‘ਪੱਲੇ ਨਹੀਂ ਦਾਣੇ, ਅੰਮਾ ਚੱਲੀ ਭੁੰਨਾਉਣ’ ‘ਪਾਕਿਸਤਾਨ ਵੱਲੋਂ ਮਿਜ਼ਾਈਲ ਪ੍ਰੀਖਣ’

10/31/2023 3:15:00 AM

ਕੌਮਾਂਤਰੀ ਮੁਦਰਾ ਕੋਸ਼ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਦੀ ਮਦਦ ਦੇ ਕੇ ਹਾਲ ਦੀ ਘੜੀ ਦੀਵਾਲੀਆ ਹੋਣ ਤੋਂ ਬਚਾ ਲਿਆ ਹੈ ਪਰ ਇਸ ਦੇ ਬਾਵਜੂਦ ਜਾਰੀ ਵਿੱਤੀ ਸੰਕਟ ਕਾਰਨ ਉੱਥੇ ਬੇਹੱਦ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।

ਜ਼ਰੂਰੀ ਜੀਵਨ ਉਪਯੋਗੀ ਚੀਜ਼ਾਂ ਦੀ ਕਮੀ ਹੋ ਜਾਣ ਕਾਰਨ ਆਮ ਲੋਕਾਂ ਲਈ ਦੋ ਸਮੇਂ ਦਾ ਭੋਜਨ ਜੁਟਾਉਣ ਦੇ ਵੀ ਲਾਲੇ ਪੈ ਗਏ ਹਨ। ਆਟੇ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ ਅਤੇ ਮਿੱਲ ਮਾਲਕਾਂ ਵੱਲੋਂ ਕੀਮਤਾਂ ਵਧਾ ਦੇਣ ਕਾਰਨ 20 ਕਿਲੋ ਆਟੇ ਦੀ ਬੋਰੀ 2850 ਤੋਂ 3050 ਰੁਪਏ ’ਚ ਵਿਕ ਰਹੀ ਹੈ।

ਉੱਥੇ ਪੈਟਰੋਲ 330 ਰੁਪਏ ਲਿਟਰ ਅਤੇ ਘਰੇਲੂ ਰਸੋਈ ਗੈਸ ਦੀ ਕੀਮਤ 3079 ਰੁਪਏ ਤੱਕ ਜਾ ਪਹੁੰਚੀ ਹੈ। ਈਂਧਨ ਦੇ ਸੰਕਟ ਨਾਲ ਕਰਜ਼ੇ ’ਚ ਡੁੱਬੀ ਪਾਕਿਸਤਾਨ ਦੀ ਸਰਕਾਰੀ ਹਵਾਈ ਸੇਵਾ ‘ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼’ ਵੀ ਬੰਦ ਹੋਣ ਦੇ ਕੰਢੇ ’ਤੇ ਪਹੁੰਚ ਗਈ ਹੈ ਅਤੇ 14 ਅਕਤੂਬਰ ਪਿੱਛੋਂ ਹੁਣ ਤੱਕ ਇਸ ਦੀਆਂ 300 ਤੋਂ ਵੱਧ ਉਡਾਨਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ।

ਇਹੀ ਨਹੀਂ, ਪਾਕਿਸਤਾਨ ਦਾ ਆਟੋ ਉਦਯੋਗ ਵੀ ਸੰਕਟ ’ਚ ਫਸ ਗਿਆ ਹੈ ਅਤੇ ਪ੍ਰਮੁੱਖ ਕਾਰ ਨਿਰਮਾਤਾਵਾਂ ਹੌਂਡਾ, ਸੁਜ਼ੂਕੀ, ਇੰਡਸ ਆਦਿ ਨੇ ਉੱਥੇ ਨਿਰਮਾਣ ਹੀ ਬੰਦ ਕਰ ਦਿੱਤਾ ਹੈ।

ਅਜਿਹੇ ਹਾਲਾਤ ’ਚ ਪਾਕਿਸਤਾਨ ਦੇ ਸ਼ਾਸਕਾਂ ਨੂੰ ਆਪਣੇ ਆਰਥਿਕ ਸੰਕਟ ਤੋਂ ਛੁਟਕਾਰਾ ਪਾਉਣ ਲਈ ਧਨ ਦੀ ਬੱਚਤ ਕਰਨ ਅਤੇ ਦੇਸ਼ ਵਾਸੀਆਂ ਦੀ ਭੋਜਨ ਦੀ ਸਮੱਸਿਆ ਸੁਲਝਾਉਣ ਦੀ ਲੋੜ ਹੈ ਪਰ ਉਹ ਫਜ਼ੂਲ ਦਾ ਖਰਚ ਟਾਲਣ ਦੀ ਥਾਂ ਮਿਜ਼ਾਈਲ ਪ੍ਰੀਖਣਾਂ ’ਤੇ ਧਨ ਖਰਚ ਕਰ ਰਹੇ ਹਨ ਅਤੇ ਇਸੇ ਲੜੀ ’ਚ 14 ਅਕਤੂਬਰ ਨੂੰ ਉੱਥੇ ਪਰਮਾਣੂ ਹਥਿਆਰ ਲੈ ਜਾਣ ਵਾਲੀ ‘ਗੌਰੀ’ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ।

ਪਾਕਿਸਤਾਨ ਵੱਲੋਂ ਇਕ ਹਫਤੇ ਦੇ ਅੰਦਰ ਕੀਤਾ ਜਾਣ ਵਾਲਾ ਇਹ ਦੂਜਾ ਮਿਜ਼ਾਈਲ ਪ੍ਰੀਖਣ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ‘ਅਬਾਬੀਲ ਬੈਲਿਸਟਿਕ ਮਿਜ਼ਾਈਲ’ ਦਾ ਪ੍ਰੀਖਣ ਕੀਤਾ ਸੀ।

ਇਸ ਸਥਿਤੀ ’ਚ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਦੇ ਹਾਕਮ ਆਪਣੀ ਆਰਥਿਕ ਕੰਗਾਲੀ ਦੇ ਦਰਮਿਆਨ ‘ਲੜਾਕੂ ਸਮਰੱਥਾ’ ਵਧਾਉਣ ਦੀ ਥਾਂ ਜਨਤਾ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਦਾ ਯਤਨ ਕਰਨ ਤਾਂ ਚੰਗਾ ਹੋਵੇਗਾ।

-ਵਿਜੇ ਕੁਮਾਰ


Mukesh

Content Editor

Related News