ਦੇਸ਼ ’ਚ ਸੋਨੇ ਦੀ ਵਧ ਰਹੀ ਸਮੱਗਲਿੰਗ ਨਵੇਂ-ਨਵੇਂ ਤਰੀਕਿਆਂ ਦੇ ਨਾਲ

12/12/2021 3:43:35 AM

ਦੇਸ਼ ’ਚ ਲੰਬੇ ਸਮੇਂ ਤੋਂ ਸੋਨੇ ਦੀ ਸਮੱਗਲਿੰਗ ਜਾਰੀ ਹੈ ਅਤੇ ਇਸ ਦੇ ਵਧੇਰੇ ਮਾਮਲਿਆਂ ’ਚ ਭਾਰਤੀਆਂ ਦੇ ਇਲਾਵਾ ਮੱਧ ਪੂਰਬ ਦੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਸ਼ਾਮਲ ਪਾਇਆ ਜਾ ਰਿਹਾ ਹੈ। ਕੌਮਾਂਤਰੀ ਸਮੱਗਲਰ ਪਹਿਲਾਂ ਸਮੁੰਦਰੀ ਮਾਰਗ ਰਾਹੀਂ ਸੋਨੇ ਦੀ ਸਮੱਗਲਿੰਗ ਕਰਦੇ ਸਨ ਪਰ ਹੁਣ ਕੁਝ ਸਾਲਾਂ ਤੋਂ ਸਮੱਗਲਰਾਂ ਨੇ ਹਵਾਈ ਮਾਰਗ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਹੈ ਜਿਸ ਦੇ ਲਈ ਉਹ ਤਰ੍ਹਾਂ–ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ।

ਇੱਥੋਂ ਤੱਕ ਕਿ ਇਸ ਧੰਦੇ ’ਚ ਸ਼ਾਮਲ ਔਰਤ ਅਤੇ ਮਰਦ ਸਮੱਗਲਰਾਂ ਵੱਲੋਂ ਅਾਪਣੇ ਮਲਦੁਆਰ, ਬੂਟਾਂ ਦੇ ਤਲਿਆਂ, ਅੰਡਰਗਾਰਮੈਂਟਸ, ਸੈਨੀਟਰੀ ਨੈਪਕਿਨ, ਪੈਂਟ ਦੀ ਬੈਲਟ ’ਚ ਬਣੇ ਖਾਸ ਕਿਸਮ ਦੇ ਹਿੱਸਿਆਂ ਆਦਿ ’ਚ ਲੁਕਾ ਕੇ ਸੋਨਾ ਲਿਆਂਦਾ ਜਾਂਦਾ ਹੈ :

* 30 ਨਵੰਬਰ, 2020 ਨੂੰ ਵੀ ਚੇਨਈ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਇਕ ਵਿਅਕਤੀ ਕੋਲੋਂ ਆਪਣੀਆਂ ਚੱਪਲਾਂ ਦੀਆਂ ਵੱਧ ਚੌੜੀਆਂ ਬਣਾਈਆਂ ਹੋਈਆਂ ਪੱਟੀਆਂ ’ਚ ਲੁਕਾਇਆ ਹੋਇਆ 24 ਕੈਰੇਟ ਦਾ 12 ਲੱਖ ਰੁਪਏ ਮੁੱਲ ਦਾ 229 ਗ੍ਰਾਮ ਸੋਨਾ ਫੜਿਆ ਗਿਆ।

* 4 ਦਸੰਬਰ, 2020 ਨੂੰ ਚੇਨਈ ਏਅਰਪੋਰਟ ’ਤੇ ਦੁਬਈ ਤੋਂ ਆਏ 2 ਵਿਅਕਤੀਆਂ ਕੋਲੋਂ ਆਪਣੀ ਸੀਟ ’ਚ ਲੁਕਾ ਕੇ ਰੱਖੇ 50 ਲੱਖ ਰੁਪਏ ਮੁੱਲ ਦੇ 1.19 ਕਿਲੋ ਸੋਨੇ ਦੇ ਬਿਸਕੁਟ ਫੜੇ ਗਏ।

* 6 ਦਸੰਬਰ, 2020 ਨੂੰ ਦਿੱਲੀ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ਦੁਬਈ ਤੋਂ ਆਪਣੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਚ ਲੁਕਾ ਕੇ ਅਤੇ ਸਿਗਰੇਟਾਂ ਦੇ ਰੂਪ ’ਚ 1.79 ਕਰੋੜ ਰੁਪਏ ਮੁੱਲ ਦਾ ਸੋਨਾ ਲੈ ਕੇ ਆਏ 6 ਲੋਕਾਂ ਨੂੰ ਫੜਿਆ।

* 19 ਦਸੰਬਰ, 2020 ਨੂੰ ਚੇਨਈ ਹਵਾਈ ਅੱਡੇ ’ਤੇ 5 ਯਾਤਰੀਆਂ ਤੋਂ ਪੇਸਟ ਦੇ ਰੂਪ ’ਚ ਆਪਣੇ ਬੂਟਾਂ ਦੇ ਤਲਿਆਂ ਅਤੇ ਗੁਦਾ ’ਚ ਲੁਕਾਇਆ ਹੋਇਆ 87.6 ਲੱਖ ਰੁਪਏ ਮੁੱਲ ਦਾ 1.7 ਕਿਲੋ ਸੋਨਾ ਜ਼ਬਤ ਕੀਤਾ ਗਿਆ।

* 22 ਮਾਰਚ, 2021 ਨੂੰ ਚੇਨਈ ਹਵਾਈ ਅੱਡੇ ’ਤੇ ਦੁਬਈ ਅਤੇ ਸ਼ਾਰਜਾਹ ਤੋਂ ਆਏ 6 ਹਵਾਈ ਜਹਾਜ਼ ਦੇ ਯਾਤਰੀਆਂ ਕੋਲੋਂ 2.53 ਕਰੋੜ ਰੁਪਏ ਦਾ 5.5 ਕਿਲੋ ਸੋਨਾ ਫੜਿਆ ਗਿਆ ਜੋ ਉਨ੍ਹਾਂ ਨੇ ਸਿਰ ਦੇ ਵਾਲਾਂ ਦੇ ਵਿਗ ਦੇ ਹੇਠਾਂ, ਜੁਰਾਬਾਂ ਅਤੇ ਅੰਡਰਗਾਰਮੈਂਟ ’ਚ ਲੁਕਾ ਕੇ ਰੱਖਿਆ ਸੀ।

* 28 ਅਗਸਤ, 2021 ਨੂੰ ਦਿੱਲੀ ਹਵਾਈ ਅੱਡੇ ’ਤੇ ਸੋਨੇ ਦੀ ਇਕ ਚੇਨ ਅਤੇ 951 ਗ੍ਰਾਮ ਸੋਨਾ ਆਪਣੇ ਦੰਦਾਂ ’ਤੇ ਚੜ੍ਹਾ ਕੇ ਲਿਆਉਣ ਦੇ ਦੋਸ਼ ’ਚ ਉਜ਼ਬੇਕਿਸਤਾਨ ਦੇ 2 ਨਾਗਰਿਕ ਫੜੇ ਗਏ।

* 2 ਸਤੰਬਰ, 2021 ਨੂੰ ਵਾਰਾਣਸੀ ਹਵਾਈ ਅੱਡੇ ’ਤੇ ਸ਼ਾਰਜਾਹ ਤੋਂ ਆਏ ਇਕ ਯਾਤਰੀ ਤੋਂ ਉਸਦੀ ਪਹਿਨੀ ਹੋਈ ਜੀਂਸ ਦੀ ਬੈਲਟ ਵਾਲੇ ਹਿੱਸੇ ’ਚ ਪੇਸਟ ਦੇ ਰੂਪ ’ਚ ਲੁਕਾਇਆ ਹੋਇਆ 34 ਲੱਖ ਰੁਪਏ ਮੁੱਲ ਦਾ ਸੋਨਾ ਫੜਿਆ।

* 19 ਸਤੰਬਰ ਨੂੰ ਜੈਪੁਰ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਯਾਤਰੀ ਵੱਲੋਂ ਸਕੇਟਿੰਗ ਸ਼ੂਜ਼ ’ਚ ਲੁਕਾ ਕੇ ਲਿਆਂਦਾ ਜਾ ਰਿਹਾ 450 ਗ੍ਰਾਮ ਸੋਨਾ ਫੜਿਆ ਗਿਆ।

* 28 ਸਤੰਬਰ, 2021 ਨੂੰ ਇੰਫਾਲ ਹਵਾਈ ਅੱਡੇ ’ਤੇ ਇਕ ਸਮੱਗਲਰ ਵੱਲੋਂ ਮਲਾਸ਼ਯ ’ਚ ਲੁਕੋ ਕੇ ਰੱਖਿਆ 42 ਲੱਖ ਰੁਪਏ ਦਾ 909 ਗ੍ਰਾਮ ਸੋਨੇ ਦਾ ਪੇਸਟ ਫੜਿਆ।

* 21 ਅਕਤੂਬਰ ਨੂੰ ਬੈਂਗਲੁਰੂ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਯਾਤਰੀ ਤੋਂ 4.9 ਲੱਖ ਰੁਪਏ ਦੇ ਸੋਨੇ ਦੇ 2 ਟੁਕੜੇ ਮੂੰਹ ’ਚ ਲੁਕਾਏ ਫੜੇ ਗਏ।

* 30 ਅਕਤੂਬਰ, 2021 ਨੂੰ ਦੁਬਈ ਤੋਂ ਚੇਨਈ ਪਹੁੰਚੇ ਇਕ ਜਹਾਜ਼ ਦੇ ਟਾਇਲਟ ’ਚ ਲੱਗੇ ਵਾਟਰ ਹੀਟਰ ਦੇ ਅੰਦਰ ਲੁਕਾ ਕੇ ਰੱਖੀਆਂ 24 ਕੈਰੇਟ ਸ਼ੁੱਧਤਾ ਵਾਲੀਆਂ ਸੋਨੇ ਦੀਆਂ 12 ਛੜਾਂ ਬਰਾਮਦ ਹੋਈਆਂ।

* ਇਕ ਹੋਰ ਘਟਨਾ ’ਚ ਚੇਨਈ ਹਵਾਈ ਅੱਡੇ ਦੇ ਟਾਇਲਟ ਦੇ ਕੂੜੇਦਾਨ ’ਚ ਪੇਸਟ ਦੇ ਰੂਪ ’ਚ ਪੈਕ ਕਰ ਕੇ ਅਤੇ ਅੰਡਰਗਾਰਮੈਂਟ ’ਚ ਲੁਕਾ ਕੇ ਰੱਖਿਆ ਹੋਇਆ 2.52 ਕਿਲੋ ਸੋਨਾ ਜ਼ਬਤ ਕੀਤਾ ਗਿਆ।

* 8 ਨਵੰਬਰ, 2021 ਨੂੰ ਦਿੱਲੀ ਹਵਾਈ ਅੱਡੇ ’ਤੇ ਗ੍ਰਿਫਤਾਰ 5 ਸਮੱਗਲਰਾਂ ਤੋਂ 2.6 ਕਰੋੜ ਰੁਪਏ ਮੁੱਲ ਦਾ ਲਗਭਗ 4 ਕਿਲੋ ਤੋਂ ਵੱਧ ਸੋਨਾ ਬਰਾਮਦ ਹੋਇਆ ਜੋ ਉਨ੍ਹਾਂ ਨੇ ਪੇਸਟ ਦੇ ਰੂਪ ’ਚ ਆਪਣੇ ਮਲਦੁਆਰ ’ਚ ਲੁਕਾ ਕੇ ਰੱਖਿਆ ਸੀ।

* 4 ਦਸੰਬਰ, 2021 ਨੂੰ ਚੇਨਈ ਹਵਾਈ ਅੱਡੇ ’ਤੇ 4 ਵਿਅਕਤੀਆਂ ਕੋੋਲੋਂ ਮਰਤਬਾਨਾਂ ’ਚ ਲੁਕਾ ਕੇ ਲਿਜਾਇਆ ਜਾ ਰਿਹਾ 26 ਲੱਖ ਰੁਪਏ ਦਾ ਸੋਨੇ ਦਾ ਚੂਰਾ (ਗੋਲਡ ਡਸਟ) ਫੜਿਆ ਗਿਆ।

* 11 ਦਸੰਬਰ, 2021 ਨੂੰ ਹੈਦਰਾਬਾਦ ਹਵਾਈ ਅੱਡੇ ’ਤੇ ਦੁਬਈ ਤੋਂ ਆਏ 2 ਸੂਡਾਨੀ ਮਰਦ ਅਤੇ 2 ਔਰਤ ਸਮੱਗਲਰਾਂ ਨੂੰ ਵੀ ਆਪਣੇ ਮਲਦੁਆਰ ’ਚ ਲੁਕਾਇਆ ਹੋਇਆ 3.6 ਕਰੋੜ ਰੁਪਏ ਮੁੱਲ ਦਾ 7.3 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ।

ਸੋਨੇ ਦੀ ਸਮੱਗਲਿੰਗ ਦੀਆਂ ਇਹ ਤਾਂ ਉਹ ਉਦਾਹਰਣਾਂ ਹਨ ਜੋ ਫੜੇ ਗਏ ਹਨ। ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਕਿੰਨੇ ਅਜਿਹੇ ਮਾਮਲੇ ਹੋਏ ਹੋਣਗੇ ਜੋ ਫੜੇ ਨਹੀਂ ਗਏ ਅਤੇ ਇਸ ਤਰ੍ਹਾਂ ਸਮੱਗਲਰ ਤਰ੍ਹਾਂ-ਤਰ੍ਹਾਂ ਦੇ ਨਾਜਾਇਜ਼ ਢੰਗਾਂ ਨਾਲ ਭਾਰਤ ’ਚ ਸੋਨਾ ਲਿਆ ਕੇ ਦੇਸ਼ ਦੇ ਮਾਲੀਆ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ ਇਸ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਲਿਹਾਜ਼ਾ ਉਕਤ ਘਟਨਾਕ੍ਰਮਾਂ ਦੇ ਮੱਦੇਨਜ਼ਰ ਹਵਾਈ ਅੱਡਿਆਂ ’ਤੇ ਯੋਗ ਤੇ ਈਮਾਨਦਾਰ ਅਧਿਕਾਰੀਆਂ ਦਾ ਸਟਾਫ ਵਧਾਇਆ ਜਾਵੇ, ਸਮੱਗਲਰਾਂ ਨੂੰ ਫੜਨ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇ, ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਯਾਤਰੀਆਂ ਵੱਲੋਂ ਲਿਆਂਦੀ ਜਾ ਰਹੀ ਹਰੇਕ ਵਸਤੂ ਅਤੇ ਉਨ੍ਹਾਂ ਦੇ ਸਰੀਰ ਦੀ ਸਖਤੀ ਨਾਲ ਡੂੰਘੀ ਜਾਂਚ ਕੀਤੀ ਜਾਵੇ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

- ਵਿਜੇ ਕੁਮਾਰ


Bharat Thapa

Content Editor

Related News