ਲਿਵ ਇਨ ਰਿਲੇਸ਼ਨਸ਼ਿਪ: ਘੱਟ ਖਤਰੇ ਨਹੀਂ ਹਨ ਇਸ ਰਾਹ ’ਚ

Thursday, Nov 23, 2023 - 03:21 AM (IST)

ਲਿਵ ਇਨ ਰਿਲੇਸ਼ਨਸ਼ਿਪ: ਘੱਟ ਖਤਰੇ ਨਹੀਂ ਹਨ ਇਸ ਰਾਹ ’ਚ

ਲਿਵ ਇਨ ਰਿਲੇਸ਼ਨਸ਼ਿਪ ਜਾਂ ‘ਸਹਿਮਤੀ ਸਬੰਧ’ ਇਕ ਅਜਿਹੀ ਵਿਵਸਥਾ ਹੈ ਜਿਸ ’ਚ 2 ਇਸਤਰੀ ਅਤੇ ਮਰਦ ਬਿਨਾਂ ਵਿਆਹ ਕੀਤੇ ਪਤੀ-ਪਤਨੀ ਵਾਂਗ ਰਹਿੰਦੇ ਅਤੇ ਆਪਸ ’ਚ ਸਰੀਰਕ ਸਬੰਧ ਵੀ ਬਣਾਉਂਦੇ ਹਨ। ਕਈ ਜੋੜੇ ਤਾਂ ਬੱਚੇ ਵੀ ਪੈਦਾ ਕਰ ਲੈਂਦੇ ਹਨ। ਆਪਸੀ ਸਹਿਮਤੀ ਨਾਲ ਕਾਇਮ ਇਹ ਸਬੰਧ ਪੱਛਮੀ ਦੇਸ਼ਾਂ ’ਚ ਆਮ ਗੱਲ ਹੈ ਅਤੇ ਉਨ੍ਹਾਂ ਦੀ ਦੇਖਾਦੇਖੀ ਭਾਰਤ ਵਰਗੇ ਦੇਸ਼ਾਂ ’ਚ ਵੀ ਇਹ ਜੀਵਨ-ਸ਼ੈਲੀ ਪੈਰ ਪਸਾਰਨ ਲੱਗੀ ਹੈ।

ਖਾਸ ਕਰ ਕੇ ਮੈਟ੍ਰੋਪੋਲਿਟਨ ਸ਼ਹਿਰਾਂ ’ਚ ਘਰਾਂ ਤੋਂ ਦੂਰ ਰਹਿਣ ਵਾਲੇ ਨੌਜਵਾਨ ਕੰਮਕਾਜੀ ਜੋੜਿਆਂ ’ਚ ਇਹ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਵਸਥਾ ’ਚ ਦੋਵੇਂ ਹੀ ਕਮਾਉਂਦੇ ਤੇ ਆਪਣੀ-ਆਪਣੀ ਆਮਦਨ ਦੀ ਆਜ਼ਾਦ ਤੌਰ ’ਤੇ ਵਰਤੋਂ ਕਰਦੇ ਹਨ। ਕੁਝ ਜੋੜੇ ਕਈ ਸਾਲ ਇਕੱਠੇ ਰਹਿਣ ਪਿੱਛੋਂ ਵਿਆਹ ਵੀ ਕਰ ਲੈਂਦੇ ਹਨ ਜਦਕਿ ਕਈ ਜੋੜੇ ਵੱਖ ਵੀ ਹੋ ਜਾਂਦੇ ਹਨ।

ਭਾਰਤ ’ਚ 1978 ’ਚ ਸੁਪਰੀਮ ਕੋਰਟ ਨੇ ਪਹਿਲੀ ਵਾਰ ਲਿਵ ਇਨ ਰਿਲੇਸ਼ਨਸ਼ਿਪ ਨੂੰ ਮਾਨਤਾ ਦੇ ਦਿੱਤੀ ਸੀ ਅਤੇ ਇਹ ਮੰਨਿਆ ਗਿਆ ਸੀ ਕਿ ਵਿਆਹ ਕਰਨ ਵਾਲਿਆਂ ਦੀ ਉਮਰ ਦੇ ਲੋਕਾਂ ਦਰਮਿਆਨ ਲਿਵ ਇਨ ਰਿਲੇਸ਼ਨਸ਼ਿਪ ’ਚ ਕਿਸੇ ਭਾਰਤੀ ਕਾਨੂੰਨ ਦੀ ਉਲੰਘਣਾ ਨਹੀਂ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਜੇ ਕੋਈ ਜੋੜੀ ਲੰਬੇ ਸਮੇਂ ਤੋਂ ਨਾਲ ਰਹਿ ਰਹੀ ਹੈ ਤਾਂ ਉਸ ਰਿਸ਼ਤੇ ਨੂੰ ਵਿਆਹ ਹੀ ਮੰਨਿਆ ਜਾਵੇਗਾ।

‘ਲਿਵ ਇਨ’ ’ਚ ਤਲਾਕ ਵਰਗੇ ਝੰਜਟ ਦੀ ਨੌਬਤ ਤਾਂ ਨਹੀਂ ਆਉਂਦੀ ਪਰ ਇਸ ’ਚ ਕਿਸੇ ਇਕ ਸਾਥੀ ਵੱਲੋਂ ਧੋਖਾ ਦੇ ਦੇਣ ਕਾਰਨ ਦੂਜੇ ਸਾਥੀ ਦੀ ਜ਼ਿੰਦਗੀ ਨਰਕ ਜ਼ਰੂਰ ਬਣ ਜਾਂਦੀ ਹੈ। ਪਿਛਲੇ ਕੁਝ ਸਮੇਂ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 16 ਜੂਨ ਨੂੰ ਮੁੰਬਈ ’ਚ ਮਨੋਜ ਸਾਨੇ ਨਾਂ ਦੇ ਵਿਅਕਤੀ ਨੂੰ ਆਪਣੀ ਲਿਵ ਇਨ ਪਾਰਟਨਰ ਸਰਸਵਤੀ ਵੈਦਿਆ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਦੇ ਟੁੱਕੜੇ-ਟੁੱਕੜੇ ਕਰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਪੁਲਸ ਨੇ ਉਨ੍ਹਾਂ ਦੇ ਫਲੈਟ ’ਚੋਂ 3 ਬਾਲਟੀਆਂ ’ਚ ਰੱਖੇ ਹੋਏ ਮ੍ਰਿਤਕਾਂ ਦੇ ਸਰੀਰ ਦੇ ਟੁੱਕੜੇ ਬਰਾਮਦ ਕੀਤੇ। ਦੋਸ਼ੀ ਨੇ ਲਾਸ਼ ਦੇ ਟੁੱਕੜੇ-ਟੁੱਕੜੇ ਕਰਨ ਪਿੱਛੋਂ ਉਨ੍ਹਾਂ ਨੂੰ ਮਿਕਸਰ ’ਚ ਪਾ ਕੇ ਪੀਸਣ ਅਤੇ ਪ੍ਰੈਸ਼ਰ ਕੁੱਕਰ ’ਚ ਉਬਾਲ ਕੇ ਟਿਕਾਣੇ ਲਾਉਣ ਅਤੇ ਕਮਰੇ ’ਚ ਫੈਲੀ ਬਦਬੂ ਰੂਮ ਫ੍ਰੈਸ਼ਨਰ ਛਿੜਕ ਕੇ ਦਬਾਉਣ ਦੀ ਕੋਸ਼ਿਸ਼ ਕੀਤੀ।

* 16 ਅਗਸਤ ਨੂੰ ਨਵੀਂ ਦਿੱਲੀ ’ਚ 24 ਸਾਲਾ ਪੂਜਾ ਕੁਮਾਰੀ ਨੂੰ ਆਪਣੇ ਲਿਵ ਇਨ ਪਾਰਟਨਰ ਜਿਤੇਂਦਰ ਦੇ ਬੇਟੇ ਦਿਵਿਆਂਸ਼ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ‘ਬੈੱਡਬਾਕਸ’ ’ਚ ਲੁਕਾ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਪੂਜਾ ਨੂੰ ਸ਼ੱਕ ਸੀ ਕਿ ਦਿਵਿਆਂਸ਼ ਆਪਣੇ ਪਿਤਾ ਨੂੰ ਉਸ ਦੀ ਮਾਂ ਤੋਂ ਤਲਾਕ ਨਹੀਂ ਲੈਣ ਦੇ ਰਿਹਾ। ਇਸ ਲਈ ਦੋਵਾਂ ’ਚ ਝਗੜਾ ਹੁੰਦਾ ਰਹਿੰਦਾ ਸੀ। ਪੂਜਾ ਨੇ ਦਿਵਿਆਂਸ਼ ਦੀ ਹੱਤਿਆ ਪਿੱਛੋਂ ਜਿਤੇਂਦਰ ਨੂੰ ਕਿਹਾ, ‘‘ਮੈਂ ਤੇਰੇ ਕੋਲੋਂ ਤੇਰੀ ਸਭ ਤੋਂ ਅਨਮੋਲ ਚੀਜ਼ ਖੋਹ ਲਈ ਹੈ।’’

* 28 ਅਗਸਤ ਨੂੰ ਦੱਖਣੀ ਬੈਂਗਲੁਰੂ (ਕਰਨਾਟਕ) ਦੇ ‘ਬੇਗੂਰ’ ’ਚ ਰਹਿਣ ਵਾਲੇ ਵੈਸ਼ਣਵ ਨਾਂ ਦੇ ਨੌਜਵਾਨ ਨੇ ਆਪਣੀ ਲਿਵ ਇਨ ਪਾਰਟਨਰ ‘ਦੇਵਾ’ ਦੇ ਸਿਰ ’ਤੇ ਪ੍ਰੈਸ਼ਰ ਕੁੱਕਰ ਮਾਰ ਕੇ ਉਸ ਸਮੇਂ ਉਸ ਦੀ ਹੱਤਿਆ ਕਰ ਦਿੱਤੀ ਜਦ ਉਹ ਰਸੋਈ ਘਰ ’ਚ ਖਾਣਾ ਬਣਾ ਰਹੀ ਸੀ। ਵੈਸ਼ਵਣ ਨੂੰ ਉਸ ’ਤੇ ਸ਼ੱਕ ਹੋ ਗਿਆ ਸੀ, ਜਿਸ ਕਾਰਨ ਉਹ ਅਕਸਰ ਲੜਦੇ-ਝਗੜਦੇ ਰਹਿੰਦੇ ਸਨ।

* 20 ਸਤੰਬਰ ਨੂੰ ਨੈਗਾਂਵ (ਮਹਾਰਾਸ਼ਟਰ) ’ਚ 43 ਸਾਲਾ ਕਾਸਟਿਊਮ ਡਿਜ਼ਾਈਨਰ ਮਨੋਹਰ ਸ਼ੁਕਲਾ ਨੂੰ ਫਿਲਮਾਂ ’ਚ ਮੇਕਅਪ ਆਰਟਿਸਟ ਦਾ ਕੰਮ ਕਰਨ ਵਾਲੀ ਆਪਣੀ 28 ਸਾਲਾ ਲਿਵ ਇਨ ਪਾਰਟਨਰ ‘ਨੈਨਾ ਮਾਹਟ’ ਦੀ ਹੱਤਿਆ ਕਰਨ ਪਿੱਛੋਂ ਉਸ ਦੀ ਲਾਸ਼ ਇਕ ਸੂਟਕੇਸ ’ਚ ਰੱਖ ਕੇ ਟਿਕਾਣੇ ਲਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 16 ਅਕਤੂਬਰ ਦੀ ਰਾਤ ਨੂੰ ‘ਸਰਛਿਪ’ (ਮਿਜ਼ੋਰਮ) ’ਚ 57 ਸਾਲਾ ਅਧਿਆਪਕ ‘ਸੀ. ਲਲਿਆਨਾ’ ਦਾ ਕਿਸੇ ਗੱਲ ’ਤੇ ਆਪਣੇ ਤੋਂ 24 ਸਾਲ ਛੋਟੀ ਲਿਵ ਇਨ ਪਾਰਟਨਰ ‘ਸਈ ਦਿੰਗਲਿਆਨੀ’ ਨਾਲ ਝਗੜਾ ਹੋ ਗਿਆ, ਜਿਸ ’ਤੇ ਉਸ ਨੇ ਉਸ ਦੀ ਹੱਤਿਆ ਕਰ ਦਿੱਤੀ। ਉਹ ਆਪਣੀ ਪਤਨੀ ਅਤੇ 2 ਬੱਚਿਆਂ ਨੂੰ ਤਿਆਗ ਕੇ ਇਸ ਦੇ ਨਾਲ ਰਹਿ ਰਿਹਾ ਸੀ।

* 19 ਨਵੰਬਰ ਨੂੰ ਕੁਰਲਾ (ਮੁੰਬਈ) ’ਚ ‘ਅਸਕਰ ਮਨੋਜ ਬਰਲਾ’ ਨੂੰ ਆਪਣੀ ਲਿਵ ਇਨ ਪਾਰਟਨਰ ‘ਪ੍ਰਤਿਮਾ ਪਵਲ ਕਿਸਪੱਟਾ’ ਨਾਲ ਝਗੜੇ ਕਾਰਨ ਉਸ ਦੀ ਹੱਤਿਆ ਕਰ ਕੇ ਲਾਸ਼ ਇਕ ਸੂਟਕੇਸ ’ਚ ਬੰਦ ਕਰ ਕੇ ਸੁੱਟ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਮਨੋਜ ਨੂੰ ਪ੍ਰਤਿਮਾ ਦੇ ਚਰਿੱਤਰ ’ਤੇ ਸ਼ੱਕ ਹੋ ਗਿਆ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਜਿੱਥੇ ਉਹ ਨੌਕਰੀ ਕਰਦੀ ਸੀ, ਉੱਥੇ ਉਸ ਦਾ ਨਵਾਂ ਪ੍ਰੇਮੀ ਵੀ ਕੰਮ ਕਰਦਾ ਸੀ।

ਕੋਈ ਇਸ ਤਰ੍ਹਾਂ ਦੇ ਸਬੰਧਾਂ ਨੂੰ ਅਨੈਤਿਕ ਦੱਸਦਾ ਹੈ ਤਾਂ ਕੋਈ ਗੈਰ-ਕਾਨੂੰਨੀ। ਹਾਲਾਂਕਿ ਲਿਵ ਇਨ ਰਿਲੇਸ਼ਨਸ਼ਿਪ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਬੰਧਾਂ ਨਾਲ ਵੱਡੇ ਸ਼ਹਿਰਾਂ ’ਚ ਰਹਿਣ ਵਾਲੀਆਂ ਮੁਟਿਆਰਾਂ ਨੂੰ ਸਰੀਰਕ ਲੋੜਾਂ ਦੀ ਪੂਰਤੀ ਲਈ ਸਾਥੀ ਅਤੇ ਕਿਸੇ ਹੱਦ ਤੱਕ ਸੁਰੱਖਿਆ ਵੀ ਮਿਲ ਜਾਂਦੀ ਹੈ ਪਰ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਇਸ ’ਚ ਖਤਰੇ ਵੀ ਘੱਟ ਨਹੀਂ ਹਨ।

- ਵਿਜੇ ਕੁਮਾਰ


author

Anmol Tagra

Content Editor

Related News