‘ਸੇਵਾ ਭਾਵਨਾ ਦੇ ਚਿਰਾਗ’ ‘ਰੌਸ਼ਨ ਹਨ ਕੋਰੋਨਾ ਮਹਾਸੰਕਟ ਦਰਮਿਆਨ’
Wednesday, Apr 21, 2021 - 02:58 AM (IST)

ਸੰਕਟ ਦੀ ਇਸ ਘੜੀ ’ਚ ਜਿੱਥੇ ਗੁਰਦੁਆਰੇ, ਮੰਦਰ ਅਤੇ ਸਮਾਜ-ਸੇਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਕੇ ਉਨ੍ਹਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾ ਰਹੇ ਹਨ, ਉੱਥੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪੁਲਸ ਮੁਲਾਜ਼ਮ ਅਤੇ ਨਿੱਜੀ ਪੱਧਰ ’ਤੇ ਵੀ ਕੁਝ ਲੋਕ ਸੰਕਟ ਦੀ ਇਸ ਘੜੀ ’ਚ ਪੀੜਤ ਲੋਕਾਂ ਦੀ ਜਿੱਥੋਂ ਤੱਕ ਸੰਭਵ ਹੋ ਸਕੇ, ਮਦਦ ਕਰ ਰਹੇ ਹਨ ਜਿਨ੍ਹਾਂ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠ ਲਿਖੀਆਂ ਹਨ :
* ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਪੀੜਤਾਂ ਨੂੰ 3 ਸਮੇਂ ਦਾ ਲੰਗਰ ਭੇਜਣ ਅਤੇ ਬਾਲਾ ਸਾਹਿਬ ਹਸਪਤਾਲ ਦੇ ਇਕ ਹਿੱਸੇ ਸਮੇਤ ਗੁਰਦੁਆਰਿਆਂ ਦੀਆਂ ਸਰਾਵਾਂ, ਲੰਗਰ ਹਾਲ ਅਤੇ ਵੱਡੇ ਹਾਲ ਆਦਿ ਕੋਵਿਡ ਕੇਅਰ ਸੈਂਟਰ ਅਤੇ ਇਕਾਂਤਵਾਸ ਕੇਂਦਰ ਵਜੋਂ ਵਰਤਣ ਲਈ ਦਿੱਤੇ ਹਨ।
* ਗੁਜਰਾਤ ’ਚ ਅਹਿਮਦਾਬਾਦ ਸਥਿਤ ਸਵਾਮੀ ਨਾਰਾਇਣ ਮੰਦਰ ਦੇ ਪ੍ਰਬੰਧਕਾਂ ਨੇ ਆਪਣੇ ਦਰਵਾਜ਼ੇ ਕੋਰੋਨਾ ਪੀੜਤਾਂ ਲਈ ਖੋਲ੍ਹ ਕੇ ਮੰਦਰ ਨੂੰ ਹਸਪਤਾਲ ’ਚ ਤਬਦੀਲ ਕਰ ਦਿੱਤਾ ਹੈ। ਮੰਦਰ ਦੇ ਕਰਮਚਾਰੀ ਕੁਝ ਕੋਰੋਨਾ ਪੀੜਤਾਂ ਦੀ ਦੇਖਭਾਲ ਕਰ ਰਹੇ ਹਨ।
* ਗੁਜਰਾਤ ਦੇ ਵਡੋਦਰਾ ਵਿਖੇ ਵੀ ਕੋਰੋਨਾ ਪੀੜਤਾਂ ਲਈ ਬੈੱਡਾਂ ਦੀ ਕਮੀ ਨੂੰ ਵੇਖਦੇ ਹੋਏ ਜਹਾਂਗੀਰਪੁਰਾ ਮਸਜਿਦ ਦੇ ਪ੍ਰਬੰਧਕਾਂ ਨੇ ਮਸਜਿਦ ਨੂੰ ਇਕ ਕੋਵਿਡ ਸੈਂਟਰ ’ਚ ਬਦਲਦੇ ਹੋਏ ਕਿਹਾ ਹੈ ਕਿ ਇਸ ਤੋਂ ਵਧੀਆ ਇਬਾਦਤ ਕੋਈ ਹੋਰ ਨਹੀਂ।
ਮਸਜਿਦ ਦੇ ਪ੍ਰਬੰਧਕ ਇਰਫਾਨ ਸ਼ੇਖ ਨੇ ਮਸਜਿਦ ’ਚ ਆਕਸੀਜਨ ਦੀ ਵਿਵਸਥਾ ਸਮੇਤ 50 ਬੈੱਡ ਲਵਾਏ ਹਨ। ਇਸ ਤੋਂ ਇਲਾਵਾ ਦਾਰੂਲ ਉਲੂਮ ’ਚ ਵੀ ਕੋਰੋਨਾ ਪੀੜਤਾਂ ਲਈ 120 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ।
* ਜਿੱਥੇ ਕੁਝ ਹਸਪਤਾਲਾਂ ’ਚ ਕੋਰੋਨਾ ਪੀੜਤਾਂ ਕੋਲੋਂ ਭਾਰੀ ਫੀਸ ਵਸੂਲ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਉੱਥੇ ਗਵਾਲੀਅਰ ਦੇ 12 ਨਿੱਜੀ ਹਸਪਤਾਲਾਂ ਦੇ ਪ੍ਰਬੰਧਕ ਕੋਰੋਨਾ ਪੀੜਤਾਂ ਨੂੰ ਮੁਫਤ ਇਲਾਜ ਅਤੇ ਦਵਾਈਆਂ ਦੇ ਰਹੇ ਹਨ।
* ਨਾਮਧਾਰੀ ਸੰਗਤ ਨਾਲ ਜੁੜੇ ਹਿਮਾਚਲ ਪ੍ਰਦੇਸ਼ ’ਚ ਮੰਡੀ ਦੇ ਹਰਦੀਪ ਸਿੰਘ ਰਾਜਾ ਲਗਾਤਾਰ 8 ਮਹੀਨੇ ਸ਼ਹਿਰ ਦੇ ਵੱਖ-ਵੱਖ ਚੌਕਾਂ ਆਦਿ ’ਤੇ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਮੁਫਤ ਸਿਹਤ ਵਧਾਊ ਕਾੜ੍ਹਾ ਪਿਆਉਂਦੇ ਰਹੇ ਹਨ।
* ਦੇਸ਼ ’ਚ ਕੋਰੋਨਾ ਦੇ ਇਲਾਜ ਲਈ ਜ਼ਰੂਰੀ ਆਕਸੀਜਨ ਸਿਲੰਡਰਾਂ ਦੀ ਕਮੀ ਨੂੰ ਧਿਆਨ ’ਚ ਰੱਖਦਿਆਂ ਸੂਰਤ ਦੇ ਉਦਯੋਗਪਤੀ ‘ਮਹੇਂਦਰ ਭਾਈ ਰਾਮੋਲੀਆ’ ਆਪਣੇ ਸਾਥੀਆਂ ਸਮੇਤ ਸ਼ਹਿਰ ਦੇ ਲੋੜਵੰਦਾਂ ਨੂੰ ਮੁਫਤ ਆਕਸੀਜਨ ਸਿਲੰਡਰ ਮੁਹੱਈਆ ਕਰਵਾ ਰਹੇ ਹਨ।
* ਮੱਧ ਪ੍ਰਦੇਸ਼ ਸਰਕਾਰ ਦੀ ਬੇਨਤੀ ’ਤੇ ਫੌਜ ਨੇ ਚਾਰ ਸ਼ਹਿਰਾਂ ’ਚ ਆਪਣੇ ਹਸਪਤਾਲਾਂ ’ਚ ਕੋਰੋਨਾ ਪੀੜਤ ਲੋਕਾਂ ਦੇ ਇਲਾਜ ਦੀ ਵਿਵਸਥਾ ਕੀਤੀ ਹੈ। ਇਹੀ ਨਹੀਂ, ਫੌਜ ਆਪਣੇ ਪੈਰਾਮੈਡੀਕਲ ਸਟਾਫ ਦੀਆਂ ਸੇਵਾਵਾਂ ਵੀ ਦੇ ਰਹੀ ਹੈ।
* ਬਿਹਾਰ ਦੇ ਬਿਹਟਾ ਸਥਿਤ ਫੌਜ ਦੇ ਹਸਪਤਾਲ ਅਤੇ ਕਾਨਪੁਰ ਦੇ ਹਵਾਈ ਫੌਜ ਹਸਪਤਾਲ ’ਚ ਵੀ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
* ਦਿੱਲੀ ਪੁਲਸ ਦੇ ਏ. ਐੱਸ. ਆਈ. ਅੰਬਰੀਸ਼ ਤਿਆਗੀ ਬੀਤੇ ਸਾਲ ਜੂਨ ’ਚ ਕੋਰੋਨਾ ਦੀ ਲਪੇਟ ’ਚ ਆ ਗਏ ਸਨ, ਜਿਸ ਦੌਰਾਨ ਉਨ੍ਹਾਂ ਨੂੰ ਕੋਰੋਨਾ ਪੀੜਤਾਂ ਦੀ ਜਾਨ ਨੂੰ ਖਤਰੇ ਦਾ ਅਹਿਸਾਸ ਹੋਇਆ।
ਲਿਹਾਜ਼ਾ ਸਿਹਤਮੰਦ ਹੋਣ ਪਿੱਛੋਂ ਉਨ੍ਹਾਂ ਖੁਦ ਨੂੰ ਕੋਰੋਨਾ ਪੀੜਤਾਂ ਦੀ ਸੇਵਾ ’ਚ ਹੀ ਸਮਰਪਿਤ ਕਰ ਦਿੱਤਾ ਹੈ ਅਤੇ ਉਹ ਕੋਰੋਨਾ ਮਹਾਮਾਰੀ ਦੌਰਾਨ ਬੇਰੋਜ਼ਗਾਰ ਹੋਏ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਤੋਂ ਇਲਾਵਾ ਪੀੜਤਾਂ ਨੂੰ ਇਲਾਜ ਲਈ ਹਸਪਤਾਲਾਂ ’ਚ ਵੀ ਲਿਜਾ ਕੇ ਭਰਤੀ ਕਰਵਾ ਰਹੇ ਹਨ।
* ਇਕ ਉਦਾਹਰਣ ਰਾਏਪੁਰ ਦੇ ਪੰਜ ਨੌਜਵਾਨ ਪੀ. ਪੀ. ਈ. ਕਿੱਟ ਪਹਿਨ ਕੇ ਦਿਨ-ਰਾਤ ਕੋਰੋਨਾ ਪੀੜਤਾਂ ਦੀ ਸੇਵਾ ਕਰ ਕੇ ਪੇਸ਼ ਕਰ ਰਹੇ ਹਨ। ਇਹ ਨੌਜਵਾਨ ਪਰਿਵਾਰਕ ਮੈਂਬਰਾਂ ਵੱਲੋਂ ਠੁਕਰਾਏ ਕੋਰੋਨਾ ਕਾਰਨ ਮਰਨ ਵਾਲਿਆਂ ਦੇ ਅੰਤਿਮ ਸੰਸਕਾਰ ਵੀ ਕਰਵਾ ਰਹੇ ਹਨ।
* ਮਹਾਰਾਸ਼ਟਰ ’ਚ ਪੁਣੇ ਦੇ ‘ਮੰਚਰ’ ਵਿਖੇ ਰਹਿਣ ਵਾਲੇ ਸਾਬਕਾ ਗ੍ਰਾਮ ਪ੍ਰਧਾਨ ਦੱਤਾ ਗਾਂਜਾਲੇ ਵੀ ਅਜਿਹੇ ਹੀ ਇਕ ਮਨੁੱਖ ਪ੍ਰੇਮੀ ਹਨ ਜੋ ਉਨ੍ਹਾਂ ਕੋਰੋਨਾ ਪੀੜਤਾਂ ਦੀਆਂ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਹੀ ਛੱਡ ਗਏ।
* ਇਸੇ ਤਰ੍ਹਾਂ ਮਹਾਰਾਸ਼ਟਰ ’ਚ ‘ਬੁਲਢਾਣਾ’ ਦੇ ਰਹਿਣ ਵਾਲੇ ਆਟੋ ਚਾਲਕ ਪੱਪੂ ਵੀ ਪਿਛਲੇ ਇਕ ਸਾਲ ਤੋਂ ਕੋਰੋਨਾ ਪੀੜਤਾਂ ਨੂੰ ਲਿਆ ਅਤੇ ਲਿਜਾ ਰਹੇ ਹਨ। ਜੇ ਕਿਸੇ ਕੋਰੋਨਾ ਮ੍ਰਿਤਕ ਦੀ ਲਾਸ਼ ਉਸ ਦੇ ਪਰਿਵਾਰ ਵਾਲੇ ਨਹੀਂ ਲੈ ਕੇ ਜਾਂਦੇ ਤਾਂ ਉਹ ਖੁਦ ਉਸ ਦਾ ਅੰਤਿਮ ਸੰਸਕਾਰ ਵੀ ਕਰਦੇ ਹਨ।
ਇਹ ਤਾਂ ‘ਕੋਰੋਨਾ ਯੋਧਿਆਂ’ ਦੀ ਸੇਵਾ ਭਾਵਨਾ ਦੀਆਂ ਚੰਦ ਉਦਾਹਰਣਾਂ ਹਨ ਜੋ ਆਪਣੇ ਦਮ ’ਤੇ ਇਸ ਸੰਕਟ ਦੇ ਸ਼ਿਕਾਰ ਲੋਕਾਂ ਦੀ ਮਦਦ ’ਚ ਆਪਣਾ ਯੋਗਦਾਨ ਦੇ ਰਹੇ ਹਨ ਪਰ ਇਸ ਸੰਕਟ ਦਾ ਮੁਕਾਬਲਾ ਕਰਨ ਲਈ ਹੋਰ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ।
ਸਾਨੂੰ ਸਭ ਨੂੰ ਇਕਮੁੱਠ ਹੋ ਕੇ ਪੀੜਤਾਂ ਦੀ ਮਦਦ ਕਰਨ ਦੇ ਨਾਲ-ਨਾਲ ਇਸ ਮਹਾਮਾਰੀ ਤੋਂ ਬਚਾਅ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਤਦ ਹੀ ਇਸ ਸੰਕਟ ਦਾ ਸਾਹਮਣਾ ਕੀਤਾ ਜਾ ਸਕੇਗਾ।
-ਵਿਜੇ ਕੁਮਾਰ