ਇਮਰਾਨ ਖਾਨ ਦਾ ''ਸਹੁੰ-ਚੁੱਕ ਸਮਾਰੋਹ'' ''ਕੁਝ ਦਿਲਚਸਪੀਆਂ''

Sunday, Aug 19, 2018 - 06:35 AM (IST)

ਇਮਰਾਨ ਖਾਨ ਦਾ ''ਸਹੁੰ-ਚੁੱਕ ਸਮਾਰੋਹ'' ''ਕੁਝ ਦਿਲਚਸਪੀਆਂ''

ਸਾਬਕਾ ਕ੍ਰਿਕਟਰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਇਮਰਾਨ ਖਾਨ ਨੇ 18 ਅਗਸਤ ਨੂੰ ਸਵੇਰੇ 10.50 ਵਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਅਤੇ ਇਮਰਾਨ ਖਾਨ ਆਪਣੇ ਸਹੁੰ ਚੁੱਕਣ ਦੇ ਤਰੀਕੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜਗ-ਹਸਾਈ ਦਾ ਕਾਰਨ ਬਣੇ। 
ਸਮਾਰੋਹ ਵਿਚ ਰਾਸ਼ਟਰਪਤੀ ਮਮਨੂਨ ਹੁਸੈਨ ਵਲੋਂ ਉੁਨ੍ਹਾਂ ਨੂੰ ਉਰਦੂ ਵਿਚ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣ ਦੇ ਦੌਰਾਨ ਇਮਰਾਨ ਖਾਨ ਨੂੰ ਉਰਦੂ ਬੋਲਣ ਵਿਚ ਕਾਫੀ ਮੁਸ਼ਕਿਲ ਹੋਈ। ਲਿਖ ਕੇ ਦਿੱਤੀਆਂ ਹੋਈਆਂ ਕੁਰਾਨ ਦੀਆਂ ਆਇਤਾਂ ਦਾ ਉਚਾਰਣ ਵੀ ਉਹ ਸਹੀ ਢੰਗ ਨਾਲ ਨਹੀਂ ਕਰ ਸਕੇ। 
ਇਮਰਾਨ ਖਾਨ ਕਈ ਵਾਰ ਅਟਕੇ, ਦੋ ਵਾਰ ਰੁਕੇ ਅਤੇ ਮੁਸਕੁਰਾਏ ਤੇ ਉਨ੍ਹਾਂ ਦੀ ਇਹ ਮਜਬੂਰੀ ਦੇਖ ਕੇ ਉਥੇ ਬੈਠੇ ਲੋਕ ਵੀ ਹੱਸਣ ਲੱਗੇ। ਸੋਸ਼ਲ ਮੀਡੀਆ 'ਤੇ ਇਸ ਸਬੰਧ 'ਚ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ। 
ਲੋਕਾਂ ਦਾ ਕਹਿਣਾ ਹੈ, ''ਪਹਿਲੇ ਹੀ ਦਿਨ ਉਨ੍ਹਾਂ ਨੇ ਵਿਰੋਧੀ ਦਲਾਂ ਦੀ ਆਲੋਚਨਾ ਅਤੇ ਪੀ. ਐੱਮ. ਐੱਲ.-ਐੱਨ 'ਤੇ ਧਮਕੀਆਂ ਦੀ ਵਾਛੜ ਕਰ ਦਿੱਤੀ ਹੈ, ਜਿਸ ਤੋਂ ਲਗਦਾ ਨਹੀਂ ਕਿ ਉਨ੍ਹਾਂ ਤੋਂ ਉਹ ਆਸਾਂ ਪੂਰੀਆਂ ਹੋ ਸਕਣਗੀਆਂ, ਜੋ ਲੋਕਾਂ ਨੇ ਉਨ੍ਹਾਂ ਤੋਂ ਲਗਾ ਰੱਖੀਆਂ ਹਨ।''
''ਜਿਸ ਨੂੰ ਦੇਖ ਕੇ ਸਹੁੰ ਪੜ੍ਹਨੀ ਵੀ ਨਹੀਂ ਆਉਂਦੀ, ਉਹ ਦੇਸ਼ ਕੀ ਚਲਾਏਗਾ? ਲਗਦਾ ਹੈ ਕਿ ਉਹ ਸਹੁੰ ਚੁੱਕਣ ਨਾਲੋਂ ਜ਼ਿਆਦਾ ਆਪਣੀ ਸ਼ੇਰਵਾਨੀ ਵੱਲ ਧਿਆਨ ਦੇ ਰਹੇ ਸਨ।''
ਵਰਣਨਯੋਗ ਹੈ ਕਿ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਪਾਕਿਸਤਾਨ 'ਚ ਚੋਣਾਂ ਤੋਂ ਪਹਿਲਾਂ ਇਕ ਕਿਤਾਬ ਲਿਖੀ ਸੀ, ਜਿਸ 'ਚ ਇਮਰਾਨ ਖਾਨ ਸਬੰਧੀ ਹੈਰਾਨ ਕਰਨ ਵਾਲੇ ਇੰਕਸ਼ਾਫ ਕੀਤੇ ਗਏ ਸਨ। 
ਇਸ ਕਿਤਾਬ ਵਿਚ ਰੇਹਮ ਖਾਨ ਨੇ ਲਿਖਿਆ ਸੀ ਕਿ ਇਮਰਾਨ ਖਾਨ ਜ਼ਿਆਦਾਤਰ ਸਮਾਂ ਇੰਗਲੈਂਡ 'ਚ ਰਹੇ ਅਤੇ ਉਥੋਂ ਦੇ ਕਲਚਰ ਤੋਂ ਪ੍ਰਭਾਵਿਤ ਹੋਣ ਕਾਰਨ ਉਨ੍ਹਾਂ ਨੂੰ ਉਰਦੂ ਪੜ੍ਹਨੀ ਨਹੀਂ ਆਉਂਦੀ ਅਤੇ ਨਾ ਹੀ ਉਨ੍ਹਾਂ ਨੇ ਕਦੇ ਕੁਰਾਨ ਪੜ੍ਹੀ ਹੈ। 
ਰੇਹਮ ਖਾਨ ਨੇ ਉਦੋਂ ਇਹ ਵੀ ਕਿਹਾ ਸੀ ਕਿ ਇਮਰਾਨ ਖਾਨ ਧਾਰਮਿਕ ਵਿਅਕਤੀ ਨਹੀਂ ਹਨ ਅਤੇ ਜਾਦੂ-ਟੂਣੇ ਵਿਚ ਵਿਸ਼ਵਾਸ ਰੱਖਦੇ ਹਨ ਤੇ ਫੌਜ ਜੋ ਕਹਿੰਦੀ ਹੈ, ਉਹੀ ਕਰਦੇ ਹਨ। ਰੇਹਮ ਖਾਨ ਨੇ ਇਮਰਾਨ 'ਤੇ ਔਰਤਬਾਜ਼ ਹੋਣ ਅਤੇ ਡਰੱਗਜ਼ ਲੈਣ ਦਾ ਦੋਸ਼ ਵੀ ਲਗਾਇਆ ਸੀ। 
ਉਸ ਸਮੇਂ ਰੇਹਮ ਖਾਨ ਦੇ ਇਨ੍ਹਾਂ ਦੋਸ਼ਾਂ ਨਾਲ ਪਾਕਿਸਤਾਨ 'ਚ ਤੂਫਾਨ ਆ ਗਿਆ ਸੀ ਅਤੇ ਇਸੇ ਕਾਰਨ ਇਮਰਾਨ ਖਾਨ ਨੇ ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਵਿਚ ਇਸ ਕਿਤਾਬ ਦੀ ਵਿਕਰੀ 'ਤੇ ਪਾਬੰਦੀ ਲਗਵਾ ਦਿੱਤੀ ਸੀ। 
ਉਦੋਂ ਲੋਕਾਂ ਨੇ ਇਸ ਨੂੰ ਇਕ ਨਾਰਾਜ਼ ਪਤਨੀ ਦਾ ਵਿਰਲਾਪ ਕਰਾਰ ਦਿੱਤਾ ਸੀ ਪਰ 18 ਅਗਸਤ ਨੂੰ ਸਹੁੰ-ਚੁੱਕ ਸਮਾਰੋਹ ਵਿਚ ਇਮਰਾਨ ਖਾਨ ਦੇ ਆਚਰਣ ਨਾਲ ਉਕਤ ਗੱਲਾਂ ਹੁਣ ਸੱਚ ਸਿੱਧ ਹੋ ਗਈਆਂ ਲਗਦੀਆਂ ਹਨ। 
ਵਰਣਨਯੋਗ ਹੈ ਕਿ ਪਾਕਿਸਤਾਨ 'ਚ ਬੁਰਕਾ ਆਮ ਤੌਰ 'ਤੇ ਨਹੀਂ ਪਹਿਨਿਆ ਜਾਂਦਾ ਪਰ ਇਮਰਾਨ ਖਾਨ ਦੀ ਮੌਜੂਦਾ ਪਤਨੀ ਬੁਸ਼ਰਾ ਮੇਨਕਾ ਸਫੇਦ ਬੁਰਕਾ ਪਹਿਨ ਕੇ ਸਹੁੰ-ਚੁੱਕ ਸਮਾਰੋਹ ਵਿਚ ਆਈ ਤਾਂ ਲੋਕਾਂ 'ਚ ਇਹ ਗੱਲਾਂ ਹੋਣ ਲੱਗੀਆਂ ਕਿ ਪਾਕਿਸਤਾਨ 'ਚ ਕੀ ਹੁਣ ਬੁਰਕਾ ਯੁੱਗ ਵਾਪਸ ਆਵੇਗਾ, ਜਦਕਿ ਇਮਰਾਨ ਖਾਨ ਨੇ ਨਵਾਂ ਪਾਕਿਸਤਾਨ ਬਣਾਉਣ ਅਤੇ ਦੇਸ਼ ਨੂੰ ਆਧੁਨਿਕੀਕਰਨ ਵੱਲ ਲਿਜਾਣ ਦੀ ਗੱਲ ਕਹੀ ਹੈ। 
ਜਿਥੋਂ ਤਕ ਨਵਜੋਤ ਸਿੰਘ ਸਿੱਧੂ ਦੇ ਇਮਰਾਨ ਖਾਨ ਦੇ ਸਹੁੰ-ਚੁੱਕ ਸਮਾਰੋਹ ਵਿਚ ਜਾਣ ਨਾਲ ਉਥੇ ਵਿਵਾਦ ਦਾ ਸਬੰਧ ਹੈ, ਅਸੀਂ ਸਮਝਦੇ ਹਾਂ ਕਿ ਇਸ ਵਿਚ ਕੁਝ ਵੀ ਗਲਤ ਨਹੀਂ ਹੈ ਕਿਉਂਕਿ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਸਰਕਾਰ ਨੇ ਹੀ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਉਹ ਸਿੱਧੂ ਦੇ ਇਮਰਾਨ ਦੇ ਸਹੁੰ-ਚੁੱਕ ਸਮਾਰੋਹ ਵਿਚ ਜਾਣ 'ਤੇ ਸਹਿਮਤ ਸੀ। ਅਤੀਤ ਵਿਚ ਅਟਲ ਬਿਹਾਰੀ ਵਾਜਪਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਜਾ ਚੁੱਕੇ ਹਨ। 
ਪਾਕਿਸਤਾਨ 'ਚ ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਤਾਂ ਇਮਰਾਨ ਦੇ ਪਿੱਛੇ ਜੋ ਲੋਕ ਹਨ, ਉਹੀ ਫੈਸਲਾ ਕਰਨਗੇ, ਭਾਵ ਫੌਜ ਹੀ ਭਾਰਤ-ਪਾਕਿ ਰਿਸ਼ਤਿਆਂ ਦਾ ਭਵਿੱਖ ਤੈਅ ਕਰੇਗੀ। 
ਜਿਥੋਂ ਤਕ ਇਮਰਾਨ ਵਲੋਂ ਨਵਾਂ ਪਾਕਿਸਤਾਨ ਬਣਾਉਣ ਦਾ ਸਬੰਧ ਹੈ, ਉਨ੍ਹਾਂ ਨੇ ਅਗਲੇ 5 ਸਾਲਾਂ ਵਿਚ ਦੇਸ਼ ਦੀ ਸ਼ਾਸਨ ਪ੍ਰਣਾਲੀ ਵਿਚ ਸੁਧਾਰ ਲਿਆਉਣ, ਆਰਥਿਕ ਦਸ਼ਾ ਸੁਧਾਰਨ, ਭ੍ਰਿਸ਼ਟਾਚਾਰ ਮਿਟਾਉਣ, ਮੰਤਰੀਆਂ ਦੀ ਜੁਆਬਦੇਹੀ ਤੈਅ ਕਰਨ, ਇਕ ਕਰੋੜ ਰੋਜ਼ਗਾਰ ਪੈਦਾ ਕਰਨ ਅਤੇ 50 ਲੱਖ ਸਸਤੇ ਮਕਾਨ ਬਣਾਉਣ ਦੀ ਗੱਲ ਕਹੀ ਹੈ। 
ਇਮਰਾਨ ਖਾਨ ਨੂੰ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਦੇ ਕੋਲ ਬਹੁਮਤ ਨਹੀਂ ਹੈ ਅਤੇ ਉਨ੍ਹਾਂ ਨੂੰ ਇਹ ਸਿੱਧ ਕਰਨਾ ਹੋਵੇਗਾ ਕਿ ਉਹ ਫੌਜ ਦੀ ਕਠਪੁਤਲੀ ਨਹੀਂ ਹਨ। ਉਨ੍ਹਾਂ ਨੂੰ ਅੱਤਵਾਦੀਆਂ ਅਤੇ ਤਾਲਿਬਾਨ ਦਾ ਸਾਥ ਛੱਡ ਕੇ ਅਤੇ ਰੱਖਿਆ ਬਜਟ ਘਟਾ ਕੇ ਸ਼ਾਂਤੀਪੂਰਨ ਸਹਿਹੋਂਦ ਦੇ ਰਸਤੇ 'ਤੇ ਚੱਲਣਾ ਪਵੇਗਾ। ਅਮਰੀਕਾ ਅਤੇ ਰੂਸ ਦੀ ਨਾਰਾਜ਼ਗੀ ਦੂਰ ਕਰਨੀ ਹੋਵੇਗੀ, ਤਾਂ ਹੀ ਉਨ੍ਹਾਂ ਨੂੰ ਉਨ੍ਹਾਂ ਤੋਂ ਸਹਾਇਤਾ ਮਿਲ ਸਕੇਗੀ, ਜਦਕਿ ਇਸ ਸਮੇਂ ਪਾਕਿਸਤਾਨ ਕੋਲ ਆਮਦਨ ਦਾ ਇਕੋ-ਇਕ ਸੋਮਾ ਚੀਨ ਤੋਂ ਮਿਲੀ ਗਰਾਂਟ ਹੀ ਹੈ। 
ਕੁਲ ਮਿਲਾ ਕੇ ਇਹ ਇਮਰਾਨ ਲਈ ਇਕ ਚੰਗਾ ਮੌਕਾ ਹੋਵੇਗਾ ਜੇਕਰ ਉਹ ਫੌਜ ਨੂੰ ਅਮਰੀਕਾ, ਅਫਗਾਨਿਸਤਾਨ ਅਤੇ ਭਾਰਤ ਨਾਲ ਸਬੰਧ ਸੁਧਾਰਨ ਲਈ ਰਾਜ਼ੀ ਕਰ ਸਕਣ। 
—ਵਿਜੇ ਕੁਮਾਰ


Related News