ਘਰੇਲੂ ਅਤੇ ਸਜਾਵਟੀ ਰੰਗਾਂ ’ਚ ਨੁਕਸਾਨਦੇਹ ਸੀਸੇ ਦੀ ਮੌਜੂਦਗੀ ਚਿੰਤਾਜਨਕ

10/30/2023 2:41:29 AM

ਇਕ ਅਧਿਐਨ ਮੁਤਾਬਕ ਭਾਰਤ ’ਚ ਵੇਚੇ ਜਾਣ ਵਾਲੇ ਕਈ ਸਾਲਵੈਂਟ ਆਧਾਰਿਤ ਘਰੇਲੂ ਅਤੇ ਸਜਾਵਟੀ ਪੇਂਟ (ਰੰਗਾਂ) ’ਚ ਨੁਕਸਾਨਦੇਹ ਜ਼ਹਿਰੀਲੇ ਸੀਸੇ (ਲੈੱਡ) ਦੀ ਮਾਤਰਾ ਦਾ ਪੱਧਰ ਪ੍ਰਵਾਨਿਤ ਮਾਤਰਾ ਤੋਂ ਕਿਤੇ ਵੱਧ ਪਾਇਆ ਜਾਂਦਾ ਹੈ।

‘ਟਾਕਸਿਕ ਲਿੰਕ’ ਨਾਮੀ ਇਕ ਭਾਰਤੀ ਗੈਰ-ਲਾਭਕਾਰੀ ਸੰਸਥਾ ਅਤੇ ‘ਇੰਟਰਨੈਸ਼ਨਲ ਪਾਲਿਊਟੈਂਟਸ ਐਲੀਮਿਨੇਸ਼ਨ ਨੈੱਟਵਰਕ’ (ਆਈ. ਪੀ. ਈ. ਐੱਨ.) ਵੱਲੋਂ ‘ਭਾਰਤ ’ਚ ਘਰੇਲੂ ਵਰਤੋਂ ਲਈ ਸਾਲਵੈਂਟ ਆਧਾਰਿਤ ਪੇਂਟਸ ’ਚ ਸੀਸਾ’ ਸਿਰਲੇਖ ਵਾਲੇ ਅਧਿਐਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 51 ਸਾਲਵੈਂਟ ਆਧਾਰਿਤ ਪੇਂਟਸ (90 ਫੀਸਦੀ) ’ਚੋਂ 46 ’ਚ ਸੀਸੇ ਦੀ ਮਾਤਰਾ ਪ੍ਰਵਾਨਿਤ 90 ਪੀ. ਪੀ. ਐੱਮ. ਤੋਂ ਵੱਧ ਸੀ। ਇਨ੍ਹਾਂ ’ਚੋਂ 39 (76 ਫੀਸਦੀ) ਪੇਂਟਸ ’ਚ ਤਾਂ 10,000 ਪੀ. ਪੀ. ਐੱਮ. ਤੋਂ ਵੀ ਵੱਧ ਸੀਸਾ ਪਾਇਆ ਗਿਆ।

ਅਧਿਐਨ ’ਚ ਕਿਹਾ ਗਿਆ ਹੈ ਕਿ 90 ਪੀ. ਪੀ. ਐੱਮ. ਤੋਂ ਵੱਧ ਕੁਲ ਸੀਸਾ ਕੰਸੈਂਟ੍ਰੇਸ਼ਨ ਵਾਲੇ ਘਰੇਲੂ ਅਤੇ ਸਜਾਵਟੀ ਪੇਂਟ ਦੇ ਨਿਰਮਾਣ, ਦਰਾਮਦ-ਬਰਾਮਦ, ਵੰਡ, ਵਿਕਰੀ ਅਤੇ ਵਰਤੋਂ ’ਤੇ ਕੌਮੀ ਨਿਯਮਾਂ ਦਾ ਪਾਲਣ ਯਕੀਨੀ ਬਣਾਉਣ ਦੀ ਲੋੜ ਹੈ।

ਵਰਨਣਯੋਗ ਹੈ ਕਿ ਨਵੰਬਰ 2016 ਤੋਂ ਭਾਰਤ ’ਚ 90 ਪੀ. ਪੀ. ਐੱਮ. ਤੋਂ ਉਪਰ ਸੀਸੇ ਦੇ ਪੱਧਰ ਵਾਲੇ ਘਰੇਲੂ ਅਤੇ ਸਜਾਵਟੀ ਪੇਂਟ ਦੇ ਨਿਰਮਾਣ, ਵਪਾਰ, ਦਰਾਮਦ ਅਤੇ ਬਰਾਮਦ ’ਤੇ ਪਾਬੰਦੀ ਲਾ ਦਿੱਤੀ ਗਈ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਮੁਤਾਬਕ ਸੀਸਾ (ਲੈੱਡ) ਆਧਾਰਿਤ ਪੇਂਟ ਸੀਸੇ ਤੋਂ ਪੈਦਾ ਹੋਣ ਵਾਲੀ ਮਾਨਸਿਕ ਸੁਸਤੀ ਦਾ ਇਕ ਵੱਡਾ ਕਾਰਨ ਹੈ ਅਤੇ ਇਹ ਉਨ੍ਹਾਂ ਚੋਟੀ ਦੀਆਂ 10 ਬੀਮਾਰੀਆਂ ’ਚੋਂ ਇਕ ਹੈ, ਜਿਨ੍ਹਾਂ ਦਾ ਬੱਚਿਆਂ ’ਤੇ ਇੰਨਾ ਬੁਰਾ ਅਸਰ ਪੈਂਦਾ ਹੈ ਕਿ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਸੁਧਾਰਿਆ ਨਹੀਂ ਜਾ ਸਕਦਾ ਅਤੇ 6 ਸਾਲ ਤੇ ਇਸ ਤੋਂ ਘੱਟ ਉਮਰ ਦੇ ਬੱਚੇ ਇਸ ਦੇ ਸਭ ਤੋਂ ਵੱਧ ਰਿਸਕ ’ਤੇ ਹੁੰਦੇ ਹਨ।

ਇਸ ਲਈ ਸਾਨੂੰ ਹੁਣ ਸੀਸਾ ਵਾਲੇ ਪੇਂਟ ਦੇ ਬੇਲੋੜੇ ਰਿਸਕ ਤੋਂ ਬਚਣ ਲਈ ਸੀਸਾ ਪੇਂਟ ’ਤੇ ਪਾਬੰਦੀ ਲਾਗੂ ਕਰਨ ਦੀ ਲੋੜ ਹੈ, ਜਿਸ ਦੀ ਵਰਤੋਂ ਘਰੇਲੂ ਕੰਮਾਂ ਦੇ ਨਾਲ-ਨਾਲ ਖਿਡੌਣਿਆਂ ਅਤੇ ਖੇਡਣ ਦੇ ਉਪਕਰਣ ਰੰਗਣ ’ਚ ਕੀਤੀ ਜਾ ਸਕਦੀ ਹੈ।

ਯਕੀਨੀ ਹੀ ਉਕਤ ਰਿਪੋਰਟ ’ਚ ਇਕ ਅਜਿਹੇ ਰਿਸਕ ਵੱਲ ਧਿਆਨ ਦਿਵਾਇਆ ਗਿਆ ਹੈ, ਜਿਸ ਤੋਂ ਹੁਣ ਤੱਕ ਬਹੁਤ ਲੋਕ ਜਾਣੂ ਨਹੀਂ ਸਨ। ਇਸ ਲਈ ਇਸ ਸਬੰਧ ’ਚ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਕਦਮ ਚੁੱਕਣ ਅਤੇ ਖਪਤਕਾਰਾਂ ਨੂੰ ਲੋੜੀਂਦੀ ਸਾਵਧਾਨੀ ਵਰਤਣ ਦੀ ਲੋੜ ਹੈ।


Mukesh

Content Editor

Related News