ਦਿੱਲੀ ਦੇ ਦੰਗਿਆਂ ’ਤੇ ਭਾਜਪਾ ਦੇ ਆਪਣੇ ਹੀ ਸਹਿਯੋਗੀ ਚੁੱਕ ਰਹੇ ਉਂਗਲੀ

03/03/2020 1:34:31 AM

ਇਸ ਸਮੇਂ ਜਿੱਥੇ ਸੀ. ਏ. ਏ. ਨੂੰ ਲੈ ਕੇ ਦਿੱਲੀ ਦੇ ਹਾਲ ਹੀ ਦੇ ਦੰਗਿਆਂ ਬਾਰੇ ਦੋਸ਼-ਪ੍ਰਤੀਦੋਸ਼ ਦਾ ਸਿਲਸਿਲਾ ਜਾਰੀ ਹੈ, ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਭਾਜਪਾ ਦੀਆਂ ਹੀ ਦੋ ਸਹਿਯੋਗੀ ਪਾਰਟੀਆਂ ‘ਸ਼੍ਰੋਅਦ’ ਦੇ ਸੀਨੀਅਰ ਨੇਤਾ ਪ੍ਰਕਾਸ਼ ਸਿੰਘ ਬਾਦਲ ਅਤੇ ‘ਲੋਜਪਾ’ ਦੇ ਰਾਮਵਿਲਾਸ ਪਾਸਵਾਨ ਨੇ ਭਾਜਪਾ ਲੀਡਰਸ਼ਿਪ ’ਤੇ ਉਂਗਲੀ ਚੁੱਕੀ ਹੈ। 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ 1 ਮਾਰਚ ਨੂੰ ਬਠਿੰਡਾ ’ਚ ਕਿਹਾ ਕਿ ‘‘ਦਿੱਲੀ ’ਚ ਤਾਜ਼ਾ ਦੰਗਿਆਂ ਨਾਲ ਘੱਟਗਿਣਤੀ ਭਾਈਚਾਰੇ ਦੇ ਮੈਂਬਰਾਂ ’ਚ ਅਸੁਰੱਖਿਆ ਅਤੇ ਅਨਿਸ਼ਚਿਤਤਾ ਦੀ ਭਾਵਨਾ ਵਧ ਰਹੀ ਹੈ।’’ ਉਨ੍ਹਾਂ ਨੇ ਦਿੱਲੀ ਦੇ ਦੰਗਿਆਂ ਨੂੰ ਬੜੇ ਹੀ ਪ੍ਰੇਸ਼ਾਨਕੁੰਨ ਦੱਸਿਆ ਅਤੇ ਇਨ੍ਹਾਂ ਦੇ ਕਾਰਨ ਦੇਸ਼ ’ਚ ਸ਼ਾਂਤੀ, ਭਾਈਚਾਰਕ ਸਾਂਝ, ਧਰਮਨਿਰਪੱਖ ਕਦਰਾਂ-ਕੀਮਤਾਂ ’ਤੇ ਮੰਡਰਾ ਰਹੇ ਖਤਰਿਆਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ, ‘‘ਧਰਮਨਿਰਪੱਖਤਾ ਦੀ ਨੀਂਹ ’ਤੇ ਹੀ ਪੂਰਾ ਦੇਸ਼ ਖੜ੍ਹਾ ਹੈ ਇਸ ਲਈ ਦੇਸ਼ ’ਚ ਰਹਿ ਰਹੇ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰਾਂ ’ਚ ਵਿਸ਼ਵਾਸ ਬਹਾਲ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ।’’ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਦੇਸ਼ ’ਚ ਭਾਈਚਾਰਕ ਮਾਹੌਲ ਸੁਧਾਰਨ ਲਈ ਠੋਸ ਕਦਮ ਚੁੱਕਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ, ‘‘ਦੇਸ਼ ਦਾ ਅੰਦਰੂਨੀ ਮਾਹੌਲ ਅਤੇ ਖਾਸ ਤੌਰ ’ਤੇ ਦਿੱਲੀ ’ਚ ਹੋਈਆਂ ਤਾਜ਼ਾ ਦੁਖਦਾਈ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਘੱਟਗਿਣਤੀਆਂ ਦੇ ਦਿਲਾਂ ’ਚ ਡਰ, ਅਸੁਰੱਖਿਆ ਦੀ ਭਾਵਨਾ ਅਤੇ ਅਨਿਸ਼ਚਿਤਤਾ ਦਾ ਮਾਹੌਲ ਲਗਾਤਾਰ ਵਧ ਰਿਹਾ ਹੈ, ਜਿਸ ਨੂੰ ਦੂਰ ਕਰਨ ਅਤੇ ਭਾਈਚਾਰਕ ਮਾਹੌਲ ਬਣਾਉਣ ਲਈ ਸਰਕਾਰ ਨੂੰ ਸਖਤ ਕਦਮ ਚੁੱਕਣਗੇ ਹੋਣਗੇ। ਭਾਜਪਾ ਦੀ ਇਕ ਹੋਰ ਗਠਜੋੜ ਸਹਿਯੋਗੀ ‘ਲੋਕ ਜਨਸ਼ਕਤੀ ਪਾਰਟੀ’ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਵੀ ਇਨ੍ਹਾਂ ਦੰਗਿਆਂ ਲਈ ਭਾਜਪਾ ਨੂੰ ਕਟਹਿਰੇ ’ਚ ਖੜ੍ਹੀ ਕਰਦੇ ਹੋਏ ਇਨ੍ਹਾਂ ਦੰਗਿਆਂ ਨੂੰ ‘ਰਾਸ਼ਟਰੀ ਕਲੰਕ’ ਕਰਾਰ ਦਿੱਤਾ ਅਤੇ ਕੇਂਦਰ ਸਰਕਾਰ ਨੂੰ ਫਾਸਟ ਟਰੈਕ ਅਦਾਲਤਾਂ ’ਚ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕਰ ਕੇ ਦੋਸ਼ੀਆਂ ਨੂੰ ਉਨ੍ਹਾਂ ਦੇ ਅੰਜਾਮ ਤਕ ਪਹੁੰਚਾਉਣ ਦੀ ਮੰਗ ਕੀਤੀ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਰਾਮਵਿਲਾਸ ਪਾਸਵਾਨ ਦੇ ਉਕਤ ਬਿਆਨਾਂ ’ਤੇ ਆਪਣੇ ਵਲੋਂ ਕੋਈ ਟਿੱਪਣੀ ਨਾ ਕਰਦੇ ਹੋਏ ਅਸੀਂ ਇਸ ਦਾ ਫੈਸਲਾ ਆਪਣੇ ਪਾਠਕਾਂ ਅਤੇ ਭਾਜਪਾ ਦੀ ਲੀਡਰਸ਼ਿਪ ’ਤੇ ਹੀ ਛੱਡਦੇ ਹਾਂ। ਉਹ ਖੁਦ ਹੀ ਫੈਸਲਾ ਕਰਨ ਕਿ ਕੀ ਸਹੀ ਹੈ, ਕੀ ਗਲਤ ਅਤੇ ਭਵਿੱਖ ’ਚ ਅਜਿਹੀਆਂ ਚੀਜ਼ਾਂ ਰੋਕਣ ਲਈ ਕਿਹੜੇ ਕਦਮ ਚੁੱਕਣ ਚਾਹੀਦੇ ਹਨ।

–ਵਿਜੇ ਕੁਮਾਰ


Bharat Thapa

Content Editor

Related News