ਧਾਰਮਿਕ ਘੱਟ ਗਿਣਤੀਆਂ ’ਤੇ ਪਾਕਿ ’ਚ ਵਧ ਰਹੇ ਅੱਤਿਆਚਾਰ

Thursday, Dec 01, 2022 - 03:03 AM (IST)

ਧਾਰਮਿਕ ਘੱਟ ਗਿਣਤੀਆਂ ’ਤੇ ਪਾਕਿ ’ਚ ਵਧ ਰਹੇ ਅੱਤਿਆਚਾਰ

ਵੰਡ ਪਿੱਛੋਂ ਪਾਕਿਸਤਾਨ ’ਚ ਰਹਿ ਗਏ ਹਿੰਦੂ, ਸਿੱਖ, ਈਸਾਈ ਅਤੇ ਅਹਿਮਦੀਆ ਆਦਿ ਘੱਟ ਗਿਣਤੀਆਂ ’ਤੇ ਇਸਲਾਮੀ ਕੱਟੜਪੰਥੀਆਂ ਵੱਲੋਂ ਹਿੰਸਾ, ਵਿਤਕਰਾ, ਈਸ਼ਨਿੰਦਾ, ਧਰਮ ਤਬਦੀਲੀ, ਕੁੜੀਆਂ ਦੇ ਅਗਵਾ, ਜਬਰ-ਜ਼ਨਾਹ ਅਤੇ ਜਬਰੀ ਵਿਆਹ ਦਾ ਸਿਲਸਿਲਾ ਜਾਰੀ ਹੈ। 
ਕਦੀ ਪਾਕਿਸਤਾਨ ਦੇ ਸ਼ਹਿਰਾਂ ’ਚ ਘੱਟ ਗਿਣਤੀਆਂ ਦੀ ਗਿਣਤੀ 15 ਫੀਸਦੀ ਤੱਕ ਸੀ ਜੋ ਹੁਣ 4 ਫੀਸਦੀ ਤੋਂ ਵੀ ਘੱਟ ਹੋ ਗਈ ਹੈ। ਉੱਥੇ ਘੱਟ ਗਿਣਤੀਆਂ ਨੂੰ ਨਾ ਆਸਾਨੀ ਨਾਲ ਰੋਜ਼ਗਾਰ ਮਿਲਦਾ ਹੈ ਅਤੇ ਨਾ ਹੀ ਵਪਾਰ ਸ਼ੁਰੂ ਕਰਨ  ਲਈ ਕਰਜ਼ਾ। ਸਕੂਲਾਂ  ’ਚ ਘੱਟ ਗਿਣਤੀਆਂ ਵਿਰੁੱਧ ਨਫਰਤ ਦਾ ਪਾਠ ਵੀ ਪੜ੍ਹਾਇਆ ਜਾਂਦਾ ਹੈ। 

ਇਸੇ ਕਾਰਨ ਪਾਕਿਸਤਾਨ ਦੇ ਇਕੱਲੇ ਸਿੰਧ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਪਿਛਲੇ 5 ਸਾਲਾਂ ਦੌਰਾਨ 30,000 ਤੋਂ ਵੱਧ ਹਿੰਦੂ ਭਾਈਚਾਰੇ ਦੇ ਮੈਂਬਰ ਧਾਰਮਿਕ ਵੀਜ਼ਾ ਲੈ ਕੇ ਭਾਰਤ ਪਹੁੰਚੇ ਪਰ ਉਨ੍ਹਾਂ ’ਚੋਂ 40 ਫੀਸਦੀ ਤੋਂ ਘੱਟ ਲੋਕ ਹੀ  ਵਾਪਸ  ਗਏ। ਪਿਛਲੇ ਇਕ ਮਹੀਨੇ ’ਚ ਹੀ  ਸਿੰਧ ਸੂਬੇ ’ਚ 16 ਨਾਬਾਲਿਗ  ਹਿੰਦੂ ਕੁੜੀਆਂ  ਅਤੇ ਔਰਤਾਂ ਦਾ ਅਗਵਾ ਕਰ ਕੇ ਉਨ੍ਹਾਂ ਦਾ  ਧਰਮ ਤਬਦੀਲ ਕਰਵਾਉਣ ਪਿੱਛੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਵਿਆਹ ਕਰਵਾਇਆ ਗਿਆ। ਹੁਣ ਤਾਂ ਪਾਕਿਸਤਾਨ ’ਚ ਹਿੰਦੂ ਮੁੰਡਿਆਂ ਦੀ ਵੀ ਜਬਰੀ ਧਰਮ ਤਬਦੀਲੀ ਕਰਵਾਈ ਜਾਣ ਲੱਗੀ ਹੈ। ਸਿੰਧ ਦੇ ਲਾਰਕਾਨਾ ਸਥਿਤ ‘ਜਾਮੀਆ ਇਸਲਾਮੀਆ ਮਸਜਿਦ’ ’ਚ 9 ਅਕਤੂਬਰ  ਨੂੰ ਇਕ ਹਿੰਦੂ ਨੌਜਵਾਨ ਦੀ ਜਬਰੀ ਧਰਮ ਤਬਦੀਲੀ ਕਰਵਾਈ ਗਈ। ਸਿੱਖ ਭਾਈਚਾਰੇ ਦੇ ਮੈਂਬਰਾਂ ’ਤੇ ਵੀ ਅੱਤਿਆਚਾਰ ਜਾਰੀ ਰਹਿਣ ਕਾਰਨ ਇਹ ਭਾਈਚਾਰਾ ਵੀ ਹਾਸ਼ੀਏ ’ਤੇ ਆ ਗਿਆ ਹੈ ਅਤੇ ਸਿੱਖ ਕੁੜੀਆਂ ਦਾ  ਅਗਵਾ ਅਤੇ ਜਬਰੀ ਧਰਮ ਤਬਦੀਲ ਕਰਨ ਪਿੱਛੋਂ ਉਨ੍ਹਾਂ ਦਾ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਨਾਲ  ਨਿਕਾਹ ਕਰਵਾਇਆ ਜਾ ਰਿਹਾ ਹੈ। 
20 ਅਗਸਤ ਨੂੰ ਇਕ ਸਿੱਖ ਮੁਟਿਆਰ ਦਾ ਅਗਵਾ ਕਰ ਕੇ ਬੰਦੂਕ ਦੀ ਨੋਕ ’ਤੇ ਉਸ ਨਾਲ ਜਬਰ-ਜ਼ਨਾਹ ਅਤੇ ਧਰਮ ਤਬਦੀਲ ਕਰਵਾਉਣ ਪਿੱਛੋਂ ਉਸ ਦਾ ਵਿਆਹ ਉਸ ਦੇ ਅਗਵਾਕਾਰ ਨਾਲ ਕਰਵਾ ਦਿੱਤਾ ਗਿਆ। ਉਸ ਦੇ ਪਰਿਵਾਰ ਨੇ ਮਦਦ ਲਈ ਪੁਲਸ ਕੋਲ ਅਪੀਲ ਕੀਤੀ ਪਰ ਨਿਰਾਸ਼ਾ ਹੀ ਹੱਥ ਲੱਗੀ।  ਇਸੇ ਤਰ੍ਹਾਂ ਖੈਬਰ ਪਖਤੂਨਖਵਾ ਸੂਬੇ ਦੇ ‘ਪੀਰ ਬਾਬਾ’ ਵਿਖੇ ਇਕ ਸਿੱਖ ਅਧਿਆਪਕ ਨੂੰ ਅਗਵਾ ਕਰ ਕੇ ਉਸ  ਦਾ ਜਬਰੀ ਧਰਮ ਤਬਦੀਲ ਕੀਤੇ ਜਾਣ ਵਿਰੁੱਧ  ਇਲਾਕੇ ’ਚ ਰੋਸ ਭੜਕ ਉੱਠਿਆ।  ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਣ ਨਾਲ ਪਾਕਿਸਤਾਨ  ’ਚ  ਸਿੱਖ ਭਾਈਚਾਰੇ ਦੀ ਹੋਂਦ ਵੀ ਖਤਰੇ ’ਚ ਹੈ। 

ਕਰਾਚੀ, ਲਾਹੌਰ, ਫੈਸਲਾਬਾਦ ਅਤੇ ਪੇਸ਼ਾਵਰ ਸ਼ਹਿਰਾਂ ਤੋਂ ਇਲਾਵਾ ਪਿੰਡਾਂ ’ਚ ਵੱਡੀ ਗਿਣਤੀ ’ਚ ਰਹਿਣ ਵਾਲੇ ਇਸਾਈ ਭਾਈਚਾਰੇ ਦੇ ਮੈਂਬਰ ਵੀ ਇਸਲਾਮੀ ਕੱਟੜਪੰਥੀਆਂ ਦੇ ਨਿਸ਼ਾਨੇ ’ਤੇ ਹਨ।  ਉੱਥੇ ਈਸਾਈ ਭਾਈਚਾਰੇ ਨਾਲ ਸਬੰਧਤ ਸਾਬਕਾ ਘੱਟ ਗਿਣਤੀ ਮਾਮਲਿਆਂ ਦੇ ਕਲਿਆਣ ਮੰਤਰੀ ਸ਼ਾਹਬਾਜ਼ ਭੱਟੀ ਨੂੰ 2011 ’ਚ ਤਾਲਿਬਾਨ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ ਜਦੋਂ ਕਿ 2013 ’ਚ ਪੇਸ਼ਾਵਰ ਸਥਿਤ ਇਕ ਗਿਰਜਾਘਰ ’ਤੇ ਆਤਮਘਾਤੀ ਹਮਲੇ  ’ਚ ਇਸ ਭਾਈਚਾਰੇ ਦੇ ਦਰਜਨਾਂ ਵਿਅਕਤੀ ਮਾਰੇ ਗਏ। 
ਅਗਸਤ 2021 ’ਚ ਬਹਾਵਲਪੁਰ ਦੇ ਯਜਮਾਨ ਸ਼ਹਿਰ ’ਚ ਮੁਹੰਮਦ ਵਸੀਮ ਨਾਮੀ ਵਿਅਕਤੀ ਨੇ ਅਨੀਤਾ ਨਾਮੀ ਇਕ ਈਸਾਈ ਮੁਟਿਆਰ ਦਾ ਜਬਰੀ ਧਰਮ ਤਬਦੀਲ ਕਰਵਾਉਣ ਪਿੱਛੋਂ ਉਸ ਨਾਲ ਵਿਆਹ ਕਰ ਲਿਆ ਅਤੇ ਉਸ ਨੂੰ ਇਕ ਕਮਰੇ ’ਚ ਬੰਦ  ਰੱਖ ਕੇ ਵਾਰ-ਵਾਰ ਉਸ ਨਾਲ ਜਬਰ-ਜ਼ਨਾਹ ਕੀਤਾ। ਇਸੇ ਸਾਲ ਜਨਵਰੀ ’ਚ ਪੇਸ਼ਾਵਰ ਸ਼ਹਿਰ ’ਚ ਅਗਿਆਤ ਬੰਦੂਕਧਾਰੀਆਂ ਨੇ ਇਕ ਪਾਦਰੀ ਦੀ ਹੱਤਿਆ ਕਰ ਦਿੱਤੀ  ਜਦੋਂ ਕਿ  ਸਾਥੀ ਪਾਦਰੀ ਜ਼ਖਮੀ ਹੋ ਗਿਆ। 

ਇੱਥੇ ਹੀ ਬਸ ਨਹੀਂ, ਪਾਕਿਸਤਾਨ ’ਚ ਰਹਿੰਦੇ ਅਹਿਮਦੀਆ ਭਾਈਚਾਰੇ ਦੇ ਮੈਂਬਰ ਵੀ ਇਸਲਾਮੀ ਕੱਟੜਪੰਥੀਆਂ, ਜਿਨ੍ਹਾਂ ਨੂੰ ਅਕਸਰ ਕਾਨੂੰਨ ਅਤੇ ਪ੍ਰਸ਼ਾਸਨ ਦੀ ਖਾਮੋਸ਼ ਪ੍ਰਵਾਨਗੀ ਰਹਿੰਦੀ ਹੈ, ਦੇ ਨਿਸ਼ਾਨੇ ’ਤੇ ਆਏ ਹੋਏ ਹਨ। 
ਪਾਕਿਸਤਾਨੀ ਸੰਸਦ ਨੇ 1974 ’ਚ ਅਹਿਮਦੀਆ ਮੁਸਲਿਮ ਜਮਾਤ ਨੂੰ ਗੈਰ-ਮੁਸਲਿਮ ਕਰਾਰ ਿਦੱਤਾ ਸੀ ਅਤੇ 1984 ’ਚ ਜਨਰਲ ਜ਼ਿਆ ਉਲ ਹਕ ਨੇ  ਆਰਡੀਨੈਂਸ ਪਾਸ ਕਰ ਕੇ ਅਹਿਮਦੀ  ਭਾਈਚਾਰਿਆਂ ਦੇ ਉਨ੍ਹਾਂ ਸਭ ਕੰਮਾਂ ’ਤੇ ਪਾਬੰਦੀ ਲਾ ਦਿੱਤੀ ਜਿਨ੍ਹਾਂ ਰਾਹੀਂ ਉਹ ਮੁਸਲਮਾਨ ਜ਼ਾਹਿਰ ਹੁੰਦੇ ਹੋਣ। 

ਇਸ ਕਾਨੂੰਨ ਅਧੀਨ ਹਜ਼ਾਰਾਂ ਅਹਿਮਦੀਆਂ ਦੀ ਹੱਤਿਆ ਕਰ ਦਿੱਤੀ ਗਈ। ਅੱਜ ਵੀ ਪਾਕਿਸਤਾਨ ਦੀਆਂ ਜੇਲਾਂ ’ਚ ਅਹਿਮਦੀਆ ਭਾਈਚਾਰੇ ਦੇ ਕਈ ਮੈਂਬਰ  ਸਜ਼ਾ ਕੱਟ ਰਹੇ ਹਨ। ਇਹੀ ਨਹੀਂ, ਲਾਹੌਰ ਦੀ ਮਸਜਿਦ ’ਚ 92 ਮਾਸੂਮ ਅਹਿਮਦੀਆਂ ਦੀ ਨਮਾਜ਼ ਪੜ੍ਹਦੇ ਹੋਏ ਗੋਲੀਆਂ ਮਾਰ ਕੇ 2010 ’ਚ ਹੱਤਿਆ ਕਰ ਦਿੱਤੀ ਗਈ ਸੀ। ਅਹਿਮਦੀਆ ਭਾਈਚਾਰੇ ਦੀਆਂ ਧਾਰਮਿਕ ਥਾਵਾਂ ਨੂੰ ਅਪਵਿੱਤਰ  ਵੀ ਕੀਤਾ ਜਾ ਰਿਹਾ ਹੈ।  ਇਸੇ 22 ਨਵੰਬਰ ਨੂੰ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਹਾਫਿਜ਼ਾਬਾਦ ਜ਼ਿਲੇ ’ਚ ਸਥਿਤ ਪ੍ਰੇਮਕੋਟ ਕਬਰਿਸਤਾਨ ’ਚ  ਅਸਹਿਣਸ਼ੀਲ ਅਨਸਰਾਂ ਨੇ ਅਹਿਮਦੀਆਂ  ਦੀਆਂ 4 ਕਬਰਾਂ ’ਤੇ ਅਹਿਮਦੀ ਵਿਰੋਧੀ ਅਪਸ਼ਬਦ ਲਿਖ ਦਿੱਤੇ। ਕੁਲ ਮਿਲਾ ਕੇ ਪਾਕਿਸਤਾਨ ’ਚ ਘੱਟ ਗਿਣਤੀਆਂ ਨੂੰ ਦਬਾਉਣ ਲਈ ਈਸ਼ਨਿੰਦਾ ਕਾਨੂੰਨ ਦੀ ਭਾਰੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਅਧੀਨ ਵੱਡੀ ਗਿਣਤੀ ’ਚ ਘੱਟ ਗਿਣਤੀ ਜੇਲਾਂ ’ਚ ਬੰਦ ਕਰ ਦਿੱਤੇ ਗਏ ਹਨ ਜਿਸ ਨੂੰ ਰੋਕਣ ਲਈ  ਕੌਮਾਂਤਰੀ ਭਾਈਚਾਰੇ ਨੂੰ ਪਾਕਿਸਤਾਨ ਸਰਕਾਰ ’ਤੇ ਦਬਾਅ ਬਣਾਉਣਾ ਚਾਹੀਦਾ ਹੈ।

 –ਵਿਜੇ ਕੁਮਾਰ


author

Mandeep Singh

Content Editor

Related News