ਓਵਰ ਸਪੀਡਿੰਗ ਦੇ ਕਾਰਨ ਭਾਰਤ ’ਚ ਸਭ ਤੋਂ ਵੱਧ ਮੌਤਾਂ
Sunday, Oct 24, 2021 - 03:27 AM (IST)

‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ ਦੇ ਅਨੁਸਾਰ ਭਾਰਤ ’ਚ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਤੇਜ਼ ਰਫਤਾਰ ’ਤੇ ਅੰਨ੍ਹੇਵਾਹ ਵਾਹਨ ਚਲਾਉਣਾ ਹੈ। ਮੌਜੂਦਾ ਸਮੇਂ ’ਚ ਲੋਕਾਂ ਵੱਲੋਂ ਤੇਜ਼ ਰਫਤਾਰ ’ਤੇ ਵਾਹਨ ਚਲਾਉਣ ਦੇ ਕਾਰਨ ਉਸੇ ਅਨੁਪਾਤ ’ਚ ਸੜਕ ਹਾਦਸਿਆਂ ’ਚ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ।
ਸਾਲ 2019 ’ਚ ਭਾਰਤ ’ਚ ਹੋਏ ਕੁਲ 4,37,396 ਸੜਕ ਹਾਦਸਿਆਂ ’ਚ 1,54,732 ਲੋਕਾਂ ਦੀ ਜਾਨ ਗਈ ਅਤੇ ਘੱਟੋ-ਘੱਟ 4,39,362 ਲੋਕ ਜ਼ਖਮੀ ਹੋਏ। ਅੰਕੜਿਆਂ ਦੇ ਅਨੁਸਾਰ ਇਨ੍ਹਾਂ ’ਚੋਂ ‘ਓਵਰ ਸਪੀਡਿੰਗ’ ਦੇ ਕਾਰਨ ਹੋਏ ਵਧੇਰੇ (59 ਫੀਸਦੀ) ਸੜਕ ਹਾਦਸਿਆਂ ’ਚ 86,241 ਵਿਅਕਤੀਆਂ ਦੀ ਮੌਤ ਹੋਈ ਅਤੇ 2,71,581 ਵਿਅਕਤੀ ਜ਼ਖਮੀ ਹੋਏ।
* 17 ਅਕਤੂਬਰ ਨੂੰ ਨਵਾਦਾ ਜ਼ਿਲੇ ਦੇ ਅਬਦੁਲਪੁਰ ਪਡਰੀਆ ਪਿੰਡ ਦੇ ਨੇੜੇ ਪੈਦਲ ਜਾ ਰਹੇ 13 ਸਾਲਾ ਬੱਚੇ ਨੂੰ ਇਕ ਤੇਜ਼ ਰਫਤਾਰ ਵਾਹਨ ਨੇ ਦਰੜ ਿਦੱਤਾ।
* 17 ਅਕਤੂਬਰ ਨੂੰ ਹੀ ਮੋਤੀਹਾਰੀ ’ਚ ਤੇਜ਼ ਰਫਤਾਰ ਪਿਕਅਪ ਵੈਨ ਨੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਅਤੇ 1 ਸਾਈਕਲ ਸਵਾਰ ਨੌਜਵਾਨ ਨੂੰ ਦਰੜ ਦਿੱਤਾ।
* 18 ਅਕਤੂਬਰ ਨੂੰ ਨਵਾਦਾ ਦੇ ‘ਕਝੀਆ’ ਪਿੰਡ ’ਚ ਘੁੰਮ ਰਹੇ ਇਕ ਤੇਜ਼ ਰਫਤਾਰ ਵਾਹਨ ਦੇ ਪਲਟ ਜਾਣ ਨਾਲ ਉਸ ਦੇ ਹੇਠਾਂ ਦੱਬ ਕੇ 4 ਬੱਚਿਆਂ ਦੀ ਮੌਤ ਹੋ ਗਈ।
* 18 ਅਕਤੂਬਰ ਨੂੰ ਹੀ ਜਲੰਧਰ ’ਚ ਧੰਨੋਵਾਲੀ ਦੇ ਨੇੜੇ ਦੋ ਮੁਟਿਆਰਾਂ ਨੂੰ ਇਕ ਤੇਜ਼ ਰਫਤਾਰ ਕਾਰ ਵੱਲੋਂ ਟੱਕਰ ਮਾਰ ਦੇਣ ਨਾਲ ਇਕ ਮੁਟਿਆਰ ਦੀ ਮੌਤ ਹੋ ਗਈ।
* 19 ਅਕਤੂਬਰ ਨੂੰ ਫਰੀਦਾਬਾਦ ਜ਼ਿਲੇ ’ਚ ਇਕ ਕਾਰ ਡਰਾਈਵਰ ਨੇ ਅੱਧੀ ਦਰਜਨ ਵਿਅਕਤੀਆਂ ’ਤੇ ਕਾਰ ਚੜ੍ਹਾ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
* 21 ਅਕਤੂਬਰ ਨੂੰ ਜਲੰਧਰ ’ਚ ਚੌਗਿੱਟੀ ਚੌਕ ’ਤੇ ਤੇਜ਼ ਰਫਤਾਰ ਟਰੱਕ ਦੀ ਲਪੇਟ ’ਚ ਆਉਣ ਦੇ ਕਾਰਨ 2 ਔਰਤਾਂ ਦੀ ਮੌਤ ਹੋ ਗਈ।
* 22 ਅਕਤੂਬਰ ਨੂੰ ਗੁਰਦਾਸਪੁਰ ’ਚ ਇਕ ਤੇਜ਼ ਰਫਤਾਰ ਟ੍ਰੈਕਟਰ-ਟਰਾਲੀ ਡਰਾਈਵਰ ਨੇ 2 ਨੌਜਵਾਨਾਂ ਨੂੰ ਦਰੜ ਦਿੱਤਾ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।
* 22 ਅਕਤੂਬਰ ਨੂੰ ਹੀ ਬਹਾਦੁਰਗੜ੍ਹ ’ਚ ਇਕ ਖੜ੍ਹੀ ਕਾਰ ਨੂੰ ਪਿੱਛੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਵੱਲੋਂ ਟੱਕਰ ਮਾਰ ਦੇਣ ਨਾਲ ਕਾਰ ’ਚ ਸਵਾਰ ਇਕ ਹੀ ਪਰਿਵਾਰ ਦੇ 7 ਮੈਂਬਰਾਂ ਸਮੇਤ 8 ਵਿਅਕਤੀਆਂ ਦੀ ਜਾਨ ਚਲੀ ਗਈ।
ਬੇਸ਼ੱਕ ਅੱਜ ਕਈ ਥਾਵਾਂ ’ਤੇ ਸੜਕਾਂ ਚੌੜੀਆਂ ਹੋਈਆਂ ਹਨ ਪਰ ਉਸੇ ਅਨੁਪਾਤ ’ਚ ਇਨ੍ਹਾਂ ’ਤੇ ਵਾਹਨਾਂ ਦੀ ਭੀੜ ਵੀ ਵਧ ਗਈ ਹੈ ਅਤੇ ਵਾਹਨ ਚਾਲਕਾਂ ਵੱਲੋਂ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਦਾ ਰੁਝਾਨ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਅੱਜਕਲ ਬਾਜ਼ਾਰ ’ਚ ਆ ਚੁੱਕੇ ਉੱਨਤ ਤਕਨੀਕ ਵਾਲੇ ਵਾਹਨ ਕੁਝ ਹੀ ਪਲਾਂ ’ਚ ਤੇਜ਼ ਰਫਤਾਰ ਫੜ ਲੈਂਦੇ ਹਨ। ਇਸ ਲਈ ਇਹ ਮੁਹਾਵਰਾ ਵੀ ਬਣਿਆ ਹੈ ਕਿ ‘ਸਪੀਡ ਥ੍ਰਿਲਸ, ਬਟ ਕਿੱਲਸ।’
ਅਜਿਹੇ ’ਚ ਟਰਾਂਸਪੋਰਟ ਵਿਭਾਗ ਵੱਲੋਂ ਲੋਕਾਂ ਨੂੰ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਦੇ ਖਤਰਿਆਂ ਦੇ ਬਾਰੇ ’ਚ ਸੁਚੇਤ ਕਰਨ ਲਈ ਨਿਯਮਿਤ ਤੌਰ ’ਤੇ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇਣ ਦੇ ਲਈ ਲਗਾਤਾਰ ਚੈਕਿੰਗ ਮੁਹਿੰਮ ਚਲਾਉਣੀ ਵੀ ਜ਼ਰੂਰੀ ਹੈ।
ਟੈਕਸੀ ਤੇ ਟਰੱਕ ਡਰਾਈਵਰਾਂ ਵੱਲੋਂ ਉਨੀਂਦੇ ਹੋਣ ਦੇ ਬਾਵਜੂਦ ਗੱਡੀ ਲੈ ਕੇ ਚੱਲ ਪੈਣਾ ਅਤੇ ਨਿੱਜੀ ਬੱਸ ਆਪ੍ਰੇਟਰਾਂ ਵੱਲੋਂ ਸਵਾਰੀਆਂ ਚੁੱਕਣ ਦੇ ਲਈ ਇਕ-ਦੂਸਰੇ ਤੋਂ ਅੱਗੇ ਨਿਕਲਣ ਦੀ ਹੋੜ ’ਚ ਵਾਹਨ ਡਰਾਈਵਰ ਤੇਜ਼ ਵਾਹਨ ਚਲਾ ਕੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ।
-ਵਿਜੇ ਕੁਮਾਰ