ਭਾਰਤ-ਪਾਕਿ ’ਚ ਰੇਲ ਅਤੇ ਬੱਸ ਸੇਵਾ ਬੰਦ ਦੋਹਾਂ ਦੇਸ਼ਾਂ ਦੇ ਰਿਸ਼ਤੇਦਾਰਾਂ ਨੂੰ ਹੋਵੇਗਾ ਨੁਕਸਾਨ

08/13/2019 7:06:42 AM

ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ’ਚੋਂ ਧਾਰਾ-370 ਹਟਾਉਣ ਦੀ ਬੌਖਲਾਹਟ ’ਤੇ ਪਾਕਿਸਤਾਨ ਸਰਕਾਰ ਨੇ ਨਾ ਸਿਰਫ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦਾ ਦਰਜਾ ਘਟਾ ਦਿੱਤਾ ਹੈ, ਸਗੋਂ ਭਾਰਤ ਨਾਲ ਰਸਮੀ ਤੌਰ ’ਤੇ ਵਪਾਰਕ ਸਬੰਧ ਵੀ ਖਤਮ ਕਰ ਦਿੱਤੇ ਹਨ।

ਇਹੀ ਨਹੀਂ, ਪਾਕਿਸਤਾਨ ਸਰਕਾਰ ਨੇ ਦੋਹਾਂ ਦੇਸ਼ਾਂ ਵਿਚਾਲੇ ਚੱਲਣ ਵਾਲੀਆਂ ਰੇਲਗੱਡੀਆਂ ‘ਸਮਝੌਤਾ ਐਕਸਪ੍ਰੈੱਸ’ ਅਤੇ ‘ਥਾਰ ਐਕਸਪ੍ਰੈੱਸ’ ਤੋਂ ਇਲਾਵਾ ਭਾਰਤ-ਪਾਕਿਸਤਾਨ ਬੱਸ ਸੇਵਾ ਦੀ ਆਵਾਜਾਈ ’ਤੇ ਵੀ ਰੋਕ ਲਗਾ ਦਿੱਤੀ ਹੈ, ਜਦਕਿ ਇਸ ਤੋਂ ਪਹਿਲਾਂ ਉਸ ਨੇ ਭਾਰਤੀ ਜਹਾਜ਼ਾਂ ਲਈ ਆਪਣੇ 9 ਹਵਾਈ ਮਾਰਗਾਂ ’ਚੋਂ 3 ਬੰਦ ਕਰ ਦਿੱਤੇ ਸਨ।

‘ਸਮਝੌਤਾ’ ਅਤੇ ‘ਥਾਰ ਐਕਸਪ੍ਰੈੱਸ’ ਨੂੰ ਭਾਰਤ ਸਰਕਾਰ ਵਲੋਂ ਸ਼ਤਾਬਦੀ ਅਤੇ ਰਾਜਧਾਨੀ ਵਰਗੀਆਂ ਰੇਲ ਗੱਡੀਆਂ ਨਾਲੋਂ ਵੀ ਵੱਧ ਮਹੱਤਵ ਦਿੱਤਾ ਜਾਂਦਾ ਸੀ ਤਾਂ ਕਿ ਇਹ ਲੇਟ ਨਾ ਹੋ ਜਾਣ। ਹੁਣ ਉਕਤ ਦੋਵੇਂ ਰੇਲ ਗੱਡੀਆਂ ਅਤੇ ਬੱਸ ਸੇਵਾ ਬੰਦ ਹੋਣ ਨਾਲ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਵਿਚ ਰੋਸ ਪੈਦਾ ਹੋ ਗਿਆ ਹੈ ਕਿਉਂਕਿ ਦੋਹਾਂ ਹੀ ਦੇਸ਼ਾਂ ’ਚ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਰਿਸ਼ਤੇਦਾਰ ਮੌਜੂਦ ਹਨ ਅਤੇ ਉਹ ਉਨ੍ਹਾਂ ਨੂੰ ਮਿਲਣ ਲਈ ਇਨ੍ਹਾਂ ਹੀ ਦੋਹਾਂ ਰੇਲ ਗੱਡੀਆਂ ਅਤੇ ਬੱਸ ਰਾਹੀਂ ਆਉਂਦੇ-ਜਾਂਦੇ ਸਨ।

ਇਨ੍ਹਾਂ ਗੱਡੀਆਂ ਅਤੇ ਬੱਸ ’ਚ ਯਾਤਰਾ ਕਰਨ ਵਾਲੇ ਦੋਹਾਂ ਹੀ ਦੇਸ਼ਾਂ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ’ਚ ਖਿੱਚੋਤਾਣ ਕੋਈ ਨਵੀਂ ਗੱਲ ਨਹੀਂ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਭਾਵੇਂ ਜਿਹੋ ਜਿਹੇ ਵੀ ਰਹਿਣ, ਦੋਵੇਂ ਗੱਡੀਆਂ ਅਤੇ ਬੱਸ ਸੇਵਾ ਚੱਲਦੀ ਰਹਿਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੀ ਆਵਾਜਾਈ ਬੰਦ ਹੋਣ ਨਾਲ ਦੋਹਾਂ ਦੇਸ਼ਾਂ ਦੇ ਨਾਗਰਿਕਾਂ (ਰਿਸ਼ਤੇਦਾਰਾਂ) ਦਰਮਿਆਨ ਆਪਸੀ ਸਬੰਧਾਂ ਵਿਚ ਦੂਰੀ ਆਉਣ ਲੱਗੇਗੀ ਅਤੇ ਇਕ-ਦੂਜੇ ਦੇ ਇਥੇ ਵਿਆਹ-ਸ਼ਾਦੀ ਆਦਿ ਵਿਚ ਆਉਣਾ-ਜਾਣਾ ਔਖਾ ਹੋ ਜਾਵੇਗਾ।

ਬੀਤੇ ਦਿਨ ਜੋਧਪੁਰ ਦੇ ‘ਭਗਤ ਕੀ ਕੋਠੀ’ ਰੇਲਵੇ ਸਟੇਸ਼ਨ ’ਤੇ ਅਾਖਰੀ ਵਾਰ ਪਹੁੰਚੀ ਥਾਰ ਐਕਸਪ੍ਰੈੱਸ ’ਚੋਂ ਉਤਰੇ ਯਾਤਰੀਆਂ ਦਾ ਕਹਿਣਾ ਸੀ ਕਿ ‘‘ਦੋਹਾਂ ਹੀ ਦੇਸ਼ਾਂ ਦੇ ਨਾਗਰਿਕ ਸ਼ਾਂਤੀ ਚਾਹੁੰਦੇ ਹਨ ਕਿ ਇਨ੍ਹਾਂ ਰੇਲ ਗੱਡੀਆਂ ਨੂੰ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਦੀ ਬਲੀ ਨਹੀਂ ਚੜ੍ਹਾਉਣਾ ਚਾਹੀਦਾ।’’

‘ਸਮਝੌਤਾ’ ਅਤੇ ‘ਥਾਰ ਐਕਸਪ੍ਰੈੱਸ’ ਗੱਡੀਆਂ ਅਤੇ ਬੱਸ ਸੇਵਾ ਦੇ ਮੁਲਤਵੀ ਹੋਣ ਨੂੰ ਲੈ ਕੇ ਇਨ੍ਹਾਂ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਚਿੰਤਾ ਉਚਿੱਤ ਹੈ ਕਿਉਂਕਿ ਇਨ੍ਹਾਂ ਰਾਹੀਂ ਹੀ ਦੋਹਾਂ ਦੇਸ਼ਾਂ ਦੇ ਨਾਗਿਰਕ ਆਪਣੇ ਸਕੇ-ਸਬੰਧੀਆਂ ਨਾਲ ਜੁੜੇ ਹੋਏ ਸਨ।

ਲਿਹਾਜ਼ਾ ਸਮਝਦਾਰੀ ਤੋਂ ਕੰਮ ਲੈਂਦਿਆਂ ਪਾਕਿਸਤਾਨ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰ ਕੇ ਇਨ੍ਹਾਂ ਨੂੰ ਬਹਾਲ ਕਰਨਾ ਚਾਹੀਦਾ ਹੈ ਤਾਂ ਕਿ ਦੋਹਾਂ ਹੀ ਦੇਸ਼ਾਂ ਦੇ ਨਾਗਰਿਕਾਂ ਵਿਚਾਲੇ ਆਪਸੀ ਸਬੰਧਾਂ ਦੀ ਡੋਰ ਕਮਜ਼ੋਰ ਨਾ ਪਵੇ।

–ਵਿਜੇ ਕੁਮਾਰ
 


Bharat Thapa

Content Editor

Related News