ਭਾਰਤ ''ਚ ਇਹ ਕੀ ਕਰ ਰਹੇ ਹੋ! ਇਹ ਕੀ ਹੋ ਰਿਹਾ ਹੈ!!

03/26/2017 7:52:07 AM

ਮਨੁੱਖ ਨੂੰ ਪ੍ਰਾਣੀਆਂ ''ਚ ਸਭ ਤੋਂ ਜ਼ਿਆਦਾ ਸੱਭਿਅਕ ਅਤੇ ਸੰਸਕਾਰੀ ਮੰਨਿਆ ਜਾਂਦਾ ਹੈ ਪਰ ਚੰਗੇ-ਬੁਰੇ ਦੀ ਪਛਾਣ ਲਈ ਦਿਮਾਗ ਹੋਣ ਦੇ ਬਾਵਜੂਦ ਕਈ ਲੋਕ ਅਜਿਹੀਆਂ ਹਰਕਤਾਂ ਕਰ ਰਹੇ ਹਨ, ਜਿਨ੍ਹਾਂ ਕਾਰਨ ਮਨ ''ਚ ਆਪਣੇ ਆਪ ਹੀ ਇਹ ਸਵਾਲ ਉੱਠਣ ਲੱਗਦਾ ਹੈ ਕਿ ਆਖਿਰ ਅਸੀਂ ਕਿੱਧਰ ਜਾ ਰਹੇ ਹਾਂ ਅਤੇ ਕੀ ਕਰ ਰਹੇ ਹਾਂ? ਪੇਸ਼ ਹਨ ਇਨਸਾਨੀਅਤ ਤੋਂ ਗਿਰੀਆਂ ਕਰਤੂਤਾਂ ਦੀਆਂ ਅਜਿਹੀਆਂ ਕੁਝ ਤਾਜ਼ਾ ਮਿਸਾਲਾਂ :
* 04 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਸੋਨਭਦਰ ''ਚ 6 ਵਿਦਿਆਰਥਣਾਂ ਵਲੋਂ ਹੋਮਵਰਕ ਨਾ ਕਰਨ ''ਤੇ ਇਕ ਸਕੂਲ ਦੀ ਅਧਿਆਪਕਾ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਉਨ੍ਹਾਂ ਦੀਆਂ ਸਕਰਟਾਂ ਉਤਰਵਾ ਕੇ ਸਕੂਲ ''ਚ ਉਨ੍ਹਾਂ ਦੀ ਪਰੇਡ ਕਰਵਾ ਦਿੱਤੀ।
* 19 ਫਰਵਰੀ ਨੂੰ ਰਾਜਸਥਾਨ ਦੇ ਨਾਥਦੁਆਰਾ ''ਚ ਇਕ ਅਧਿਆਪਕਾ ਨੇ ਹੋਮਵਰਕ ਨਾ ਕਰਨ ''ਤੇ 7ਵੀਂ ਜਮਾਤ ਦੀ 14 ਸਾਲਾ ਵਿਦਿਆਰਥਣ ਦੇ ਕੱਪੜੇ ਉਤਰਵਾ ਦਿੱਤੇ।
* 26 ਫਰਵਰੀ ਨੂੰ ਮੇਰਠ ''ਚ ਇਕ ਔਰਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਤੀ ਨੇ ਆਪਣੀ ਹੀ ਸਕੀ ਧੀ ਨਾਲ ਕਈ ਮਹੀਨਿਆਂ ਤਕ ਬਲਾਤਕਾਰ ਕਰ ਕੇ ਉਸ ਨੂੰ ਗਰਭਵਤੀ ਕਰ ਦਿੱਤਾ ਹੈ।
* 08 ਮਾਰਚ ਨੂੰ ਬਠਿੰਡਾ ਦੇ ਪਿੰਡ ਕੋਟਫੱਤਾ ''ਚ ਇਕ ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਆਪਣੇ 5 ਸਾਲਾ ਪੋਤੇ ਅਤੇ 3 ਸਾਲਾ ਪੋਤੀ ਨੂੰ ਲਗਾਤਾਰ ਤਿੰਨ ਦਿਨਾਂ ਤਕ ਚਿਮਟੇ ਨਾਲ ਕੁੱਟਣ ਅਤੇ ਕਰੰਟ ਲਾਉਣ ਤੋਂ ਬਾਅਦ ਗਲਾ ਘੁੱਟ ਕੇ ਉਨ੍ਹਾਂ ਦੀ ਬਲੀ ਦੇ ਦਿੱਤੀ ਤਾਂ ਕਿ ਔਰਤ ਦੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੀ ਭੈਣ ਠੀਕ ਹੋ ਸਕੇ ਅਤੇ ਉਸ ਦੀ 6 ਸਾਲ ਪਹਿਲਾਂ ਵਿਆਹੀ ਧੀ ਦੇ ਔਲਾਦ ਪੈਦਾ ਹੋ ਸਕੇ। 
* 09 ਮਾਰਚ ਨੂੰ ਗਾਜ਼ੀਆਬਾਦ ਦੇ ਵੰਦਨਾ ਇਨਕਲੇਵ ''ਚ 10 ਸਾਲਾਂ ਦੌਰਾਨ ਬੱਚਾ ਨਾ ਹੋਣ ''ਤੇ ਖਫਾ ਇਕ ਔਰਤ ਨੇ ਆਪਣੇ ਪਤੀ ਦਾ ਗੁਪਤ ਅੰਗ ਵੱਢ ਦਿੱਤਾ। 
* 11 ਮਾਰਚ ਨੂੰ ਮੁਜ਼ੱਫਰਪੁਰ (ਬਿਹਾਰ) ''ਚ ਇਕ ਕਲਯੁਗੀ ਮਾਂ ਨੇ ਆਪਣੇ ਪਹਿਲੇ ਪਤੀ ਨੂੰ ਛੱਡ ਕੇ ਦੂਜਾ ਵਿਆਹ ਕਰਵਾਉਣ ਲਈ ਆਪਣੇ ਇਕ ਸਾਲ ਦੇ ਬੱਚੇ ਨੂੰ 93 ਹਜ਼ਾਰ ਰੁਪਏ ''ਚ ਵੇਚ ਦਿੱਤਾ।
* 15 ਮਾਰਚ ਨੂੰ ਮੋਹਬਾ (ਯੂ. ਪੀ.) ''ਚ ਇਕ 12 ਸਾਲਾ ਬੱਚੀ ਨੂੰ ਉਸ ਦੀ ਮਾਂ ਨੇ 45 ਹਜ਼ਾਰ ਰੁਪਏ ''ਚ ਇਕ 35 ਸਾਲਾ ਵਿਅਕਤੀ ਕੋਲ ਵੇਚ ਦਿੱਤਾ।
* 23 ਮਾਰਚ ਨੂੰ ਰਾਜਕੋਟ ਦੇ ਪ੍ਰਾਇਮਰੀ ਸਕੂਲ ਦੀ 50 ਸਾਲਾ ਅਧਿਆਪਕਾ ਨੇ ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾਏ ਤੇ ਉਨ੍ਹਾਂ ਨੂੰ ਨੰਗੀਆਂ ਕਰ ਕੇ ਨਚਾਇਆ। 
* 23 ਮਾਰਚ ਨੂੰ ਹੀ ਝਾਰਖੰਡ ''ਚ ਧਨਬਾਦ ਦੇ ਭੂਲੀ ਪਿੰਡ ਦੀ ਇਕ ਔਰਤ ਨੇ ਆਪਣੇ ਪਤੀ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਹੀ ਸਕੀ ਧੀ ਨਾਲ ਲਗਾਤਾਰ ਬਲਾਤਕਾਰ ਕਰਦਾ ਰਿਹਾ, ਜਿਸ ਨਾਲ ਉਹ ਗਰਭਵਤੀ ਹੋ ਗਈ।
* 23 ਮਾਰਚ ਨੂੰ ਹੀ ਯੂ. ਪੀ. ''ਚ ਲਖਨਊ ਜਾ ਰਹੀ ਇਕ ਮੁਟਿਆਰ ਨੂੰ ਦੋ ਮਰਦਾਂ ਨੇ ਜ਼ਬਰਦਸਤੀ ਫੜ ਕੇ ਤੇਜ਼ਾਬ ਪਿਲਾ ਦਿੱਤਾ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ ਤੇ ਉਹ ਲਖਨਊ ''ਚ ਜ਼ੇਰੇ-ਇਲਾਜ ਹੈ। ਉਸ ਨਾਲ 2008 ''ਚ ਰਾਏਬਰੇਲੀ ''ਚ ਸਮੂਹਿਕ ਬਲਾਤਕਾਰ ਵੀ ਹੋਇਆ ਸੀ ਤੇ ਬਲਾਤਕਾਰੀਆਂ ਨੇ ਉਸ ਦੇ ਢਿੱਡ ''ਤੇ ਤੇਜ਼ਾਬ ਪਾ ਦਿੱਤਾ ਸੀ।
* 23 ਮਾਰਚ ਨੂੰ ਹੀ ਬੰਗਾਲ ''ਚ ਜਗਤ ਵੱਲਭਪੁਰ ਦੇ ਇਕ ਪਿੰਡ ''ਚ ਇਕ ਅਧਿਆਪਕ ਵਲੋਂ ਬਲਾਤਕਾਰ ਦੀ ਸ਼ਿਕਾਰ 12 ਸਾਲਾ ਬੱਚੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਤੇ ਉਸ ਦੇ ਲਈ ਇਨਸਾਫ ਵਾਸਤੇ ਹਾਵੜਾ ਦੀ ਅਦਾਲਤ ''ਚ ਅਪੀਲ ਕੀਤੀ ਹੈ।
* 24 ਮਾਰਚ ਨੂੰ ਏਟਾ ਜ਼ਿਲੇ ''ਚ 3 ਸਕੇ ਭਰਾ ਆਪਣੀ 6-7 ਸਾਲਾ ਰਿਸ਼ਤੇਦਾਰ ਬੱਚੀ ਨੂੰ ਖੇਤਾਂ ''ਚ ਲੈ ਗਏ ਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਥੋਂ ਤਕ ਕਿ ਉਨ੍ਹਾਂ ਨੇ ਬੱਚੀ ਦੇ ਗੁਪਤ ਅੰਗ ''ਚ ਲੱਕੜੀ ਦਾ ਇਕ ਟੁਕੜਾ ਵੀ ਧੱਕ ਦਿੱਤਾ। 
* 24 ਮਾਰਚ ਨੂੰ ਹੀ ਕੇਰਲਾ ਦੇ ਕੋਚੀ ''ਚ ਇਕ 12 ਸਾਲਾ ਮੁੰਡੇ ਦੇ ਪਿਤਾ ਬਣਨ ਦਾ ਮਾਮਲਾ ਸਾਹਮਣੇ ਆਇਆ। ਦੋਸ਼ੀ ਨੇ ਆਪਣੇ ਨਾਲੋਂ 6 ਸਾਲ ਵੱਡੀ ਚਚੇਰੀ ਭੈਣ ਨਾਲ ਸੰਬੰਧ ਬਣਾਏ ਸਨ, ਜਿਸ ਨੇ ਨਵੰਬਰ ''ਚ ਏਰਨਾਕੁਲਮ ਦੇ ਹਸਪਤਾਲ ''ਚ ਇਕ ਬੱਚੀ ਨੂੰ ਜਨਮ ਦਿੱਤਾ।
ਇਸ ਮੁਟਿਆਰ ਨੇ ਪਹਿਲਾਂ ਮੁੰਡੇ ''ਤੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ, ਜਿਸ ''ਤੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ''ਚ ਮੁੰਡੇ ਨੇ ਵੀ ਕੁੜੀ ''ਤੇ ਉਸ ਨਾਲ ਜ਼ਬਰਦਸਤੀ ਸੰਬੰਧ ਬਣਾਉਣ ਦਾ ਦੋਸ਼ ਲਾਇਆ ਸੀ, ਜਿਸ ਕਾਰਨ ਦੋਹਾਂ ''ਤੇ ਹੀ ''ਪੋਕਸੋ'' ਕਾਨੂੰਨ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸਮਾਜ ਦੇ ਵੱਖ-ਵੱਖ ਖੇਤਰਾਂ ''ਚ ਫੈਲੀ ਅਨੈਤਿਕਤਾ ਤੇ ਆਚਰਣਹੀਣਤਾ ਦੀਆਂ ਇਹ ਤਾਂ ਕੁਝ ਮਿਸਾਲਾਂ ਮਾਤਰ ਹਨ, ਜੋ ਇਸ ਤੱਥ ਦਾ ਸਪੱਸ਼ਟ ਸਬੂਤ ਹਨ ਕਿ ਸਾਡੇ ਸਮਾਜ ''ਚ ਨੈਤਿਕ ਕਦਰਾਂ-ਕੀਮਤਾਂ ਦਾ ਕਿਸ ਤਰ੍ਹਾਂ ਪਤਨ ਹੋ ਰਿਹਾ ਹੈ।
ਜੇਕਰ ਅਜਿਹੇ ਨੈਤਿਕ ਪਤਨ ਨੂੰ ਨਾ ਰੋਕਿਆ ਗਿਆ ਤੇ ਅੰਧ-ਵਿਸ਼ਵਾਸਾਂ ਦੀਆਂ ਬੇੜੀਆਂ ਨੂੰ ਨਾ ਕੱਟਿਆ ਗਿਆ ਤਾਂ ਇਸ ਦਾ ਸਿੱਟਾ ਕੀ ਨਿਕਲੇਗਾ, ਇਸ ਦੀ ਕਲਪਨਾ ਕਰਨਾ ਮੁਸ਼ਕਿਲ ਨਹੀਂ।                                    
—ਵਿਜੇ ਕੁਮਾਰ


Vijay Kumar Chopra

Chief Editor

Related News