ਔਰਤਾਂ ਦੀ ਸੁਰੱਖਿਆ ਨੂੰ ਵਧ ਰਹੇ ਖਤਰੇ, ਰੱਖਿਅਕ ਹੀ ਭਕਸ਼ਕ ਬਣਦੇ ਜਾ ਰਹੇ
Tuesday, Jul 25, 2023 - 03:25 AM (IST)

ਅੱਜ ਦੇਸ਼ ’ਚ ਮਾਹੌਲ ਹੀ ਕੁਝ ਅਜਿਹਾ ਬਣ ਗਿਆ ਹੈ ਕਿ ਔਰਤਾਂ ਖੁਦ ਨੂੰ ਬੇਹੱਦ ਅਸੁਰੱਖਿਅਤ ਮਹਿਸੂਸ ਕਰਨ ਲੱਗੀਆਂ ਹਨ ਕਿਉਂਕਿ ਹੁਣ ਤਾਂ ਰੱਖਿਅਕ ਹੀ ਭਕਸ਼ਕ ਬਣਦੇ ਜਾ ਰਹੇ ਹਨ ਜਿਸ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 23 ਜੁਲਾਈ ਨੂੰ ਹੁਸ਼ਿਆਰਪੁਰ (ਪੰਜਾਬ) ’ਚ ਚੱਬੇਵਾਲ ਥਾਣਾ ਪੁਲਸ ਨੇ ਇਲਾਕੇ ਦੇ ਇਕ ਪ੍ਰਸਿੱਧ ਡੇਰੇ ਅਤੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਨੂੰ ਨਾਬਾਲਿਗ ਕੁੜੀ ਨਾਲ ਛੇੜਛਾੜ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 22 ਜੁਲਾਈ ਨੂੰ ਬਿਦਰ (ਕਰਨਾਟਕ) ਦੇ ‘ਹਾਲੀਖੇਡ’ ਪਿੰਡ ’ਚ ਸਥਿਤ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ‘ਨਾਗਸ਼ੈੱਟੀ ਕੁਲਕਰਣੀ’ ਨੂੰ 13 ਤੋਂ 15 ਸਾਲ ਦੀ ਉਮਰ ਦੀਆਂ 4 ਵਿਦਿਆਰਥਣਾਂ ਨੂੰ ਮਠਿਆਈ ਦੇਣ ਦੇ ਬਹਾਨੇ ਆਪਣੇ ਘਰ ਬੁਲਾ ਕੇ ਉਨ੍ਹਾਂ ਨਾਲ ਬਦਤਮੀਜ਼ੀ ਕਰਨ ਅਤੇ ਅਣ-ਉਚਿੱਤ ਢੰਗ ਨਾਲ ਛੂਹਣ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ।
* 22 ਜੁਲਾਈ ਨੂੰ ਹੀ ਕੁਰੂਕਸ਼ੇਤਰ (ਹਰਿਆਣਾ) ਜ਼ਿਲੇ ਦੇ ਬਾਬੈਨ ਪੁਲਸ ਥਾਣੇ ਦੇ ਹੈੱਡ ਕਾਂਸਟੇਬਲ ਸ਼ਾਮ ਲਾਲ ਨੂੰ ਇਕ ਨਾਬਾਲਿਗਾ ਨੂੰ ਕੇਸ ਨਿਪਟਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਬਰਖਾਸਤ ਕੀਤਾ ਗਿਆ।
* 22 ਜੁਲਾਈ ਨੂੰ ਈਟਾਨਗਰ (ਅਰੁਣਾਚਲ) ’ਚ 21 ਬੱਚਿਆਂ (15 ਕੁੜੀਆਂ ਅਤੇ 6 ਮੁੰਡਿਆਂ) ਦੇ ਸੈਕਸ ਸ਼ੋਸ਼ਣ ਦੇ ਦੋਸ਼ੀ ਸਰਕਾਰੀ ਕਾਲਜ ਦੇ ਹੋਸਟਲ ਵਾਰਡਨ ‘ਯੁਮਕੇਨ ਬਾਗਰਾ’ ਦੀ ਜ਼ਮਾਨਤ ਪਟੀਸ਼ਨ ਹਾਈਕੋਰਟ ਨੇ ਰੱਦ ਕੀਤੀ।
* 21 ਜੁਲਾਈ ਨੂੰ ਸ਼ਿਵ ਮੋਗਾ (ਕਰਨਾਟਕ) ਜ਼ਿਲੇ ’ਚ ਇਕ ਗਿਰਜਾਘਰ ਨਾਲ ਸੰਬੰਧਤ ਕਾਲਜ ’ਚ ਪੜ੍ਹਾਉਣ ਵਾਲੇ ਪਾਦਰੀ ‘ਫਰਾਂਸਿਸ ਫਰਨਾਂਡੀਜ਼’ ਨੂੰ ਇਕ ਨਾਬਾਲਿਗਾ ਦੇ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 17 ਜੂਨ ਨੂੰ ਯਮੁਨਾਨਗਰ (ਹਰਿਆਣਾ) ’ਚ ਇਕ ਮੌਲਵੀ ਨੇ 41 ਸਾਲਾ ਔਰਤ ਨੂੰ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਘਟਨਾ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਤਿੰਨ ਲੱਖ ਰੁਪਏ ਵੀ ਠੱਗ ਲਏ।
* 26 ਅਪ੍ਰੈਲ ਨੂੰ ਹੈਦਰਾਬਾਦ (ਤੇਲੰਗਾਨਾ) ਦੇ ਇਕ ਮੰਦਿਰ ’ਚ ਇਕ ਬੱਚੇ ਦੀ ਮਾਂ ਅਤੇ ਤਲਾਕਸ਼ੁਦਾ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਮੰਦਿਰ ਦੇ ਪੁਜਾਰੀ ‘ਭਗਤ ਕਰਮਚੰਦ’ ਨੂੰ ਗ੍ਰਿਫਤਾਰ ਕੀਤਾ ਗਿਆ। ਪੁਜਾਰੀ ਨੇ ਪੀੜਤ ਔਰਤ ਨੂੰ ਉਸ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਬੁਲਾ ਕੇ ਇਹ ਗਲਤ ਕੰਮ ਕਰ ਦਿੱਤਾ।
ਇਨ੍ਹਾਂ ਹਾਲਾਤ ’ਚ ਨਾ ਸਿਰਫ ਔਰਤਾਂ ਦੀ ਸੁਰੱਖਿਆ ਖਤਰੇ ’ਚ ਪੈ ਰਹੀ ਹੈ ਸਗੋਂ ਅਧਿਆਪਕਾਂ, ਪੁਲਸ ਕਰਮਚਾਰੀਆਂ ਅਤੇ ਧਰਮ-ਜਗਤ ਨਾਲ ਜੁੜੇ ਲੋਕਾਂ ਦੀ ਬਦਨਾਮੀ ਵੀ ਹੋ ਰਹੀ ਹੈ।
ਇਸ ਲਈ ਅਜਿਹੇ ਲੋਕਾਂ ਦੇ ਵਿਰੁੱਧ ਤੁਰੰਤ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂਕਿ ਨਾਰੀ ਜਾਤੀ ਦੀ ਅਜਿਹੇ ਲੋਕਾਂ ਤੋਂ ਰੱਖਿਆ ਹੋ ਸਕੇ।
–ਵਿਜੇ ਕੁਮਾਰ