ਚੰਡੀਗੜ੍ਹ ਹਵਾਈ ਅੱਡੇ ਨੂੰ ਲੈ ਕੇ ਵੱਡੀ ਖ਼ਬਰ, ਨਵੀਂ ਅੰਤਰਰਾਸ਼ਟਰੀ ਉਡਾਣ ਸ਼ੁਰੂ ਕਰਨ ਵਾਲੀ ਏਅਰਲਾਈਨ ਨੂੰ...

Thursday, Sep 18, 2025 - 11:40 AM (IST)

ਚੰਡੀਗੜ੍ਹ ਹਵਾਈ ਅੱਡੇ ਨੂੰ ਲੈ ਕੇ ਵੱਡੀ ਖ਼ਬਰ, ਨਵੀਂ ਅੰਤਰਰਾਸ਼ਟਰੀ ਉਡਾਣ ਸ਼ੁਰੂ ਕਰਨ ਵਾਲੀ ਏਅਰਲਾਈਨ ਨੂੰ...

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਤੋਂ ਨਵੀਂ ਅੰਤਰਰਾਸ਼ਟਰੀ ਉਡਾਣ ਸ਼ੁਰੂ ਕਰਨ ਵਾਲੀ ਏਅਰਲਾਈਨ ਨੂੰ ਕਈ ਰਿਆਇਤਾਂ ਮਿਲਣਗੀਆਂ। ਨਵੀਂ ਅੰਤਰਰਾਸ਼ਟਰੀ ਉਡਾਣ ਸ਼ੁਰੂ ਕਰਨ ਵਾਲੀ ਏਅਰਲਾਈਨ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਰਾਤ ਦੀ ਪਾਰਕਿੰਗ ਚਾਰਜ, ਲੈਂਡਿੰਗ ਚਾਰਜ ਅਤੇ ਕਾਰਗੋ ਚਾਰਜ ਮੁਆਫ਼ ਕਰਨ ਤੋਂ ਇਲਾਵਾ ਪ੍ਰਚਾਰ ਅਤੇ ਮਾਰਕੀਟਿੰਗ 'ਚ ਵੀ ਛੋਟ ਮਿਲੇਗੀ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ ਨੇ ਇਨ੍ਹਾਂ ਰਿਆਇਤਾਂ ਲਈ ਵਿਕਸਿਤ ਕਈ ਨੀਤੀਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਭੇਜ ਦਿੱਤੀਆਂ ਹਨ। ਇਹ ਜਾਣਕਾਰੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਸੀ. ਈ. ਓ. ਅਜੇ ਵਰਮਾ ਨੇ ਬੁੱਧਵਾਰ ਨੂੰ ਯਾਤਰੀ ਸੇਵਾ ਦਿਵਸ ਦੇ ਮੌਕੇ ’ਤੇ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਰਿਆਇਤਾਂ ਨਾਲ ਏਅਰਲਾਈਨਾਂ ਨੂੰ ਪ੍ਰਤੀ ਮਹੀਨਾ ਕਰੀਬ ਇੱਕ ਤੋਂ ਡੇਢ ਕਰੋੜ ਰੁਪਏ ਦਾ ਫ਼ਾਇਦਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਵਿਦੇਸ਼ੀ ਏਅਰਲਾਈਨਾਂ ਨੂੰ ਵੀ ਚੰਡੀਗੜ੍ਹ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਤੋਂ ਪੁਆਇੰਟ ਆਫ ਕਾਲ ਬਾਰੇ ਵੀ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਇਹ ਉਮੀਦ ਹੈ ਕਿ ਇਸ ਨੂੰ ਵੀ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ ਹਵਾਈ ਅੱਡੇ ਤੋਂ ਬਹੁਤ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋ ਸਕਣਗੀਆਂ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਫਿਰ ਵੱਜੀ ਖ਼ਤਰੇ ਦੀ ਘੰਟੀ! ਖੋਲ੍ਹੇ ਗਏ ਸੁਖ਼ਨਾ ਝੀਲ ਦੇ ਗੇਟ, ਲੋਕਾਂ ਦੇ ਸੁੱਕੇ ਸਾਹ
ਪੁਆਇੰਟ ਆਫ਼ ਕਾਲ ’ਤੇ ਮੰਤਰਾਲਾ ਕਰ ਰਿਹਾ ਵਿਚਾਰ
ਸੀ. ਈ. ਓ. ਅਜੇ ਵਰਮਾ ਨੇ ਦੱਸਿਆ ਕਿ ਕੋਲਕਾਤਾ 'ਚ ਹਾਲ ਹੀ 'ਚ ਹੋਈ ਮੀਟਿੰਗ ਵਿਚ ਪੁਆਇੰਟ ਆਫ਼ ਕਾਲ ’ਤੇ ਚਰਚਾ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿਚ ਵੀ ਪੁਆਇੰਟ ਆਫ਼ ਕਾਲ ਦਾ ਮੁੱਦਾ ਚੁੱਕਿਆ ਗਿਆ ਸੀ। ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਨੇ ਪੁਆਇੰਟ ਆਫ਼ ਕਾਲ ’ਤੇ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਵੀ ਉਠਾਇਆ ਸੀ। ਸਾਰਿਆਂ ਨੇ ਮੰਗ ਕੀਤੀ ਕਿ ਚੰਡੀਗੜ੍ਹ ਹਵਾਈ ਅੱਡਾ ਪੁਆਇੰਟ ਆਫ਼ ਕਾਲ ਸ਼ੁਰੂ ਹੋਣੀ ਚਾਹੀਦੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਹੁਣ ਇਸ ’ਤੇ ਵਿਚਾਰ ਕਰ ਰਿਹਾ ਹੈ। ਚੰਡੀਗੜ੍ਹ ਸਮੇਤ ਦੇਸ਼ ਭਰ ਦੇ 17 ਹਵਾਈ ਅੱਡਿਆਂ ਨੂੰ ਪੁਆਇੰਟ ਆਫ਼ ਕਾਲ ਲਈ ਵਿਚਾਰਿਆ ਜਾ ਰਿਹਾ ਹੈ। ਕੋਲਕਾਤਾ ਵਿਚ ਹੋਈ ਇੱਕ ਹਾਲ ਹੀ ਵਿਚ ਹੋਈ ਮੀਟਿੰਗ ਵਿਚ ਖ਼ੁਲਾਸਾ ਹੋਇਆ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਉਨ੍ਹਾਂ ਦੇਸ਼ਾਂ ਲਈ ਪੁਆਇੰਟ ਆਫ਼ ਕਾਲ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਦੀਆਂ ਯਾਤਰਾਵਾਂ 7 ਤੋਂ 8 ਘੰਟਿਆਂ ਵਿਚ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਜ਼ਮੀਨਾਂ 'ਤੇ 5-5 ਫੁੱਟ ਚੜ੍ਹੀ ਰੇਤ, ਇਹ ਜ਼ਿਲ੍ਹੇ ਹੋਏ ਸਭ ਤੋਂ ਵੱਧ ਪ੍ਰਭਾਵਿਤ
ਉਦੈਪੁਰ, ਅਯੁੱਧਿਆ ਅਤੇ ਪ੍ਰਯਾਗਰਾਜ ਲਈ ਨਵੀਆਂ ਉਡਾਣਾਂ ਲਈ ਏਅਰਲਾਈਨਾਂ ਤਿਆਰ
ਦੇਸ਼ ਨੂੰ ਹਵਾਈ ਜਹਾਜ਼ਾਂ ਦੀ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦਾ ਅਸਰ ਨਵੀਆਂ ਘਰੇਲੂ ਉਡਾਣਾਂ ਦੀ ਸ਼ੁਰੂਆਤ ’ਤੇ ਪੈ ਰਿਹਾ ਹੈ। ਕਈ ਏਅਰਲਾਈਨਾਂ ਚੰਡੀਗੜ੍ਹ ਤੋਂ ਉਦੈਪੁਰ, ਅਯੁੱਧਿਆ ਅਤੇ ਪ੍ਰਯਾਗਰਾਜ ਲਈ ਨਵੀਆਂ ਉਡਾਣਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਅਜੇ ਵਰਮਾ ਨੇ ਕਿਹਾ ਕਿ ਦੇਸ਼ ਭਰ ਵਿਚ ਕਰੀਬ 400 ਜਹਾਜ਼ਾਂ ਦੀ ਘਾਟ ਹੈ, ਪਰ 2026 ਤੱਕ ਦੇਸ਼ ਦੀਆਂ ਏਅਰਲਾਈਨਾਂ ਕੋਲ ਕਰੀਬ 200 ਨਵੇਂ ਜਹਾਜ਼ ਆ ਰਹੇ ਹਨ। ਇੰਡੀਗੋ ਅਤੇ ਏਅਰ ਇੰਡੀਆ ਨੇ ਜਹਾਜ਼ ਖਰੀਦਣ ਲਈ ਪਹਿਲਾਂ ਹੀ ਬੁਕਿੰਗ ਕਰ ਲਈ ਹੈ। ਜਿਵੇਂ ਹੀ ਇਨ੍ਹਾਂ ਏਅਰਲਾਈਨਾਂ ਨੂੰ ਨਵੇਂ ਜਹਾਜ਼ ਮਿਲਣਗੇ, ਉਹ ਚੰਡੀਗੜ੍ਹ ਤੋਂ ਇਨ੍ਹਾਂ ਤਿੰਨਾਂ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਕਰ ਦੇਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 
 

 


author

Babita

Content Editor

Related News