‘ਦਲ-ਬਦਲੀ’ ਅਤੇ ‘ਮੁਫਤ ਦੀਆਂ ਰਿਓੜੀਆਂ’ ਬਾਰੇ ਸ਼੍ਰੀ ਵੈਂਕਈਆ ਨਾਇਡੂ ਦੀਆਂ ‘ਬੇਬਾਕ ਟਿੱਪਣੀਆਂ’

04/25/2024 3:48:56 AM

ਸੀਨੀਅਰ ਭਾਜਪਾ ਆਗੂ ਐੱਮ. ਵੈਂਕਈਆ ਨਾਇਡੂ ਦਾ ਝੁਕਾਅ ਬਚਪਨ ਤੋਂ ਹੀ ਸਿਆਸਤ ਵੱਲ ਸੀ। ਉਹ ਪਹਿਲੀ ਵਾਰ 1973 ’ਚ ਇਕ ਵਿਦਿਆਰਥੀ ਆਗੂ ਵਜੋਂ ਏ.ਬੀ.ਵੀ.ਪੀ. ’ਚ ਸ਼ਾਮਲ ਹੋਣ ਪਿੱਛੋਂ ਵਿਦਿਆਰਥੀ ਆਗੂ, ਭਾਜਪਾ ਦੇ ਕੌਮੀ ਪ੍ਰਧਾਨ, ਕੇਂਦਰ ਸਰਕਾਰ ’ਚ ਮੰਤਰੀ ਤੋਂ ਲੈ ਕੇ ਉਪ ਰਾਸ਼ਟਰਪਤੀ ਦੇ ਅਹੁਦੇ ਤੱਕ ਪੁੱਜੇ। 23 ਅਪ੍ਰੈਲ ਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਸ਼੍ਰੀ ਐੱਮ. ਵੈਂਕਈਆ ਨਾਇਡੂ ਨਾਲ ਕਦੇ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਜੁੜਿਆ ਅਤੇ ਉਹ ਸਮਾਜਿਕ ਸਰੋਕਾਰ ਨਾਲ ਜੁੜੇ ਕਾਰਜਾਂ ’ਚ ਸ਼ੁਰੂ ਤੋਂ ਹੀ ਹਿੱਸਾ ਲੈਂਦੇ ਰਹੇ।

ਇਨ੍ਹੀਂ ਦਿਨੀਂ ਜਦ ਦੇਸ਼ ’ਚ ਲੋਕ ਸਭਾ ਚੋਣਾਂ ਦੌਰਾਨ ਦਲ-ਬਦਲ ਅਤੇ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਵੱਖ-ਵੱਖ ਲੋਭ (ਮੁਫਤ ਦੀਆਂ ਰਿਓੜੀਆਂ) ਦੇਣ ਦਾ ਸਿਲਸਿਲਾ ਜ਼ੋਰਾਂ ’ਤੇ ਹੈ, ਸ਼੍ਰੀ ਨਾਇਡੂ ਨੇ 23 ਅਪ੍ਰੈਲ ਨੂੰ ਆਪਣੇ ਨਿਵਾਸ ’ਤੇ ਆਯੋਜਿਤ ਸਮਾਗਮ ’ਚ ਬੋਲਦਿਆਂ ਉਪਰੋਕਤ ਦੋਵਾਂ ਹੀ ਮੁੱਦਿਆਂ ’ਤੇ ਬੇਬਾਕ ਟਿੱਪਣੀਆਂ ਕੀਤੀਆਂ।

ਦਲ-ਬਦਲ ਵਿਰੋਧੀ ਕਾਨੂੰਨ ਨੂੰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਚੋਣਾਂ ’ਚ ਟਿਕਟਾਂ ਲਈ ਇਕ ਪਾਰਟੀ ਤੋਂ ਦੂਜੀ ਪਾਰਟੀ ’ਚ ਛਾਲ ਮਾਰਨ ਅਤੇ ਪਾਰਟੀ ਦੀ ਟਿਕਟ ਮਿਲਦਿਆਂ ਹੀ ਨਵੇਂ ਆਗੂ ਦਾ ਗੁਣਗਾਨ ਅਤੇ ਪੁਰਾਣੇ ਆਗੂ ਦਾ ਅਪਮਾਨ ਸ਼ੁਰੂ ਕਰਨ ਵਾਲਿਆਂ ਦੀ ਆਲੋਚਨਾ ਕੀਤੀ ਅਤੇ ਕਿਹਾ :

‘‘ਸਵੇਰ ਦੇ ਸਮੇਂ ਤੁਸੀਂ ਇਕ ਪਾਰਟੀ ’ਚ ਹੁੰਦੇ ਹੋ, ਦੁਪਹਿਰ ਨੂੰ ਕਿਸੇ ਦੂਜੀ ਪਾਰਟੀ ’ਚ ਚਲੇ ਜਾਂਦੇ ਹੋ ਅਤੇ ਅਗਲੇ ਦਿਨ ਤੁਹਾਨੂੰ ਚੋਣ ਲੜਨ ਲਈ ਟਿਕਟ ਮਿਲਦਿਆਂ ਹੀ ਤੁਸੀਂ ਆਪਣੇ ਨਵੇਂ ਆਗੂ ਦਾ ਗੁਣਗਾਨ ਕਰਨਾ ਅਤੇ ਪੁਰਾਣੇ ਆਗੂ ਨੂੰ ਮੰਦੇ ਬੋਲ ਬੋਲਣਾ ਸ਼ੁਰੂ ਕਰ ਦਿੰਦੇ ਹੋ। ਇਹ ਇਕ ਨਵਾਂ ਪ੍ਰੇਸ਼ਾਨ ਕਰਨ ਵਾਲਾ ਰੁਝਾਨ ਹੈ। ਲੋਕਤੰਤਰ ’ਚ ਪਾਰਟੀ ਬਦਲਣ ਦੀ ਆਗਿਆ ਹੈ ਪਰ ਲੋਕਾਂ ਨੂੰ ਇਸ ਤੋਂ ਬਚਣਾ ਅਤੇ (ਆਪਣੀਆਂ ਮੂਲ) ਪਾਰਟੀਆਂ ’ਚ ਕੰਮ ਕਰ ਕੇ ਆਪਣੀ ਸਾਖ ਸਾਬਿਤ ਕਰਨੀ ਚਾਹੀਦੀ ਹੈ। ਜੇ ਕੋਈ ਵਿਅਕਤੀ ਪਾਰਟੀ ਬਦਲਣਾ ਚਾਹੁੰਦਾ ਹੈ ਤਾਂ ਉਸ ਨੂੰ ਪੁਰਾਣੀ ਪਾਰਟੀ ਵੱਲੋਂ ਦਿੱਤੇ ਗਏ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਪਿੱਛੋਂ ਹੀ ਦੂਜੀ ਪਾਰਟੀ ’ਚ ਸ਼ਾਮਲ ਹੋਣਾ ਚਾਹੀਦਾ ਹੈ।’’

ਪੰਜ ਦਹਾਕਿਆਂ ਤੋਂ ਇਕ ਹੀ ਪਾਰਟੀ ਨਾਲ ਜੁੜੇ ਸ਼੍ਰੀ ਵੈਂਕਈਆ ਨਾਇਡੂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ‘‘ਦਲ-ਬਦਲੀ ਵਿਰੋਧੀ ਕਾਨੂੰਨ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਦੋਸ਼ ਲਾਉਣ ਦੀ ਗੱਲ ਤਾਂ ਸਮਝ ’ਚ ਆਉਂਦੀ ਹੈ ਪਰ ਆਪਣੇ ਪਹਿਲੇ ਆਗੂ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।’’ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵਿਸ਼ੇਸ਼ ਪਾਰਟੀ ਦਾ ਜ਼ਿਕਰ ਨਹੀਂ ਕਰ ਰਹੇ।

ਇਥੇ ਹੀ ਬਸ ਨਹੀਂ, ਸ਼੍ਰੀ ਵੈਂਕਈਆ ਨਾਇਡੂ ਨੇ ਚੋਣਾਂ ’ਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਮੁਫ਼ਤ ਦੇ ਤੋਹਫਿਆਂ ਅਤੇ ਲੋਭਾਂ ਦੇ ਵਾਅਦਿਆਂ ’ਤੇ ਵੀ ਟਿੱਪਣੀ ਕੀਤੀ ਹੈ। ਇਸ ਨੂੰ ਇਕ ਹਾਨੀਕਾਰਨ ਰੁਝਾਨ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ :

‘‘ਸੂਬਿਆਂ ’ਤੇ ਲੱਖਾਂ-ਕਰੋੜਾਂ ਰੁਪਏ ਦਾ ਬੋਝ ਹੋਣ ਦੇ ਬਾਵਜੂਦ ਆਗੂ ਸਭ ਕੁਝ ਮੁਫਤ ਦੇਣ ਦਾ ਵਾਅਦਾ ਕਰ ਰਹੇ ਹਨ। ਆਪਣੇ ਚੋਣ ਮਨੋਰਥ ਪੱਤਰਾਂ ’ਚ ਸਿਆਸੀ ਪਾਰਟੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਇਧਰ-ਓਧਰ ਦੀਆਂ ਜਿਨ੍ਹਾਂ ਯੋਜਨਾਵਾਂ ਦਾ ਐਲਾਨ ਕਰ ਰਹੇ ਹਨ, ਉਨ੍ਹਾਂ ਨੂੰ ਲਾਗੂ ਕਰਨ ਲਈ ਧਨ ਕਿੱਥੋਂ ਆਵੇਗਾ? ਉਹ ਇਸ ਦੀ ਵਿਵਸਥਾ ਕਿਸ ਤਰ੍ਹਾਂ ਕਰਨਗੇ?’’

ਉਨ੍ਹਾਂ ਨੇ ਕਿਹਾ ਕਿ ‘‘ਮੈਂ ‘ਫ੍ਰੀਬੀਜ਼’ (ਮੁਫਤ ਦੀਆਂ ਰਿਓੜੀਆਂ) ਦੇਣ ਦੇ ਵਿਰੁੱਧ ਹਾਂ। ਮੇਰਾ ਮੰਨਣਾ ਹੈ ਕਿ ਸਿਰਫ ਸਿਹਤ ਅਤੇ ਸਿੱਖਿਆ ਮੁਫਤ ਹੋਣੀ ਚਾਹੀਦੀ ਹੈ, ਬਾਕੀ ਸਭ ‘ਫ੍ਰੀਬੀਜ਼’ ਨੂੰ ਨਿਰਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਨੂੰ ਆਪਣੇ ਸੂਬੇ ਦੀ ਵਿੱਤੀ ਹਾਲਤ ਅਨੁਸਾਰ ਹੀ ਯੋਜਨਾਵਾਂ ਲਿਆਉਣੀਆਂ ਚਾਹੀਦੀਆਂ। ਅਖੀਰ ਹਰ ਚੀਜ਼ ਮੁਫਤ ਕਿਵੇਂ ਦਿੱਤੀ ਜਾ ਸਕਦੀ ਹੈ? ਪੈਸੇ ਰੁੱਖਾਂ ’ਤੇ ਨਹੀਂ ਲੱਗਦੇ। ਲੋਕਾਂ ਨੂੰ ਵੀ ਵੱਡੇ-ਵੱਡੇ ਵਾਅਦਿਆਂ ਨੂੰ ਲੈ ਕੇ ਸਬੰਧਤ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕਰਨੇ ਚਾਹੀਦੇ ਹਨ।’’

ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਵਾਲੇ ਅਤੇ ਖੁੱਲ੍ਹੇ ਤੌਰ ’ਤੇ ਭ੍ਰਿਸ਼ਟਾਚਾਰ ਲਈ ਚਰਚਿਤ ਉਮੀਦਵਾਰਾਂ ਨੂੰ ਅਸਵੀਕਾਰ ਕਰਨ ਦੀ ਸਲਾਹ ਵੀ ਸ਼੍ਰੀ ਨਾਇਡੂ ਨੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਗਵਾਨ ਰਾਮ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ, ‘‘ਰਾਮ ਸਾਡੇ ਦੇਸ਼ ਦਾ ਸੱਭਿਆਚਾਰ ਹਨ ਅਤੇ ਉਹ ਧਾਰਮਿਕ ਵਿਅਕਤੀ ਨਹੀਂ ਹਨ। ਉਹ ਇਕ ਮਨੁੱਖ ਦੇ ਰੂਪ ’ਚ, ਮਹਾਨ ਸ਼ਾਸਕ ਦੇ ਰੂਪ ’ਚ, ਮਹਾਨ ਪਿਤਾ ਅਤੇ ਪੁੱਤਰ ਦੇ ਰੂਪ ’ਚ ਆਦਰਸ਼ ਹਨ। ਉਹ ਮਰਿਆਦਾ ਪੁਰਸ਼ੋਤਮ ਹਨ। ਉਨ੍ਹਾਂ ਦਾ ਸੰਦੇਸ਼ ਹੈ ਕਿ ਲੋਕਾਂ ਨੂੰ ਜਨਤਕ ਜੀਵਨ ’ਚ ਰੁਚੀ ਲੈਣੀ ਚਾਹੀਦੀ ਹੈ ਨਾ ਕਿ ਸਿਰਫ ਸਿਆਸਤ ’ਚ।’’

ਸ਼੍ਰੀ ਐੱਮ. ਵੈਂਕਈਆ ਨਾਇਡੂ ਦੇ ਉਕਤ ਵਿਚਾਰ ਕਿਸੇ ਟਿੱਪਣੀ ਦੇ ਮੁਥਾਜ ਨਹੀਂ ਹਨ। ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਇਨ੍ਹਾਂ ਦਾ ਨੋਟਿਸ ਲੈ ਕੇ ਇਸ ’ਤੇ ਅਮਲ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਸ਼੍ਰੀ ਨਾਇਡੂ ਦੇ ਵਿਚਾਰਾਂ ਦਾ ਨੋਟਿਸ ਲੈ ਕੇ ਦਲ-ਬਦਲ ਕਾਨੂੰਨ ਨੂੰ ਸਖਤ ਬਣਾਉਣ ਅਤੇ ਮੁਫਤ ਦੇ ਤੋਹਫਿਆਂ ਦੇ ਸੱਭਿਆਚਾਰ ’ਤੇ ਰੋਕ ਲਾਉਣ ਦੀ ਦਿਸ਼ਾ ’ਚ ਯਤਨ ਕਰਨ।

- ਵਿਜੇ ਕੁਮਾਰ


Harpreet SIngh

Content Editor

Related News