ਸ਼੍ਰੀ ਸ਼ਾਂਤਾ ਕੁਮਾਰ ਦੀਆਂ ਸਹੀ ਟਿੱਪਣੀਆਂ ‘ਨੇਤਾ’ ਸ਼ਬਦ ਹੁਣ ਸਨਮਾਨਜਨਕ ਨਹੀਂ ਰਿਹਾ

05/09/2019 6:28:50 AM

ਦੇਸ਼ ’ਚ ਚੱਲ ਰਹੇ ਚੋਣਾਂ ਦੇ ਇਸ ਮੌਸਮ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਵਲੋਂ ਇਕ-ਦੂਜੇ ਵਿਰੁੱਧ ਜਿਸ ਤਰ੍ਹਾਂ ਜ਼ਹਿਰ ਉਗਲਿਆ ਜਾ ਰਿਹਾ ਹੈ, ਓਨਾ ਇਸ ਤੋਂ ਪਹਿਲਾਂ ਕਦੇ ਨਹੀਂ ਉਗਲਿਆ ਗਿਆ। ਇਸੇ ਕਾਰਨ ਕਾਂਗਰਸੀ ਸੰਸਦ ਮੈਂਬਰ ਸੁਸ਼ਮਿਤਾ ਦੇਵ ਵਲੋਂ ਸੁਪਰੀਮ ਕੋਰਟ ’ਚ ਕੀਤੇ ਗਏ ਇਕ ਦਾਅਵੇ ’ਚ ਕਿਹਾ ਗਿਆ ਹੈ ਕਿ ਕੁਝ ਨੇਤਾਵਾਂ ਦੇ ਕਥਿਤ ਨਫਰਤ ਵਾਲੇ ਭਾਸ਼ਣ ਗਲਤ ਆਚਰਣ ਹੈ, ਜਿਨ੍ਹਾਂ ਨਾਲ ਧਾਰਮਿਕ ਵੈਰ-ਵਿਰੋਧ ਦੀ ਭਾਵਨਾ ਫੈਲ ਰਹੀ ਹੈ। ਇਸੇ ਸਿਲਸਿਲੇ ’ਚ ਹਿਮਾਚਲ ਦੇ ਸੀਨੀਅਰ ਭਾਜਪਾ ਨੇਤਾ ਸ਼੍ਰੀ ਸ਼ਾਂਤਾ ਕੁਮਾਰ ਨੇ ਵੀ ਨੇਤਾਵਾਂ ਵਲੋਂ ਭਾਸ਼ਣਾਂ ’ਚ ਘਟੀਆ ਸ਼ਬਦ-ਚੋਣ ਤੇ ਸ਼ਬਦਾਂ ਦੇ ਡਿੱਗਦੇ ਮਿਆਰ ’ਤੇ ਦੁੱਖ ਪ੍ਰਗਟਾਉਂਦਿਆ ਕਿਹਾ ਹੈ ਕਿ ‘‘ਇਨ੍ਹਾਂ ਚੋਣਾਂ ’ਚ ਸਿਆਸੀ ਭਾਸ਼ਣਾਂ ਦਾ ਮਿਆਰ ਇੰਨਾ ਹੇਠਾਂ ਡਿੱਗ ਚੁੱਕਾ ਹੈ ਕਿ ਇਸ ਤੋਂ ਪਹਿਲਾਂ ਇੰਨਾ ਕਦੇ ਨਹੀਂ ਡਿੱਗਿਆ ਸੀ ਤੇ ਹੁਣ ‘ਨੇਤਾ’ ਸ਼ਬਦ ਸਨਮਾਨਜਨਕ ਨਹੀਂ ਸਮਝਿਆ ਜਾਂਦਾ।’’ ‘‘ਨੇਤਾਵਾਂ ਦੇ ਆਚਰਣ ਕਾਰਣ ਹੀ ਅੱਜ ਲੋਕਾਂ ਦੇ ਮਨ ’ਚ ਜਨਤਕ ਜੀਵਨ ਨਾਲ ਜੁੜੇ ਲੋਕਾਂ ਪ੍ਰਤੀ ਕੋਈ ਸਨਮਾਨ ਨਹੀਂ ਰਿਹਾ। ਇਸ ਲਈ ਹਰ ਕਿਸੇ ਨੂੰ ਸੋਚ ਕੇ ਬੋਲਣਾ ਚਾਹੀਦਾ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਅਤੀਤ ’ਚ ਵਿਰੋਧੀ ਪਾਰਟੀਆਂ ਦੇ ਨੇਤਾ ਇਕ-ਦੂਜੇ ਦਾ ਸਨਮਾਨ ਕਰਦੇ ਸਨ। ‘‘ਹਰੇਕ ਨੇਤਾ ਨੂੰ ਲਾਜ਼ਮੀ ਤੌਰ ’ਤੇ ਆਪਣੇ ਵਿਰੋਧੀਆਂ ਪ੍ਰਤੀ ਇਸਤੇਮਾਲ ਕੀਤੇ ਜਾਣ ਵਾਲੇ ਸ਼ਬਦਾਂ ਦੀ ਚੋਣ ’ਚ ਸੰਜਮ ਵਰਤਣਾ ਚਾਹੀਦਾ ਹੈ।’’

‘‘ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਵਿਰੋਧੀ ਪਾਰਟੀਆਂ ਦੀ ਕਿਸੇ ਵੀ ਚੰਗੀ ਕਾਰਗੁਜ਼ਾਰੀ ਦੀ ਤਾਰੀਫ ਕਰਨ ਦੇ ਮਾਮਲੇ ’ਚ ਬਹੁਤ ਖੁੱਲ੍ਹਦਿਲੇ ਸਨ।’’ ਸ਼੍ਰੀ ਸ਼ਾਂਤਾ ਕੁਮਾਰ ਨੇ ਇਨ੍ਹਾਂ ਚੋਣਾਂ ’ਚ ਵੱਖ-ਵੱਖ ਨੇਤਾਵਾਂ ਵਲੋਂ ਪਾਰਟੀਆਂ ਤੇ ਵਫਾਦਾਰੀ ਬਦਲਣ ਦੇ ਰੁਝਾਨ ’ਤੇ ਵੀ ਦੁੱਖ ਪ੍ਰਗਟਾਇਆ ਤੇ ਕਿਹਾ ਕਿ ‘‘ਇਨ੍ਹਾਂ ਚੋਣਾਂ ’ਚ ਵੱਡੀ ਗਿਣਤੀ ’ਚ ਸਿਆਸਤਦਾਨਾਂ ਵਲੋਂ ਪਾਰਟੀਆਂ ਬਦਲਣ ਕਾਰਣ ਭਾਰੀ ਸਿਆਸੀ ਉਥਲ-ਪੁਥਲ ਹੋਈ ਹੈ, ਜੋ ਸਿਹਤਮੰਦ ਰੁਝਾਨ ਨਹੀਂ ਹੈ।’’ ਸ਼੍ਰੀ ਸ਼ਾਂਤਾ ਕੁਮਾਰ ਨੇ ਆਪਣੀਆਂ ਟਿੱਪਣੀਆਂ ’ਚ ਬਿਲਕੁਲ ਸਹੀ ਗੱਲਾਂ ਕਹੀਆਂ ਹਨ। ਅਸਲ ’ਚ ਸਾਡੇ ਬੜਬੋਲੇ ਤੇ ਦਲ-ਬਦਲੂ ਨੇਤਾ ਸੱਤਾ ਦੇ ਮੋਹ ’ਚ ਫਜ਼ੂਲ ਦੀ ਬਿਆਨਬਾਜ਼ੀ ਤੇ ਦਲ-ਬਦਲੀ ਕਰ ਕੇ ਸਿਆਸਤ ਤੇ ਸਿਅਾਸਤਦਾਨਾਂ ਨੂੰ ਬਦਨਾਮ ਹੀ ਕਰ ਰਹੇ ਹਨ।

–ਵਿਜੇ ਕੁਮਾਰ
 


Related News