ਦੇਸ਼ ਦੇ ਸਰਕਾਰੀ ਹਸਪਤਾਲ ਬਣਦੇ ਜਾ ਰਹੇ ਨੇ ''ਕਤਲਗਾਹ''

05/25/2017 7:07:01 AM

ਉਂਝ ਤਾਂ ਮੁਫਤ, ਮਿਆਰੀ ਇਲਾਜ ਅਤੇ ਸਿੱਖਿਆ, ਸਾਫ-ਸੁਥਰਾ ਪਾਣੀ ਤੇ ਬਿਜਲੀ ਦੀ ਲਗਾਤਾਰ ਸਪਲਾਈ ਕਰਨਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਪਰ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤਕ ਦੇ 70 ਵਰ੍ਹਿਆਂ ''ਚ ਸਾਡੀਆਂ ਸਰਕਾਰਾਂ ਦੇਸ਼ ਦੇ ਲੋਕਾਂ ਨੂੰ ਇਹ ਸਹੂਲਤਾਂ ਮੁਹੱਈਆ ਕਰਵਾਉਣ ''ਚ ਅਸਮਰੱਥ ਰਹੀਆਂ ਹਨ। ਹਾਲਤ ਇਹ ਹੈ ਕਿ ਨਾ ਲੋਕਾਂ ਨੂੰ ਲਗਾਤਾਰ ਬਿਜਲੀ ਤੇ ਸਾਫ-ਸੁਥਰਾ ਪਾਣੀ ਮਿਲ ਰਿਹਾ ਹੈ, ਨਾ ਸਰਕਾਰੀ ਸਕੂਲਾਂ ''ਚ ਸਸਤੀ ਤੇ ਮਿਆਰੀ ਸਿੱਖਿਆ ਮੁਹੱਈਆ ਹੈ ਅਤੇ ਨਾ ਹੀ ਸਰਕਾਰੀ ਹਸਪਤਾਲਾਂ ''ਚ ਲੋਕਾਂ ਦਾ ਇਲਾਜ ਤਸੱਲੀਬਖਸ਼ ਢੰਗ ਨਾਲ ਹੋ ਰਿਹਾ ਹੈ, ਜਿਸ ਦੀਆਂ ਸਿਰਫ ਪਿਛਲੇ 10 ਦਿਨਾਂ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 14 ਮਈ ਨੂੰ ਬਿਹਾਰ ''ਚ ਮੁਰਲੀਗੰਜ ਦੇ ਮੁੱਢਲੇ ਸਿਹਤ ਕੇਂਦਰ ''ਚ ਜਦੋਂ ਇਕ ਰੋਗੀ ਔਰਤ ਨੂੰ ਉਸ ਦੇ ਪਰਿਵਾਰ ਵਾਲੇ ਲੈ ਕੇ ਪਹੁੰਚੇ ਤਾਂ ਉਥੇ ਕੋਈ ਵੀ ਡਾਕਟਰ ਨਹੀਂ ਸੀ। ਹਸਪਤਾਲ ਦੇ ਸਟਾਫ ਨੂੰ ਛੇਤੀ ਡਾਕਟਰ ਨੂੰ ਬੁਲਾਉਣ ਲਈ ਵਾਰ-ਵਾਰ ਕਹਿਣ ਦੇ ਬਾਵਜੂਦ ਕਾਫੀ ਦੇਰ ਪਿੱਛੋਂ ਜਦੋਂ ਡਾਕਟਰ ਆਇਆ ਤਾਂ ਔਰਤ ਮਰ ਚੁੱਕੀ ਸੀ।
* 16 ਮਈ ਦੀ ਰਾਤ ਨੂੰ ਮੱਧ ਪ੍ਰਦੇਸ਼ ''ਚ ਇੰਦੌਰ ਦੇ ਮੁੱਖ ਹਸਪਤਾਲ ''ਚ ਨਵਜੰਮੇ ਬੱਚੇ ਦੀ ਤਬੀਅਤ ਵਿਗੜਨ ''ਤੇ ਬੱਚੇ ਦੇ ਪਰਿਵਾਰ ਵਾਲਿਆਂ ਨੇ ਜਦੋਂ ਡਾਕਟਰਾਂ ਨੂੰ ਉਸ ਨੂੰ ਦੇਖਣ ਲਈ ਕਿਹਾ ਤਾਂ ਡਿਊਟੀ ''ਤੇ ਮੌਜੂਦ ਡਾਕਟਰ ਥੋੜ੍ਹੀ ਦੇਰ ਬਾਅਦ ਦੇਖਣ ਲਈ ਕਹਿ ਕੇ ਸੌਂ ਗਿਆ। ਕੁਝ ਦੇਰ ਬਾਅਦ ਜਦੋਂ ਬੱਚੇ ਦੇ ਪਰਿਵਾਰ ਵਾਲੇ ਦੁਬਾਰਾ ਡਾਕਟਰ ਨੂੰ ਬੁਲਾਉਣ ਗਏ ਤਾਂ ਡਾਕਟਰ ਖਿਝਿਆ ਹੋਇਆ ਆਇਆ ਅਤੇ ਬੋਲਿਆ ''''ਇਸ ਦੀ ਧੜਕਣ ਬੰਦ ਹੈ।''''
ਫਿਰ ਉਸ ਨੇ ਬੇਸੁੱਧ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਮੈਂ ਇਸ ਦੀ ਧੜਕਣ ਵਾਪਸ ਲੈ ਆਇਆ ਹਾਂ ਪਰ ਜਦੋਂ ਸਵੇਰ ਨੂੰ ਦੂਸਰੇ ਡਾਕਟਰਾਂ ਨੇ ਉਸ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਤਾਂ ਬਹੁਤ ਪਹਿਲਾਂ ਹੀ ਮਰ ਚੁੱਕਾ ਹੈ।
* 16 ਮਈ ਨੂੰ ਹੀ ਯੂ. ਪੀ. ਦੇ ਸੰਭਲ ਜ਼ਿਲੇ ''ਚ ਪੰਵਾਸਾ ''ਚ ਸਥਿਤ ਸਰਕਾਰੀ ਹਸਪਤਾਲ ਦੇ ਡਾਕਟਰ ਵਲੋਂ ਕਮਲਾ ਦੇਵੀ ਨਾਮੀ ਔਰਤ ਨੂੰ ਗਲਤ ਦਵਾਈ ਦੇਣ ਕਾਰਨ 10 ਮਿੰਟਾਂ ਅੰਦਰ ਉਸ ਦੀ ਮੌਕੇ ''ਤੇ ਹੀ ਮੌਤ ਹੋ ਗਈ।
* 17 ਮਈ ਨੂੰ ਮੇਵਾਤ ਦੇ ਮੈਡੀਕਲ ਕਾਲਜ ''ਚ ਡਾਕਟਰਾਂ ਦੀ ਲਾਪਰਵਾਹੀ ਕਾਰਨ ਇਕ ਸਟਾਫ ਨਰਸ ਦੀ ਮੌਤ ਹੋ ਗਈ। ਜਣੇਪੇ ਦੌਰਾਨ ਉਸ ਨੂੰ ਕਾਫੀ ਬਲੀਡਿੰਗ ਹੋਈ, ਜਿਸ ਦਾ ਡਾਕਟਰਾਂ ਨੇ ਧਿਆਨ ਨਹੀਂ ਰੱਖਿਆ ਅਤੇ ਉਸ ਨੇ ਦਮ ਤੋੜ ਦਿੱਤਾ।
* 17 ਮਈ ਨੂੰ  ਹੀ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ''ਚ ਤਿੰਨ ਸਰਕਾਰੀ ਹਸਪਤਾਲਾਂ—ਕਮਿਊਨਿਟੀ ਹੈਲਥ ਸੈਂਟਰ, ਬਿਲਾਸਪੁਰ ''ਚ ਸਥਿਤ ਛੱਤੀਸਗੜ੍ਹ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਅਤੇ ਸਿਵਲ ਹਸਪਤਾਲ ਵਲੋਂ ਮੁਸਕਾਨ ਖਾਨ ਨਾਮੀ ਗਰਭਵਤੀ ਔਰਤ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦੇਣ ''ਤੇ ਦੌੜ-ਭੱਜ ਦੌਰਾਨ 47 ਡਿਗਰੀ ਦੀ ਭਿਆਨਕ ਗਰਮੀ ''ਚ ਮੁਸਕਾਨ ਨੇ ਇਕ ਖੁੱਲ੍ਹੀ ਸ਼ੈੱਡ ਹੇਠਾਂ ਬੱਚੇ ਨੂੰ ਜਨਮ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਸੁਰੱਖਿਅਤ ਜਣੇਪੇ ਅਤੇ ਮਾਤ੍ਰਤਵ (ਜੱਚਾ) ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਾਰੀ ''ਸੁਰੱਖਿਅਤ ਮਾਤ੍ਰਤਵ ਮੁਹਿੰਮ'' ਚਲਾਈ ਜਾ ਰਹੀ ਹੈ।
* 19 ਮਈ ਨੂੰ ਯੂ. ਪੀ. ਦੇ ਬਾਰਾਬੰਕੀ ''ਚ ਸਥਿਤ ਸੀ. ਐੱਚ. ਸੀ. ਸਰਕਾਰੀ ਹਸਪਤਾਲ ''ਚ ਦਾਖਲ ਤਿੰਨ ਸਾਲਾ ਬੱਚੀ ਦੀ ਤਬੀਅਤ ਵਿਗੜਨ ''ਤੇ ਉਸ ਦੇ ਪਿਤਾ ਨੇ ਡਿਊਟੀ ਨਰਸ ਨੂੰ ਜਦੋਂ ਉਸ ਨੂੰ ਦੇਖਣ ਲਈ ਕਿਹਾ ਤਾਂ ਨਰਸ ਨੇ ਝੂਠ ਹੀ ਕਹਿ ਦਿੱਤਾ ਕਿ ਉਸ ਨੂੰ ਦਵਾਈ ਦੇ ਦਿੱਤੀ ਗਈ ਹੈ ਅਤੇ ਉਹ ਕੁਝ ਹੀ ਦੇਰ ''ਚ ਠੀਕ ਹੋ ਜਾਵੇਗੀ।
ਇਸ ਦਰਮਿਆਨ ਬੱਚੀ ਦੀ ਤਬੀਅਤ ਵਿਗੜਨ ਦੇ ਬਾਵਜੂਦ ਨਰਸ ਨੇ ਡਿਊਟੀ ''ਤੇ ਮੌਜੂਦ ਡਾਕਟਰ ਨੂੰ ਸੂਚਿਤ ਨਹੀਂ ਕੀਤਾ। ਬੱਚੀ ਨੂੰ ਲਾਇਆ ਹੋਇਆ ਗੁਲੂਕੋਜ਼ ਵੀ ਬੈੱਡ ''ਤੇ ਵਗਦਾ ਰਿਹਾ, ਜਿਸ ਨੂੰ ਠੀਕ ਕਰਨ ਲਈ ਵੀ ਕੋਈ ਨਹੀਂ ਆਇਆ ਅਤੇ ਆਖਿਰ ਬੱਚੀ ਨੂੰ ਸਮੇਂ ਸਿਰ ਸਹੀ ਇਲਾਜ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਬੱਚੀ ਦੀ ਲਾਸ਼ ਲਿਜਾਣ ਲਈ ਉਸ ਦੇ ਪਰਿਵਾਰ ਵਾਲਿਆਂ ਨੂੰ ਗੱਡੀ ਵੀ ਨਹੀਂ ਦਿੱਤੀ ਗਈ।
* 22 ਮਈ ਨੂੰ ਜਮਸ਼ੇਦਪੁਰ ਦੇ ਮਹਾਤਮਾ ਗਾਂਧੀ ਮੈਮੋਰੀਅਲ ਹਸਪਤਾਲ ''ਚ ਡਾਕਟਰਾਂ ਵਲੋਂ ਗਲਤ ਇੰਜੈਕਸ਼ਨ, ਦਵਾਈ ਦੇਣ ਅਤੇ ਨਰਸਾਂ ਦੀ ਲਾਪਰਵਾਹੀ ਕਾਰਨ 6 ਮਹੀਨਿਆਂ ਦੀ ਗਰਭਵਤੀ ਔਰਤ ਅਤੇ ਉਸ ਦੇ ਗਰਭ ਵਿਚਲੇ ਬੱਚੇ ਦੀ ਮੌਤ ਹੋ ਗਈ।
* 23 ਮਈ ਨੂੰ ਮੱਧ ਪ੍ਰਦੇਸ਼ ''ਚ ਮੰਦਸੌਰ ਦੇ ਕਮਿਊਨਿਟੀ ਹੈਲਥ ਸੈਂਟਰ ''ਚ ਜਾਂਚ ਕਰਵਾਉਣ ਆਈ ਗਰਭਵਤੀ ਔਰਤ ਜਣੇਪਾ ਪੀੜਾ ਨਾਲ ਤੜਫਦੀ ਰਹੀ ਪਰ ਡਿਊਟੀ ਨਰਸ ਨੇ ਉਸ ਵੱਲ ਦੇਖਿਆ ਤਕ ਨਹੀਂ। ਥੱਕ-ਹਾਰ ਕੇ ਜਦੋਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਪ੍ਰਾਈਵੇਟ ਹਸਪਤਾਲ ਲਿਜਾਣ ਲੱਗੇ ਤਾਂ ਰਸਤੇ ''ਚ ਹੀ ਔਰਤ ਦੀ ਡਲਿਵਰੀ ਹੋ ਗਈ ਤੇ ਸਹੀ ਜਣੇਪਾ ਨਾ ਹੋਣ ਕਾਰਨ ਛੇਤੀ ਹੀ ਨਵਜੰਮੇ ਬੱਚੇ ਦੀ ਮੌਤ ਵੀ ਹੋ ਗਈ।
ਡਾਕਟਰਾਂ ''ਚ ਸੰਵੇਦਨਹੀਣਤਾ ਅਤੇ ਲਾਪਰਵਾਹੀ ਦੇ ਇਸ ਰੁਝਾਨ ''ਤੇ ਛੇਤੀ ਤੇ ਸਖਤੀ ਨਾਲ ਰੋਕ ਨਾ ਲਾਈ ਗਈ ਤਾਂ ਇਸੇ ਤਰ੍ਹਾਂ ਹਸਪਤਾਲਾਂ ''ਚ ਜ਼ਿੰਦਗੀ ਹਾਸਿਲ ਕਰਨ ਵਾਸਤੇ ਜਾਣ ਵਾਲਿਆਂ ਦਾ ਬੇਵਕਤੀ ਮੌਤ ਦੇ ਮੂੰਹ ''ਚ ਜਾਣਾ ਜਾਰੀ ਰਹੇਗਾ। ਲਿਹਾਜ਼ਾ ਇਨ੍ਹਾਂ ਦਾ ਕੰਮਕਾਜ ਠੀਕ ਕਰਨ ਅਤੇ ਹਸਪਤਾਲਾਂ ਦੇ ਸਟਾਫ ਨੂੰ ਚੁਸਤ-ਦਰੁੱਸਤ ਰੱਖਣ ਲਈ ਅਚਨਚੇਤ ਛਾਪੇਮਾਰੀ ਤੇ ਸਟਾਫ ਦੀ ਜ਼ਿੰਮੇਵਾਰੀ ਤੈਅ ਕਰਨਾ ਜ਼ਰੂਰੀ ਹੈ।              
—ਵਿਜੇ ਕੁਮਾਰ


Vijay Kumar Chopra

Chief Editor

Related News