ਭਾਰਤ ਦੇ ਹਸਪਤਾਲ ਜਿਥੇ ਚੌਥਾ ਦਰਜਾ ਮੁਲਾਜ਼ਮ ਕਰਦੇ ਹਨ ''ਰੋਗੀਆਂ ਦਾ ਇਲਾਜ''

Saturday, Aug 11, 2018 - 07:00 AM (IST)

ਭਾਰਤ ਦੇ ਹਸਪਤਾਲ ਜਿਥੇ ਚੌਥਾ ਦਰਜਾ ਮੁਲਾਜ਼ਮ ਕਰਦੇ ਹਨ ''ਰੋਗੀਆਂ ਦਾ ਇਲਾਜ''

ਲੋਕਾਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਤੇ ਇਲਾਜ, ਸਾਫ-ਸੁਥਰਾ ਪੀਣ ਵਾਲਾ ਪਾਣੀ ਅਤੇ ਲਗਾਤਾਰ ਬਿਜਲੀ ਮੁਹੱਈਆ ਕਰਵਾਉਣਾ ਕੇਂਦਰ ਤੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਦੋਵੇਂ ਹੀ ਇਸ ਵਿਚ ਨਾਕਾਮ ਰਹੀਆਂ ਹਨ। ਇਸੇ ਲਈ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਅਤੇ ਸਰਕਾਰੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਹਰ ਕੋਈ ਝਿਜਕਦਾ ਹੈ। 
ਸਟਾਫ ਅਤੇ ਬੁਨਿਆਦੀ ਢਾਂਚੇ ਦੀ ਘਾਟ ਦੇ ਸ਼ਿਕਾਰ ਸਰਕਾਰੀ ਹਸਪਤਾਲਾਂ ਦੀ ਬਦਹਾਲੀ ਦਾ ਅੰਦਾਜ਼ਾ ਇਸੇ ਤੋਂ ਲੱਗ ਸਕਦਾ ਹੈ ਕਿ ਕਈ ਸਰਕਾਰੀ ਹਸਪਤਾਲਾਂ ਵਿਚ ਮੱਲ੍ਹਮ-ਪੱਟੀ ਤਕ ਕਰਨ ਵਾਲੇ ਨਹੀਂ ਹਨ ਅਤੇ ਉਨ੍ਹਾਂ ਦਾ ਕੰਮ ਅਨਟ੍ਰੇਂਡ ਚੌਥਾ ਦਰਜਾ ਮੁਲਾਜ਼ਮ ਹੀ ਕਰ ਰਹੇ ਹਨ। 
ਇਸ ਵਿਚ ਆਪ੍ਰੇਸ਼ਨ ਥਿਏਟਰ ਦਾ ਕੰਮ ਤਕ ਸ਼ਾਮਿਲ ਹੈ ਅਤੇ ਅਯੋਗ ਸਟਾਫ ਵਲੋਂ ਰੋਗੀਆਂ ਦਾ ਇਲਾਜ ਤੇ ਮੱਲ੍ਹਮ-ਪੱਟੀ ਕਰਨ ਨਾਲ ਕਈ ਅਣਸੁਖਾਵੀਆਂ ਦੁਰਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਹਨ। 
ਯੂ. ਪੀ. ਦੇ ਬਾਰਾਬੰਕੀ ਜ਼ਿਲੇ ਵਿਚ ਸਰਾਏ ਗੋਪੀ 'ਚ ਸਥਿਤ ਸਰਕਾਰੀ ਹਸਪਤਾਲ ਨੂੰ ਇਕ ਹੀ ਵਿਅਕਤੀ ਚਲਾ ਰਿਹਾ ਹੈ। ਉਹੀ ਡਾਕਟਰ ਅਤੇ ਵਾਰਡ ਬੁਆਏ ਦੋਹਾਂ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਥੇ ਕਦੇ ਵੀ ਡਾਕਟਰ ਨੂੰ ਨਹੀਂ ਦੇਖਿਆ।
ਲਖਨਊ ਦੇ ਲੋਹੀਆ ਹਸਪਤਾਲ 'ਚ ਮਰੀਜ਼ਾਂ ਨੂੰ ਡ੍ਰਿਪ ਲਾਉਣ, ਬੀ. ਪੀ. ਚੈੱਕ ਕਰਨ, ਇੰਜੈਕਸ਼ਨ ਲਾਉਣ ਆਦਿ ਵਰਗੇ ਕੰਮ ਚੌਥਾ ਦਰਜਾ ਮੁਲਾਜ਼ਮ ਹੀ ਕਰ ਰਹੇ ਹਨ। ਸਟਾਫ ਨਰਸਾਂ ਦਾ ਕੰਮ ਵੀ ਚੌਥਾ ਦਰਜਾ ਮੁਲਾਜ਼ਮਾਂ ਤੋਂ ਕਰਵਾਇਆ ਜਾ ਰਿਹਾ ਹੈ। 
ਇਹ ਪਾਈਪ ਲਾਉਣ, ਦਵਾਈਆਂ ਦੇਣ ਅਤੇ ਈ. ਸੀ. ਜੀ. ਚੈੱਕ ਕਰਨ ਵਰਗੇ ਕੰਮ ਵੀ ਕਰਦੇ ਹਨ। ਯੂ. ਪੀ. ਦੇ ਕਈ ਸਰਕਾਰੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਣ ਲਈ ਆਉਣ ਵਾਲੇ ਰੋਗੀਆਂ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਡਾਕਟਰ ਨਹੀਂ ਹਨ ਅਤੇ ਉਨ੍ਹਾਂ ਨੂੰ ਫਾਰਮਾਸਿਸਟ, ਵਾਰਡ ਬੁਆਏ ਅਤੇ ਇਥੋਂ ਤਕ ਕਿ ਸਵੀਪਰਾਂ ਤਕ ਤੋਂ ਦਵਾਈ ਲੈਣੀ ਪੈਂਦੀ ਹੈ। 
19 ਅਗਸਤ 2017 ਨੂੰ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਭੇਜੀ ਸ਼ਿਕਾਇਤ ਵਿਚ 'ਜਯ ਹੋ' ਨਾਮੀ ਇਕ ਐੱਨ. ਜੀ. ਓ. ਨੇ ਦੋਸ਼ ਲਾਇਆ ਸੀ ਕਿ ਗ੍ਰੇਟਰ ਨੋਇਡਾ ਦੇ ਬਸੰਤਪੁਰ ਮੁੱਢਲੇ ਸਿਹਤ ਕੇਂਦਰ ਵਿਚ ਡਾਕਟਰਾਂ ਦੀ ਗੈਰ-ਹਾਜ਼ਰੀ ਦੀ ਵਜ੍ਹਾ ਕਰਕੇ ਉਥੇ ਆਉਣ ਵਾਲੇ ਰੋਗੀਆਂ ਦਾ ਇਲਾਜ ਜਾਂ ਤਾਂ ਵਾਰਡ ਬੁਆਏ ਜਾਂ ਫਾਰਮਾਸਿਸਟ ਵਲੋਂ ਹੀ ਕੀਤਾ ਜਾ ਰਿਹਾ ਹੈ। 
10 ਜੂਨ ਨੂੰ ਲਖਨਊ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਟਰੋਮਾ ਸੈਂਟਰ ਵਿਚ ਜ਼ੇਰੇ ਇਲਾਜ ਬੱਚਿਆਂ ਨੂੰ ਵਾਰਡ ਵਿਚ ਲਿਜਾਂਦੇ ਸਮੇਂ ਵਾਰਡ ਬੁਆਏ ਨੇ ਇਕ ਹੀ ਆਕਸੀਜਨ ਸਿਲੰਡਰ ਨਾਲ ਸਾਰੇ ਬੱਚਿਆਂ ਦੀ ਪਾਈਪ ਜੋੜ ਦਿੱਤੀ, ਜਿਸ ਨਾਲ ਇਕ ਬੱਚੇ ਦੀ ਮੌਤ ਹੋ ਗਈ। ਮਰਨ ਵਾਲੇ ਬੱਚੇ ਦੀ ਮਾਂ ਦਾ ਦੋਸ਼ ਹੈ ਕਿ ਮਨ੍ਹਾ ਕਰਨ 'ਤੇ ਵਾਰਡ ਬੁਆਏ ਨੇ ਉਸ ਨੂੰ ਡਾਂਟ ਦਿੱਤਾ। 
20 ਜੁਲਾਈ ਨੂੰ ਬਲਰਾਮਪੁਰ ਦੇ ਹਸਪਤਾਲ 'ਚ ਵਾਰਡ ਬੁਆਏ ਵਲੋਂ ਗਲਤ ਢੰਗ ਨਾਲ ਇੰਜੈਕਸ਼ਨ ਲਾ ਦੇਣ ਦੇ 10 ਮਿੰਟਾਂ ਅੰਦਰ ਹੀ 10 ਰੋਗੀਆਂ ਦੀ ਜਾਨ 'ਤੇ ਬਣ ਆਈ, ਜਿਨ੍ਹਾਂ 'ਚੋਂ ਇਕ ਮਰੀਜ਼ ਨੂੰ ਤਾਂ ਆਈ. ਸੀ. ਯੂ. ਵਿਚ ਦਾਖਲ ਕਰਨਾ ਪਿਆ। ਇੰਜੈਕਸ਼ਨ ਲੱਗਣ ਤੋਂ ਕੁਝ ਦੇਰ ਬਾਅਦ ਹੀ ਮਰੀਜ਼ ਬਿਸਤਰੇ 'ਤੇ ਪਏ ਤੜਫਣ ਲੱਗੇ ਤੇ ਉਨ੍ਹਾਂ ਨੂੰ ਉਲਟੀਆਂ ਆਉਣ ਲੱਗੀਆਂ। 
24 ਜੁਲਾਈ ਨੂੰ ਇਕ ਵੀਡੀਓ 'ਚ ਸ਼੍ਰੀਨਗਰ ਦੇ ਹੱਡੀਆਂ ਅਤੇ ਜੋੜਾਂ ਦੇ ਇਕੋ-ਇਕ ਹਸਪਤਾਲ ਵਿਚ ਇਕ ਸਵੀਪਰ ਨੂੰ ਇਕ ਰੋਗੀ ਦੀ ਲੱਤ 'ਤੇ ਪੱਟੀ ਕਰਦਾ ਦਿਖਾਇਆ ਗਿਆ, ਜਿਸ ਦੀ ਲੱਤ ਦਾ ਪਿਛਲੇ 2 ਸਾਲਾਂ ਵਿਚ ਤੀਜੀ ਵਾਰ ਆਪ੍ਰੇਸ਼ਨ ਕੀਤਾ ਗਿਆ ਸੀ। 
ਪੁੱਛਗਿੱਛ ਕਰਨ 'ਤੇ ਰੋਗੀ ਨੇ ਕਿਹਾ ਕਿ ਉਕਤ ਸਵੀਪਰ ਨੇ ਕਈ ਵਾਰ ਉਸ ਦੀ ਪੱਟੀ ਬਦਲੀ ਹੈ। ਇਸੇ ਹਸਪਤਾਲ ਦੇ ਇਕ ਹੋਰ ਵੀਡੀਓ ਵਿਚ ਇਕ ਸਵੀਪਰ ਹਸਪਤਾਲ ਦੇ ਇਕ ਵਾਰਡ ਵਿਚ ਸਫਾਈ ਕਰਦਾ ਦਿਖਾਈ ਦੇ ਰਿਹਾ ਹੈ, ਜਦਕਿ ਇਕ ਹੋਰ ਵੀਡੀਓ ਵਿਚ ਉਹੀ ਸਵੀਪਰ ਐਪ੍ਰਨ ਤੇ ਟੋਪੀ ਪਹਿਨ ਕੇ ਇਕ ਰੋਗੀ ਦਾ ਇਲਾਜ ਕਰਦਾ ਨਜ਼ਰ ਆ ਰਿਹਾ ਹੈ। 
09 ਅਗਸਤ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਇਕ ਮਹਿਲਾ ਰੋਗੀ ਦੀ ਲੱਤ ਦਾ ਪਲੱਸਤਰ ਕੱਟਣ ਵਿਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ। ਮਹਿਲਾ ਰੋਗੀ ਦੇ ਪਰਿਵਾਰ ਵਾਲਿਆਂ ਅਨੁਸਾਰ ਪਲੱਸਤਰ ਖੁੱਲ੍ਹਵਾਉਣ ਲਈ ਜਦੋਂ ਉਹ ਹਸਪਤਾਲ ਵਿਚ ਗਏ ਤਾਂ ਉਨ੍ਹਾਂ ਨੂੰ ਆਪ੍ਰੇਸ਼ਨ ਥਿਏਟਰ ਵਿਚ ਭੇਜ ਦਿੱਤਾ ਗਿਆ, ਜਿਥੇ ਦਰਜਾ ਚਾਰ ਮੁਲਾਜ਼ਮ ਓਮ ਪ੍ਰਕਾਸ਼ ਯਾਦਵ ਨੇ ਬੜੀ ਲਾਪਰਵਾਹੀ ਨਾਲ ਉਸ ਦਾ  ਪਲੱਸਤਰ ਕੱਟਿਆ। ਇਸ ਨਾਲ ਉਕਤ ਔਰਤ ਦੀ ਲੱਤ 'ਤੇ ਕਈ ਜਗ੍ਹਾ ਕੱਟ ਲੱਗ ਗਏ, ਜਿਸ ਨਾਲ ਉਸ ਨੂੰ ਕਾਫੀ ਤਕਲੀਫ ਹੋਈ। 
ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਹਸਪਤਾਲਾਂ ਵਿਚ ਟ੍ਰੇਂਡ ਸਟਾਫ, ਦਵਾਈਆਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਯਕੀਨੀ ਤੌਰ 'ਤੇ ਇਕ ਭਖਦੀ ਸਮੱਸਿਆ ਹੈ, ਜਿਸ ਦਾ ਹੱਲ ਛੇਤੀ ਤੋਂ ਛੇਤੀ ਲੱਭਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਸੇ ਤਰ੍ਹਾਂ ਹਸਪਤਾਲਾਂ ਵਿਚ ਅਣਸੁਖਾਵੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ। ਜਦ ਸਫਾਈ ਕਰਨ ਵਾਲੇ ਅਤੇ ਫਾਈਲਾਂ ਨੂੰ ਇਧਰੋਂ-ਉਧਰ ਲਿਜਾਣ-ਲਿਆਉਣ ਵਾਲੇ ਮੁਲਾਜ਼ਮ ਹੀ ਰੋਗੀਆਂ ਦਾ ਇਲਾਜ ਕਰਨ ਲੱਗ ਪੈਣਗੇ ਤਾਂ ਫਿਰ ਕੀ ਭਰੋਸਾ ਕਿ ਉਨ੍ਹਾਂ ਤੋਂ ਇਲਾਜ ਕਰਵਾਉਣ ਵਾਲੇ ਮਰੀਜ਼ ਜ਼ਿੰਦਾ ਘਰ ਪਰਤ ਵੀ ਸਕਣਗੇ ਜਾਂ ਨਹੀਂ।  —ਵਿਜੇ ਕੁਮਾਰ


Related News