‘ਵੋਟਿੰਗ ਮਸ਼ੀਨਾਂ ’ਚ ਕੈਦ ਹੋਈ’ ‘ਉਮੀਦਵਾਰਾਂ ਦੀ ਕਿਸਮਤ’
Thursday, May 11, 2023 - 03:36 AM (IST)

ਇਸ ਸਾਲ ਹੋਣ ਵਾਲੀਆਂ ਸੂਬਾ ਵਿਧਾਨ ਸਭਾਵਾਂ ਦੀਆਂ ਚੋਣਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਟ੍ਰੇਲਰ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਇਸੇ ਲੜੀ ’ਚ 10 ਮਈ ਨੂੰ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਤੋਂ ਇਲਾਵਾ ਜਲੰਧਰ ਲੋਕ ਸਭਾ ਸੀਟ ’ਤੇ ਉਪ ਚੋਣ ਅਤੇ 3 ਹੋਰ ਸੂਬਿਆਂ ਉੱਤਰ ਪ੍ਰਦੇਸ਼, ਓਡਿਸ਼ਾ ਅਤੇ ਮੇਘਾਲਿਆ ’ਚ 4 ਵਿਧਾਨ ਸਭਾ ਖੇਤਰਾਂ ਦੀਆਂ ਉਪ ਚੋਣਾਂ ਸੰਪੰਨ ਹੋਣ ਤੋਂ ਬਾਅਦ ਪਿਛਲੇ ਲਗਭਗ ਇਕ ਮਹੀਨੇ ਤੋਂ ਮਚਿਆ ਹੋਇਆ ਰੌਲਾ ਹੁਣ ਖਤਮ ਹੋ ਗਿਆ।
ਇਸ ਦੇ ਨਾਲ ਹੀ ਸਰਕਾਰੀ ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਲਗਾਏ ਜਾਣ ਨਾਲ ਦਫਤਰਾਂ ਦਾ ਠੱਪ ਕੰਮਕਾਜ ਵੀ ਮੁੜ ਬਹਾਲ ਹੋ ਿਗਆ ਅਤੇ ਲੋਕਾਂ ਤੇ ਚੋਣ ਪ੍ਰਚਾਰ ’ਚ ਲੱਗੇ ਨੇਤਾਵਾਂ ਨੇ ਵੀ ਰਾਹਤ ਦਾ ਸਾਹ ਲਿਆ।
ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਅਤੇ ਜਲੰਧਰ ਦੀ ਲੋਕ ਸਭਾ ਸੀਟ ਦੀ ਉਪ ਚੋਣ ਸਾਰੇ ਪੱਖਾਂ ਨੇ ਵੱਕਾਰ ਦਾ ਸਵਾਲ ਬਣਾ ਕੇ ਲੜੀ।
ਕਰਨਾਟਕ ’ਚ ਭਾਜਪਾ ਦੇ ਪ੍ਰਚਾਰ ਲਈ ਨਰਿੰਦਰ ਮੋਦੀ, ਜੇ. ਪੀ. ਨੱਢਾ, ਰਾਜਨਾਥ ਸਿੰਘ, ਅਮਿਤ ਸ਼ਾਹ, ਯੋਗੀ ਅਾਦਿੱਤਿਆਨਾਥ, ਸ਼ਿਵਰਾਜ ਚੌਹਾਨ, ਹੇਮੰਤ ਬਿਸਵਾ ਸਰਮਾ, ਦੇਵੇਂਦਰ ਫੜਨਵੀਸ ਵਰਗੇ ਸਟਾਰ ਪ੍ਰਚਾਰਕ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਂਗਲੁਰੂ ’ਚ 26 ਕਿਲੋਮੀਟਰ ਅਤੇ 10 ਕਿਲੋਮੀਟਰ ਲੰਬੇ ਰੋਡ ਸ਼ੋਅ ਕੱਢੇ।
ਇਸੇ ਤਰ੍ਹਾਂ ਉੱਥੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ ’ਚ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਤੋਂ ਇਲਾਵਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਮੁੱਖ ਮੰਤਰੀ ਸਿਧਰਮੱਈਆ, ਸੂਬਾ ਪਾਰਟੀ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਆਦਿ ਨੇ ਵੀ ਰੋਡ ਸ਼ੋਅ ਕੱਢੇ।
ਜਲੰਧਰ ਤੋਂ ਲੋਕ ਸਭਾ ਸੀਟ ਲਈ ਉਪ ਚੋਣ ’ਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ, ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ, ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਸ਼੍ਰੋਅਦ-ਬਸਪਾ ਗਠਜੋੜ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਚੋਣ ਪ੍ਰਚਾਰ ’ਚ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਕਿਉਂਕਿ ਲੋਕਾਂ ’ਚ ਚੋਣ ਨਤੀਜਿਆਂ ਬਾਰੇ ਉਤਸੁਕਤਾ ਵੀ ਪਹਿਲਾਂ ਦੀ ਤੁਲਨਾ ’ਚ ਕਾਫੀ ਵਧ ਗਈ ਹੈ, ਇਸੇ ਕਾਰਨ 2 ਟੀ. ਵੀ. ਚੈਨਲਾਂ ’ਤੇ ਕਰਨਾਟਕ ਵਿਚ ਪੋਲਿੰਗ ਤੋਂ ਪਹਿਲਾਂ ਹੀ ਇਕ-ਦੂਜੇ ਦੇ ਉਲਟ ਸੰਭਾਵਿਤ ਸਰਵੇ ਨਤੀਜੇ ਐਲਾਨ ਕੀਤੇ ਗਏ, ਜੋ ਨਹੀਂ ਕਰਨੇ ਚਾਹੀਦੇ ਸਨ
ਅਜਿਹੇ ਸਰਵੇਖਣਾਂ ਨਾਲ ਵੋਟਰਾਂ ਦਾ ਫੈਸਲਾ ਪ੍ਰਭਾਵਿਤ ਹੁੰਦਾ ਹੈ। ਇਸ ਲਈ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈ ਕੇ ਪੋਲਿੰਗ ਤੋਂ ਪਹਿਲਾਂ ਦੇ ਸਰਵੇਖਣਾਂ ’ਤੇ ਰੋਕ ਲਗਾਉਣੀ ਚਾਹੀਦੀ ਹੈ, ਤਾਂ ਜੋ ਵੋਟਰ ਭਰਮ ਵਿਚ ਨਾ ਪੈਣ।
- ਵਿਜੇ ਕੁਮਾਰ