ਮਨੁੱਖੀ ਸਮੱਗਲਰਾਂ ਦੇ ਗਿਰੋਹ ਕਰ ਰਹੇ ‘ਧੋਖਾਦੇਹੀ, ਜਬਰੀ ਵਸੂਲੀ ਅਤੇ ਲੁੱਟ-ਮਾਰ’

Saturday, Jan 28, 2023 - 01:29 AM (IST)

ਦੇਸ਼ ’ਚ ਇਨ੍ਹੀਂ ਦਿਨੀਂ ਮਨੁੱਖੀ ਸਮੱਗਲਰਾਂ ਦੇ ਕਈ ਗਿਰੋਹ ਸਰਗਰਮ ਹਨ, ਜੋ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਦੇਹ ਵਪਾਰ ’ਚ ਧੱਕ ਰਹੇ ਹਨ ਅਤੇ ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਬਹਾਨੇ ਲੋਕਾਂ ਦਾ ਸ਼ੋਸ਼ਣ ਅਤੇ ਉਨ੍ਹਾਂ ਕੋਲੋਂ ਜਬਰੀ ਵਸੂਲੀ ਕਰ ਰਹੇ ਹਨ। ਇਨ੍ਹਾਂ ਮਾਫ਼ੀਆ ਦਾ ਘਿਨੌਣਾ ਧੰਦਾ ਹੁਣ ਦੇਸ਼ ਦੀਆਂ ਸਰਹੱਦਾਂ ਟੱਪ ਕੇ ਦੂਜੇ ਦੇਸ਼ਾਂ ਤੱਕ ਫੈਲਦਾ ਜਾ ਰਿਹਾ ਹੈ :

* 6 ਜਨਵਰੀ, 2023 ਨੂੰ ਨੌਕਰੀ ਦਿਵਾਉਣ ਦੇ ਬਹਾਨੇ ਇਕ 30 ਸਾਲਾ ਵਿਧਵਾ ਅਤੇ ਉਸ ਦੇ ਢਾਈ ਸਾਲ ਦੇ ਪੁੱਤਰ ਨੂੰ ਆਗਰਾ ਲਿਜਾ ਕੇ ਡੇਢ ਲੱਖ ਰੁਪਏ ’ਚ ਵੇਚਣ ਦੇ ਦੋਸ਼ ’ਚ ਪੁਲਸ ਨੇ ਮਿਰਜ਼ਾਪੁਰ ਅਤੇ ਆਗਰਾ ਤੋਂ ਇਕ ਔਰਤ ਸਮੇਤ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।

* 9 ਜਨਵਰੀ ਨੂੰ ਏਟਾ ’ਚ ਮੁਟਿਆਰਾਂ ਨੂੰ ਅਗਵਾ ਕਰਨ ਵਾਲੇ ਇਕ ਮਨੁੱਖੀ ਸਮੱਗਲਰ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਹਿਲਾਂ ਇਸ ਗਿਰੋਹ ਦੀ ਇਕ ਔਰਤ ਮੈਂਬਰ ਕਿਸੇ ਮੁਟਿਆਰ ਨੂੰ ਭਰਮਾ ਕੇ ਆਪਣੇ ਭਰੋਸੇ ’ਚ ਲੈਂਦੀ ਅਤੇ ਫਿਰ ਗਿਰੋਹ ਦੇ ਮੈਂਬਰ ਉਸ ਨੂੰ ਅਗਵਾ ਕਰ ਲੈਂਦੇ ਸਨ।

ਉਹ ਹੁਣ ਤੱਕ ਬਿਹਾਰ ਅਤੇ ਝਾਰਖੰਡ ਦੀਆਂ ਕਈ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਦਿੱਲੀ ਅਤੇ ਹਰਿਆਣਾ ਆਦਿ ’ਚ ਵੇਚ ਚੁੱਕੇ ਹਨ, ਜਿਨ੍ਹਾਂ ਦੀ ਵਰਤੋਂ ਭੀਖ ਮੰਗਵਾਉਣ, ਦੇਹ ਵਪਾਰ ਅਤੇ ਬੰਧੂਆ ਮਜ਼ਦੂਰੀ ਆਦਿ ਕਰਵਾਉਣ ’ਚ ਹੋ ਰਹੀ ਹੈ।

ਇਸ ਗਿਰੋਹ ਦੇ ਕਬਜ਼ੇ ’ਚੋਂ ਛੁਡਵਾਈ ਗਈ ਇਕ ਮੁਟਿਆਰ ਦੇ ਅਨੁਸਾਰ ਉਸ ਨੂੰ 50,000 ਰੁਪਏ ’ਚ ਵੇਚਣ ਤੋਂ ਪਹਿਲਾਂ ਗਿਰੋਹ ਦੇ ਮੈਂਬਰ ਉਸ ਨੂੰ ਬੰਧਕ ਬਣਾ ਕੇ ਰੱਖਦੇ ਸਨ ਅਤੇ ਰੌਲਾ ਪਾਉਣ ’ਤੇ ਕੁੱਟਦੇ ਅਤੇ ਨਸ਼ੇ ਵਾਲਾ ਪਦਾਰਥ ਖੁਆ ਦਿੰਦੇ ਸਨ, ਜਿਸ ਨਾਲ ਉਹ ਕਈ ਘੰਟੇ ਬੇਹੋਸ਼ ਰਹਿੰਦੀ ਅਤੇ 2 ਮਹੀਨਿਆਂ ਤੋਂ ਅਜਿਹੇ ਤਸੀਹੇ ਸਹਿ ਰਹੀ ਸੀ।

* 25 ਜਨਵਰੀ ਨੂੰ ਬਿਹਾਰ ’ਚ ਮੋਤੀਹਾਰੀ ਦੀ ਪੁਲਸ ਨੇ 3 ਮਨੁੱਖੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਚੰਗਾ ਕੰਮ ਦਿਵਾਉਣ ਦੇ ਬਹਾਨੇ ਭਰਮਾ ਕੇ ਅਗਵਾ ਕੀਤੀਆਂ ਗਈਆਂ 5 ਨਾਬਾਲਗ ਲੜਕੀਆਂ ਨੂੰ ਉਨ੍ਹਾਂ ਦੇ ਸ਼ਿਕੰਜੇ ’ਚੋਂ ਮੁਕਤ ਕਰਵਾਇਆ।

ਇਨ੍ਹਾਂ ’ਚੋਂ ਇਕ ਪੱਛਮੀ ਬੰਗਾਲ ਦੀ ਅਤੇ 4 ਆਸਾਮ ਦੀਆਂ ਸਨ। ਲੜਕੀਆਂ ਨੇ ਦੋਸ਼ੀਆਂ ’ਤੇ ਉਨ੍ਹਾਂ ਕੋਲੋਂ ਜਬਰੀ ਦੇਹ ਵਪਾਰ ਕਰਵਾਉਣ ਦਾ ਦੋਸ਼ ਵੀ ਲਗਾਇਆ।

* 25 ਜਨਵਰੀ ਨੂੰ ਹੀ ਮੋਹਾਲੀ ਪੁਲਸ ਨੇ ਇਕ ਕੌਮਾਂਤਰੀ ਮਨੁੱਖੀ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼ ਕਰ ਕੇ 2 ਔਰਤਾਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਿਰੋਹ ’ਚ ਕੁਝ ਔਰਤਾਂ ਸਮੇਤ ਹੋਰ ਦੋਸ਼ੀ ਵੀ ਸ਼ਾਮਲ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।

ਗਿਰੋਹ ਦੇ ਮੈਂਬਰ ਆਪਣੇ ਸ਼ਿਕਾਰ ਲੋਕਾਂ ਨੂੰ ਮੈਕਸੀਕੋ, ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਰਸਤੇ ਅਮਰੀਕਾ ਭੇਜਣ ਦਾ ਝਾਂਸਾ ਦਿੰਦੇ ਸਨ ਅਤੇ ਕਹਿੰਦੇ ਸਨ ਕਿ ਅਮਰੀਕਾ ਪਹੁੰਚਣ ਤੋਂ ਬਾਅਦ ਹੀ ਪੈਸੇ ਲੈਣਗੇ ਪਰ ਜਿਉਂ ਹੀ ਉਨ੍ਹਾਂ ਦਾ ਸ਼ਿਕਾਰ ਬਾਲੀ, ਸਿੰਗਾਪੁਰ ਜਾਂ ਮੈਕਸੀਕੋ ਪਹੁੰਚਦਾ ਉਹ ਬੰਦੂਕ ਦੇ ਜ਼ੋਰ ’ਤੇ ਉਸ ਨੂੰ ਅਗਵਾ ਕਰ ਕੇ ਉਸ ਕੋਲੋਂ ਰਿਸ਼ਤੇਦਾਰਾਂ ਨੂੰ ਫੋਨ ਕਰਵਾ ਕੇ ਫਿਰੌਤੀ ਦੀ ਰਕਮ ਦੀ ਮੰਗ ਕਰਦੇ ਸਨ।

ਗਿਰੋਹ ਦੇ ਮੈਂਬਰ ਉਦੋਂ ਤੱਕ ਇਨ੍ਹਾਂ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਦੇ ਅਤੇ ਟਾਰਚਰ ਕਰਦੇ ਰਹਿੰਦੇ, ਜਦੋਂ ਤੱਕ ਉਨ੍ਹਾਂ ਦੇ ਅਕਾਊਂਟ ’ਚ ਫਿਰੌਤੀ ਦੀ ਰਕਮ ਟਰਾਂਸਫਰ ਨਾ ਕਰ ਦਿੱਤੀ ਜਾਂਦੀ।

 ਹੁਣ ਤੱਕ ਗ੍ਰਿਫ਼ਤਾਰ ਦੋਸ਼ੀਆਂ ਦੇ ਕਬਜ਼ੇ ’ਚੋਂ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧ ਰੱਖਣ ਵਾਲੇ ਧੋਖਾਦੇਹੀ ਦੇ ਸ਼ਿਕਾਰ 25 ਵਿਅਕਤੀਆਂ ਨੂੰ ਮੁਕਤ ਕਰਵਾਉਣ ਤੋਂ ਇਲਾਵਾ ਪੁਲਸ ਨੇ 2.13 ਕਰੋੜ ਰੁਪਏ ਨਕਦ, 640 ਗ੍ਰਾਮ ਸੋਨਾ, 7 ਮੋਬਾਇਲ ਫੋਨ, ਪੰਜਾਬ ਰਜਿਸਟ੍ਰੇਸ਼ਨ ਨੰਬਰ ਦੀਆਂ 3 ਕਾਰਾਂ ਅਤੇ ਬਿਨਾਂ ਨੰਬਰ ਦੀ ਇਕ ਜੀਪ ਸਮੇਤ 4 ਵਾਹਨ ਵੀ ਜ਼ਬਤ ਕੀਤੇ ਹਨ।

ਸਾਰੇ ਦੋਸ਼ੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ’ਚ ਕੇਸ ਦਰਜ ਕਰਨ ਤੋਂ ਇਲਾਵਾ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ਦੀ ਸਹਾਇਤਾ ਲਈ ਹੈਲਪ ਲਾਈਨ ਵੀ ਕਾਇਮ ਕੀਤੀ ਗਈ ਹੈ ਅਤੇ ਸਮੱਗਲਰਾਂ ਤੇ ਅਗਵਾ ਕਰਨ ਵਾਲਿਆਂ ਦੀ ਜਾਇਦਾਦ, ਬੈਂਕ ਖਾਤਿਆਂ ਅਤੇ ਲਾਕਰਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ਮੋਹਾਲੀ ਦੇ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਦੇ ਅਨੁਸਾਰ ਸੈਂਕੜੇ ਲੋਕਾਂ ਨੂੰ ਠੱਗ ਚੁੱਕੇ ਇਸ ਗਿਰੋਹ ਦੇ ਸਰਗਣਿਆਂ ’ਚੋਂ ਹੁਸ਼ਿਆਰਪੁਰ ਨਿਵਾਸੀ ਸੰਨੀ ਕੁਮਾਰ ਇੰਡੋਨੇਸ਼ੀਆ ’ਚ ਅਤੇ ਜਸਵੀਰ ਸਿੰਘ ਉਰਫ ਸੰਜੇ ਸਿੰਗਾਪੁਰ ’ਚ ਰਹਿ ਰਹੇ ਹਨ।

ਉਕਤ ਵੇਰਵੇ ਤੋਂ ਸਪੱਸ਼ਟ ਹੈ ਕਿ ਅੱਜ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਮਨੁੱਖੀ ਸਮੱਗਲਰ ਮਾਫ਼ੀਆਵਾਂ ਦੇ ਹੌਸਲੇ ਕਿੰਨੇ ਬੁਲੰਦ ਅਤੇ ਉਨ੍ਹਾਂ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹੋ ਚੁੱਕੀਆਂ ਹਨ, ਇਸ ਲਈ ਅਜਿਹੇ ਇਨਸਾਨੀਅਤ ਦੇ ਦੁਸ਼ਮਣਾਂ ਦੇ ਨਾਲ ਓਨੀ ਹੀ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ, ਜਿੰਨੀ ਬੇਰਹਿਮੀ ਨਾਲ ਇਹ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਦੀ ਬਰਬਾਦੀ ਦਾ ਕਾਰਨ ਬਣਦੇ ਹਨ।
-ਵਿਜੇ ਕੁਮਾਰ


Manoj

Content Editor

Related News