ਵਿਸ਼ਿਆਂ ''ਚ ਫੇਲ ਅਧਿਆਪਕ ਪੜ੍ਹਾ ਰਹੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ''ਚ

01/09/2018 3:32:55 AM

ਇਨ੍ਹੀਂ ਦਿਨੀਂ ਪੰਜਾਬ ਵਿਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਲੈ ਕੇ ਇਕ ਬਹਿਸ ਜਿਹੀ ਛਿੜੀ ਹੋਈ ਹੈ। ਜਿਥੇ ਵਿਦਿਆਰਥੀਆਂ ਦੇ ਗਿਆਨ ਤੇ ਸਿੱਖਿਆ ਦੇ ਮਿਆਰ 'ਚ ਗਿਰਾਵਟ ਚਿੰਤਾ ਦਾ ਵਿਸ਼ਾ ਹੈ, ਉਥੇ ਹੀ ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਪੜ੍ਹਾਉਣ ਵਾਲੇ 300 ਤੋਂ ਜ਼ਿਆਦਾ ਅਧਿਆਪਕਾਂ ਦਾ ਗਿਆਨ ਤੇ ਸਿੱਖਿਆ ਦਾ ਮਿਆਰ ਵੀ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। 
ਹੁਣੇ ਜਿਹੇ 'ਸੂਚਨਾ ਦਾ ਅਧਿਕਾਰ' ਕਾਨੂੰਨ ਦੇ ਤਹਿਤ ਮਿਲੀ ਜਾਣਕਾਰੀ 'ਚ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਸਬੰਧੀ ਹੈਰਾਨੀਜਨਕ ਖੁਲਾਸੇ ਹੋਏ ਹਨ। ਇਨ੍ਹਾਂ ਮੁਤਾਬਿਕ ਉਕਤ ਅਧਿਆਪਕ 10ਵੀਂ ਜਮਾਤ ਦੇ ਬੋਰਡ ਦੇ ਇਮਤਿਹਾਨ 'ਚ ਇਕ ਜਾਂ ਦੋ ਵਿਸ਼ੇ ਕਲੀਅਰ ਕਰਨ ਵਿਚ ਨਾਕਾਮ ਰਹੇ ਅਤੇ ਕੁਝ ਅਧਿਆਪਕਾਂ ਨੇ ਤਾਂ ਅੰਗਰੇਜ਼ੀ ਤੇ ਗਣਿਤ 'ਚ ਬਹੁਤ ਘੱਟ, ਭਾਵ ਕ੍ਰਮਵਾਰ 1 ਅਤੇ 9 ਨੰਬਰ ਹੀ ਹਾਸਿਲ ਕੀਤੇ ਸਨ। 
ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਜਾਂ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਜਾਂ ਫਿਰ ਦਸਤਾਵੇਜ਼ਾਂ ਦੀ ਜਾਂਚ 'ਚ ਕੁਤਾਹੀ ਕਾਰਨ ਨੌਕਰੀ ਹਾਸਿਲ ਕੀਤੀ। ਜ਼ਿਕਰਯੋਗ ਹੈ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੀ ਨੌਕਰੀ ਲਈ ਅਪਲਾਈ ਕਰਨ ਵਾਸਤੇ ਕਿਸੇ ਉਮੀਦਵਾਰ ਦਾ 10ਵੀਂ ਤੇ 12ਵੀਂ ਦੀਆਂ ਜਮਾਤਾਂ 'ਚ ਸਾਰੇ ਵਿਸ਼ਿਆਂ ਵਿਚ ਪਾਸ ਹੋਣਾ ਲਾਜ਼ਮੀ ਹੈ। 
ਪੰਜਾਬ ਦੀ ਇਕ ਐੱਨ. ਜੀ. ਓ. 'ਸੋਸ਼ਲ ਰਿਫਾਰਮਰਜ਼'  ਵਲੋਂ 'ਸੂਚਨਾ ਦਾ ਅਧਿਕਾਰ' ਕਾਨੂੰਨ ਦੇ ਤਹਿਤ ਸੂਬੇ ਦੇ ਸਕੂਲਾਂ 'ਚ ਅਧਿਆਪਕਾਂ ਦੀ ਗਿਣਤੀ ਤੇ ਉਨ੍ਹਾਂ ਦੀ ਵਿੱਦਿਅਕ ਯੋਗਤਾ ਜਾਣਨ ਸਬੰਧੀ ਲਾਈ ਅਰਜ਼ੀ ਦੇ ਜਵਾਬ 'ਚ ਉਕਤ ਅੰਕੜੇ ਸਾਹਮਣੇ ਆਏ ਹਨ। 
ਹੁਣ ਤਕ 10 ਜ਼ਿਲਿਆਂ ਵਲੋਂ ਦਿੱਤੇ ਗਏ ਅੰਕੜਿਆਂ ਮੁਤਾਬਿਕ 10ਵੀਂ ਜਮਾਤ ਦੇ ਇਮਤਿਹਾਨ 'ਚ 313 ਅਧਿਆਪਕ ਗਣਿਤ, ਸਾਇੰਸ, ਅੰਗਰੇਜ਼ੀ, ਹਿੰਦੀ ਤੇ ਸੋਸ਼ਲ ਸਾਇੰਸ ਵਿਸ਼ਿਆਂ 'ਚ ਫੇਲ ਹੋਏ। ਐੱਨ. ਜੀ. ਓ. ਦੇ ਵਾਈਸ ਪ੍ਰੈਜ਼ੀਡੈਂਟ ਹਰਪ੍ਰੀਤ ਸੰਧੂ ਅਨੁਸਾਰ, ''ਇਹ ਤਾਂ ਨਮੂਨਾ ਮਾਤਰ ਹੈ, ਸਾਨੂੰ ਕੁਲ ਅੰਕੜਿਆਂ ਦਾ 20 ਫੀਸਦੀ ਹੀ ਹਾਸਿਲ ਹੋਇਆ ਹੈ।''
ਪ੍ਰਾਪਤ ਜਾਣਕਾਰੀ 2007 ਤੋਂ ਬਾਅਦ ਦੀ ਹੈ, ਜਦੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਸੱਤਾ 'ਚ ਸੀ। ਰਿਕਾਰਡ ਮੁਤਾਬਿਕ ਤਰਨਤਾਰਨ ਜ਼ਿਲੇ 'ਚ 36 ਅਧਿਆਪਕ ਅਜਿਹੇ ਹਨ, ਜੋ 10ਵੀਂ ਜਮਾਤ ਦੇ ਬੋਰਡ ਦੇ ਇਮਤਿਹਾਨ 'ਚ ਇਕ ਜਾਂ ਜ਼ਿਆਦਾ ਵਿਸ਼ੇ ਕਲੀਅਰ ਕਰਨ 'ਚ ਨਾਕਾਮ ਰਹੇ। ਇਨ੍ਹਾਂ 'ਚੋਂ ਇਕ ਅਧਿਆਪਕ ਨੂੰ ਗਣਿਤ 'ਚ 100 'ਚੋਂ 9 ਨੰਬਰ ਮਿਲੇ ਸਨ, ਜਦਕਿ 2 ਅਧਿਆਪਕਾਂ ਨੇ ਅੰਗਰੇਜ਼ੀ 'ਚ ਕ੍ਰਮਵਾਰ 1 ਅਤੇ 4 ਨੰਬਰ ਹਾਸਿਲ ਕੀਤੇ। 
ਮੋਗਾ ਜ਼ਿਲੇ 'ਚ 59 ਅਧਿਆਪਕ 10ਵੀਂ ਜਮਾਤ  ਦੇ ਇਕ ਜਾਂ ਜ਼ਿਆਦਾ ਵਿਸ਼ੇ ਕਲੀਅਰ ਕਰਨ 'ਚ ਨਾਕਾਮ ਰਹੇ। ਇਨ੍ਹਾਂ 'ਚੋਂ 31 ਅਧਿਆਪਕ ਗਣਿਤ 'ਚ, 10 ਅੰਗਰੇਜ਼ੀ 'ਚ, 6 ਸਾਇੰਸ 'ਚ ਅਤੇ 11 ਸੋਸ਼ਲ ਸਾਇੰਸ 'ਚ ਫੇਲ ਹੋਏ, ਜਦਕਿ 1 ਹਿੰਦੀ 'ਚ ਫੇਲ ਹੋਇਆ।
ਸੰਧੂ ਅਨੁਸਾਰ, ''ਅਜਿਹਾ ਲੱਗਦਾ ਹੈ ਜਿਵੇਂ ਮਾਮਲੇ 'ਤੇ ਪਰਦਾ ਪਾਉਣ ਦੀ ਜਾਣਬੁੱਝ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਗਰੂਰ ਦੇ ਜ਼ਿਲਾ ਸਿੱਖਿਆ ਅਧਿਕਾਰੀ ਨੇ ਆਪਣੇ ਜਵਾਬ 'ਚ ਕਿਹਾ ਕਿ ਇਸ ਜ਼ਿਲੇ 'ਚ ਕੋਈ ਵੀ ਅਧਿਆਪਕ ਸਕੂਲ ਦੇ ਫਾਈਨਲ ਇਮਤਿਹਾਨ 'ਚ ਫੇਲ ਨਹੀਂ ਹੋਇਆ ਪਰ ਮਾਲੇਰਕੋਟਲਾ (ਸੰਗਰੂਰ ਜ਼ਿਲਾ) ਦੇ ਬਲਾਕ ਸਿੱਖਿਆ ਅਧਿਕਾਰੀ ਨੇ ਕਿਹਾ ਹੈ ਕਿ 4 ਅਧਿਆਪਕ ਗਣਿਤ ਅਤੇ ਸਾਇੰਸ 'ਚ ਫੇਲ ਹੋਏ ਸਨ।''
''ਲੁਧਿਆਣਾ ਜ਼ਿਲੇ ਤੋਂ ਸਾਨੂੰ ਸਿਰਫ ਇਕ ਬਲਾਕ ਤੋਂ ਜਾਣਕਾਰੀ ਮਿਲੀ ਹੈ, ਜਿਥੇ 19 ਅਧਿਆਪਕ ਆਪਣੇ ਸਾਰੇ ਪ੍ਰਸ਼ਨ ਪੱਤਰ ਕਲੀਅਰ ਕਰਨ 'ਚ ਨਾਕਾਮ ਰਹੇ।''
ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲਿਆਂ 'ਚ ਅਜਿਹੇ ਅਧਿਆਪਕਾਂ ਦੀ ਗਿਣਤੀ 40-50 ਦੇ ਦਰਮਿਆਨ ਹੈ। ਪਠਾਨਕੋਟ ਦੇ ਅਜਿਹੇ 18 ਅਧਿਆਪਕਾਂ 'ਚੋਂ 1 ਨੇ ਦੁਬਾਰਾ ਇਮਤਿਹਾਨ ਦੇਣ ਤੋਂ ਬਾਅਦ ਪਰਚਾ ਕਲੀਅਰ ਕੀਤਾ, ਜਿਸ 'ਚ ਉਹ ਫੇਲ ਹੋ ਗਿਆ ਸੀ। 
ਉਕਤ ਖ਼ਬਰ ਦੇ ਛਪਣ ਤੋਂ ਬਾਅਦ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਇਸ ਦੀ ਜਾਂਚ ਦਾ ਹੁਕਮ ਦਿੰਦਿਆਂ ਕਿਹਾ ਹੈ ਕਿ ''ਇਹ ਮਾਮਲਾ ਹੁਣੇ-ਹੁਣੇ ਸਾਡੇ ਨੋਟਿਸ 'ਚ ਆਇਆ ਹੈ, ਜਿਸ ਦੀ ਜਾਂਚ ਦਾ ਹੁਕਮ ਦੇ ਦਿੱਤਾ ਗਿਆ ਹੈ ਪਰ ਇਹ ਇਕ ਵੱਡਾ ਕੰਮ ਹੈ ਅਤੇ ਇਸ ਵਿਚ ਸਮਾਂ ਲੱਗੇਗਾ। ਇਸ ਦੌਰਾਨ ਨਿਯੁਕਤੀ ਪ੍ਰਕਿਰਿਆ ਜਾਂਚੀ ਜਾਵੇਗੀ ਅਤੇ ਇਹ ਪਤਾ ਲਾਇਆ ਜਾਵੇਗਾ ਕਿ ਕੀ ਬਿਨੇਕਾਰਾਂ ਨੇ ਜਾਅਲੀ ਨੰਬਰ ਕਾਰਡ ਦਿੱਤੇ ਜਾਂ ਸਰਕਾਰੀ ਸਕੂਲਾਂ 'ਚ ਨੌਕਰੀ ਲੈਣ ਲਈ ਅਧਿਕਾਰੀਆਂ ਨਾਲ ਗੰਢਤੁੱਪ ਕੀਤੀ।''
ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ 'ਚ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਉਹ ਇਸ ਸਬੰਧ 'ਚ ਕਿਸੇ ਵੀ ਜਾਂਚ ਲਈ ਤਿਆਰ ਹਨ। 
ਇਸ ਸਬੰਧ ਵਿਚ 'ਆਮ ਆਦਮੀ ਪਾਰਟੀ' ਦੇ ਨੇਤਾ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ''ਇਹ ਪੰਜਾਬ ਦਾ ਸਭ ਤੋਂ ਵੱਡਾ ਘਪਲਾ ਹੈ। ਸਮੁੱਚੀ ਸਿੱਖਿਆ ਪ੍ਰਣਾਲੀ ਬੱਚਿਆਂ ਦੇ ਜੀਵਨ ਨਾਲ ਖਿਲਵਾੜ ਕਰ ਰਹੀ ਹੈ। ਇਸ ਦੀ ਫੌਰਨ ਸੀ. ਬੀ. ਆਈ. ਜਾਂਚ ਦਾ ਹੁਕਮ ਦਿੱਤਾ ਜਾਣਾ ਚਾਹੀਦਾ ਹੈ।''
ਜਾਂਚ ਦਾ ਨਤੀਜਾ ਕਦੋਂ ਆਵੇਗਾ, ਕਹਿਣਾ ਮੁਸ਼ਕਿਲ ਹੈ ਪਰ ਇਸ ਖੁਲਾਸੇ ਤੋਂ ਇਹ ਜ਼ਰੂਰ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਅਧਿਆਪਕਾਂ ਦੀਆਂ ਨਿਯੁਕਤੀਆਂ 'ਚ ਵੱਡੇ ਪੱਧਰ 'ਤੇ ਧਾਂਦਲੀਆਂ ਹੋਈਆਂ ਹਨ। 
ਲਿਹਾਜ਼ਾ ਇਸ ਮਾਮਲੇ 'ਚ ਨਾ ਸਿਰਫ ਜਾਂਚ ਛੇਤੀ ਤੋਂ ਛੇਤੀ ਪੂਰੀ ਕਰਨ, ਸਗੋਂ ਭਵਿੱਖ 'ਚ ਵੀ ਅਜਿਹੀ ਕੁਤਾਹੀ-ਰਹਿਤ ਨਿਯੁਕਤੀ ਵਿਧੀ ਅਪਣਾਉਣ ਦੀ ਲੋੜ ਹੈ, ਜਿਸ ਨਾਲ ਯੋਗ ਅਧਿਆਪਕਾਂ ਨੂੰ ਹੀ ਨੌਕਰੀ 'ਤੇ ਰੱਖਣਾ ਯਕੀਨੀ ਹੋ ਸਕੇ।    
—ਵਿਜੇ ਕੁਮਾਰ


Vijay Kumar Chopra

Chief Editor

Related News