‘ਮਾਂ-ਬਾਪ ਨੂੰ ਖਰਚ ਨਾ ਦੇਣ ਵਾਲੇ ਬੇਟੇ ਨੂੰ ਜੇਲ’ ਅਤੇ ‘ਤੰਗ ਕਰਨ ਵਾਲੀ ਨੂੰਹ ਨੂੰ ਘਰੋਂ ਕੱਢਿਆ’

10/28/2018 6:09:04 AM

ਭਾਰਤ ’ਚ ਬਜ਼ੁਰਗਾਂ ਨੂੰ ਅਤੀਤ ’ਚ ਅਤਿਅੰਤ ਸਨਮਾਨਯੋਗ ਸਥਾਨ ਪ੍ਰਾਪਤ ਸੀ ਪਰ ਅੱਜ ਔਲਾਦਾਂ ਵਲੋਂ ਉਨ੍ਹਾਂ ਨਾਲ ਦੁਰਵਿਵਹਾਰ ਦਾ ਰੁਝਾਨ ਵਧ ਜਾਣ ਕਾਰਨ ਉਨ੍ਹਾਂ ਦੀ ਸਥਿਤੀ ਤਰਸਯੋਗ ਹੋ ਕੇ ਰਹਿ ਗਈ ਹੈ। 
ਇਸੇ ਲਈ ਅਸੀਂ ਆਪਣੇ ਲੇਖਾਂ ’ਚ ਵਾਰ-ਵਾਰ ਇਹ ਲਿਖਦੇ ਰਹਿੰਦੇ ਹਾਂ ਕਿ ਮਾਤਾ-ਪਿਤਾ ਆਪਣੀ ਜਾਇਦਾਦ ਦੀ ਵਸੀਅਤ ਤਾਂ ਆਪਣੇ ਬੱਚਿਅਾਂ ਦੇ ਨਾਂ ਜ਼ਰੂਰ ਕਰ ਦੇਣ ਪਰ ਇਸ ਨੂੰ ਟਰਾਂਸਫਰ ਨਾ ਕਰਨ। ਅਜਿਹਾ ਕਰਕੇ ਉਹ ਆਪਣੇ ਜੀਵਨ ਦੀ ਸ਼ਾਮ ’ਚ ਆਉਣ ਵਾਲੀਅਾਂ ਅਨੇਕ ਪ੍ਰੇਸ਼ਾਨੀਅਾਂ ਤੋਂ ਬਚ ਸਕਦੇ ਹਨ ਪਰ ਆਮ ਤੌਰ ’ਤੇ ਉਹ ਇਹ ਭੁੱਲ ਬੈਠਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਆਪਣੇ ਬਾਕੀ ਦੇ ਜੀਵਨ ’ਚ ਭੁਗਤਣਾ ਪੈਂਦਾ ਹੈ। 
ਹਾਲ ਹੀ ’ਚ 2 ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਆਪਣੀਆਂ ਔਲਾਦਾਂ ਦੇ ਹੱਥੋਂ ਪੀੜਤ ਮਾਤਾ-ਪਿਤਾ ਨੂੰ ਨਿਅਾਂ ਹਾਸਿਲ ਕਰਨ ਲਈ ਅਦਾਲਤ ਦੀ ਪਨਾਹ ’ਚ ਜਾਣਾ ਪਿਆ। 
ਪਹਿਲਾ ਮਾਮਲਾ ਅਹਿਮਦਾਬਾਦ ਦਾ ਹੈ, ਜਿੱਥੇ ਇਕ ਪਰਿਵਾਰਕ ਅਦਾਲਤ ਨੇ ਆਪਣੇ ਮਾਤਾ-ਪਿਤਾ ਨੂੰ ਖਰਚਾ ਨਾ ਦੇਣ ’ਤੇ ‘ਕਾਂਤੀ ਭਾਈ ਸੌਲੰਕੀ’ ਨਾਂ ਦੇ ਇਕ 45 ਸਾਲਾ ਵਿਅਕਤੀ ਨੂੰ 1545 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। 
ਰਣਛੋੜ ਭਾਈ ਦਾ ਆਪਣੇ 2 ਬੇਟਿਅਾਂ ਅਤੇ ਨੂੰਹਾਂ ਨਾਲ ਗੁਜ਼ਾਰਾ-ਭੱਤੇ ਦੇ ਮਾਮਲੇ ’ਚ ਵਿਵਾਦ ਚੱਲ ਰਿਹਾ ਸੀ। ਯੋਗ ਅਦਾਲਤ ਨੇ 30 ਮਹੀਨੇ ਪਹਿਲਾਂ ਰਣਛੋੜ ਭਾਈ ਦੇ ਦੋਹਾਂ ਬੇਟਿਅਾਂ ਕਾਂਤੀ ਭਾਈ ਅਤੇ ਦਯਾ ਭਾਈ ਨੂੰ ਹੁਕਮ ਦਿੱਤਾ ਸੀ ਕਿ ਉਹ ਦੋਵੇਂ ਆਪਣੀ 68 ਸਾਲਾ ਮਾਂ ਯਸ਼ੋਮਤੀ ਬੇਨ ਅਤੇ 69 ਸਾਲਾ ਪਿਤਾ ਰਣਛੋੜ ਭਾਈ ਸੌਲੰਕੀ ਨੂੰ ਹਰ ਮਹੀਨੇ 900 ਰੁਪਏ ਹਰੇਕ ਦੇ ਹਿਸਾਬ ਨਾਲ ਖਰਚ ਦਿਆ ਕਰਨ। 
ਦਯਾ ਭਾਈ ਨੇ ਤਾਂ ਹੁਕਮ ਦੀ ਪਾਲਣਾ ਸ਼ੁਰੂ ਕਰ ਦਿੱਤੀ ਅਤੇ ਹਰੇਕ ਮਹੀਨੇ ਆਪਣੇ ਮਾਤਾ-ਪਿਤਾ ਨੂੰ 900 ਰੁਪਏ ਦੇ ਹਿਸਾਬ ਨਾਲ ਖਰਚ ਦਿੰਦਾ ਆ ਰਿਹਾ ਹੈ ਪਰ ਕਾਂਤੀ ਭਾਈ ਨੇ ਉਕਤ ਹੁਕਮ ਦੀ ਪਾਲਣਾ ਨਹੀਂ ਕੀਤੀ, ਜਿਸ ’ਤੇ ਰਣਛੋੜ ਭਾਈ ਅਤੇ ਯਸ਼ੋਮਤੀ ਬੇਨ ਨੇ ਪਰਿਵਾਰਕ ਅਦਾਲਤ ’ਚ ਸ਼ਿਕਾਇਤ ਕੀਤੀ। 
ਇਸ ’ਤੇ ਸੁਣਵਾਈ ਕਰਦਿਅਾਂ ਅਦਾਲਤ ਨੇ ਕਾਂਤੀ ਭਾਈ ਸੌਲੰਕੀ ਨੂੰ ਆਪਣੀ ਮਾਂ ਨੂੰ ਖਰਚਾ ਨਾ ਦੇਣ ਦੇ ਇਵਜ਼ ’ਚ 735 ਦਿਨ ਅਤੇ ਪਿਤਾ ਨੂੰ ਖਰਚਾ ਨਾ ਦੇਣ ਦੇ ਇਵਜ਼ ’ਚ ਹੋਰ 810 ਦਿਨ ਜੇਲ ’ਚ ਬਿਤਾਉਣ ਦਾ ਹੁਕਮ ਦੇ ਕੇ ਜੇਲ ਭੇਜ ਦਿੱਤਾ। 
ਇਕ ਹੋਰ ਮਾਮਲੇ ’ਚ ਬੰਬਈ ਹਾਈ ਕੋਰਟ ਨੇ 9 ਅਕਤੂਬਰ ਨੂੰ ਬਾਂਦ੍ਰਾ ’ਚ ਰਹਿਣ ਵਾਲੇ ਬਜ਼ੁਰਗ ਜੋੜੇ ਦੀ ਅਪੀਲ ’ਤੇ ਉਨ੍ਹਾਂ ਦੀ ਨੂੰਹ ਨੂੰ ਉਨ੍ਹਾਂ ਦੇ ਮਕਾਨ ’ਚੋਂ ਇਕ ਮਹੀਨੇ ਦੇ ਅੰਦਰ ਨਿਕਲ ਜਾਣ ਦਾ ਹੁਕਮ ਸੁਣਾਇਆ। ਬਜ਼ੁਰਗ ਜੋੜੇ ਨੇ ਅਦਾਲਤ ’ਚ ਆਪਣੀ ਨੂੰਹ ’ਤੇ ਉਨ੍ਹਾਂ ਦੋਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। 
ਇਸ ਤੋਂ ਪਹਿਲਾਂ ਅਦਾਲਤ ਨੇ 44 ਸਾਲਾ  ਅੌਰਤ ਦੇ  ਪਤੀ (ਬਜ਼ੁਰਗ ਜੋੜੇ ਦੇ ਪੁੱਤਰ) ਨੂੰ ਆਪਣੀ ਪਤਨੀ ਦੀ ਪਸੰਦ ਦਾ ਇਕ ਫਲੈਟ ਲੱਭ ਲੈਣ ਦਾ ਹੁਕਮ ਦਿੱਤਾ ਸੀ ਪਰ ਜਦੋਂ ਔਰਤ ਨੇ ਉਸ ਦੇ ਪਤੀ ਵਲੋਂ ਸ਼ਾਰਟ ਲਿਸਟ ਕੀਤੇ ਗਏ  ਸਾਰੇ 49 ਫਲੈਟ ਨਾਪਸੰਦ ਕਰ ਦਿੱਤੇ ਤਾਂ ਹਾਈ ਕੋਰਟ ਨੇ ਔਰਤ ਨੂੰ ਦੋ ਬਦਲ ਦਿੱਤੇ ਕਿ ਜਾਂ ਤਾਂ ਉਹ 35,000 ਤੋਂ 40,000 ਰੁਪਏ ਮਹੀਨਾ ਕਿਰਾਏ  ਿਵਚਾਲੇ ਆਪਣੀ ਪਸੰਦ ਦਾ ਫਲੈਟ ਲੱਭ ਲਏ ਜਾਂ ਆਪਣੇ ਪਤੀ ਵਲੋਂ ਲੱਭੇ ਗਏ ਫਲੈਟਾਂ ’ਚੋਂ ਕੋਈ ਇਕ ਫਲੈਟ ਚੁਣ ਲਏ। 
ਇਸ ਦੇ ਨਾਲ ਹੀ ਜਸਟਿਸ ਸ਼ਾਲਿਨੀ ਫੰਸਾਲਕਰ ਨੇ ਇਹ ਵੀ ਕਿਹਾ ਕਿ ‘‘ਆਪਣੇ ਜੀਵਨ ਦੀ ਸ਼ਾਮ ’ਚੋਂ ਲੰਘ ਰਹੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਨੂੰਹ ਦੇ ਹੱਥੋਂ ਪੀੜਤ ਹੁੰਦੇ ਰਹਿਣ ਦੇਣਾ ਉਨ੍ਹਾਂ ਦੇ ਪ੍ਰਤੀ ਅੱਤਿਆਚਾਰ ਹੋਵੇਗਾ।’’
ਅਦਾਲਤ ਨੇ ਕਿਹਾ, ‘‘ਸਾਲਾਂ ਤੋਂ ਔਰਤ ਦਾ ਆਪਣੇ ਸਹੁਰੇ ਨਾਲ ਝਗੜਾ ਚੱਲਦਾ ਆ ਰਿਹਾ ਹੈ ਅਤੇ ਉਹ ਬਜ਼ੁਰਗ ’ਤੇ ਉਸ ਨਾਲ ਵਾਸਨਾਤਮਕ ਛੇੜਛਾੜ ਕਰਨ  ਤਕ ਦਾ ਦੋਸ਼ ਲਗਾ ਚੁੱਕੀ ਹੈ। ਜੇਕਰ ਅਜਿਹਾ ਹੈ ਤਾਂ ਅਜਿਹੇ ’ਚ ਇਹ ਸਮਝਣਾ ਮੁਸ਼ਕਿਲ ਹੈ ਕਿ ਇਸ ਹਾਲਤ ’ਚ ਵੀ ਉਹ ਆਪਣੇ ਸਹੁਰੇ ਘਰ ’ਚ ਹੀ ਕਿਉਂ  ਰਹਿਣਾ ਚਾਹੁੰਦੀ ਹੈ? ਅਦਾਲਤ ਇਨ੍ਹਾਂ ਤੱਥਾਂ  ਨੂੰ ਅਣਡਿੱਠ ਨਹੀਂ ਕਰ ਸਕਦੀ।’’
ਮਾਣਯੋਗ ਜੱਜ ਨੇ ਅੱਗੇ ਕਿਹਾ, ‘‘ਬਜ਼ੁਰਗਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਨੂੰਹ ਉਨ੍ਹਾਂ ਨੂੰ ਗਾਲ੍ਹਾਂ ਕੱਢਦੀ ਹੈ ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਹੈ। ਸਿਰਫ ਇਸ ਆਧਾਰ ’ਤੇ ਉਸ ਨੂੰ ਆਪਣੇ ਸਹੁਰੇ ਘਰ ’ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ 49 ਬਦਲਵੇਂ ਆਵਾਸ ਰੱਦ ਕਰ ਚੁੱਕੀ ਹੈ। ਇਸ ਲਈ ਉਸ ਨੂੰ ਇਕ ਮਹੀਨੇ ਦੇ ਅੰਦਰ ਆਪਣੇ ਪਤੀ ਦੇ ਨਾਲ ਸਹੁਰੇ ਦਾ ਘਰ ਛੱਡ ਕੇ   ਚਲੇ ਜਾਣ ਦਾ ਹੁਕਮ ਦਿੱਤਾ ਜਾਂਦਾ ਹੈ।’’
ਉਕਤ ਦੋਵੇਂ ਹੀ ਘਟਨਾਵਾਂ ਇਸ ਗੱਲ ਦੀਅਾਂ ਗਵਾਹ ਹਨ ਕਿ ਅੱਜ  ਬਜ਼ੁਰਗ ਆਪਣੀਆਂ ਹੀ ਔਲਾਦਾਂ ਦੇ ਹੱਥੋਂ ਕਿਸ ਕਦਰ  ਅੱਤਿਆਚਾਰ  ਦੇ ਸ਼ਿਕਾਰ ਅਤੇ ਅਪਮਾਨਿਤ ਹੋ ਰਹੇ ਹਨ। ਜੇਕਰ ਨਿਅਾਂ ਪਾਲਿਕਾ ਇਨ੍ਹਾਂ ਦੀ ਰੱਖਿਆ ਲਈ ਨਾ ਹੋਵੇ ਤਾਂ ਅੱਜ ਦੀਅਾਂ ਕਲਯੁੱਗੀ  ਅੌਲਾਦਾਂ ਆਪਣੇ ਮਾਤਾ-ਪਿਤਾ ਨੂੰ ਸੜਕ ’ਤੇ ਹੀ ਬਿਠਾ ਦੇਣ।                                                  

 –ਵਿਜੇ ਕੁਮਾਰ


Related News