ਹੁਣ ਬੰਗਲਾਦੇਸ਼ ਦੀ ਸਰਹੱਦ ਤੋਂ ਜਾਅਲੀ ਕਰੰਸੀ ਦੀ ਤਸਕਰੀ ਵਧ ਰਹੀ ਹੈ

09/13/2017 4:00:35 AM

ਜਾਅਲੀ ਕਰੰਸੀ ਤੇ ਕਾਲਾ ਧਨ ਖਤਮ ਕਰਨ ਲਈ ਪਿਛਲੇ ਸਾਲ 8 ਨਵੰਬਰ ਨੂੰ ਕੇਂਦਰ ਸਰਕਾਰ ਵਲੋਂ ਦੇਸ਼ ਵਿਚ 500 ਤੇ 1000 ਰੁਪਏ ਵਾਲੇ ਨੋਟ ਬੰਦ ਕਰਨ ਦੇ ਐਲਾਨ ਤੋਂ ਬਾਅਦ ਹੋਏ ਨਵੇਂ ਖੁਲਾਸੇ ਮੁਤਾਬਿਕ ਹੁਣ ਭਾਰਤ ਵਿਚ ਜਾਅਲੀ ਕਰੰਸੀ ਦੀ ਸਪਲਾਈ ਦਾ ਕੇਂਦਰ ਪਾਕਿਸਤਾਨ ਦੀ ਥਾਂ ਬੰਗਲਾਦੇਸ਼ ਬਣਦਾ ਜਾ ਰਿਹਾ ਹੈ। 
* 22 ਅਗਸਤ ਨੂੰ ਕੋਲਕਾਤਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਮੱਧ ਕੋਲਕਾਤਾ 'ਚ 3 ਵਿਅਕਤੀਆਂ ਆਲਮ ਸ਼ੇਖ, ਗੋਲਪ ਸ਼ੇਖ ਤੇ ਸੇਰਾਊਲ ਸ਼ੇਖ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 2000 ਰੁਪਏ ਵਾਲੇ ਨੋਟਾਂ ਦੇ ਰੂਪ ਵਿਚ 9.46 ਲੱਖ ਰੁਪਏ ਦੀ ਜਾਅਲੀ ਕਰੰਸੀ ਜ਼ਬਤ ਕੀਤੀ। ਇਹ ਤਿੰਨੋਂ ਦੋਸ਼ੀ ਬੰਗਲਾਦੇਸ਼ ਦੀ ਸਰਹੱਦ 'ਤੇ ਪੈਂਦੇ ਮਾਲਦਾ ਜ਼ਿਲੇ ਦੇ ਰਹਿਣ ਵਾਲੇ ਹਨ। 
* 23 ਅਗਸਤ ਨੂੰ ਭਾਰਤ-ਬੰਗਲਾਦੇਸ਼ ਕੌਮਾਂਤਰੀ ਸਰਹੱਦ ਨੇੜੇ ਮਾਲਦਾ ਜ਼ਿਲੇ ਵਿਚ ਚੁਰਿਆਂਤਪੁਰ ਸਰਹੱਦੀ ਚੌਕੀ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਬੰਗਲਾਦੇਸ਼ ਵਲੋਂ ਸੁੱਟਿਆ ਗਿਆ ਜਾਅਲੀ ਕਰੰਸੀ ਦਾ ਇਕ ਬੰਡਲ ਜ਼ਬਤ ਕੀਤਾ। 
ਤਸਕਰ ਗਿਰੋਹ ਬੰਡਲ ਚੁੱਕਣ ਲਈ ਘਾਤ ਲਾਈ ਬੈਠਾ ਸੀ ਪਰ ਬੀ. ਐੱਸ. ਐੱਫ. ਦੀ ਟੁਕੜੀ ਨੂੰ ਦੇਖ ਕੇ ਫਰਾਰ ਹੋ ਗਿਆ। ਉਸ ਬੰਡਲ 'ਚੋਂ 2000 ਰੁਪਏ ਵਾਲੇ 260 ਜਾਅਲੀ ਨੋਟ ਬਰਾਮਦ ਹੋਏ, ਜਿਨ੍ਹਾਂ ਦੀ ਰਕਮ 5.20 ਲੱਖ ਰੁਪਏ ਬਣਦੀ ਹੈ। 
* 01 ਸਤੰਬਰ ਨੂੰ ਮੁੰਬਈ ਦੇ ਉਪ-ਨਗਰ ਮੁੰਬਰਾ ਵਿਚ ਡੀ. ਆਰ. ਆਈ. ਦੇ ਅਧਿਕਾਰੀਆਂ ਨੇ ਕਰਨਾਟਕ ਤੋਂ ਆਏ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ 7.56 ਲੱਖ ਰੁਪਏ ਦੇ 2000 ਰੁਪਏ ਵਾਲੇ ਜਾਅਲੀ ਨੋਟ ਬਰਾਮਦ ਕੀਤੇ।
ਪੁੱਛਗਿੱਛ ਦੌਰਾਨ ਉਸ ਨੇ ਇਹ ਨੋਟ ਬੰਗਲਾਦੇਸ਼ ਦੀ ਸਰਹੱਦ 'ਤੇ ਸਥਿਤ ਪੱਛਮੀ ਬੰਗਾਲ ਦੇ ਇਸਲਾਮਪੁਰ ਕਸਬੇ ਵਿਚ ਇਕ ਵਿਅਕਤੀ ਤੋਂ ਪ੍ਰਾਪਤ ਕਰਨ ਦੀ ਗੱਲ ਕਹੀ। 
* 11 ਸਤੰਬਰ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਚੁਰਿਆਂਤਪੁਰ ਵਿਚ  6,90,000 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। 
ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਨੋਟਬੰਦੀ ਤੋਂ ਬਾਅਦ ਕੇਂਦਰ ਸਰਕਾਰ ਦੀ ਸਖਤ ਨਿਗਰਾਨੀ ਦੇ ਬਾਵਜੂਦ ਦੇਸ਼ ਵਿਚ ਜਾਅਲੀ ਨੋਟਾਂ ਦਾ ਚਲਨ ਰੁਕ ਨਹੀਂ ਰਿਹਾ।
ਤਾਜ਼ਾ ਖੁਲਾਸੇ ਅਨੁਸਾਰ ਜਿੱਥੇ ਨੋਟਬੰਦੀ ਤੋਂ ਬਾਅਦ ਪਾਕਿਸਤਾਨ ਵਿਚ ਮੌਜੂਦ ਜਾਅਲੀ ਕਰੰਸੀ ਛਾਪਣ ਵਾਲੀਆਂ ਫੈਕਟਰੀਆਂ 'ਤੇ ਅਸਰ ਪਿਆ ਹੈ, ਉਥੇ ਹੀ ਪੱਛਮੀ ਬੰਗਾਲ ਨਾਲ ਲੱਗਦੇ ਗੁਆਂਢੀ ਬੰਗਲਾਦੇਸ਼ ਦੇ ਭਾਰਤ ਵਿਚ 2000 ਰੁਪਏ ਵਾਲੇ ਜਾਅਲੀ ਨੋਟਾਂ ਦੇ ਨਿਰਮਾਣ ਤੇ ਉਨ੍ਹਾਂ ਦੀ ਤਸਕਰੀ ਦੇ ਵੱਡੇ ਕੇਂਦਰ ਵਜੋਂ ਉੱਭਰਨ ਨਾਲ ਭਾਰਤ ਲਈ ਨਵੀਂ ਸਮੱਸਿਆ ਖੜ੍ਹੀ ਹੁੰਦੀ ਦਿਖਾਈ ਦੇ ਰਹੀ ਹੈ। 
ਇਸ ਦਾ ਸਬੂਤ ਇਹ ਹੈ ਕਿ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਇਸ ਸਾਲ ਜਨਵਰੀ ਤੋਂ ਬਾਅਦ ਜਾਅਲੀ ਨੋਟਾਂ ਦੀ ਬਰਾਮਦਗੀ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 
ਇਸ ਸਾਲ ਦੇ ਪਹਿਲੇ 6 ਮਹੀਨਿਆਂ ਵਿਚ ਬੀ. ਐੱਸ. ਐੱਫ. ਨੇ ਘੱਟੋ-ਘੱਟ 32 ਲੱਖ ਰੁਪਏ ਦੇ ਜਾਅਲੀ ਨੋਟ ਫੜੇ ਹਨ। ਜਨਵਰੀ ਵਿਚ 1 ਲੱਖ ਰੁਪਏ, ਫਰਵਰੀ ਵਿਚ 2.96 ਲੱਖ, ਮਾਰਚ 'ਚ 4.60 ਲੱਖ, ਅਪ੍ਰੈਲ ਵਿਚ 20 ਲੱਖ ਤੇ ਮਈ ਵਿਚ 6.98 ਲੱਖ ਰੁਪਏ ਦੀ ਜਾਅਲੀ ਕਰੰਸੀ ਫੜੀ ਗਈ। 
ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਨੋਟਬੰਦੀ ਤੋਂ ਬਾਅਦ ਹੀ ਜਾਅਲੀ ਨੋਟਾਂ ਦੇ ਨਿਰਮਾਤਾ ਸਿੰਡੀਕੇਟਾਂ ਨੇ ਇਕ ਵਾਰ ਫਿਰ ਦੇਸ਼ ਵਿਚ ਆਪਣੀਆਂ ਜੜ੍ਹਾਂ ਜਮਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਦਾ ਤਾਂ ਇਥੋਂ ਤਕ ਕਹਿਣਾ ਹੈ ਕਿ ਇਸ ਦੇ ਲਈ ਜਾਅਲੀ ਨੋਟਾਂ ਦੇ ਵਪਾਰੀ 2000 ਰੁਪਏ ਵਾਲੀ ਨਵੀਂ ਜਾਅਲੀ ਕਰੰਸੀ ਛਾਪਣ ਲਈ ਭਾਰਤ ਸਰਕਾਰ ਵਲੋਂ ਇਸਤੇਮਾਲ ਕੀਤੇ ਜਾਂਦੇ ਕਾਗਜ਼ ਨਾਲ ਮੇਲ ਖਾਂਦੇ ਕਾਗਜ਼ ਦੀ ਭਾਲ ਵਿਚ ਜੁਟੇ ਹੋਏ ਹਨ। 
ਬੰਗਲਾਦੇਸ਼ ਵਿਚ ਸਰਗਰਮ ਜਾਅਲੀ ਨੋਟਾਂ ਦੇ ਸਿੰਡੀਕੇਟ ਹੁਣ ਮਲੇਸ਼ੀਆ ਤੇ ਸਾਊਦੀ ਅਰਬ ਤੋਂ ਨੋਟਾਂ ਦੀ ਛਪਾਈ ਲਈ ਇਸਤੇਮਾਲ ਹੋਣ ਵਾਲੇ ਕਾਗਜ਼ ਦੀ ਤਸਕਰੀ ਕਰਵਾ ਰਹੇ ਹਨ ਕਿਉਂਕਿ ਉਥੋਂ ਆਉਣ ਵਾਲਾ ਕਾਗਜ਼ ਭਾਰਤ ਵਿਚ ਛਪਣ ਵਾਲੇ 2000 ਰੁਪਏ ਵਾਲੇ ਨਵੇਂ ਕਰੰਸੀ ਨੋਟ ਲਈ ਵਰਤੇ ਜਾਂਦੇ ਕਾਗਜ਼ ਨਾਲ ਕਾਫੀ ਮਿਲਦਾ-ਜੁਲਦਾ ਹੈ। 
ਕਿਉਂਕਿ ਜਾਅਲੀ ਕਰੰਸੀ ਚਲਾਉਣਾ ਕਿਸੇ ਵੀ ਦੇਸ਼ ਵਿਚ ਰਹਿ ਕੇ ਉਸ ਦੀਆਂ ਜੜ੍ਹਾਂ ਪੁੱਟਣ ਵਾਂਗ ਹੈ, ਇਸ ਲਈ ਇਸ ਦੇ ਨਿਰਮਾਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ ਹੇਠ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। 
ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਅਮਰੀਕੀ ਬੈਂਕਾਂ ਵਿਚ ਜਮ੍ਹਾ ਕਰਨ ਲਈ ਆਉਣ ਵਾਲੇ ਨੋਟ ਗਿਣਨ ਵਾਸਤੇ ਲਾਈਆਂ ਗਈਆਂ ਮਸ਼ੀਨਾਂ ਗਿਣਤੀ ਦੌਰਾਨ ਨਕਲੀ ਨੋਟਾਂ ਨੂੰ ਉਸੇ ਸਮੇਂ ਨਸ਼ਟ ਕਰ ਦਿੰਦੀਆਂ ਹਨ, ਉਸੇ ਤਰ੍ਹਾਂ ਦੀਆਂ ਹੀ ਮਸ਼ੀਨਾਂ ਭਾਰਤੀ ਬੈਂਕਾਂ ਵਿਚ ਵੀ ਲਾਉਣੀਆਂ ਚਾਹੀਦੀਆਂ ਹਨ ਤਾਂ ਕਿ ਜਾਅਲੀ ਨੋਟ ਆਮ ਲੋਕਾਂ ਤਕ ਦੁਬਾਰਾ ਪਹੁੰਚ ਹੀ ਨਾ ਸਕਣ।                        
—ਵਿਜੇ ਕੁਮਾਰ


Vijay Kumar Chopra

Chief Editor

Related News