ਦੇਸ਼ ’ਚ ਉਦਯੋਗਿਕ ‘ਉਤਪਾਦਨ ਘਟਿਆ’ ਥੋਕ ਅਤੇ ਪ੍ਰਚੂਨ ‘ਮਹਿੰਗਾਈ ਵਧੀ’
Wednesday, Mar 17, 2021 - 03:14 AM (IST)

ਜਿਥੇ ਦੇਸ਼ ਵਿਚ ਕੋਰੋਨਾ ਮਹਾਮਾਰੀ ਕਾਰਣ ਰੋਜ਼ਗਾਰ ਦੇ ਮੌਕੇ ਘੱਟ ਹੋ ਗਏ ਹਨ, ਉਥੇ ਭਾਰਤ ਦੇ ਉਦਯੋਗਿਕ ਉਤਪਾਦਨ ਵਿਚ ਵੀ ਗਿਰਾਵਟ ਆਈ ਹੈ। ਬੀਤੇ ਦਿਨੀਂ ਜਾਰੀ ਕੀਤੇ ਗਏ ਉਦਯੋਗਿਕ ਉਤਪਾਦਨ ਸੂਚਕ ਅੰਕ ਦੇ ਅੰਕੜਿਆਂ ਮੁਤਾਬਕ ਨਿਰਮਾਣ ਖੇਤਰ ਵਿਚ ਉਤਪਾਦਨ ਜਨਵਰੀ 2021 ਵਿਚ 2 ਫੀਸਦੀ ਘਟਿਆ ਹੈ, ਜਦੋਂ ਕਿ ਇਸੇ ਮਹੀਨੇ ਖਨਨ ਉਤਪਾਦਨ ਵਿਚ 3.7 ਫੀਸਦੀ ਦੀ ਕਮੀ ਆਈ ਹੈ।
ਦੂਜੇ ਪਾਸੇ ਲਗਾਤਾਰ ਵਧ ਰਹੀ ਮਹਿੰਗਾਈ ਆਮ ਆਦਮੀ ਦੀ ਕਮਰ ਸਿੱਧੀ ਨਹੀਂ ਹੋਣ ਦੇ ਰਹੀ। ਪੈਟਰੋਲ-ਡੀਜ਼ਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੇ ਸੜਕ ਤੋਂ ਰਸੋਈ ਤੱਕ ਲੋਕਾਂ ਨੂੰ ਪ੍ਰੇਸ਼ਾਨ ਕਰ ਿਦੱਤਾ ਹੈ। ਸਿਰਫ ਪਿਛਲੇ 32 ਦਿਨਾਂ ਵਿਚ ਹੀ ਦੇਸ਼ ਵਿਚ ਘਰੇਲੂ ਗੈਸ ਦੀਆਂ ਕੀਮਤਾਂ ਵਿਚ 4 ਵਾਰ ਵਾਧਾ ਕੀਤਾ ਗਿਆ ਅਤੇ ਸਿਲੰਡਰ ਦੀ ਕੀਮਤ ਵਿਚ 125 ਰੁਪਏ ਦਾ ਵਾਧਾ ਹੋ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਖਪਤਕਾਰ ਕੀਮਤ ਸੂਚਕ ਅੰਕ (ਸੀ. ਪੀ. ਆਈ.) ’ਤੇ ਆਧਾਰਿਤ ਪ੍ਰਚੂਨ ਮਹਿੰਗਾਈ ਫਰਵਰੀ ਵਿਚ ਵਧ ਕੇ 5.3 ਫੀਸਦੀ ਦੇ ਉੱਚ ਸਿਖਰ ’ਤੇ ਪਹੁੰਚ ਗਈ ਹੈ, ਜਦੋਂ ਕਿ ਇਕ ਮਹੀਨਾ ਪਹਿਲਾਂ ਜਨਵਰੀ ਮਹੀਨੇ ਵਿਚ ਇਹ 4.06 ਫੀਸਦੀ ਸੀ। ਪ੍ਰਚੂਨ ਮਹਿੰਗਾਈ ਵਧਣ ਲਈ ਮੁੱਖ ਰੂਪ ਨਾਲ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਜ਼ਿੰਮੇਵਾਰ ਹੈ।
ਇਹ ਗੱਲ ਵਰਣਨਯੋਗ ਹੈ ਕਿ ਅਕਤੂਬਰ-ਮਾਰਚ 2016 ਤੋਂ ਲੈ ਕੇ ਸਾਲ 2020 ਦਰਮਿਆਨ ਪ੍ਰਚੂਨ ਮਹਿੰਗਾਈ ਔਸਤ 3.9 ਫੀਸਦੀ ਰਹੀ ਸੀ। ਇਸੇ ਤਰ੍ਹਾਂ ਥੋਕ ਕੀਮਤ ਸੂਚਕ ਅੰਕ ਆਧਾਰਿਤ ਮਹਿੰਗਾਈ ਵੀ ਫਰਵਰੀ 2021 ਵਿਚ ਵਧ ਕੇ 4.17 ਫੀਸਦੀ ਹੋ ਗਈ, ਜੋ ਸਿਰਫ ਇਕ ਮਹੀਨਾ ਪਹਿਲਾਂ ਜਨਵਰੀ 2021 ਵਿਚ 2.03 ਫੀਸਦੀ ਸੀ ਅਤੇ ਦਸੰਬਰ 2020 ਵਿਚ ਇਸ ਤੋਂ ਵੀ ਘੱਟ ਭਾਵ 1.22 ਫੀਸਦੀ ਸੀ।
ਫਰਵਰੀ ਮਹੀਨੇ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ 1.36 ਫੀਸਦੀ ਵਧੀਆਂ ਹਨ। ਮੁੱਖ ਰੂਪ ਨਾਲ ਦਾਲਾਂ, ਰਿਫਾਇੰਡ ਤੇਲ, ਘਿਓ ਅਤੇ ਮਸਾਲਿਆਂ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆਇਆ ਹੈ।
ਪ੍ਰਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਅਨੁਸਾਰ ਫਰਵਰੀ ਵਿਚ ਥੋਕ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਵਧ ਕੇ ਪਿਛਲੇ 27 ਮਹੀਨਿਆਂ ਦੇ ਸਭ ਤੋਂ ਉੱਚੇ ਸਿਖਰ ’ਤੇ ਪਹੁੰਚ ਗਈ ਹੈ। ਇਸ ’ਤੇ ਕੌਮਾਂਤਰੀ ਬਾਜ਼ਾਰ ਿਵਚ ਵੱਖ-ਵੱਖ ਵਸਤਾਂ ਕੱਚੇ ਤੇਲ ਅਤੇ ਈਂਧਨ ਦੀਆਂ ਕੀਮਤਾਂ ਵਿਚ ਵਾਧੇ ਤੋਂ ਇਲਾਵਾ ਖਾਣ-ਪੀਣ ਦੀਆਂ ਕੀਮਤਾਂ ਵਿਚ ਵਾਧੇ ਦਾ ਅਸਰ ਪਿਆ ਹੈ।
ਅਦਿਤੀ ਨਾਇਰ ਨੇ ਚਿਤਾਵਨੀ ਿਦੰਦੇ ਹੋਏ ਕਿਹਾ ਹੈ ਕਿ ਅਗਲੇ 3 ਮਹੀਨਿਆਂ ਵਿਚ ਵੱਖ-ਵੱਖ ਵਸਤਾਂ ਦੀਆਂ ਕੀਮਤਾਂ ਵਿਚ ਉਛਾਲ ਆਉਣ ਦੇ ਸਿੱਟੇ ਵਜੋਂ ਥੋਕ ਮਹਿੰਗਾਈ ਦਰ ਵਿਚ ਹੋਰ ਵਾਧਾ ਹੋਵੇਗਾ ਅਤੇ ਰਾਹਤ ਮਿਲਣ ਦੀ ਸੰਭਾਵਨਾ ਬਿਲਕੁਲ ਨਹੀਂ ਹੈ।
ਇਹੀ ਨਹੀਂ, ਇਸ ਸਾਲ ਉਤਪਾਦਨ ਘਟਣ ਅਤੇ ਬਰਾਮਦ ਵਧਣ ਦੇ ਸਿੱਟੇ ਵਜੋਂ ਖੇਤੀਬਾੜੀ ਖੇਤਰ ਅਧੀਨ ਆਉਣ ਵਾਲੇ ਵੱਖ-ਵੱਖ ਮਸਾਲਿਆਂ ਦੀਆਂ ਕੀਮਤਾਂ ਵਿਚ ਵੀ ਔਸਤ 40 ਫੀਸਦੀ ਤੱਕ ਦੀ ਤੇਜ਼ੀ ਆਈ ਹੈ, ਜਦੋਂ ਕਿ ਜਾਣਕਾਰਾਂ ਮੁਤਾਬਕ ਅੱਗੇ ਚੱਲ ਕੇ ਇਨ੍ਹਾਂ ਦੀਆਂ ਕੀਮਤਾਂ ਵਿਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਸਾਲ 2020 ਵਿਚ ਵਧੇਰੇ ਮਸਾਲਿਆਂ ਦੀ ਬਿਜਾਈ ਦੇ ਰਕਬੇ ਵਿਚ 5 ਤੋਂ 10 ਫੀਸਦੀ ਤੱਕ ਦੀ ਕਮੀ ਆ ਜਾਣ ਦੇ ਸਿੱਟੇ ਵਜੋਂ ਵੀ ਇਨ੍ਹਾਂ ਦੇ ਉਤਪਾਦਨ ਵਿਚ ਵੀ 15 ਤੋਂ 20 ਫੀਸਦੀ ਤੱਕ ਗਿਰਾਵਟ ਆ ਜਾਣ ਕਾਰਣ ਕੀਮਤਾਂ ਵਧੀਆਂ ਹਨ।
ਮੰਡੀਆਂ ਵਿਚ ਜਨਵਰੀ-ਫਰਵਰੀ ਵਿਚ ਹਲਦੀ ਦੀ ਕੀਮਤ ਵਧ ਕੇ 112 ਰੁਪਏ, ਧਨੀਆ 115 ਰੁਪਏ, ਜੀਰਾ 179 ਰੁਪਏ, ਲਾਲ ਮਿਰਚ 220 ਰੁਪਏ ਅਤੇ ਕਾਲੀ ਮਿਰਚ 490 ਰੁਪਏ ਪ੍ਰਤੀ ਕਿਲੋ ਤਕ ਹੋ ਗਈ ਹੈ।
ਕਮਰਤੋੜ ਮਹਿੰਗਾਈ ਕਾਰਣ ਆਮ ਆਦਮੀ ਦੀ ਗ੍ਰਹਿਸਥੀ ਕਿੰਨੀ ਗੜਬੜਾ ਗਈ ਹੈ, ਇਸ ਦਾ ਅਨੁਮਾਨ ਕੁਝ ਸਮਾਂ ਪਹਿਲਾਂ ਕਰਵਾਏ ਗਏ ਇਕ ਸਰਵੇਖਣ ਤੋਂ ਲਾਇਆ ਜਾ ਸਕਦਾ ਹੈ, ਜਿਸ ਿਵਚ 66 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਆਮਦਨ ਅਤੇ ਰੋਜ਼ਾਨਾ ਦੇ ਖਰਚਿਆਂ ਦਰਮਿਆਨ ਤਾਲਮੇਲ ਬਿਠਾਉਣ ਵਿਚ ਅਤਿਅੰਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਧੇਰੇ ਲੋਕਾਂ ਮੁਤਾਬਕ ਉਨ੍ਹਾਂ ਦੀ ਆਮਦਨ ਤਾਂ ਸਥਿਰ ਰਹੀ ਪਰ ਖਰਚ ਬਹੁਤ ਵਧ ਗਿਆ ਹੈ, ਜਦੋਂ ਕਿ ਕੁਝ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਦਾ ਰੋਜ਼ਾਨਾ ਘਰੇਲੂ ਖਰਚ ਤਾਂ ਵਧ ਗਿਆ ਹੈ ਪਰ ਆਮਦਨ ਬਹੁਤ ਘਟ ਗਈ ਹੈ।
ਕੁਲ ਮਿਲਾ ਕੇ ਅੱਛੇ ਦਿਨਾਂ ਦਾ ਸੁਪਨਾ ਅਜੇ ਤੱਕ ਸੁਪਨਾ ਹੀ ਬਣਿਆ ਹੋਇਆ ਹੈ। ਮਹਿੰਗਾਈ ਦੀ ਇਹ ਹਾਲਤ ਲੋਕਾਂ ਦਾ ਜੀਵਨ ਪੱਧਰ ਲਗਾਤਾਰ ਔਖਾ ਹੁੰਦਾ ਜਾਣ ਵੱਲ ਸੰਕੇਤ ਕਰਦੀ ਹੈ, ਜਿਸ ਦਾ ਹੱਲ ਸੁਧਾਰਾਤਮਕ ਉਪਾਵਾਂ ਅਤੇ ਦੇਸ਼ ਵਿਚ ਰੋਜ਼ਗਾਰ ਦੇ ਮੌਕੇ ਵਧਾਉਣ ਨਾਲ ਹੀ ਸੰਭਵ ਹੈ।
ਸਰਕਾਰ ਨੂੰ ਪ੍ਰਮੁੱਖ ਅਰਥਸ਼ਾਸਤਰੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਇਸ ਸਥਿਤੀ ਦਾ ਸਾਹਮਣਾ ਕਰਨ ਦੇ ਉਪਾਅ ਲੱਭਣੇ ਚਾਹੀਦੇ ਹਨ। ਦੂਜੇ ਦੇਸ਼ਾਂ ਕੋਲੋਂ ਵੀ ਇਸ ਸਬੰਧੀ ਮਾਰਗਦਰਸ਼ਨ ਲਿਆ ਜਾ ਸਕਦਾ ਹੈ ਕਿ ਉਨ੍ਹਾਂ ਸੰਕਟ ਦੇ ਇਸ ਦੌਰ ਦਾ ਕਿਸ ਤਰ੍ਹਾਂ ਸਾਹਮਣਾ ਕੀਤਾ ਹੈ।
ਜਿਥੋਂ ਤੱਕ ਰਿਜ਼ਰਵ ਬੈਂਕ ਦਾ ਸਬੰਧ ਹੈ, ਮਹਿੰਗਾਈ ਵਿਚ ਤੇਜ਼ੀ ਅਤੇ ਉਤਪਾਦਨ ਵਿਚ ਕਮੀ ਇਸ ਗੱਲ ਦਾ ਸੰਕੇਤ ਹੈ ਕਿ ਇਸ ਨੂੰ ਆਪਣੀਆਂ ਭਵਿੱਖ ਦੀਆਂ ਆਰਥਿਕ ਨੀਤੀਆਂ ਵਿਚ ਜਲਦੀ ਹੀ ਉਦਾਰਵਾਦੀ ਰੁਖ਼ ਅਪਣਾਉਣਾ ਹੋਵੇਗਾ।
-ਵਿਜੇ ਕੁਮਾਰ