ਲੋਕਾਂ ’ਚ ਵਧ ਰਿਹਾ ਨਿੱਕੀ-ਨਿੱਕੀ ਜਿਹੀ ਗੱਲ ’ਤੇ ‘ਕੁੱਟਣ’ ਅਤੇ ‘ਸਾੜਣ’ ਦਾ ਗਲਤ ਰੁਝਾਨ
Thursday, Oct 06, 2022 - 02:00 AM (IST)
ਦੇਸ਼ ’ਚ ਇਨ੍ਹੀਂ ਦਿਨੀਂ ਗਲਤ ਰੁਝਾਨ ਚੱਲ ਪਿਆ ਹੈ, ਜਿਸ ਦੇ ਅਧੀਨ ਲੋਕ ਨਿੱਕੀ- ਨਿੱਕੀ ਜਿਹੀ ਗੱਲ ’ਤੇ ਆਪੇ ਤੋਂ ਬਾਹਰ ਹੋ ਕੇ ਇਕ ਦੂਜੇ ’ਤੇ ਹਮਲੇ ਕਰਨ ਲੱਗੇ ਹਨ। ਇਸ ਦਾ ਨਤੀਜਾ ਕੁੱਟਣ ਅਤੇ ਸਾੜਣ ਦੀਆਂ ਘਟਨਾਵਾਂ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ, ਜਿਸ ਦੀਆਂ ਲਗਭਗ 1 ਮਹੀਨੇ ਦੀਆਂ ਕੁਝ ਉਦਾਹਰਣਾਂ ਹੇਠਾਂ ਹਨ :
* 10 ਸਤੰਬਰ ਨੂੰ ਭੋਪਾਲ (ਮੱਧ ਪ੍ਰਦੇਸ਼) ਦੇ ‘ਛੋਲਾ ਮੰਦਰ’ ਥਾਣਾ ਇਲਾਕੇ ’ਚ 4 ਸਾਲ ਦੇ ਪੁੱਤਰ ਨੂੰ ਆਪਣੀ ਪਤਨੀ ਦੇ ਕੋਲ ਛੱਡਣ ਸਹੁਰੇ ਆਏ ਇਕ ਵਿਅਕਤੀ ਦੀ ਉਸ ਦੀ ਪਤਨੀ, ਸੱਸ ਅਤੇ ਸਾਲਿਆਂ ਨੇ ਡਾਂਗਾਂ-ਸੋਟਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
* 15 ਸਤੰਬਰ ਨੂੰ ਜੈਸਲਮੇਰ (ਰਾਜਸਥਾਨ) ਦੇ ਦਿੱਗਾ ਪਿੰਡ ’ਚ ਉੱਚੀ ਜਾਤੀ ਦੇ ਲੋਕਾਂ ਦੇ ਘੜੇ ’ਚੋਂ ਪਾਣੀ ਪੀ ਲੈਣ ’ਤੇ ਲੋਕਾਂ ਦੇ ਇਕ ਸਮੂਹ ਨੇ ਇਕ ਦਲਿਤ ਨੂੰ ਲੋਹੇ ਦੀ ਛੜ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ।
* 17 ਸਤੰਬਰ ਨੂੰ ਅੰਮ੍ਰਿਤਸਰ ’ਚ ਬਕਾਇਆ ਪੈਸੇ ਮੰਗਣ ’ਤੇ ਗੁੱਸੇ ’ਚ ਆਏ ਸਮੋਸੇ ਵਾਲੇ ਨੇ ਇਕ 6 ਸਾਲਾ ਬੱਚੀ ਸਮੇਤ 6 ਵਿਅਕਤੀਆਂ ’ਤੇ ਉਭਲਦਾ ਤੇਲ ਪਾ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਏ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ।
* 25 ਸਤੰਬਰ ਨੂੰ ਸੂਰਤ (ਗੁਜਰਾਤ) ਦੀ ਇਕ ਰਿਹਾਇਸ਼ੀ ਸੁਸਾਇਟੀ ’ਚ ਕੂੜਾ ਚੁੱਕਣ ਵਾਲੇ ਇਕ ਵਿਅਕਤੀ ਨੂੰ ਚੋਰ ਹੋਣ ਦੇ ਸ਼ੱਕ ’ਚ ਕੁੱਟ-ਕੁੱਟ ਕੇ ਮਾਰ ਦੇਣ ਦੇ ਦੋਸ਼ ’ਚ ਉਕਤ ਸੁਸਾਇਟੀ ’ਚ ਰਹਿਣ ਵਾਲੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
* 26 ਸਤੰਬਰ ਨੂੰ ਗਾਜ਼ੀਪੁਰ (ਉੱਤਰ ਪ੍ਰਦੇਸ਼) ਦੇ ਪਿੰਡ ‘ਕੁਰਥਾ’ ’ਚ ਘਰ ’ਚ ਇਕੱਲੀ ਬੀ. ਐੱਸ. ਐੱਫ. ਜਵਾਨ ਦੀ ਪਤਨੀ ਦੀ ਅਣਪਛਾਤੇ ਹਮਲਾਵਰਾਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
* 27 ਸਤੰਬਰ ਨੂੰ ਦਿੱਲੀ ’ਚ ਉਧਾਰ ਮੋੜਨ ’ਚ ਅਸਫਲ ਰਹਿਣ ’ਤੇ ਇਕ ਵਿਅਕਤੀ ਨੇ ਆਪਣੇ ਕਰਜ਼ਦਾਰ ਨੂੰ ਸੁੱਤੇ ਪਏ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ।
* 29 ਸਤੰਬਰ ਨੂੰ ਹੀ ਭਾਗਲਪੁਰ (ਬਿਹਾਰ) ’ਚ ਟ੍ਰੇਨ ’ਚ ਮੋਬਾਇਲ ਚੋਰੀ ਦੇ ਦੋਸ਼ ’ਚ ਮੁਸਾਫਰਾਂ ਨੇ ਇਕ ਨੌਜਵਾਨ ਨੂੰ ਪਹਿਲਾਂ ਖੂਬ ਕੁੱਟਿਆ ਅਤੇ ਉਸ ਤੋਂ ਬਾਅਦ ਗੇਟ ਦੇ ਨਾਲ ਉਸ ਦਾ ਹੱਥ ਬੰਨ੍ਹ ਕੇ ਉਸ ਨੂੰ ਕੋਚ ਤੋਂ ਬਾਹਰ ਲਟਕਾ ਦਿੱਤਾ। ਉਸੇ ਹਾਲਤ ’ਚ ਟ੍ਰੇਨ ਦੌੜਦੀ ਰਹੀ ਅਤੇ ਉਹ ਕੋਚ ਤੋਂ ਬਾਹਰ ਲਟਕਦਾ ਜ਼ਿੰਦਗੀ ਅਤੇ ਮੌਤ ਦੇ ਦਰਮਿਆਨ ਝੂਲਦਾ ਰਿਹਾ। ਇਸ ਦੌਰਾਨ ਟ੍ਰੇਨ 80 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਰਹੀ ਸੀ। ਜਦੋਂ ਗੱਡੀ ਅਗਲੇ ਸਟੇਸ਼ਨ ’ਤੇ ਰੁਕੀ ਤਾਂ ਉਸ ਨੂੰ ਰੇਲਵੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
* 29 ਸਤੰਬਰ ਨੂੰ ਹੀ ਗਯਾ (ਬਿਹਾਰ) ਦੇ ਇਕ ਨਿੱਜੀ ਸਕੂਲ ’ਚ ਇਕ 6 ਸਾਲਾ ਬੱਚੇ ਨੂੰ ਹੋਮਵਰਕ ਨਾ ਕਰਨ ’ਤੇ ਅਧਿਆਪਕ ਨੇ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ।
* 30 ਸਤੰਬਰ ਨੂੰ ਪ੍ਰਤਾਪਗੜ੍ਹ ’ਚ ਕੁਝ ਨੌਜਵਾਨਾਂ ਵੱਲੋਂ ਬਾਈਕ ਦੇਣ ਤੋਂ ਨਾਂਹ ਕਰਨ ’ਤੇ ਇਕ ਦਲਿਤ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ।
* 1 ਅਕਤੂਬਰ ਨੂੰ ਚਿੱਕਾਬੱਲਾਪੁਰ ਜ਼ਿਲ੍ਹੇ (ਕਰਨਾਟਕ) ਦੇ ‘ਕੇਂਪਡ ਹਾਲੀ’ ਪਿੰਡ ’ਚ ਆਪਣੇ ਸਾਥੀਆਂ ਨਾਲ ਖੇਡ ਰਹੇ 11 ਸਾਲਾ ਲੜਕੇ ਨੂੰ ਇਕ ਲੜਕੀ ਦੇ ਕੰਨ ਦੀ ਵਾਲੀ ਚੋਰੀ ਕਰ ਲੈਣ ਦੇ ਸ਼ੱਕ ’ਚ 3 ਵਿਅਕਤੀਆਂ ਨੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦਾ ਲਗਭਗ ਸਾਰਾ ਸਰੀਰ ਜ਼ਖਮਾਂ ਨਾਲ ਭਰ ਗਿਆ ਅਤੇ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ।
* 2 ਅਕਤੂਬਰ ਨੂੰ ਕੁਸ਼ੀ ਨਗਰ ਜ਼ਿਲ੍ਹੇ (ਉੱਤਰ ਪ੍ਰਦੇਸ਼) ’ਚ ਦੇਰ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਪਹੁੰਚੇ ਪ੍ਰੇਮੀ ਨੂੰ ਮੁਟਿਆਰ ਦੇ ਘਰ ਵਾਲਿਆਂ ਨੇ ਡਾਂਗਾਂ ਮਾਰ-ਮਾਰ ਕੇ ਮਾਰ ਦਿੱਤਾ। ਇਸ ਸਬੰਧ ’ਚ ਪੁਲਸ ਨੇ ਮੁਟਿਆਰ ਸਮੇਤ 5 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ।
* 2 ਅਕਤੂਬਰ ਨੂੰ ਹੀ ਛਪਰਾ (ਬਿਹਾਰ) ’ਚ ਦਿਨ ਦੇ ਸਮੇਂ ਇਕ ਜੌਹਰੀ ਦਾ ਕੁਝ ਨੌਜਵਾਨਾਂ ਦੇ ਨਾਲ ਵਿਵਾਦ ਹੋਇਆ, ਜਿਸ ਨੂੰ ਲੈ ਕੇ ਬਾਅਦ ਵਿਚ ਦੋਵਾਂ ਧਿਰਾਂ ’ਚ ਸਮਝੌਤਾ ਹੋ ਗਿਆ ਪਰ ਰਾਤ ਨੂੰ ਦੁਕਾਨ ਬੰਦ ਕਰਨ ਤੋਂ ਪਹਿਲਾਂ ਉਹੀ ਨੌਜਵਾਨ ਦੁਬਾਰਾ ਵਾਪਸ ਆਏ ਅਤੇ ਜੌਹਰੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
* 3 ਅਕਤੂਬਰ ਨੂੰ ਮੁਜ਼ੱਫਰਪੁਰ ਜ਼ਿਲ੍ਹੇ (ਬਿਹਾਰ) ਦੇ ‘ਪਾਰੂ’ ਇਲਾਕੇ ’ਚ ਪਿੰਡ ਦੇ ਉਪ-ਮੁਖੀਆ ਦੀ ਹੱਤਿਆ ਦੇ ਇਕ ਦੋਸ਼ੀ ਨੂੰ ਭੜਕੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
* 4 ਅਕਤੂਬਰ ਨੂੰ ਗੁਮਲਾ (ਝਾਰਖੰਡ) ’ਚ ਕਿਸੇ ਵਿਵਾਦ ਦੇ ਕਾਰਨ ਲਗਭਗ 30 ਵਿਅਕਤੀਆਂ ਨੇ ਇਕ 22 ਸਾਲਾ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
* 4 ਅਕਤੂਬਰ ਨੂੰ ਹੀ ਅਜਮੇਰ ਜ਼ਿਲ੍ਹੇ ਦੇ ਨਸੀਰਾਬਾਦ ਥਾਣਾ ਇਲਾਕੇ ’ਚ ਇਕ ਨੌਜਵਾਨ ਨੂੰ ਕੁਝ ਵਿਅਕਤੀਆਂ ਨੇ ਫੋਨ ਕਰ ਕੇ ਆਪਣੇ ਘਰ ਸੱਦਿਆ ਅਤੇ ਉਸ ਦੇ ਨਾਲ ਇੰਨੀ ਕੁੱਟ-ਮਾਰ ਕੀਤੀ ਕਿ ਉਸ ਦੀ ਜਾਨ ਨਿਕਲ ਗਈ। ਦੋਸ਼ੀਆਂ ਨੇ ਉਸ ਨੂੰ ਤਸੀਹੇ ਦੇਣ ਲਈ ਸਰੀਆ ਗਰਮ ਕਰ ਕੇ ਉਸ ਦੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਵੀ ਦਾਗ ਦਿੱਤਾ।
*4 ਅਕਤੂਬਰ ਨੂੰ ਹੀ ਨਵਾਦਾ (ਬਿਹਾਰ) ਦੀ ਪ੍ਰੋਫੈਸਰ ਕਾਲੋਨੀ ’ਚ ਇਕ ਵਿਅਕਤੀ ਨੇ ਕਿਸੇ ਗੱਲ ’ਤੇ ਵਿਵਾਦ ਹੋ ਜਾਣ ਕਾਰਨ ਆਪਣੀ 3 ਮਹੀਨੇ ਦੀ ਧੀ ਦੇ ਸਾਹਮਣੇ ਪਤਨੀ ਅਤੇ ਸੱਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਯਕੀਨਨ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਾਂ ’ਚ ਵਧ ਰਹੀ ਮਾਨਸਿਕ ਅਸਹਿਣਸ਼ੀਲਤਾ ਦੀ ਭਾਵਨਾ ਦਾ ਨਤੀਜਾ ਹਨ। ਇਸ ਲਈ ਇਸ ਤਰ੍ਹਾਂ ਦੇ ਅਪਰਾਧਾਂ ’ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਨੂੰ ਕਾਨੂੰਨ ਦੇ ਅਨੁਸਾਰ ਸਖਤ ਸਜ਼ਾ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਮਾਨਸਿਕ ਇਲਾਜ ਕਰਵਾਏ ਜਾਣ ਦੀ ਵੀ ਲੋੜ ਹੈ ਤਾਂ ਕਿ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ।
–ਵਿਜੇ ਕੁਮਾਰ