ਨਕਲੀ ਨੋਟਾਂ ਦੇ ਵਪਾਰੀ ਦੇਸ਼ ਦੀ ਅਰਥਵਿਵਸਥਾ ਨੂੰ ਖੋਖਲਾ ਕਰ ਰਹੇ

Sunday, Sep 01, 2019 - 12:24 AM (IST)

ਨਕਲੀ ਨੋਟਾਂ ਦੇ ਵਪਾਰੀ ਦੇਸ਼ ਦੀ ਅਰਥਵਿਵਸਥਾ ਨੂੰ ਖੋਖਲਾ ਕਰ ਰਹੇ

ਕੇਂਦਰ ਸਰਕਾਰ ਨੇ ਕਾਲਾ ਧਨ ਅਤੇ ਨਕਲੀ ਕਰੰਸੀ ਖਤਮ ਕਰਨ ਲਈ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਵਾਲੇ ਪੁਰਾਣੇ ਨੋਟ ਬੰਦ ਕਰ ਕੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ।

ਹਾਲਾਂਕਿ ਉਸ ਸਮੇਂ ਇਹ ਦਲੀਲ ਦਿੱਤੀ ਗਈ ਸੀ ਕਿ ਨਵੀਂ ਜਾਰੀ ਕੀਤੀ ਜਾਣ ਵਾਲੀ ਕਰੰਸੀ ਦੇ ਸਿਕਿਓਰਿਟੀ ਫੀਚਰਜ਼ ਦੀ ਨਕਲ ਕਰ ਸਕਣਾ ਨਕਲੀ ਨੋਟਾਂ ਦੇ ਧੰਦੇਬਾਜ਼ਾਂ ਲਈ ਆਸਾਨ ਨਹੀਂ ਹੋਵੇਗਾ ਪਰ ਨੋਟਬੰਦੀ ਲਾਗੂ ਹੋਣ ਦੇ ਤੁਰੰਤ ਬਾਅਦ ਨਵੇਂ 500 ਅਤੇ 2000 ਰੁਪਏ ਵਾਲੇ ਨਕਲੀ ਨੋਟ ਵੀ ਬਾਜ਼ਾਰ ਵਿਚ ਆ ਗਏ ਅਤੇ ਰਿਜ਼ਰਵ ਬੈਂਕ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਦੇਸ਼ ’ਚ 200, 500 ਅਤੇ 2000 ਰੁਪਏ ਮੁੱਲ ਵਾਲੇ ਨਕਲੀ ਨੋਟਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਵਿੱਤੀ ਸਾਲ 2017/18 ਦੇ ਮੁਕਾਬਲੇ ਵਿਚ ਪਿਛਲੇ ਵਿੱਤੀ ਸਾਲ ਦੌਰਾਨ ਦੇਸ਼ ’ਚ ਨਕਲੀ ਨੋਟਾਂ ਦੀ ਗਿਣਤੀ 121 ਫੀਸਦੀ ਵਧੀ ਹੈ। ਉਥੇ ਹੀ 2000 ਰੁਪਏ ਮੁੱਲ ਦੇ ਨੋਟਾਂ ਦੇ ਮਾਮਲੇ ਵਿਚ ਇਹ ਅੰਕੜਾ 21.9 ਫੀਸਦੀ ਹੈ।

ਇਸੇ ਤਰ੍ਹਾਂ 10, 20 ਅਤੇ 50 ਰੁਪਏ ਮੁੱਲ ਵਾਲੇ ਫੜੇ ਗਏ ਨਕਲੀ ਨੋਟਾਂ ’ਚ ਤਰਤੀਬਵਾਰ 20.2, 87.2 ਅਤੇ 57.3 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਬੈਂਕਿੰਗ ਪ੍ਰਣਾਲੀ ’ਚ 100 ਰੁਪਏ ਮੁੱਲ ਵਾਲੇ 1 ਲੱਖ ਤੋਂ ਵੱਧ ਨਕਲੀ ਨੋਟਾਂ ਦਾ ਪਤਾ ਲੱਗਾ ਹੈ।

ਇਸ ਸਾਲ ਫੜੇ ਗਏ 2000 ਰੁਪਏ ਅਤੇ 500 ਰੁਪਏ ਮੁੱਲ ਵਾਲੇ ਨੋਟਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੀ ਕੁਆਲਿਟੀ ਬਹੁਤ ਘਟੀਆ ਹੈ ਅਤੇ ਇਨ੍ਹਾਂ ਦੀ ਨਕਲ ਆਸਾਨੀ ਨਾਲ ਕੀਤੀ ਜਾ ਸਕਦੀ ਹੈ, ਜਦਕਿ 100 ਰੁਪਏ ਮੁੱਲ ਵਾਲੇ ਨੋਟਾਂ ਦੀ ਨਕਲ ਤਾਂ ਹੋਰ ਵੀ ਆਸਾਨ ਹੋਣ ਦੇ ਕਾਰਣ ਰਿਜ਼ਰਵ ਬੈਂਕ ਨੂੰ ਖੁਫੀਆ ਏਜੰਸੀਆਂ ਨੇ ਨੋਟਾਂ ਦੀ ਛਪਾਈ ’ਚ ਜ਼ਿਆਦਾ ਉੱਨਤ ਸਿਕਿਓਰਿਟੀ ਫੀਚਰਜ਼ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਹੈ।

ਖੁਫੀਆ ਏਜੰਸੀਆਂ ਅਨੁਸਾਰ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਲੱਗਭਗ ਅੱਧੀ ਦਰਜਨ ਜ਼ਿਲੇ ਮਾਲਦਾ, ਉੱਤਰ ਦੀਨਾਜਪੁਰ ਅਤੇ ਮੁਰਸ਼ਿਦਾਬਾਦ (ਸਾਰੇ ਪੱਛਮੀ ਬੰਗਾਲ) ਅਤੇ ਧੁੱਬੜੀ ਤੇ ਬਾਰਪੇਟਾ (ਅਾਸਾਮ) ਭਾਰਤ ’ਚ ਨਕਲੀ ਕਰੰਸੀ ਦਾ ਪ੍ਰਵੇਸ਼ ਦੁਆਰ ਬਣ ਗਏ ਹਨ, ਜਿੱਥੋਂ ‘ਕੋਰੀਅਰ’ ਨਕਲੀ ਕਰੰਸੀ ਭਾਰਤ ’ਚ ਲਿਆ ਰਹੇ ਹਨ। ਨੇਪਾਲ ਅਤੇ ਪਾਕਿਸਤਾਨ ਤੋਂ ਵੀ ਨਕਲੀ ਕਰੰਸੀ ਆ ਰਹੀ ਹੈ।

ਨਕਲੀ ਕਰੰਸੀ ਦਾ ਇਹ ਧੰਦਾ ਕਿੰਨਾ ਜ਼ੋਰ ਫੜ ਚੁੱਕਾ ਹੈ, ਇਸ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਜੇ 30 ਅਗਸਤ ਨੂੰ ਹੀ ਹਿਸਾਰ ’ਚ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 500 ਅਤੇ 200 ਰੁਪਏ ਮੁੱਲ ਵਾਲੇ ਨਕਲੀ ਨੋਟਾਂ ਦੇ ਰੂਪ ’ਚ 24.60 ਲੱਖ ਰੁਪਏ ਮੁੱਲ ਦੀ ਨਕਲੀ ਕਰੰਸੀ ਜ਼ਬਤ ਕੀਤੀ ਹੈ। ਮੁਲਜ਼ਮ ਰੋਹਿਤ ਨਾਂ ਦਾ ਨੌਜਵਾਨ ਇਹ ਨੋਟ ਅੱਧੀ ਕੀਮਤ ’ਤੇ ਵੇਚਦਾ ਸੀ।

ਇਸੇ ਇਕ ਉਦਾਹਰਣ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਅੱਜ ਦੇਸ਼ ’ਚ ਨਕਲੀ ਨੋਟਾਂ ਦਾ ਧੰਦਾ ਕਿੰਨਾ ਵੱਡਾ ਰੂਪ ਧਾਰਨ ਕਰ ਰਿਹਾ ਹੈ। ਇਸ ਲਈ ਨਕਲੀ ਕਰੰਸੀ ਦੇ ਨਿਰਮਾਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ ’ਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

                                                                               –ਵਿਜੇ ਕੁਮਾਰ


author

KamalJeet Singh

Content Editor

Related News