਾਕੂ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਬਾਅਦ ਵਿਚ ਮਨੁੱਖੀ ਹੱਡੀਆਂ ਦਾ ਅਧਿਐਨ ਕਰਕੇ ਖੋਜਕਾਰਾਂ ਨੇ ਪਾਇਆ ਹੈ ਕਿ ਤੰਬਾਕੂ ਦੇ ਆਮ ਹੋਣ ਤੋਂ ਬਾਅਦ ਪੱਛਮੀ ਯੂਰਪੀਅਨ ਲੋਕਾਂ ਦੀਆਂ ਹੱਡੀਆਂ ਵਿਚ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ। ਮਾਸ ਸਪੈਕਟ੍ਰੋਸਕੋਪੀ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਵਿਗਿਆਨੀਆਂ ਨੇ ਖੋਜ ਕੀਤੀ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਦੀਆਂ ਹੱਡੀਆਂ ਵਿਚ 45 ਅਜਿਹੇ ਲੱਸ਼ਣ ਮੌਜੂਦ ਸਨ, ਜੋ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਵਿਚ ਮੌਜੂਦ ਨਹੀਂ ਸਨ।
ਇਹ ਵੀ ਪੜ੍ਹੋ-300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ
ਭਾਰਤ ’ਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਘਟ ਰਹੀ ਗਿਣਤੀ
ਭਾਰਤ ਨਾਲ ਜੁੜੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਦੇਸ਼ ’ਚ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਗਿਣਤੀ ’ਚ ਪਿਛਲੇ ਕੁਝ ਦਹਾਕਿਆਂ ’ਚ ਕਮੀ ਜ਼ਰੂਰ ਆਈ ਹੈ ਪਰ ਇਸ ਦੇ ਬਾਵਜੂਦ 25.1 ਕਰੋੜ ਤੋਂ ਜ਼ਿਆਦਾ ਲੋਕ ਅਜੇ ਵੀ ਇਸ ਦਾ ਸੇਵਨ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵੱਲੋਂ ਜਾਰੀ ‘ਗਲੋਬਲ ਰਿਪੋਰਟ ਆਨ ਟ੍ਰੈਂਡਸ ਇਨ ਪ੍ਰੀਵਲੈਂਸ ਆਫ਼ ਤੰਬਾਕੂ ਯੂਜ਼ 2000-2030’ ਦੀ ਰਿਪੋਰਟ ਅਨੁਸਾਰ ਦੇਸ਼ ਵਿਚ ਅਜੇ ਵੀ 19.8 ਕਰੋੜ ਤੋਂ ਵੱਧ ਪੁਰਸ਼ ਅਤੇ 5.3 ਕਰੋੜ ਔਰਤਾਂ ਤੰਬਾਕੂ ਦਾ ਸੇਵਨ ਕਰ ਰਹੀਆਂ ਹਨ। ਇਹ ਉਹ ਲੋਕ ਹਨ ਜਿਨ੍ਹਾਂ ਦੀ ਉਮਰ 15 ਸਾਲ ਜਾਂ ਇਸ ਤੋਂ ਵੱਧ ਹੈ। ਵਰਨਣਯੋਗ ਹੈ ਕਿ 2010 ਵਿਚ ਜਿੱਥੇ 38 ਫ਼ੀਸਦੀ ਭਾਰਤੀ ਤੰਬਾਕੂ ਦਾ ਸੇਵਨ ਕਰ ਰਹੇ ਸਨ, ਉਥੇ ਅੰਦਾਜ਼ਾ ਹੈ ਕਿ 2025 ਵਿਚ ਇਹ ਅੰਕੜਾ 43 ਫ਼ੀਸਦੀ ਘਟ ਕੇ 21.8 ਫ਼ੀਸਦੀ ਰਹਿ ਜਾਵੇਗਾ।
323 ਮਨੁੱਖੀ ਪਿੰਜਰਾਂ ’ਤੇ ਕੀਤਾ ਗਿਆ ਅਧਿਐਨ
ਇਸ ਅਧਿਐਨ ਵਿਚ ਵਿਗਿਆਨੀਆਂ ਨੇ 323 ਵਿਅਕਤੀਆਂ ਦੇ ਮਨੁੱਖੀ ਪਿੰਜਰਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ’ਚ ਲੰਡਨ ਦੇ ਯੂਸਟਨ ’ਚ ਸੇਂਟ ਜੇਮਸ ਗਾਰਡਨ ’ਚ ਦਫ਼ਨਾਏ ਗਏ 177 ਬਾਲਗ ਸ਼ਾਮਲ ਸਨ, ਜਿਨ੍ਹਾਂ ਨੂੰ 18ਵੀਂ ਅਤੇ 19ਵੀਂ ਸਦੀ ਦੇ ਵਿਚਕਾਰ ਦਫਨਾਇਆ ਗਿਆ ਸੀ। ਇਨ੍ਹਾਂ ਮਨੁੱਖੀ ਪਿੰਜਰਾਂ ਦੀਆਂ ਹੱਡੀਆਂ ਅਤੇ ਦੰਦਾਂ ਵਿਚ ਤੰਬਾਕੂ ਦੇ ਨਿਸ਼ਾਨ ਮਿਲੇ ਹਨ। ਖੋਜਕਾਰਾਂ ਨੇ 1150 ਅਤੇ 1500 ਦਰਮਿਆਨ ਪੇਂਡੂ ਉੱਤਰੀ ਲਿੰਕਨਸ਼ਾਇਰ ਵਿਚ ਦੱਬੇ ਗਏ 45 ਲੋਕਾਂ ਦੀਆਂ ਹੱਡੀਆਂ ਦੇ ਛੋਟੇ ਨਮੂਨਿਆਂ ਦੀ ਜਾਂਚ ਕੀਤੀ, ਜਿਨ੍ਹਾਂ ’ਚ ਤਰਲ ਕ੍ਰੋਮੈਟੋਗ੍ਰਾਫੀ ਨਾਮਕ ਵਿਧੀ ਦੀ ਵਰਤੋਂ ਕੀਤੀ ਗਈ ਸੀ। ਇਸ ’ਚ ਪਾਇਆ ਗਿਆ ਕਿ 1500 ਤੋਂ ਪਹਿਲਾਂ ਦੀਆਂ ਮਨੁੱਖੀ ਹੱਡੀਆਂ ਗੈਰ-ਤਮਾਕੂਨੋਸ਼ੀ ਦੀਆਂ ਸਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਪੱਛਮੀ ਯੂਰਪ ਵਿਚ ਤੰਬਾਕੂ ਦੀ ਪ੍ਰਥਾ 16ਵੀਂ ਸਦੀ ਤੋਂ ਬਾਅਦ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਖੋਜਕਾਰਾਂ ਨੇ ਫਿਰ ਮੱਧਯੁਗੀ ਅਵਸ਼ੇਸ਼ਾਂ ਦੀ ਤੁਲਨਾ 1700 ਦੇ ਦਹਾਕੇ ਤੋਂ ਜਾਣੇ ਜਾਂਦੇ ਸਿਗਰਟਨੋਸ਼ੀ ਕਰਨ ਵਾਲਿਆਂ ਦੀਆਂ ਹੱਡੀਆਂ ਨਾਲ ਕੀਤੀ, ਜਿਨ੍ਹਾਂ ਦੀ ਪਛਾਣ ਮਿੱਟੀ ਦੀਆਂ ਪਾਈਪਾਂ ਰਾਹੀਂ ਪਾਏ ਗਏ ਦੰਦਾਂ ਦੇ ਨਿਸ਼ਾਨਾਂ ਦੁਆਰਾ ਕੀਤੀ ਗਈ ਸੀ। ਖੋਜਕਾਰਾਂ ਨੂੰ ਦਰਜਨਾਂ ਰਸਾਇਣਕ ਮਿਸ਼ਰਣ ਮਿਲੇ, ਜੋ ਸਪੱਸ਼ਟ ਤੌਰ ’ਤੇ ਤੰਬਾਕੂ ਉਪਭੋਗਤਾਵਾਂ ਨਾਲ ਜੁੜੇ ਹੋਏ ਸਨ।
ਇਹ ਵੀ ਪੜ੍ਹੋ- ਸਾਵਧਾਨ! ਬੱਚਿਆਂ ਤੇ ਬਜ਼ੁਰਗਾਂ 'ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ, ਇੰਝ ਪਛਾਣੋ ਲੱਛਣ
ਔਰਤਾਂ ਵਿਚ ਸੀ ਸਿਗਰਟਨੋਸ਼ੀ ਦੀ ਜ਼ਿਆਦਾ ਦਰ
ਟੀਮ ਨੂੰ ਵਿਕਟੋਰੀਅਨ ਸਮਾਜ ਦੇ ਹਰ ਵਰਗ ਵਿਚ ਤੰਬਾਕੂ ਦੀ ਉੱਚ ਦਰ ਮਿਲੀ। ਜਾਂਚ ਕੀਤੇ ਗਏ ਪਿੰਜਰਾਂ ’ਚੋਂ ਅੱਧੇ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਤੰਬਾਕੂ ਦੀ ਵਰਤੋਂ ਦੇ ਸੰਕੇਤ ਮਿਲੇ, ਜੋ ਕਿ ਬ੍ਰਿਟੇਨ ਵਿਚ ਅੱਜ ਦੀ ਦਰ ਨਾਲੋਂ ਚਾਰ ਗੁਣਾ ਜ਼ਿਆਦਾ ਹੈ। ਲੀਸੈਸਟਰ ਦੀ ਪੁਰਾਤੱਤਵ-ਵਿਗਿਆਨੀ ਅਤੇ ਨਵੇਂ ਅਧਿਐਨ ਦੀ ਸਹਿ-ਲੇਖਿਕਾ ਅੰਨਾ ਡੇਵਿਸ-ਬੈਰੇਟ ਦਾ ਕਹਿਣਾ ਹੈ ਕਿ ਇਹ ਹੈਰਾਨੀਜਨਕ ਹੈ ਕਿ ਅਸੀਂ ਹੁਣ ਸਰੀਰ ਵਿਚ ਹੋਣ ਵਾਲੀਆਂ ਰਸਾਇਣਕ ਪ੍ਰਕਿਰਿਆਵਾਂ ਰਾਹੀਂ ਕਿਸੇ ਦੇ ਜੀਵਿਤ ਅਨੁਭਵ ਨੂੰ ਨਿਰਧਾਰਤ ਕਰ ਸਕਦੇ ਹਾਂ।
ਉਸ ਦਾ ਕਹਿਣਾ ਹੈ ਕਿ ਹਾਲਾਂਕਿ ਸਮਕਾਲੀ ਦਸਤਾਵੇਜ਼ ਸਿਗਰਟਨੋਸ਼ੀ ਨੂੰ ਜ਼ਿਆਦਾਤਰ ਪੁਰਸ਼ਾਂ ਦੀ ਗਤੀਵਿਧੀ ਦੇ ਰੂਪ ਵਿਚ ਦਰਸਾਉਂਦੇ ਹਨ, ਵਿਕਟੋਰੀਅਨ ਕਾਲ ਵਿਚ ਸਿਗਰਟਨੋਸ਼ੀ ਦੀਆਂ ਦਰਾਂ ਇਤਿਹਾਸਕ ਸਰੋਤਾਂ ਦਾ ਸਿੱਧਾ ਖੰਡਨ ਕਰਦੀਆਂ ਹਨ। ਡੇਵਿਸ-ਬੈਰੇਟ ਦਾ ਕਹਿਣਾ ਹੈ ਕਿ ਸਾਨੂੰ ਸਾਰੀਆਂ ਸਮਾਜਿਕ ਸ਼੍ਰੇਣੀਆਂ ਦੀਆਂ ਔਰਤਾਂ ਵਿਚ ਸਿਗਰਟਨੋਸ਼ੀ ਦੀਆਂ ਉੱਚੀਆਂ ਦਰਾਂ ਦਾ ਪਤਾ ਲੱਗਾ ਹੈ। ਉੱਚ ਵਰਗ ਦੀਆਂ ਔਰਤਾਂ ਦੇ ਦੰਦਾਂ ’ਤੇ ਪਾਈਪ ਦੇ ਨਿਸ਼ਾਨ ਨਹੀਂ ਹੁੰਦੇ ਸਨ ਕਿਉਂਕਿ ਉਹ ਲੱਕੜ, ਅੰਬਰ ਜਾਂ ਹੱਡੀ ਦੇ ਬਣੇ ਚੰਗੇ ਪਾਈਪ ਖ਼ਰੀਦਦੀਆਂ ਸਨ, ਜਿਨ੍ਹਾਂ ਦੇ ਸਿਰਿਆਂ ਨਾਲ ਦੰਦਾਂ ਨੂੰ ਨੁਕਸਾਨ ਨਹੀਂ ਹੁੰਦਾ ਸੀ।
ਇਹ ਵੀ ਪੜ੍ਹੋ- ਘਰੇਲੂ ਝਗੜੇ ਨੇ ਤਬਾਹ ਕਰ 'ਤਾ ਹੱਸਦਾ-ਵੱਸਦਾ ਪਰਿਵਾਰ, ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8