ਮਹਿਬੂਬਾ ਦੇ ਵਿਰੁੱਧ ਪੀ. ਡੀ. ਪੀ. ਵਿਚ ਬਗਾਵਤ ਦੇਸ਼ ਵਿਰੋਧੀ ਰਵੱਈਏ ਦਾ ਨਤੀਜਾ

10/28/2020 2:18:53 AM

1947 ਵਿਚ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਰਾਜਾ ਹਰੀ ਸਿੰਘ ਨਹੀਂ ਚਾਹੁੰਦੇ ਸਨ ਕਿ ਕਸ਼ਮੀਰ ਦਾ ਭਾਰਤ ਵਿਚ ਰਲੇਵਾਂ ਹੋਵੇ ਪਰ ਜਦ 20 ਅਕਤੂਬਰ, 1947 ਨੂੰ ਕਬਾਇਲੀਆਂ ਦੇ ਭੇਸ ਵਿਚ ਪਾਕਿਸਤਾਨੀ ਫੌਜੀਆਂ ਨੇ ਜੰਮੂ-ਕਸ਼ਮੀਰ ਵਿਚ ਵੜ ਕੇ ਲੁੱਟ-ਖੋਹ ਅਤੇ ਵੱਢ-ਟੁੱਕ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਦੀ ਅਪੀਲ ’ਤੇ ਸਰਦਾਰ ਪਟੇਲ ਦੀ ਭੇਜੀ ਹੋਈ ਫੌਜ ਨੇ ਪਾਕਿ ਫੌਜੀਆਂ ਨੂੰ ਖਦੇੜ ਦਿੱਤਾ ਅਤੇ ਹਰੀ ਸਿੰਘ ਨੇ 26 ਅਕਤੂਬਰ, 1947 ਨੂੰ ਰਲੇਵੇਂ ਦੇ ਸਮਝੌਤੇ ’ਤੇ ਹਸਤਾਖਰ ਕਰ ਦਿੱਤੇ।

ਉਸ ਸਮੇਂ ਉਥੇ ਪਾਕਿਸਤਾਨ ਤੋਂ ਆਏ ਹੋਏ ਹਿਜਰਤਕਾਰੀ ਨਾ ਹੀ ਇਥੇ ਜ਼ਮੀਨ ਖਰੀਦ ਸਕਦੇ ਸਨ ਅਤੇ ਨਾ ਹੀ ਵਿਆਹ ਕਰ ਸਕਦੇ ਸਨ। ਪ੍ਰਜਾ ਪ੍ਰੀਸ਼ਦ ਦੇ ਨੇਤਾ ਪੰ. ਪ੍ਰੇਮਨਾਥ ਡੋਗਰਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣ ਲਈ ਕਾਫੀ ਕੰਮ ਕੀਤਾ ਅਤੇ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ ਵੀ ਇਸ ਵਿਚ ਉਨ੍ਹਾਂ ਦਾ ਸਾਥ ਦਿੱਤਾ।

ਆਜ਼ਾਦੀ ਮਿਲਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਾਜਾ ਹਰੀ ਸਿੰਘ ਦੇ ਕਹਿਣ ’ਤੇ ਜੰਮੂ-ਕਸ਼ਮੀਰ ਵਿਚ ਸ਼ੇਖ ਅਬਦੁੱਲਾ ਨੂੰ ਪ੍ਰਧਾਨ ਮੰਤਰੀ ਬਣਾਇਆ ਪਰ 1953 ਵਿਚ ਉਨ੍ਹਾਂ ਨੂੰ ਬਰਖਾਸਤ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਬਖਸ਼ੀ ਗੁਲਾਮ ਮੁਹੰਮਦ ਪ੍ਰਧਾਨ ਮੰਤਰੀ ਬਣੇ।

11 ਸਾਲਾਂ ਬਾਅਦ 1964 ਵਿਚ ਸ਼ੇਖ ਅਬਦੁੱਲਾ ਵਿਰੁੱਧ ਸੂਬਾ ਸਰਕਾਰ ਵੱਲੋਂ ਸਾਰੇ ਦੋਸ਼ ਵਾਪਸ ਲੈ ਲੈਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਿਗਆ।

ਜੰਮੂ-ਕਸ਼ਮੀਰ ’ਤੇ ਸਭ ਤੋਂ ਵੱਧ ਸਮੇਂ ਤੱਕ ਅਬਦੁੱਲਾ ਪਰਿਵਾਰ ਅਤੇ ਉਨ੍ਹਾਂ ਦੀ ਪਾਰਟੀ ਨੈਸ਼ਨਲ ਕਾਨਫਰੰਸ ਦਾ ਹੀ ਸ਼ਾਸਨ ਰਿਹਾ ਅਤੇ ਸ਼ੇਖ ਅਬਦੁੱਲਾ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਫਾਰੂਕ ਅਬਦੁੱਲਾ ਤੇ ਪੋਤੇ ਉਮਰ ਅਬਦੁੱਲਾ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਜਿਥੇ ਵਾਜਪਾਈ ਸਰਕਾਰ ਵਿਚ ਉਮਰ ਅਬਦੁੱਲਾ ਵਿਦੇਸ਼ ਰਾਜ ਮੰਤਰੀ ਰਹੇ, ਉਥੇ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਵਿਚ ਉਹ ਅਕਸ਼ੈ ਊਰਜਾ ਮੰਤਰੀ ਰਹੇ। ਉਸ ਦੌਰਾਨ ਫਾਰੂਕ ਅਬਦੁੱਲਾ ਦੀ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਬਣਨ ਦੀ ਚਰਚਾ ਵੀ ਰਹੀ।

ਡਾ. ਫਾਰੂਕ ਅਬਦੁੱਲਾ ਦੇ ਪਿਤਾ ਸ਼ੇਖ ਅਬਦੁੱਲਾ ਨੇ ਆਪਣੀ ਆਤਮਕਥਾ ‘ਆਤਿਸ਼ੇ ਚਿਨਾਰ’ ਵਿਚ ਮੰਨਿਆ ਹੈ ਕਿ ਕਸ਼ਮੀਰੀ ਮੁਸਲਮਾਨਾਂ ਦੇ ਪੂਰਵਜ ਹਿੰਦੂ ਸਨ ਅਤੇ ਖੁਦ ਡਾ. ਫਾਰੂਕ ਅਬਦੁੱਲਾ ਵੀ ਕਸ਼ਮੀਰ ਤੋਂ ਬਾਹਰ ਦਿੱਤੀਆਂ ਗਈਆਂ ਇੰਟਰਵਿਊਜ਼ ਅਤੇ ਭਾਸ਼ਣਾਂ ਵਿਚ ਆਪਣੇ ਪੂਰਵਜਾਂ ਦੇ ਹਿੰਦੂ ਹੋਣ ਦਾ ਜ਼ਿਕਰ ਕਰ ਚੁੱਕੇ ਹਨ।

ਕੁਝ ਸਮੇਂ ਤੱਕ ਜੰਮੂ-ਕਸ਼ਮੀਰ ਵਿਚ ਸਭ ਠੀਕ-ਠਾਕ ਚੱਲ ਰਿਹਾ ਸੀ ਪਰ ਇਥੇ ਹਾਲਾਤ 90 ਦੇ ਦਹਾਕੇ ਿਵਚ ਖਰਾਬ ਹੋਣੇ ਸ਼ੁਰੂ ਹੋਏ, ਜਦ ਮਹਿਬੂਬਾ ਮੁਫਤੀ ਦੀ ਛੋਟੀ ਭੈਣ ਰੂਬੀਆ ਸਈਦ ਨੂੰ 7 ਦਸੰਬਰ, 1989 ਨੂੰ ਜੇ. ਕੇ. ਐੱਲ. ਐੱਫ. ਨੇ ਉਸ ਸਮੇਂ ਅਗਵਾ ਕਰ ਲਿਆ ਸੀ, ਜਦੋਂ ਇਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਤਤਕਾਲੀ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਦੀ ਸੰਯੁਕਤ ਮੋਰਚਾ ਸਰਕਾਰ ਵਿਚ ਗ੍ਰਹਿ ਮੰਤਰੀ ਸਨ।

‘ਰੂਬੀਆ’ ਨੂੰ ਅੱਤਵਾਦੀਆਂ ਤੋਂ ਛੁਡਵਾਉਣ ਲਈ ਕੇਂਦਰੀ ਸਰਕਾਰ ਨੇ 5 ਖਤਰਨਾਕ ਅੱਤਵਾਦੀਆਂ ਨੂੰ ਰਿਹਾਅ ਕਰਨ ਦੀ ਮੰਗ ਮੰਨ ਲਈ ਸੀ।

ਮਹਿਬੂਬਾ ਹਮੇਸ਼ਾ ਆਪਣੇ ਪਿਤਾ ਦੇ ਨਾਲ ਮਿਲ ਕੇ ਸਿਆਸਤ ਵਿਚ ਸਰਗਰਮ ਰਹੀ ਅਤੇ ਦੋਵਾਂ ਨੇ 1999 ਵਿਚ ਮਿਲ ਕੇ ‘ਪੀਪੁਲਸ ਡੈਮੋਕ੍ਰੇਟਿਕ ਪਾਰਟੀ’ (ਪੀ. ਡੀ. ਪੀ.) ਬਣਾਈ, ਜਿਸ ਦੀ ਹੁਣ ਉਹ ਪ੍ਰਧਾਨ ਹੈ ਪਰ ਪਾਰਟੀ ’ਤੇ ਉਨ੍ਹਾਂ ਦੀ ਪਕੜ ਢਿੱਲੀ ਹੁੰਦੀ ਗਈ।

19 ਜੂਨ, 2018 ਨੂੰ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਤੇਜ਼ੀ ਨਾਲ ਬਦਲਦੇ ਘਟਨਾਕ੍ਰਮ ਵਿਚ ਪੀ. ਡੀ. ਪੀ. ਦੇ ਅੰਦਰ ਮਹਿਬੂਬਾ ਦੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਨਾਰਾਜ਼ਗੀ ਪੈਦਾ ਹੋਣ ਲੱਗੀ ਅਤੇ ਪੀ. ਡੀ. ਪੀ. ਦੀ ਬਦਹਾਲੀ ਲਈ ਇਨ੍ਹਾਂ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਕਰਾਰ ਦਿੰਦੇ ਹੋਏ ਕਈ ਸੀਨੀਅਰ ਪੀ. ਡੀ. ਪੀ. ਨੇਤਾਵਾਂ ਨੇ ਮਹਿਬੂਬਾ ਵਿਰੁੱਧ ਬਗਾਵਤ ਕਰ ਕੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।

ਇਸ ਦੌਰਾਨ 5 ਅਗਸਤ, 2019 ਨੂੰ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ-370 ਦੀਆਂ ਸਾਰੀਆਂ ਇਤਰਾਜ਼ਯੋਗ ਵਿਵਸਥਾਵਾਂ ਅਤੇ ਧਾਰਾ 35 (ਏ) ਨੂੰ ਖਤਮ ਕਰਨ ਦੇ ਐਲਾਨ ਤੋਂ ਇਕ ਦਿਨ ਪਹਿਲਾਂ 4 ਅਗਸਤ, 2019 ਨੂੰ ਫਾਰੂਕ ਅਤੇ ਉਮਰ ਅਬਦੁੱਲਾ ਅਤੇ ਮਹਿਬੂਬਾ ਆਦਿ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਸਾਲ 13 ਅਕਤੂਬਰ ਨੂੰ ਰਿਹਾਈ ਦੇ ਫੌਰਨ ਬਾਅਦ ਮਹਿਬੂਬਾ ਨੇ ਆਰਟੀਕਲ-370 ਦੀ ਬਹਾਲੀ ਅਤੇ ਜੰਮੂ-ਕਸ਼ਮੀਰ ਦੀ 5 ਅਗਸਤ, 2019 ਤੋਂ ਪਹਿਲਾਂ ਦੀ ਸਥਿਤੀ ਦੀ ਬਹਾਲੀ ਲਈ ਸੰਘਰਸ਼ ਕਰਨ ਲਈ ਫਾਰੂਕ ਅਤੇ ਹੋਰਾਂ ਨਾਲ ਮਿਲ ਕੇ ‘ਪੀਪੁਲਸ ਅਲਾਇੰਸ ਫਾਰ ਗੁਪਕਾਰ ਡੈਕਲਾਰੇਸ਼ਨ’ ਦਾ ਗਠਨ ਕਰ ਦਿੱਤਾ।

23 ਅਕਤੂਬਰ ਨੂੰ ਮਹਿਬੂਬਾ ਨੇ ਸੂਬੇ ਵਿਚ ਆਰਟੀਕਲ-370 ਮੁੜ ਲਾਗੂ ਹੋਣ ਤਕ ਭਾਰਤ ਦਾ ਤਿਰੰਗਾ ਨਾ ਚੁੱਕਣ ਅਤੇ ‘‘ਆਰਟੀਕਲ-370 ਖਤਮ ਕੀਤੇ ਜਾਣ ਤੋਂ ਪਹਿਲੇ ਤਕ ਦਾ ਜੰਮੂ-ਕਸ਼ਮੀਰ ਦਾ ਦਰਜਾ ਬਹਾਲ ਕਰਨ ਲਈ ਅਸੀਂ ਜ਼ਮੀਨ-ਆਸਮਾਨ ਇਕ ਕਰ ਦੇਵਾਂਗੇ, ਕਹਿ ਕੇ ਧਮਾਕਾ ਕਰ ਦਿੱਤਾ।’’

ਇਸ ’ਤੇ ਜੰਮੂ-ਕਸ਼ਮੀਰ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਮਹਿਬੂਬਾ ਦੇ ਪੁਤਲੇ ਸਾੜਨ ਤੋਂ ਇਲਾਵਾ 26 ਅਕਤੂਬਰ ਨੂੰ ਭਾਜਪਾ ਵਰਕਰਾਂ ਨੇ ਜੰਮੂ ਵਿਚ ਹੀ ਪੀ. ਡੀ. ਪੀ. ਦੇ ਦਫਤਰ ’ਤੇ ਤਿਰੰਗਾ ਫਹਿਰਾ ਕੇ ਆਪਣਾ ਵਿਰੋਧ ਜਤਾਇਆ ਅਤੇ ਸ਼੍ਰੀਨਗਰ ਦੇ ਲਾਲ ਚੌਕ ’ਤੇ ਵੀ ਤਿਰੰਗਾ ਫਹਿਰਾਇਆ।

ਮਹਿਬੂਬਾ ਦੇ ਬਿਆਨ ਤੋਂ ਨਾਰਾਜ਼ ਪੀ. ਡੀ. ਪੀ. ਦੇ 3 ਮੈਂਬਰਾਂ ਟੀ. ਐੱਸ. ਬਾਜਵਾ, ਵੇਦ ਮਹਾਜਨ ਅਤੇ ਹੁਸੈਨ-ਏ-ਵਫਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ, ‘‘ਮਹਿਬੂਬਾ ਆਪਣੇ ਕੰਮਾਂ ਅਤੇ ਬਿਆਨਾਂ ਨਾਲ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਰਹੀ ਹੈ।’’

ਜਿਥੇ ਮਹਿਬੂਬਾ ਭਾਰਤ ਵਿਰੋਧੀ ਰਵੱਈਏ ਨਾਲ ਆਲੋਚਨਾ ਦੀ ਪਾਤਰ ਬਣੀ ਹੈ, ਦੇਸ਼ ਦੇ ਦੂਜੇ ਹਿੱਸਿਆਂ ਵਿਚ ਸਿਆਸਤਦਾਨਾਂ ਨੇ ਆਪਣੇ ਕੰਮਾਂ ਨਾਲ ਅਜਿਹੀਆਂ ਮਿਸਾਲਾਂ ਪੈਦਾ ਕੀਤੀਆਂ ਹਨ। ਲਾਲੂ ਯਾਦਵ ਨੇ ਰੇਲ ਮੰਤਰੀ ਹੁੰਦੇ ਹੋਏ ਰੇਲ ਸੇਵਾਵਾਂ ਵਿਚ ਵਾਧਾ ਕੀਤਾ ਅਤੇ ਪਹਿਲੀ ਵਾਰ ਰੇਲਵੇ ਨੇ 2007-08 ਵਿਚ 25000 ਕਰੋੜ ਰੁਪਏ ਦਾ ਮੁਨਾਫਾ ਕਮਾਇਆ। ਲਾਲੂ ਨੇ ਖੁਦ ਨੂੰ ਇਕ ਸਫਲ ਮੈਨੇਜਮੈਂਟ ਗੁਰੂ ਸਾਬਿਤ ਕੀਤਾ ਅਤੇ ‘ਹਾਰਵਰਡ ਯੂਨੀਵਰਸਿਟੀ’ ਨੇ ਉਨ੍ਹਾਂ ਦਾ ਉਥੇ ਲੈਕਚਰ ਕਰਵਾਇਆ।

ਜ਼ਿਕਰਯੋਗ ਹੈ ਕਿ ਜਦ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੇ 7 ਅਪ੍ਰੈਲ, 2005 ਨੂੰ ਭਾਰਤ ਵਿਚ ਸ਼੍ਰੀਨਗਰ ਤੋਂ ਪੀ. ਓ. ਕੇ. ਵਿਚ ਮੁਜ਼ੱਫਰਾਬਾਦ ਲਈ ਬੱਸ ਸੇਵਾ ਸ਼ੁਰੂ ਕੀਤੀ ਤਾਂ ਪੀ. ਓ. ਕੇ. ਤੋਂ ਇਸ ਪਾਸੇ ਆਉਣ ਵਾਲੇ ਲੋਕਾਂ ਨੂੰ ਇਥੇ ਖੁਸ਼ਹਾਲੀ ਦੇਖ ਕੇ ਪਤਾ ਲੱਗਾ ਕਿ ਪਾਕਿਸਤਾਨ ਸਰਕਾਰ ਕੁਝ ਵੀ ਨਾ ਕਰ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ ਅਤੇ ਇਸਦਾ ਨਤੀਜਾ ਹੁਣ ਪਾਕਿਸਤਾਨ ਦੇ ਹੁਕਮਰਾਨਾਂ ਵਿਰੁੱਧ ਲਗਾਤਾਰ ਪ੍ਰਦਰਸ਼ਨਾਂ ਵਿਚ ਨਿਕਲ ਰਿਹਾ ਹੈ।

ਇਹ ਘਟਨਾਕ੍ਰਮ ਮਹਿਬੂਬਾ ਮੁਫਤੀ ਅਤੇ ਹੋਰ ਪਾਕਿ ਸਮਰਥਕ ਅਨਸਰਾਂ ਲਈ ਵੀ ਇਕ ਸਬਕ ਅਤੇ ਸੰਦੇਸ਼ ਹੈ ਕਿ ਧਾਰਾ-370 ਤਾਂ ਹੁਣ ਬਹਾਲ ਹੋਣ ਵਾਲੀ ਨਹੀਂ ਅਤੇ ਨਾ ਹੀ ਜੰਮੂ ਤੇ ਲੱਦਾਖ ਦੇ ਲੋਕ ਤੁਹਾਡੇ ਲੋਕਾਂ ਨਾਲ ਰਹਿਣਾ ਚਾਹੁੰਦੇ ਹਨ।

ਇਸ ਲਈ ਇਹ ਹਕੀਕਤ ਨੂੰ ਮੰਨ ਕੇ ਆਪਣਾ ਦੇਸ਼ ਵਿਰੋਧੀ ਰਵੱਈਆ ਛੱਡਣ ਅਤੇ ਦੇਸ਼ ਦੀ ਮੁੱਖਧਾਰਾ ਵਿਚ ਸ਼ਾਮਲ ਹੋਣ, ਨਹੀਂ ਤਾਂ ਤੁਹਾਡਾ ਹਾਲ ਵੀ ਬਿਹਾਰ ਵਰਗਾ ਹੋਣ ਵਾਲਾ ਹੈ, ਜੋ 15 ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਹੁਣ ਆਪਣੇ ਆਪ ਨੂੰ ਸੱਤਾ ਤੋਂ ਵਾਂਝਾ ਹੁੰਦਾ ਦੇਖ ਰਹੇ ਹਨ।

-ਵਿਜੇ ਕੁਮਾਰ


Bharat Thapa

Content Editor

Related News