ਮੱਧ ਪ੍ਰਦੇਸ਼ ਦੇ ਸੰਕਟ ਦੇ ਲਈ ਕਮਲਨਾਥ ਅਤੇ ਜਿਓਤਿਰਾਦਿੱਤਿਆ ਦੋਵੇਂ ਜ਼ਿੰਮੇਵਾਰ

03/12/2020 1:27:47 AM

ਕਾਂਗਰਸ ਨੂੰ ਪੰਜਾਬ, ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਚੋਣਾਂ ’ਚ ਸਫਲਤਾਵਾਂ ਤੋਂ ਬਾਅਦ ਮਹਾਰਾਸ਼ਟਰ ’ਚ ਸ਼ਿਵ ਸੈਨਾ ਅਤੇ ਰਾਕਾਂਪਾ ਨਾਲ ਗੱਠਜੋੜ ਸਰਕਾਰ ’ਚ ਸ਼ਾਮਲ ਹੋਣ ’ਤੇ ਕੁਝ ਸੰਜੀਵਨੀ ਮਿਲੀ ਸੀ ਪਰ ਪਾਰਟੀ ’ਚ ਉੱਚ ਪੱਧਰ ’ਤੇ ਅਸਥਿਰਤਾ ਇਸ ਦੀ ਹੋਂਦ ਲਈ ਚੁਣੌਤੀਆਂ ਖੜ੍ਹੀ ਕਰ ਰਹੀ ਹੈ। ਜਿਥੇ ਪੰਜਾਬ ’ਚ ਕਾਂਗਰਸ ਦੀ ਅਮਰਿੰਦਰ ਸਿੰਘ ਸਰਕਾਰ ’ਚ ਵਿਰੋਧ ਦੇ ਸੁਰ ਸੁਣਾਈ ਦੇ ਰਹੇ ਹਨ ਤਾਂ ਮੱਧ ਪ੍ਰਦੇਸ਼ ’ਚ ਕਾਂਗਰਸ ਨੂੰ ਵਾਪਸ ਲਿਆਉਣ ’ਚ ਭੂਮਿਕਾ ਨਿਭਾਉਣ ਵਾਲੇ ਕਾਂਗਰਸ ਦੇ ਜਨਰਲ ਸਕੱਤਰ ਜਯੋਤਿਰਾਦਿੱਤਿਆ ਸਿੰਧੀਆ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪਾਰਟੀ ’ਚ ਖੁਦ ਨੂੰ ਅਣਡਿੱਠ ਮਹਿਸੂਸ ਕਰ ਰਹੇ ਸਨ। ਪਾਰਟੀ ਦੇ ਵਚਨ ਪੱਤਰ ’ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ’ਤੇ ਆਪਣੀ ਸਰਕਾਰ ਦੀ ਆਲੋਚਨਾ ਕਰਦੇ ਆ ਰਹੇ ਜਯੋਤਿਰਾਦਿੱਤਿਆ ਨੇ ਜਦੋਂ ਇਹ ਕਿਹਾ ਕਿ ‘‘ਸਰਕਾਰ ਦੇ ਵਾਅਦੇ ਪੂਰੇ ਕਰਵਾਉਣ ਲਈ ਮੈਨੂੰ ਸੜਕ ’ਤੇ ਉਤਰਨਾ ਹੀ ਹੋਵੇਗਾ।’’ ਤਾਂ ਕਮਲਨਾਥ ਨੇ ਵੀ ਉਨ੍ਹਾਂ ਦੀ ਧਮਕੀ ਦੇ ਜਵਾਬ ਵਿਚ ਕਹਿ ਦਿੱਤਾ ਕਿ ‘‘ਉਤਰਨਾ ਹੈ ਤਾਂ ਉਤਰ ਜਾਣ।’’ ਇਸ ਦਾ ਅੰਜਾਮ ਅਖੀਰ 10 ਮਾਰਚ ਨੂੰ ਜਯੋਤਿਰਾਦਿੱਤਿਆ ਸਿੰਧੀਆ ਦੇ ਕਾਂਗਰਸ ’ਚੋਂ ਅਸਤੀਫਾ ਅਤੇ 11 ਮਾਰਚ ਨੂੰ ਭਾਜਪਾ ਦਾ ਪੱਲਾ ਫੜਨ ਦੇ ਰੂਪ ਵਿਚ ਨਿਕਲਿਆ ਅਤੇ ਉਨ੍ਹਾਂ ਦੇ ਸਮਰਥਕ ਲੱਗਭਗ 22 ਵਿਧਾਇਕਾਂ ਦੇ ਅਸਤੀਫੇ ਦੇ ਦੇਣ ਨਾਲ 12 ਮਹੀਨੇ ਪੁਰਾਣੀ ਸੂਬੇ ਦੀ ਕਾਂਗਰਸ ਸਰਕਾਰ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਮੱਧ ਪ੍ਰਦੇਸ਼ ਦੇ ਸੀਨੀਅਰ ਕਾਂਗਰਸੀ ਆਗੂ ਦਿੱਗਵਿਜੇ ਸਿੰਘ ਨੇ ਜਯੋਤਿਰਾਦਿੱਤਿਆ ਨੂੰ ਅਣਡਿੱਠ ਕਰਨ ਦੇ ਕਮਲਨਾਥ ’ਤੇ ਲੱਗਣ ਵਾਲੇ ‘ਦੋਸ਼ਾਂ’ ਉੱਤੇ ਕਿਹਾ ਹੈ ਕਿ ‘‘ਕਮਲਨਾਥ ਨੇ ਜਯੋਤਿਰਾਦਿੱਤਿਆ ਨੂੰ ਉਪ-ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਕਿਸੇ ਆਪਣੇ ਭਰੋਸੇਮੰਦ ਲਈ ਇਹ ਅਹੁਦੇ ਚਾਹੁੰਦੇ ਸਨ।’’ ‘‘ਕਾਂਗਰਸੀ ਆਗੂਆਂ ਕੋਲੋਂ ਇਹ ਸਮਝਣ ’ਚ ਗਲਤੀ ਹੋਈ ਕਿ ਸਿੰਧੀਆ ਕਾਂਗਰਸ ਛੱਡਣ ਵਰਗਾ ਕਦਮ ਚੁੱਕ ਸਕਦੇ ਹਨ ਕਿਉਂਕਿ ਕਾਂਗਰਸ ਨੇ ਉਨ੍ਹਾਂ ਨੂੰ 4 ਵਾਰ ਸੰਸਦ ਮੈਂਬਰ, 2 ਵਾਰ ਕੇਂਦਰੀ ਮੰਤਰੀ ਅਤੇ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ।’’ ਦਿੱਗਵਿਜੇ ਸਿੰਘ ਨੇ ਵਿਧਾਨ ਸਭਾ ’ਚ ਕਮਲਨਾਥ ਸਰਕਾਰ ਦੇ ਬਹੁਮਤ ਸਿੱਧ ਕਰਨ ਦਾ ਭਰੋਸਾ ਪ੍ਰਗਟਾਉਂਦੇ ਹੋਏ ਦਾਅਵਾ ਕੀਤਾ ਕਿ 22 ਬਾਗੀ ਵਿਧਾਇਕਾਂ ’ਚੋਂ 13 ਨੇ ਕਾਂਗਰਸ ਨਾ ਛੱਡਣ ਦਾ ਯਕੀਨ ਦਿਵਾਇਆ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਿੰਧੀਆ ਦੇ ਭਾਜਪਾ ’ਚ ਜਾਣ ਦੀ ਸਾਜ਼ਿਸ਼ 3 ਮਹੀਨਿਆਂ ਤੋਂ ਚੱਲ ਰਹੀ ਸੀ ਤੇ ਉਹ ਕੇਂਦਰ ’ਚ ਕੈਬਨਿਟ ਮੰਤਰੀ ਬਣਨ ਦੀਆਂ ਬੜੀਆਂ ਵੱਡੀਆਂ ਇੱਛਾਵਾਂ ਕਾਰਣ ਭਾਜਪਾ ’ਚ ਸ਼ਾਮਲ ਹੋਏ ਹਨ। ਦੱਸਿਆ ਜਾਂਦਾ ਹੈ ਕਿ ਜਯੋਤਿਰਾਦਿੱਤਿਆ ਕਾਫੀ ਦਿਨਾਂ ਤੋਂ ਰਾਹੁਲ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸਫਲ ਨਾ ਹੋ ਸਕੇ ਅਤੇ ਅਖੀਰ ਸੋਨੀਆ ਗਾਂਧੀ ਨੂੰ ਭੇਜੇ ਅਸਤੀਫੇ ’ਚ ਉਨ੍ਹਾਂ ਨੇ ਲਿਖ ਦਿੱਤਾ ਕਿ ‘‘ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਹੈ।’’ ਪਰ ਰਾਹੁਲ ਦਾ ਕਹਿਣਾ ਹੈ ਕਿ ‘‘ਜਯੋਤਿਰਾਦਿੱਤਿਆ ਸਿੰਧੀਆ ਇਕਲੌਤੇ ਅਜਿਹੇ ਆਗੂ ਸਨ, ਜੋ ਕਦੇ ਵੀ ਮੇਰੇ ਘਰ ਆ ਸਕਦੇ ਸਨ।’’ ਸੂਬੇ ਦੀ ਸਿਆਸਤ ਵਿਚ ਆਏ ਭੂਚਾਲ ਦੇ ਦਰਮਿਆਨ ਦੋਵੇਂ ਪਾਸੇ ਆਪਣੇ-ਆਪਣੇ ਵਿਧਾਇਕਾਂ ਨੂੰ ਬਚਾਉਣ ਲਈ ‘ਰਿਜ਼ਾਰਟ ਪਾਲੀਟਿਕਸ’ ਸ਼ੁਰੂ ਹੋ ਗਈ ਹੈ। ਭਾਜਪਾ ਨੇ ਆਪਣੇ ਵਿਧਾਇਕਾਂ ਨੂੰ 10-11 ਮਾਰਚ ਦੀ ਦਰਮਿਆਨੀ ਰਾਤ ਹਰਿਆਣਾ ਪਹੁੰਚਾ ਦਿੱਤਾ ਤਾਂ ਕਾਂਗਰਸ ਨੇ ਰਾਜਸਥਾਨ ’ਚ ਠਹਿਰਾਏ ਹਨ। ਜਿਥੇ ਕਮਲਨਾਥ ਦਾ ਕਹਿਣਾ ਹੈ ਕਿ ਜਯੋਤਿਰਾਦਿੱਤਿਆ ਦੇ ਕਾਂਗਰਸ ਛੱਡਣ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਦੇ ਅਸਤੀਫਿਆਂ ਨਾਲ ਉਨ੍ਹਾਂ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ, ਉੱਥੇ ਹੀ ਕਮਲਨਾਥ ਸਰਕਾਰ ਦੇ ਵਿਰੁੱਧ ਬਾਗੀ ਵਿਧਾਇਕਾਂ ਦੇ ਐੱਸ. ਐੱਮ. ਐੱਸ. ਵੀ ਆਉਣੇ ਸ਼ੁਰੂ ਹੋ ਗਏ ਹਨ। ਇਸ ਘਟਨਾਚੱਕਰ ਦਾ ਨਤੀਜਾ ਭਾਵੇਂ ਜੋ ਵੀ ਹੋਵੇ, ਇਕ ਗੱਲ ਤਾਂ ਸਪੱਸ਼ਟ ਹੈ ਕਿ ਇਸ ਦੇ ਲਈ ਮੁੱਖ ਤੌਰ ’ਤੇ ਕਮਲਨਾਥ ਅਤੇ ਜਯੋਤਿਰਾਦਿੱਤਿਆ ਦੋਵੇਂ ਹੀ ਜ਼ਿੰਮੇਵਾਰ ਹਨ। ਇਸ ਘਟਨਾਚੱਕਰ ਨਾਲ ਇਹ ਇਕ ਵਾਰ ਫਿਰ ਸਿੱਧ ਹੋ ਗਿਆ ਹੈ ਕਿ ਸਿਆਸਤ ’ਚ ਨਿੱਜੀ ਸਵਾਰਥ ਅਤੇ ਇੱਛਾਵਾਂ ਹੀ ਸਭ ਤੋਂ ਉਪਰ ਹਨ। ਸ਼ਾਇਦ ਇਸ ਦਾ ਇਕ ਕਾਰਣ ਇਹ ਵੀ ਰਿਹਾ ਹੋਵੇਗਾ ਕਿ ਜਯੋਤਿਰਾਦਿੱਤਿਆ ਦਾ ਸਮੁੱਚਾ ਪਰਿਵਾਰ ਭਾਜਪਾ ’ਚ ਹੈ, ਇਸ ਲਈ ਭਾਜਪਾ ’ਚ ਆਉਣ ਲਈ ਉਨ੍ਹਾਂ ਦੇ ਪਰਿਵਾਰ ਦਾ ਵੀ ਕੁਝ ਦਬਾਅ ਰਿਹਾ ਹੋਵੇਗਾ ਅਤੇ ਜਯੋਤਿਰਾਦਿੱਤਿਆ ਨੇ ਵੀ ਕਾਂਗਰਸ ਪ੍ਰਤੀ ਆਪਣੀ 18 ਸਾਲਾਂ ਦੀ ਵਫਾਦਾਰੀ ਭੁਲਾ ਕੇ ਆਪਣੇ ਸਿਧਾਂਤਾਂ ਦੀ ਕੱਟੜ-ਵਿਰੋਧੀ ਭਾਜਪਾ ਦਾ ਪੱਲਾ ਫੜਨ ’ਚ ਕੋਈ ਸੰਕੋਚ ਨਹੀਂ ਕੀਤਾ। ਇੰਨੇ ਲੰਬੇ ਸਮੇਂ ਤਕ ਕਾਂਗਰਸ ’ਚ ਰਹਿਣ ਅਤੇ ਇੰਨੇ ਅਹੁਦੇ ਪ੍ਰਾਪਤ ਕਰਨ ਦੇ ਬਾਵਜੂਦ ਜੇਕਰ ਜਯੋਤਿਰਾਦਿੱਤਿਆ ਸਿੰਧੀਆ ਵਰਗੇ ਨੇਤਾ ਅਜਿਹਾ ਕਰਨਗੇ ਤਾਂ ਆਮ ਛੋਟੇ-ਮੋਟੇ ਆਗੂ ਵੀ ਅਜਿਹਾ ਹੀ ਕਰਨਗੇ, ਜਿਸ ਨਾਲ ਸਿਆਸਤ ’ਚ ਗੰਦਗੀ ਆਵੇਗੀ। ਜੋ ਵੀ ਹੋਵੇ, ਜੇਕਰ ਕਾਂਗਰਸ ਨੇ ਇਸੇ ਤਰ੍ਹਾਂ ਆਪਣੇ ਆਗੂਆਂ ਨੂੰ ਅਣਡਿੱਠ ਕਰਨਾ ਜਾਰੀ ਰੱਖਿਆ ਅਤੇ ਰੁੱਸਿਆਂ ਨੂੰ ਮਨਾਉਣ ਦੇ ਠੋਸ ਕਦਮ ਸ਼ੁਰੂ ਨਾ ਕੀਤੇ ਤਾਂ ਉਨ੍ਹਾਂ ਨੂੰ ਹੋਰ ਨੁਕਸਾਨ ਉਠਾਉਣ ਲਈ ਤਿਆਰ ਰਹਿਣਾ ਹੋਵੇਗਾ। ਇਸ ਦੇ ਨਾਲ ਹੀ ਭਾਜਪਾ ਨੇ ਮੱਧ ਪ੍ਰਦੇਸ਼ ’ਚ ਜੋ ਭੂਮਿਕਾ ਨਿਭਾਈ ਹੈ, ਉਸ ਦੀ ਵੀ ਲੋਕ ਆਲੋਚਨਾ ਕਰ ਰਹੇ ਹਨ।

-ਵਿਜੇ ਕੁਮਾਰ\


Bharat Thapa

Content Editor

Related News