ਸੈਲਫੀ ਲੈਣ ਦੇ ਜਨੂੰਨ ’ਚ ਨੌਜਵਾਨਾਂ ਦੀਆਂ ਮੌਤਾਂ ਨਾਲ ਉੱਜੜ ਰਹੇ ਪਰਿਵਾਰ

11/29/2022 2:34:12 AM

ਮੋਬਾਇਲ ਫੋਨ ਇਸ ਸਦੀ ਦਾ ਬੇਮਿਸਾਲ ਚਮਤਕਾਰ ਹੈ। ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਅਤੇ ਅੱਜ ਦੁਨੀਆ ’ਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਉਪਕਰਨ ਬਣ ਗਿਆ ਹੈ। ਬਿਨਾਂ ਸ਼ੱਕ ਇਸ ਦੇ ਅਣਗਿਣਤ ਲਾਭ ਹਨ ਪਰ ਇਸ ਦੀ ਵਰਤੋਂ ਕਿਤੇ ਕਿਤੇ ਨੁਕਸਾਨ ਵੀ ਪਹੁੰਚਾ ਰਹੀ ਹੈ। ਉਦਾਹਰਣ ਵਜੋਂ ਇਸ ਕਾਰਨ ਲੋਕਾਂ, ਖਾਸ ਕਰ ਕੇ ਨੌਜਵਾਨਾਂ ’ਚ ਸੈਲਫੀ ਲੈਣ ਦਾ ਜਨੂੰਨ ਕਈ ਦੁਖਦਾਈ ਘਟਨਾਵਾਂ ਦਾ ਕਾਰਨ ਬਣ ਰਿਹਾ ਹੈ।
ਇਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਅਧਿਐਨ ਤੋਂ ਬਾਅਦ ਸਾਹਮਣੇ ਆਈ ਇਕ ਰਿਪੋਰਟ ’ਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਸੈਲਫੀ ਲੈਣ ਦੌਰਾਨ ਮੌਤਾਂ ਦੇ ਮਾਮਲੇ ’ਚ ਪੂਰੀ ਦੁਨੀਆ ’ਚ ਸਭ ਤੋਂ ਅੱਗੇ ਹੈ ਅਤੇ ਰੂਸ, ਅਮਰੀਕਾ ਅਤੇ ਪਾਕਿਸਤਾਨ ਦਾ ਨੰਬਰ ਇਸ ਤੋਂ ਬਾਅਦ ਆਉਂਦਾ ਹੈ :
* 15 ਮਈ ਨੂੰ ਦਾਨਾਪੁਰ (ਬਿਹਾਰ) ਦੇ ਅਕਿਲਪੁਰ ਥਾਣਾ ਖੇਤਰ ਦੇ ਪੁਰਾਣੇ ‘ਪੀਪਾ ਪੁਲ’ ’ਤੇ ਸੈਲਫੀ ਲੈਣ ਦੌਰਾਨ ਗੰਗਾ ਦਰਿਆ ’ਚ ਡੁੱਬਣ ਕਾਰਨ ਇਕ ਨੌਜਵਾਨ ਮਾਰਿਆ ਗਿਆ।

* 15 ਜੂਨ ਨੂੰ ਜਬਲਪੁਰ ’ਚ ਭੇੜਾਘਾਟ ਦੇ ਖਤਰਨਾਕ ਪੁਆਇੰਟ ’ਤੇ ਸੈਲਫੀ ਲੈਂਦੇ ਸਮੇਂ ਇਕ ਵਿਦਿਆਰਥਣ ਦਾ ਪੈਰ ਫਿਸਲ ਜਾਣ ਕਾਰਨ ਉਹ ਪਾਣੀ ’ਚ ਡਿੱਗ ਗਈ ਅਤੇ ਉਸ ਨੂੰ ਬਚਾਉਣ ਲਈ ਉਥੇ ਖੜ੍ਹੇ ਦੋ ਨੌਜਵਾਨਾਂ ਨੇ ਉਸ ਦੇ ਪਿੱਛੇ ਛਾਲ ਮਾਰ ਦਿੱਤੀ ਅਤੇ ਪਾਣੀ ਦੇ ਤੇਜ਼ ਵਹਾਅ ’ਚ ਉਹ ਤਿੰਨੋਂ ਰੁੜ੍ਹ ਗਏ।

* 3 ਅਗਸਤ ਨੂੰ ਰਿਸ਼ੀਕੇਸ਼-ਬਦਰੀਨਾਥ ਰਾਜਮਾਰਗ ’ਤੇ ਦੇਵਪ੍ਰਯਾਗ (ਉੱਤਰਾਖੰਡ) ਨੇੜੇ ਸੜਕ ਦੇ ਕੰਢੇ ਖੜ੍ਹੀ ਹੋ ਕੇ ਸੈਲਫੀ ਲੈਂਦੇ ਸਮੇਂ ਇਕ ਮੁਟਿਆਰ ਪੈਰ ਫਿਸਲਣ ਨਾਲ ਖੱਡ ’ਚ ਜਾ ਡਿੱਗੀ, ਜਿਸ ਕਾਰਨ ਉਸ ਦੀ ਜਾਨ ਚਲੀ ਗਈ।

* 10 ਸਤੰਬਰ ਨੂੰ ਉਨਾਵ (ਉੱਤਰ ਪ੍ਰਦੇਸ਼) ’ਚ ਗੰਗਾ ਦਰਿਆ ’ਚ ਸੈਲਫੀ ਲੈ ਰਹੇ 5 ਨੌਜਵਾਨਾਂ ਦੀ ਪੈਰ ਫਿਸਲ ਜਾਣ ਕਾਰਨ ਡੂੰਘੇ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ।

* 11 ਸਤੰਬਰ ਨੂੰ ਨਾਲਗੋਂਡਾ ਜ਼ਿਲੇ (ਤੇਲੰਗਾਨਾ) ਦੇ ‘ਡਿੰਡੀ ਪੁਲ ਪ੍ਰਾਜੈਕਟ’ ਉਤੇ ਸੈਲਫੀ ਲੈ ਰਹੇ ਇਕ ਨੌਜਵਾਨ ਦੀ ਸੰਤੁਲਨ ਵਿਗੜ ਜਾਣ ਕਾਰਨ ਨਹਿਰ ’ਚ ਡਿੱਗ ਜਾਣ ਕਾਰਨ ਜਾਨ ਚਲੀ ਗਈ।

* 16 ਅਕਤੂਬਰ ਨੂੰ ਪਾਲਘਰ (ਮਹਾਰਾਸ਼ਟਰ) ਜ਼ਿਲੇ ਦੇ ‘ਵੈਤਰਣਾ ਪੁਲ’ ਉਤੇ ਸੈਲਫੀ ਲੈਂਦੇ ਸਮੇਂ 24 ਸਾਲ ਦੀ ਮੁਟਿਆਰ ਅਤੇ 15 ਸਾਲ ਦੀ ਅੱਲ੍ਹੜ ਕੁੜੀ ਸੰਤੁਲਨ ਵਿਗੜਣ ਨਾਲ ਪਾਣੀ ਦੀ ਤੇਜ਼ ਧਾਰਾ ’ਚ ਰੁੜ੍ਹ ਗਈਆਂ।

* 17 ਅਕਤੂਬਰ ਨੂੰ ਲਾਤੇਹਾਰ (ਝਾਰਖੰਡ) ਵਿਖੇ ਰੇਲਵੇ ਸਟੇਸ਼ਨ ਨੇੜੇ ‘ਗਲਾ ਨਦੀ’ ਰੇਲਵੇ ਪੁਲ ’ਤੇ ਸੈਲਫੀ ਲੈਣ ਦੌਰਾਨ ਤਿੰਨ ਨੌਜਵਾਨਾਂ ’ਚੋਂ ਇਕ ਨੌਜਵਾਨ ਦਾ ਮਾਲਗੱਡੀ  ਦੇ ਆ ਜਾਣ ਕਾਰਨ ਘਬਰਾਹਟ ’ਚ ਸੰਤੁਲਨ ਵਿਗੜ ਗਿਆ ਅਤੇ ਦਰਿਆ ’ਚ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਜਦੋਂਕਿ ਉਸ ਦੇ ਦੋ ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 11 ਨਵੰਬਰ ਨੂੰ ਰੁੜਕੀ (ਉੱਤਰ ਪ੍ਰਦੇਸ਼) ਵਿਖੇ ਸ਼ਾਹਪੁਰ ਰੇਲਵੇ ਕ੍ਰਾਂਸਿੰਗ ਫਾਟਕ ’ਤੇ ਦੋਸਤਾਂ ਦੇ ਮਨ੍ਹਾ ਕਰਨ ਦੇ  ਬਾਵਜੂਦ ਰੇਲ ਲਾਈਨ ’ਤੇ ਖੜ੍ਹੇ ਹੋ ਕੇ ਸੈਲਫੀ ਲੈਂਦੇ ਸਮੇਂ ਟਰੇਨ ਹੇਠ ਆ ਜਾਣ ਨਾਲ ਇਕ ਮਾਤਾ-ਪਿਤਾ ਦੇ ਇਕਲੌਤੇ ਬੇਟੇ ਦੀ ਜਾਨ ਚਲੀ ਗਈ।

* 12 ਨਵੰਬਰ ਨੂੰ ਪਾਨੀਪਤ (ਹਰਿਆਣਾ) ਵਿਖੇ ਰੇਲਵੇ ਯਾਰਡ ’ਚ ਖੜ੍ਹੀ ਮਾਲਗੱਡੀ ’ਤੇ ਚੜ੍ਹ ਕੇ ਸੈਲਫੀ ਲੈਣ ਦੇ ਜਨੂੰਨ ’ਚ ਹਾਈਵੋਲਟੇਜ ਕਰੰਟ ਦੀ ਲਪੇਟ ’ਚ ਆ ਕੇ 14 ਸਾਲ ਦਾ ਇਕ ਨੌਜਵਾਨ ਆਪਣੀ ਜਾਨ ਗੁਆ ਬੈਠਾ।
ਦੱਸਿਆ ਜਾਂਦਾ ਹੈ ਕਿ ਉਸ ਨੂੰ ਆਪਣੀ ਫੋਟੋ ਖਿਚਵਾਉਣ ਅਤੇ ਵੀਡੀਓ ਬਣਾਉਣ ਦਾ ਬਹੁਤ ਸ਼ੌਕ ਸੀ ਅਤੇ ਨਵੇਂ- ਨਵੇਂ ਤਰੀਕਿਆਂ ਨਾਲ ਫੋਟੋ ਅਤੇ ਫਿਲਮੀ ਗਾਣਿਆਂ ’ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦਾ ਰਹਿੰਦਾ ਸੀ।

* 20 ਨਵੰਬਰ ਨੂੰ  ਫਰੀਦਾਬਾਦ (ਹਰਿਆਣਾ) ’ਚ ਗੁੜਗਾਓਂ ਰੋਡ ’ਤੇ ਪਾਲੀ ਚੌਕੀ ਨੇੜੇ ਸੈਲਫੀ ਲੈਣ ਦੌਰਾਨ ਸੰਤੁਲਨ ਵਿਗੜ ਜਾਣ ਨਾਲ ਖੱਡ ’ਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।

* 27 ਨਵੰਬਰ ਨੂੰ ਬੇਲਗਾਵੀ (ਕਰਨਾਟਕ) ਦੇ ਕਿਟਵਾੜ ਜਲਪ੍ਰਪਾਤ ’ਚ ਇਕ ਮਦਰੱਸੇ ਦੀਆਂ 4 ਵਿਦਿਆਰਥਣਾਂ ਸੈਲਫੀ ਲੈਂਦੇ ਸਮੇਂ ਪੈਰ ਫਿਸਲ ਜਾਣ ਕਾਰਨ ਉਸ ’ਚ ਡਿੱਗ ਕੇ ਰੁੜ੍ਹ ਗਈਆਂ।

* 28 ਨਵੰਬਰ ਨੂੰ ਬਰੇਲੀ (ਉੱਤਰ ਪ੍ਰਦੇਸ਼) ਦੇ ਨੇੜੇ ਉਝਾਨੀ  ਵਿਖੇ ਰੇਲਵੇ ਫਾਟਕ ’ਤੇ ਆ ਰਹੀ ਰੇਲਗੱਡੀ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਦੌਰਾਨ ਉਸ ਦੀ ਲਪੇਟ ’ਚ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ।
ਨੌਜਵਾਨ ਅਤੇ ਬੱਚੇ ਇਸ ਤਰ੍ਹਾਂ ਸੈਲਫੀ ਦਾ ਜਨੂੰਨ ਨਾ ਪਾਲਣ ਕਿਉਂਕਿ ਪਰਿਵਾਰ ’ਚੋਂ ਜਦੋਂ ਉਸ ਦਾ ਕੋਈ ਮੈਂਬਰ ਇਸ ਤਰ੍ਹਾਂ ਹਮੇਸ਼ਾ ਲਈ ਚਲਾ ਜਾਂਦਾ ਹੈ ਤਾਂ ਮਾਤਾ-ਪਿਤਾ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ।
ਨੌਜਵਾਨ ਪੀੜ੍ਹੀ ਨੂੰ ਜੋਸ਼ ਦੇ ਨਾਲ ਹੋਸ਼ ਕਾਇਮ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੀ ਛੋਟੀ ਜਿਹੀ ਭੁੱਲ ਦੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ ਅਤੇ ਬਾਅਦ ’ਚ ਪਛਤਾਉਣ ਤੋਂ ਇਲਾਵਾ ਕੁਝ ਹੱਥ ਨਹੀਂ ਆਉਂਦਾ।

–ਵਿਜੇ ਕੁਮਾਰ


Mandeep Singh

Content Editor

Related News