ਇਹ ਹੋਈ ਨਾ ਗੱਲ, ਜਦੋਂ ਸੜਕ ਬਣੀ ਉਦੋਂ ਹੀ ਪਹਿਨੀਆਂ ਮੰਤਰੀ ਜੀ ਨੇ ਚੱਪਲਾਂ
Tuesday, Dec 27, 2022 - 03:48 AM (IST)

ਉਂਝ ਤਾਂ ਚੁਣੇ ਹੋਏ ਕੌਂਸਲਰਾਂ, ਵਿਧਾਇਕਾਂ, ਸੰਸਦ ਮੈਂਬਰਾਂ, ਮੰਤਰੀਆਂ ਆਦਿ ਕੋਲੋਂ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਜਲਦੀ ਤੋਂ ਜਲਦੀ ਹੱਲ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਪਰ ਆਮ ਤੌਰ ’ਤੇ ਇਹੀ ਸੁਣਨ ਨੂੰ ਮਿਲਦਾ ਹੈ ਕਿ ਇਹ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ। ਪਰ ਕਦੇ-ਕਦਾਈਂ ਕੁਝ ਅਜਿਹੀਆਂ ਉਦਾਹਰਣਾਂ ਵੀ ਸਾਹਮਣੇ ਆਉਂਦੀਆਂ ਹਨ, ਜੋ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਅਜੇ ਵੀ ਅਜਿਹੇ ਲੋਕ-ਪ੍ਰਤੀਨਿਧੀ ਮੌਜੂਦ ਹਨ, ਜੋ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦੀਨਸ਼ੀਲ ਰਵੱਈਆ ਅਪਣਾਉਂਦੇ ਹਨ।
ਅਜਿਹੀਆਂ 2 ਉਦਾਹਰਣਾਂ ਇਸੇ ਮਹੀਨੇ ਮੱਧ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਕਮਲ ਪਟੇਲ ਅਤੇ ਊਰਜਾ ਮੰਤਰੀ ਪ੍ਰਦੁਮਨ ਸਿੰਘ ਤੋਮਰ ਨੇ ਪੇਸ਼ ਕੀਤੀਆਂ ਹਨ।
4 ਦਸੰਬਰ ਨੂੰ ਜਦੋਂ ਖੇਤੀਬਾੜੀ ਮੰਤਰੀ ਕਮਲ ਪਟੇਲ ‘ਹਰਦਾ’ ਵਿਚ ਰਾਤ ਨੂੰ ਲਗਭਗ 8 ਵਜੇ ਕਾਰ ਵਿਚ ਕਿਤੇ ਜਾ ਰਹੇ ਸਨ ਤਾਂ ਰਾਹ ਵਿਚ ਅਚਾਨਕ ਉਨ੍ਹਾਂ ਦੀ ਨਜ਼ਰ ਹਾਦਸੇ ਕਾਰਨ ਸੜਕ ਕੰਢੇ ਗੰਭੀਰ ਰੂਪ ਵਿਚ ਜ਼ਖ਼ਮੀ ਪਏ ਵਿਅਕਤੀ ’ਤੇ ਪਈ ਤਾਂ ਉਨ੍ਹਾਂ ਤੁਰੰਤ ਆਪਣੀ ਗੱਡੀ ਰੁਕਵਾ ਕੇ ਉਸ ਨੂੰ ਆਪਣੇ ਹੀ ਵ੍ਹੀਕਲ ਵਿਚ ਬਿਠਾ ਕੇ ਜ਼ਿਲਾ ਹਸਪਤਾਲ ਵਿਚ ਦਾਖਲ ਕਰਵਾਇਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਜੇ ਕਿਤੇ ਉਨ੍ਹਾਂ ਨੂੰ ਕੋਈ ਜ਼ਖ਼ਮੀ ਵਿਅਕਤੀ ਨਜ਼ਰ ਆਏ ਤਾਂ ਉਸ ਦੀ ਮਦਦ ਜ਼ਰੂਰ ਕਰਨ। ਲੋਕ-ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲਤਾ ਦੀ ਦੂਜੀ ਉਦਾਹਰਣ ਗਵਾਲੀਅਰ ਵਿਚ ਸੜਕਾਂ ਦੀ ਮੁਰੰਮਤ ਨਾ ਹੋਣ ਤੋਂ ਨਾਰਾਜ਼ ਹੋ ਕੇ ਚੱਪਲ-ਜੁੱਤੀ ਪਹਿਨਣਾ ਛੱਡ ਕੇ ਨੰਗੇ ਪੈਰ ਚੱਲਣ ਵਾਲੇ ਮੱਧ ਪ੍ਰਦੇਸ਼ ਦੇ ਊਰਜਾ ਮੰਤਰੀ ਪ੍ਰਦੁਮਨ ਸਿੰਘ ਤੋਮਰ ਨੇ ਪੇਸ਼ ਕੀਤੀ ਹੈ।
ਪ੍ਰਦੁਮਨ ਸਿੰਘ ਤੋਮਰ ਨੇ ਇਸ ਸਾਲ 20 ਅਕਤੂਬਰ ਨੂੰ ਆਪਣੇ ਗ੍ਰਹਿ ਸ਼ਹਿਰ ਗਵਾਲੀਅਰ ਵਿਚ ਖਰਾਬ ਸੜਕਾਂ ਦੀ ਸ਼ਿਕਾਇਤ ਮਿਲਣ ’ਤੇ ਇਕ ਸਮਾਰੋਹ ਵਿਚ ਕਿਹਾ : ‘‘ਲੋਕਾਂ ਨੂੰ ਤਕਲੀਫ ਹੋ ਰਹੀ ਹੈ। ਸੜਕਾਂ ਨੂੰ ਸਹੀ ਕਰਨ ਲਈ ਸਰਕਾਰ ਨੇ ਸਮਾਂ ਰਹਿੰਦੇ ਪੈਸਾ ਦਿੱਤਾ ਅਤੇ ਅਧਿਕਾਰੀਆਂ ਨੂੰ ਇਸ ਨੂੰ ਤੁਰੰਤ ਠੀਕ ਕਰਨ ਲਈ ਕਿਹਾ। ਜਿਨ੍ਹਾਂ ਲੋਕਾਂ ਨੇ ਮੈਨੂੰ ਚੁਣਿਆ ਹੈ, ਉਨ੍ਹਾਂ ਦੇ ਸਾਹਮਣੇ ਮੈਂ ਜਨਤਕ ਤੌਰ ’ਤੇ ਪ੍ਰਵਾਨ ਕਰ ਰਿਹਾ ਹਾਂ ਕਿ ਸੜਕਾਂ ਨਹੀਂ ਬਣੀਆਂ ਹਨ ਅਤੇ ਇਸ ਲਈ ਮੁਆਫੀ ਵੀ ਮੰਗ ਰਿਹਾ ਹਾਂ।’’
ਤੋਮਰ ਨੇ ਅੱਗੇ ਕਿਹਾ, ‘‘ਲੋਕਾਂ ਨੂੰ ਜੋ ਮੁਸ਼ਕਲ ਹੋ ਰਹੀ ਹੈ, ਉਸ ਦਾ ਅਹਿਸਾਸ ਮੈਨੂੰ ਵੀ ਹੋਣਾ ਚਾਹੀਦਾ ਹੈ, ਇਸ ਲਈ ਜਦੋਂ ਤੱਕ (ਗਵਾਲੀਅਰ ਦੀਆਂ) 3 ਸੜਕਾਂ ਲਕਸ਼ਮਣ ਤਲਈਆ, ਗੇਂਡੇ ਵਾਲੀ ਸੜਕ ਅਤੇ ਹਸਪਤਾਲ ਰੋਡ ਦੀ ਮੁਰੰਮਤ ਨਹੀਂ ਹੋਵੇਗੀ, ਉਦੋਂ ਤੱਕ ਮੈਂ ਜੁੱਤੀ-ਚੱਪਲ ਨਹੀਂ ਪਹਿਨਾਂਗਾ।’’ ਪ੍ਰਦੁਮਨ ਸਿੰਘ ਤੋਮਰ ਦੇ ਇਸ ਐਲਾਨ ਪਿੱਛੋਂ ਨਗਰ ਨਿਗਮ ਹਰਕਤ ਵਿਚ ਆਇਆ ਅਤੇ ਉਸ ਨੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਖਸਤਾ ਹਾਲ ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ। ਇਹ 66 ਦਿਨ ਬਾਅਦ ਪੂਰਾ ਹੋਣ ’ਤੇ ਹੀ ਸ਼੍ਰੀ ਤੋਮਰ ਨੇ ਚੱਪਲਾਂ ਪਹਿਨੀਆਂ।
ਇਸ ਮੌਕੇ ’ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਜਿਨ੍ਹਾਂ ਸੜਕਾਂ ਲਈ ਮੰਤਰੀ ਤੋਮਰ ਨੇ ਚੱਪਲਾਂ ਦਾ ਤਿਆਗ ਕੀਤਾ ਸੀ, ਉਹ ਹੁਣ ਸ਼ਾਨਦਾਰ ਬਣ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਉਕਤ ਦੋਹਾਂ ਮੰਤਰੀਆਂ ਨੇ ਲੋਕ-ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਨੂੰ ਹੱਲ ਕਰਨ ਦੀ ਜੋ ਉਦਾਹਰਣ ਪੇਸ਼ ਕੀਤੀ ਹੈ, ਉਹ ਯਕੀਨੀ ਹੀ ਮਿਸਾਲੀ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਸਾਡੇ ਹੋਰ ਕੌਂਸਲਰ, ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਆਦਿ ਵੀ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਅੱਗੇ ਆਉਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਜਿੰਨੀ ਜਲਦੀ ਸੰਭਵ ਹੋ ਸਕੇ, ਹੱਲ ਕਰਵਾਉਣ ਦਾ ਯਤਨ ਕਰਨਗੇ।
-ਵਿਜੇ ਕੁਮਾਰ