ਅੱਜ ਦੇ ‘ਤਣਾਅਪੂਰਨ ਮਾਹੌਲ ’ਚ’ ‘ਪ੍ਰੇਮ ਅਤੇ ਸਦਭਾਵ ਦੇ ਰੌਸ਼ਨ ਚਿਰਾਗ’
Sunday, Apr 18, 2021 - 02:27 AM (IST)

ਜਿੱਥੇ ਇਕ ਪਾਸੇ ਕੋਰੋਨਾ ਮਹਾਮਾਰੀ ਦੇ ਦਰਮਿਆਨ ਹੀ ਜਾਤੀ ਅਤੇ ਧਰਮ ਦੇ ਨਾਂ ’ਤੇ ਕੁਝ ਲੋਕ ਨਫਰਤ ਫੈਲਾਅ ਕੇ ਆਪਣੇ ਕਾਰਿਆਂ ਨਾਲ ਦੇਸ਼ ਦਾ ਮਾਹੌਲ ਵਿਗਾੜ ਰਹੇ ਹਨ, ਉਥੇ ਹੀ ਕਈ ਥਾਵਾਂ ’ਤੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਮੈਂਬਰ ਭਾਈਚਾਰੇ ਅਤੇ ਸਦਭਾਵ ਦੀਆਂ ਸ਼ਾਨਦਾਰ ਉਦਾਹਰਣਾਂ ਵੀ ਪੇਸ਼ ਕਰ ਰਹੇ ਹਨ :
* 15 ਜਨਵਰੀ ਨੂੰ ਰਾਜਸਥਾਨ ਦੇ ‘ਪ੍ਰਤਾਪਗੜ੍ਹ’ ’ਚ ਇਕ ਮਸਜਿਦ ਦੇ ਉਦਘਾਟਨ ਦੇ ਮੌਕੇ ’ਤੇ ਹਿੰਦੂ ਅਤੇ ਮੁਸਲਿਮ ਧਰਮ ਗੁਰੂਆਂ ਨੂੰ ਸੱਦ ਕੇ ਸਟੇਜ ’ਤੇ ਬਿਠਾਇਆ ਗਿਆ। ਸਾਰੇ ਧਰਮਾਂ ਦੀਆਂ ਸਿੱਖਿਆਵਾਂ ਦੇ ਬਾਰੇ ’ਚ ਪ੍ਰਵਚਨ ਦਿੱਤੇ ਗਏ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਗਏ ।
* 19 ਮਾਰਚ ਨੂੰ ਗਾਜ਼ੀਆਬਾਦ ’ਚ ਇਕ ਗਰੀਬ ਮੁਸਲਮਾਨ ਬੱਚੇ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਉਸ ਦੀ ਸਹਾਇਤਾ ਲਈ ਸੋਸ਼ਲ ਮੀਡੀਆ ’ਤੇ ਅਪੀਲ ਕੀਤੀ ਗਈ ਤਾਂ ਵੱਡੀ ਗਿਣਤੀ ’ਚ ਲੋਕਾਂ ਨੇ ਪੈਸੇ ਭੇਜੇ। ਸਭ ਤੋਂ ਵੱਧ ਰਕਮ ਦੇਣ ਵਾਲੇ ਦਾਨੀ ਸੱਜਣ ਹਿੰਦੂ ਸਨ।
* 22 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲੇ ਦੇ ‘ਬਾਰਾ’ ਪਿੰਡ ਦੇ ਰਹਿਣ ਵਾਲੇ ਸ਼ੇਰ ਅਲੀ ਨਾਂ ਦੇ ਮੁਸਲਿਮ ਵਿਅਕਤੀ ਨੇ ਇਕ ਯਤੀਮ ਨੌਜਵਾਨ ਪੱਪੂ ਦਾ ਵਿਆਹ ਇਕ ਹਿੰਦੂ ਮੁਟਿਆਰ ਨਾਲ ਕਰਾਇਆ। ਚਾਰ ਸਾਲ ਦੀ ਉਮਰ ’ਚ ਯਤੀਮ ਹੋ ਗਏ ਪੱਪੂ ਨੂੰ ਸ਼ੇਰ ਅਲੀ ਨੇ ਗੋਦ ਲੈ ਕੇ ਪਾਲਿਆ ਸੀ ਜੋ ਹੁਣ 20 ਸਾਲ ਦਾ ਹੋ ਗਿਆ ਹੈ।
ਸ਼ੇਰ ਅਲੀ ਨੇ ਖੁਦ ਉਸ ਦੇ ਸਿਰ ’ਤੇ ਸਿਹਰਾ ਬੰਨ੍ਹਿਆ, ਧੂਮ-ਧਾਮ ਨਾਲ ਬਰਾਤ ਕੱਢੀ, ਬੈਂਡ-ਵਾਜਾ ਵਜਵਾਇਆ ਅਤੇ ਹਿੰਦੂ ਰੀਤੀ ਨਾਲ ਉਸ ਦਾ ਵਿਆਹ ਕਰਵਾਉਣ ਦੇ ਇਲਾਵਾ ਗ੍ਰਹਿਸਥ ਜ਼ਿੰਦਗੀ ’ਚ ਪ੍ਰਵੇਸ਼ ਕਰ ਕੇ ਅੱਗੇ ਦੀ ਜ਼ਿੰਦਗੀ ਬਿਤਾਉਣ ਲਈ ਇਕ ਮਕਾਨ ਵੀ ਬਣਵਾ ਕੇ ਦਿੱਤਾ।
* 23 ਮਾਰਚ ਨੂੰ ਬਿਹਾਰ ਦੇ ‘ਆਰਾ’ ’ਚ ਵੇਦ ਪ੍ਰਕਾਸ਼ ਨਾਂ ਦੇ ਅਧਿਆਪਕ ਨੇ ਜਣੇਪਾ ਪੀੜਾਂ ਨਾਲ ਜੂਝ ਰਹੀ ਮੁਸਲਿਮ ਔਰਤ ਨੂੰ ਖੂਨ ਦੀ ਲੋੜ ਦਾ ਪਤਾ ਲੱਗਣ ’ਤੇ ਤੁਰੰਤ ਹਸਪਤਾਲ ਪਹੁੰਚ ਕੇ ਖੂਨ ਦੇ ਕੇ ਉਸ ਦੀ ਜਾਨ ਬਚਾਈ।
* 03 ਅਪ੍ਰੈਲ ਨੂੰ ਮੱਧ ਪ੍ਰਦੇਸ਼ ’ਚ ‘ਵਿਦਿਸ਼ਾ’ ਜ਼ਿਲੇ ਦੇ ‘ਸ਼ੇਰਪੁਰ’ ਪਿੰਡ ’ਚ ਜਦੋਂ ਕੁਝ ਮੁਸਲਮਾਨ ਕਿਸਾਨ ਮਸਜਿਦ ’ਚ ਨਮਾਜ਼ ਪੜ੍ਹ ਰਹੇ ਸਨ, ਤਦ ਨਿਤੀਸ਼ ਖਾਨ ਨਾਂ ਦੇ ਇਕ ਕਿਸਾਨ ਦੇ ਖੇਤ ਤੋਂ ਸ਼ੁਰੂ ਹੋ ਕੇ ਅੱਗ ਤੇਜ਼ ਹਵਾ ਦੇ ਕਾਰਨ ਨੇੜੇ-ਤੇੜੇ ਦੇ ਖੇਤਾਂ ’ਚ ਫੈਲਣ ਲੱਗੀ ਜਿੱਥੇ ਕਣਕ ਦੀ ਪੱਕੀ ਫਸਲ ਦੀ ਵਾਢੀ ਚੱਲ ਰਹੀ ਸੀ।
ਇਸ ਦਾ ਪਤਾ ਲੱਗਣ ’ਤੇ ਰਾਹੁਲ ਕੇਵਟ ਦੀ ਅਗਵਾਈ ’ਚ ਹਿੰਦੂ ਨੌਜਵਾਨਾਂ ਦਾ ਇਕ ਸਮੂਹ ਅੱਗੇ ਆਇਆ ਅਤੇ ਜਾਨ ਜੋਖਮ ’ਚ ਪਾ ਕੇ ਅੱਗ ਨੂੰ ਫੈਲਣ ਤੋਂ ਰੋਕ ਕੇ ਲਗਭਗ 300 ਵਿਘਾ ਇਲਾਕੇ ’ਚ ਖੜ੍ਹੀ ਕਣਕ ਦੀ ਫਸਲ ਨੂੰ ਸੜਨ ਤੋਂ ਬਚਾਇਆ।
* 07 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਗੁਣਾ ਜ਼ਿਲੇ ਦੇ ‘ਮਿਰਗਵਾਸ’ ਕਸਬੇ ’ਚ ਰਹਿਣ ਵਾਲੇ ਯੁਸੂਫ ਖਾਨ ਦੇ ਪੁੱਤਰ ਇਰਫਾਨ ਦਾ ਵਿਆਹ ਸੀ। ਇਸ ਮੌਕੇ ਦੇ ਲਈ ਛਪਵਾਏ ਸੱਦਾ ਪੱਤਰ ’ਤੇ ਉਨ੍ਹਾਂ ਨੇ ਫਿਰਕੂ ਭਾਈਚਾਰੇ ਦੀ ਅਨੋਖੀ ਮਿਸਾਲ ਪੇਸ਼ ਕੀਤੀ।
ਉਨ੍ਹਾਂ ਨੇ ਕਾਰਡ ਦੇ ਇਕ ਪਾਸੇ ‘ਸ਼੍ਰੀਗਣੇਸ਼ਾਏ ਨਮ :’ ਦੇ ਨਾਲ ਭਗਵਾਨ ਗਣੇਸ਼ ਦੀ ਤਸਵੀਰ ਛਪਵਾ ਕੇ ਇਸ ਦੇ ਹੇਠਾਂ ਲਿਖਿਆ ‘ਈਸ਼ਵਰ, ਅੱਲ੍ਹਾ ਕੇ ਨਾਮ ਸੇ ਹਰ ਕਾਮ ਕਾ ਆਗਾਜ਼ ਕਰਤਾ ਹੂੰ, ਉਨਹੀਂ ਪਰ ਹੈ ਭਰੋਸਾ ਉਨਹੀਂ ਪਰ ਨਾਜ਼ ਕਰਤਾ ਹੂੰ।’ ਸੱਦਾ ਪੱਤਰ ਦੇ ਦੂਸਰੇ ਪਾਸੇ ਉਨ੍ਹਾਂ ਨੇ ਮੁਸਲਮਾਨਾਂ ਦਾ ਸ਼ੁੱਭ ਸੂਚਕ ਅੰਕ ‘786’ ਅੰਕਿਤ ਕੀਤਾ।
* 11 ਅਪ੍ਰੈਲ ਨੂੰ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਸਬਰੀਮਾਲਾ ਮੰਦਰ ’ਚ ਪਹੁੰਚ ਕੇ ਭਗਵਾਨ ਅਯੱਪਾ ਦੇ ਦਰਸ਼ਨ ਕੀਤੇ।
* 12 ਅਪ੍ਰੈਲ ਨੂੰ ਬਿਹਾਰ ਦੇ ਦਰਭੰਗਾ ਜ਼ਿਲੇ ’ਚ ਇਕ ਕਲਯੁਗੀ ਪੁੱਤਰ ਨੇ ਆਪਣੇ ਪਿਤਾ ਦੀ ਕੋਰੋਨਾ ਵਾਇਰਸ ਨਾਲ ਮੌਤ ਦੇ ਬਾਅਦ ਉਸ ਦੀ ਲਾਸ਼ ਲੈਣ ਤੋਂ ਨਾਂਹ ਕਰ ਦਿੱਤੀ ਤਾਂ ਮੁਸਲਿਮ ਭਰਾਵਾਂ ਨੇ ਹਿੰਦੂ ਰੀਤੀ ਨਾਲ ਉਸ ਦਾ ਅੰਤਿਮ ਸੰਸਕਾਰ ਕਰਵਾਇਆ।
* ਫਿਰਕੂ ਭਾਈਚਾਰੇ ਦੀ ਇਕ ਹੋਰ ਮਿਸਾਲ ਕਾਨਪੁਰ ਦੀ ਡਾਕਟਰ ਮਾਹੇ ਤਲਤ ਸਦਿਕੀ ਨਾਂ ਦੀ ਇਕ ਮੁਸਲਿਮ ਅਧਿਆਪਿਕਾ ਨੇ ‘ਰਾਮ ਚਰਿਤ ਮਾਨਸ’ ਦੀਆਂ ਚੌਪਾਈਆਂ ਦਾ ਉਰਦੂ ’ਚ ਅਨੁਵਾਦ ਕਰ ਕੇ ਪੇਸ਼ ਕੀਤੀ ਹੈ।
* 14 ਅਪ੍ਰੈਲ ਨੂੰ ਰਾਜਸਥਾਨ ’ਚ ਉਦੇਪੁਰ ਦੇ ਰਹਿਣ ਵਾਲੇ ਅਕੀਲ ਮਨਸੂਰ ਨਾਮਕ ਨੌਜਵਾਨ ਨੇ ਗੰਭੀਰ ਤੌਰ ’ਤੇ ਬੀਮਾਰ ਨਿਰਮਲਾ ਅਤੇ ਅਲਕਾ ਨਾਮੀ ਦੋ ਕੋਰੋਨਾ ਪੀੜਤ ਔਰਤਾਂ ਦੀ ਜਾਨ ਬਚਾਉਣ ਲਈ ਰਮਜ਼ਾਨ ਦੇ ਮਹੀਨੇ ’ਚ ਰੋਜ਼ਾ ਤੋੜ ਕੇ ਆਪਣਾ ਪਲਾਜ਼ਮਾ ਉਨ੍ਹਾਂ ਨੂੰ ਡੋਨੇਟ ਕੀਤਾ ਜਿਸ ਨਾਲ ਦੋਵਾਂ ਔਰਤਾਂ ਦੀ ਜਾਨ ਬਚ ਗਈ।
* 16 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ’ਚ ਇਕ ਸੜਕ ਹਾਦਸੇ ’ਚ ਗੰਭੀਰ ਰੂਪ ’ਚ ਜ਼ਖਮੀ ਹੋਣ ਦੇ ਕਾਰਨ ਜੀ. ਐੱਮ. ਸੀ. ਜੰਮੂ ਦੇ ਆਈ. ਸੀ. ਯੂ. ’ਚ ਇਲਾਜ ਅਧੀਨ ਦੀਪਕ ਕੁਮਾਰ ਨਾਂ ਦੇ ਨੌਜਵਾਨ ਦੇ ਇਲਾਜ ਲਈ ਡੋਡਾ ਜ਼ਿਲੇ ਦੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਜੁੰਮੇ ਦੀ ਨਮਾਜ਼ ਦੇ ਬਾਅਦ ਚੰਦਾ ਇਕੱਠਾ ਕੀਤਾ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਬੇਸ਼ੱਕ ਹੀ ਕੁਝ ਲੋਕ ਜਾਤੀ, ਧਰਮ ਦੇ ਨਾਂ ’ਤੇ ਸਮਾਜ ’ਚ ਨਫਰਤ ਫੈਲਾਉਂਦੇ ਹੋਣ ਪਰ ਇਸੇ ਸਮਾਜ ’ਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀ ਬਦੌਲਤ ਦੇਸ਼ ਅਤੇ ਸਮਾਜ ’ਚ ਆਪਸੀ ਪ੍ਰੇਮਪੂਰਵਕ ਮਿਲ-ਜੁਲ ਕੇ ਰਹਿਣ ਦੀ ਭਾਵਨਾ ਜ਼ਿੰਦਾ ਹੈ। ਜਦ ਤੱਕ ਭਾਈਚਾਰੇ ਅਤੇ ਸਦਭਾਵ ਦੇ ਇਹ ਬੰਧਨ ਕਾਇਮ ਰਹਿਣਗੇ, ਸਾਡੇ ਦੇਸ਼ ਵੱਲ ਕੋਈ ਟੇਢੀ ਅੱਖ ਨਾਲ ਦੇਖਣ ਦੀ ਹਿੰਮਤ ਨਹੀਂ ਕਰ ਸਕਦਾ।
-ਵਿਜੇ ਕੁਮਾਰ