ਵਧਦਾ ਜਾ ਰਿਹਾ ਮਹਿਲਾ ਖਿਡਾਰੀਆਂ ਦਾ ਸੈਕਸ ਸ਼ੋਸ਼ਣ

Saturday, Jul 29, 2023 - 04:34 AM (IST)

ਵਧਦਾ ਜਾ ਰਿਹਾ ਮਹਿਲਾ ਖਿਡਾਰੀਆਂ ਦਾ ਸੈਕਸ ਸ਼ੋਸ਼ਣ

ਇਨ੍ਹੀਂ ਦਿਨੀਂ ਖੇਡਾਂ ਨਾਲ ਜੁੜੇ ਅਧਿਕਾਰੀਆਂ ਅਤੇ ਖੇਡ ਕੋਚਾਂ ’ਤੇ ਮਹਿਲਾ ਖਿਡਾਰੀਆਂ ਦਾ ਸੈਕਸ ਸ਼ੋਸ਼ਣ ਕਰਨ ਦੇ ਮਾਮਲੇ ਜ਼ੋਰਾਂ ’ਤੇ ਹਨ। ਇਨ੍ਹਾਂ ’ਚ ਭਾਰਤੀ ਕੁਸ਼ਤੀ ਮਹਾਸੰਘ ਦੇ ਅਹੁਦਾ ਛੱਡ ਚੁੱਕੇ ਪ੍ਰਧਾਨ ਅਤੇ ਸੰਸਦ ਮੈਂਬਰ ਬ੍ਰਿਜਭੂਸ਼ਨ ਸ਼ਰਨ ਸਿੰਘ ਵੀ ਸ਼ਾਮਲ ਹਨ।

ਇਸੇ ਸਿਲਸਿਲੇ ’ਚ ਬੀਤੇ ਦਿਨੀਂ ਇੰਦੌਰ ’ਚ ਜਦ ਪੱਤਰਕਾਰਾਂ ਨੇ ਉਨ੍ਹਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਵਿਸ਼ੇ ’ਚ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ ਅਤੇ ਬੋਲੇ :

‘‘ਮੇਰੇ ਵਿਰੁੱਧ ਲੱਗੇ ਦੋਸ਼ ਨਿਆਪਾਲਿਕਾ ’ਚ ਵਿਚਾਰ ਅਧੀਨ ਹਨ। ਇਸ ਲਈ ਮੈਂ ਇਸ ਵਿਸ਼ੇ ’ਚ ਕੁਝ ਨਹੀਂ ਬੋਲਾਂਗਾ ਪਰ ਤੁਸੀਂ ਮੇਰਾ ਚਿਹਰਾ ਦੇਖੋ ਕਿ ਕੀ ਤੁਹਾਨੂੰ ਇਹ ਦੋਸ਼ ਦਿਖਾਈ ਦੇ ਰਹੇ ਹਨ? ਅਦਾਲਤ ਨੇ ਕਿਹਾ ਹੈ ਕਿ (ਮਹਿਲਾ ਪਹਿਲਵਾਨਾਂ ਦੇ ਅਖੌਤੀ ਸੈਕਸ ਸ਼ੋਸ਼ਣ ਦੇ ਮਾਮਲੇ ’ਚ) ਮੀਡੀਆ ਟ੍ਰਾਇਲ ਨਾ ਕਰਵਾਓ ਅਤੇ ਸੱਚਾਈ ਅਦਾਲਤ ’ਚ ਰੱਖੋ।’’

ਫਿਲਹਾਲ ਅਜੇ ਇਹ ਮਾਮਲਾ ਚੱਲ ਹੀ ਰਿਹਾ ਹੈ ਕਿ ਮਹਿਲਾ ਖਿਡਾਰੀਆਂ ਦੇ ਸੈਕਸ ਸ਼ੋਸ਼ਣ ਦਾ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ। ਕੈਥਲ (ਹਰਿਆਣਾ) ’ਚ ਵੁਸ਼ੂ ਕੋਚ ਅਤੇ ‘ਜ਼ਿਲਾ ਕੈਥਲ ਵੁਸ਼ੂ ਐਸੋਸੀਏਸ਼ਨ’ ਦੇ ਸਕੱਤਰ ਦੀਪਕ ਕੁਮਾਰ ਲੋਟ ਵਿਰੁੱਧ ਇਕ ਮਹਿਲਾ ਖਿਡਾਰੀ ਨੇ ਜਬਰ-ਜ਼ਨਾਹ ਦਾ ਯਤਨ ਕਰਨ ਦਾ ਦੋਸ਼ ਲਾਇਆ ਹੈ।

ਇਸ ਮਹਿਲਾ ਖਿਡਾਰੀ ਨੇ 3 ਮਈ, 2023 ਨੂੰ ਉਕਤ ਕੋਚ ਵਿਰੁੱਧ ਲਿਖਤੀ ਸ਼ਿਕਾਇਤ ’ਚ ਕੋਚ ’ਤੇ ਉਸ ਨੂੰ ਘਰ ਸੱਦ ਕੇ ਕੋਲਡ ਡ੍ਰਿੰਕ ’ਚ ਨਸ਼ੀਲਾ ਪਦਾਰਥ ਦੇ ਕੇ ਉਸ ਦੇ ਪ੍ਰਾਈਵੇਟ ਪਾਰਟ ਨਾਲ ਛੇੜ-ਛਾੜ ਕਰਨ ਸਮੇਤ ਕਈ ਦੋਸ਼ ਲਾਏ ਸਨ।

ਇਸ ਖਿਡਾਰਨ ਅਨੁਸਾਰ ਘਟਨਾ ਵਾਲੇ ਦਿਨ 2 ਹੋਰ ਖਿਡਾਰਨਾਂ ਵੀ ਕੋਚ ਦੇ ਘਰ ਆ ਗਈਆਂ, ਜਿਸ ਕਾਰਨ ਉਹ ਬਚ ਗਈ। ਇਸ ਪਿੱਛੋਂ ਕੋਚ ਨੇ ਉਸ ਨੂੰ ਇਸ ਬਾਰੇ ਕਿਸੇ ਹੋਰ ਨੂੰ ਦੱਸਣ ’ਤੇ ਗੇਮ ਤੋਂ ਬਾਹਰ ਕਰਨ ਦੀ ਧਮਕੀ ਦਿੱਤੀ ਸੀ।

27 ਜੁਲਾਈ ਨੂੰ ਮਹਿਲਾ ਸਰਕਾਰੀ ਕੋਚ ਨਾਲ ਅੱਧਾ ਦਰਜਨ ਤੋਂ ਵੱਧ ਮਹਿਲਾ ਖਿਡਾਰੀਆਂ ਉਕਤ ਕੋਚ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਐੱਸ. ਪੀ. ਅਭਿਸ਼ੇਕ ਜੋਰਵਾਲ ਨੂੰ ਮਿਲੀਆਂ।

ਇਨ੍ਹਾਂ ਨੇ ਕੋਚ ’ਤੇ ਉਨ੍ਹਾਂ ਦਾ ਸੈਕਸ ਸ਼ੋਸ਼ਣ ਕਰਨ ਦੇ ਇਲਾਵਾ ਲੱਖਾਂ ਰੁਪਏ ਹੜੱਪਣ ਦੇ ਦੋਸ਼ ਲਾਉਣ ਤੋਂ ਇਲਾਵਾ ਕਿਹਾ ਕਿ ਕੋਚ ਉਨ੍ਹਾਂ ਨੂੰ ਇਕੱਲੇ ਦੇਖ ਕੇ ਉਨ੍ਹਾਂ ਨਾਲ ਸੈਕਸ ਅਤੇ ਗੁਪਤ ਅੰਗ ਦੀ ਗੱਲ ਕਰਦਾ ਸੀ ਅਤੇ ਬੁਰੀ ਨੀਅਤ ਨਾਲ ਛੂੰਹਦਾ ਸੀ।

ਅਜਿਹਾ ਉਸ ਨੇ ਇਕ ਲੜਕੀ ਨਾਲ ਨਹੀਂ ਸਗੋਂ ਕਈ ਲੜਕੀਆਂ ਨਾਲ ਕੀਤਾ। ਕੁਝ ਲੜਕੀਆਂ ਨੇ ਕੋਚ ਦੀਪਕ ਕੁਮਾਰ ’ਤੇ ਪੈਸੇ ਲੈਣ ਦੇ ਦੋਸ਼ ਵੀ ਲਾਏ ਅਤੇ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਖਿਡਾਉਣ ਦੇ ਪੈਸੇ ਵੀ ਲਏ ਜਾਂਦੇ ਸੀ।

ਮਹਿਲਾ ਖਿਡਾਰੀਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਲਗਭਗ 2 ਮਹੀਨੇ ਪਹਿਲਾਂ ਕੈਥਲ ਦੇ ਮਹਿਲਾ ਥਾਣੇ ’ਚ ਇਸ ਕੋਚ ਵਿਰੁੱਧ ਸ਼ਿਕਾਇਤ ਦਿੱਤੀ ਸੀ। ਤਦ ਕੋਚ ਨੇ ਸਾਰੀਆਂ ਖਿਡਾਰਨਾਂ ਤੋਂ ਲਿਖਤੀ ਤੌਰ ’ਤੇ ਮੁਆਫੀ ਮੰਗੀ ਅਤੇ ਭਵਿੱਖ ’ਚ ਕੋਈ ਵੀ ਸਬੰਧ ਨਾ ਰੱਖਣ ਦੀ ਗੱਲ ਕਹੀ ਸੀ। ਇਸ ’ਤੇ ਖਿਡਾਰਨਾਂ ਨੇ ਸ਼ਿਕਾਇਤ ਵਾਪਸ ਲੈ ਲਈ ਸੀ।

ਇਸ ਵਿਚਾਲੇ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਵੱਲੋਂ ਇਕ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ’ਚ ਐੱਸ. ਆਈ. ਟੀ. ਨੂੰ ਦੋਵਾਂ ਵਿਚਾਲੇ ਚੈਟ ਦੇ ਮਹੱਤਵਪੂਰਨ ਸਬੂਤ ਮਿਲ ਗਏ ਹਨ।

ਸੀ. ਐੱਫ. ਐੱਸ. ਐੱਲ. ਦੇ ਮਾਹਿਰਾਂ ਨੇ ਇਨ੍ਹਾਂ ਦੋਵਾਂ ਦੇ ਮੋਬਾਈਲ ਤੋਂ ਡਿਲੀਟ ਡਾਟਾ ਰਿਕਵਰ ਕਰ ਲਿਆ ਹੈ। ਇਨ੍ਹਾਂ ਦੇ ਮੋਬਾਈਲ ਦੀ ਕਾਲ ਡਿਟੇਲ ਵੀ ਪੁਲਸ ਨੂੰ ਮਿਲ ਚੁੱਕੀ ਹੈ, ਜਿਸ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।

ਐੱਸ. ਆਈ. ਟੀ. ਦੇ ਸੂਤਰਾਂ ਅਨੁਸਾਰ ਪੁਲਸ ਅਦਾਲਤ ’ਚ ਮੰਤਰੀ ਵਿਰੁੱਧ 7 ਤੋਂ 10 ਦਿਨ ਦੇ ਅੰਦਰ ਚਾਰਜਸ਼ੀਟ ਦਾਇਰ ਕਰੇਗੀ।

ਅਜਿਹੇ ’ਚ ਪਤਾ ਨਹੀਂ ਹੋਰ ਕਿੰਨੇ ਕੇਸ ਹੋ ਰਹੇ ਹੋਣਗੇ ਜੋ ਪ੍ਰਕਾਸ਼ ’ਚ ਨਹੀਂ ਆਉਂਦੇ। ਯਕੀਨਨ ਹੀ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਸਵਾਲ ਪੈਦਾ ਹੁੰਦਾ ਹੈ ਕਿ ਅਖੀਰ ਇਸ ਸਮੱਸਿਆ ਦਾ ਕੀ ਇਲਾਜ ਹੋਵੇ?

ਜੇ ਮਹਿਲਾ ਖਿਡਾਰੀਆਂ ਦੀਆਂ ਸ਼ਿਕਾਇਤਾਂ ਦਾ ਹੱਲ ਨਾ ਕੀਤਾ ਗਿਆ ਅਤੇ ਉਨ੍ਹਾਂ ਦੀ ਪੀੜਾ ਇਸੇ ਤਰ੍ਹਾਂ ਜਾਰੀ ਰਹੀ ਤਾਂ ਜਾਂ ਤਾਂ ਉਹ ਅਜਿਹਾ ਅਨਿਆਂ ਬਰਦਾਸ਼ਤ ਕਰਨ ਲਈ ਮਜਬੂਰ ਹੋਣਗੀਆਂ ਜਾਂ ਤੰਗ ਆ ਕੇ ਖੇਡਾਂ ਤੋਂ ਹੀ ਸੰਨਿਆਸ ਲੈ ਲੈਣਗੀਆਂ।

ਕਿਉਂਕਿ ਉਕਤ ਤਿੰਨਾਂ ਹੀ ਮਾਮਲਿਆਂ ਨਾਲ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਜੁੜੀਆਂ ਹਨ, ਇਸ ਲਈ ਦੋਵਾਂ ਨੂੰ ਹੀ ਇਸ ਬਾਰੇ ਨੋਟਿਸ ਲੈ ਕੇ ਮਹਿਲਾ ਖਿਡਾਰੀਆਂ ਨੂੰ ਤੁਰੰਤ ਨਿਆਂ ਅਤੇ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨਾ ਚਾਹੀਦਾ ਹੈ।

ਜੇ ਅਜਿਹਾ ਨਾ ਕੀਤਾ ਗਿਆ ਤੇ ਮਹਿਲਾ ਖਿਡਾਰੀ ਖੇਡ ਛੱਡਣ ਨੂੰ ਮਜਬੂਰ ਹੋਈਆਂ ਤਾਂ ਇਸ ਨਾਲ ਭਾਰਤੀ ਖੇਡ ਜਗਤ ਨੂੰ ਹੀ ਘਾਟਾ ਪਵੇਗਾ।

-ਵਿਜੇ ਕੁਮਾਰ


author

Mukesh

Content Editor

Related News