ਧਰਮ ਅਤੇ ਮੁਕਤੀ ਦੇ ਨਾਂ ’ਤੇ ਔਰਤਾਂ ਦਾ ਸੈਕਸ-ਸ਼ੋਸ਼ਣ ਕਰਨ ਵਾਲੇ ਦੇਸ਼-ਵਿਦੇਸ਼ ਦੇ ‘ਬਾਬੇ’

Wednesday, Jan 24, 2024 - 06:18 AM (IST)

ਧਰਮ ਅਤੇ ਮੁਕਤੀ ਦੇ ਨਾਂ ’ਤੇ ਔਰਤਾਂ ਦਾ ਸੈਕਸ-ਸ਼ੋਸ਼ਣ ਕਰਨ ਵਾਲੇ ਦੇਸ਼-ਵਿਦੇਸ਼ ਦੇ ‘ਬਾਬੇ’

ਸੰਤ ਅਤੇ ਮਹਾਤਮਾ ਦੇਸ਼ ਅਤੇ ਸਮਾਜ ਨੂੰ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ਪਰ ਕੁਝ ਨਾਮ-ਨਿਹਾਦ ਸੰਤ-ਮਹਾਤਮਾ ਅਤੇ ਬਾਬੇ ਲੋਕ ਇਸ ਦੇ ਉਲਟ ਵਤੀਰਾ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਅਜਿਹੇ ‘ਬਾਬੇ’ ਭਾਰਤ ’ਚ ਹੀ ਨਹੀਂ, ਦੂਜੇ ਦੇਸ਼ਾਂ ’ਚ ਵੀ ਮੌਜੂਦ ਹਨ :

* 8 ਜਨਵਰੀ, 2024 ਨੂੰ ਵਿਸ਼ਵ ਦੇ ਸਭ ਤੋਂ ਵੱਡੇ ਇਸਾਈ ਅੰਜੀਲ ਚਰਚਾਂ ’ਚੋਂ ਇਕ ਦੇ ਸੰਸਥਾਪਕ ਨਾਈਜੀਰੀਅਨ ਪਾਦਰੀ ‘ਟੀ. ਬੀ. ਜੋਸ਼ੂਆ’ ਵੱਲੋਂ ਔਰਤਾਂ ਅਤੇ ਬੱਚਿਆਂ ’ਤੇ ਭਿਆਨਕ ਜ਼ੁਲਮਾਂ ਦਾ ਖੁਲਾਸਾ ਹੋਇਆ।

ਉਹ ਮੁਕਤੀ ਦਿਵਾਉਣ ਦਾ ਝਾਂਸਾ ਦੇ ਕੇ ਆਪਣੀਆਂ ਚੇਲੀਆਂ ਨਾਲ ਜਬਰ-ਜ਼ਨਾਹ ਕਰਦਾ ਸੀ। ਜੇ ਕੋਈ ਚੇਲੀ ਉਸ ਦਾ ਵਿਰੋਧ ਕਰਦੀ ਤਾਂ ਉਸ ਦੇ ਕੱਪੜੇ ਉਤਾਰ ਕੇ ਉਸ ਨੂੰ ਕੋੜੇ ਮਾਰੇ ਜਾਂਦੇ ਅਤੇ ਹਨੇਰੀ ਕੋਠੜੀ ’ਚ ਰੱਖਿਆ ਜਾਂਦਾ। ਉਹ ਚੇਲੀਆਂ ਨੂੰ ਆਪਣੀ ਜੂਠ ਖਾਣ ਲਈ ਵੀ ਮਜਬੂਰ ਕਰਦਾ।

ਅਫਰੀਕਾ ’ਚ ਜੰਮਿਆ ਜੋਸ਼ੂਆ ਆਪਣੇ ਦੇਸ਼ ਦਾ ਸਭ ਤੋਂ ਪ੍ਰਭਾਵਸ਼ਾਲੀ ਇਸਾਈ ਪ੍ਰਚਾਰਕ ਸੀ ਅਤੇ ਟੀ. ਵੀ. ’ਤੇ ਸਭ ਤੋਂ ਪ੍ਰਸਿੱਧ ਧਰਮ-ਉਪਦੇਸ਼ਕ ਬਣ ਗਿਆ ਸੀ। ਉਸ ਦੀ ਮੌਤ ਪਿੱਛੋਂ ਉਸ ਦੇ ਚੁੰਗਲ ’ਚੋਂ ਛੁੱਟੀਆਂ ਚੇਲੀਆਂ ਨੇ ਉਸ ਦੀਆਂ ਕਰਤੂਤਾਂ ਦਾ ਖੁਲਾਸਾ ਕੀਤਾ।

ਲਾਗੋਸ ਦੇ ਚਰਚ ’ਚ ਉਸ ਵੱਲੋਂ ਕੀਤੀ ਗਈ ਸਰੀਰਕ ਹਿੰਸਾ, ਬੱਚਿਆਂ ’ਤੇ ਜ਼ੁਲਮ, ਲੋਕਾਂ ਨੂੰ ਕੋੜੇ ਮਾਰਨ ਅਤੇ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਣ ਦੇ ਦਰਜਨਾਂ ਮੌਕੇ ਦੇ ਗਵਾਹ ਹਨ। ਇਕ ਪੀੜਤ ਬਰਤਾਨਵੀ ਔਰਤ ਅਨੁਸਾਰ ਜੋਸ਼ੂਆ ਨੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਅਤੇ 2 ਸਾਲ ਤੱਕ ਇਕਾਂਤਵਾਸ ’ਚ ਰੱਖਿਆ।

ਨਾਮੀਬੀਆ ਦੀ ਇਕ ਔਰਤ ਅਨੁਸਾਰ ਜਦੋਂ ਉਹ 17 ਸਾਲ ਦੀ ਸੀ ਤਾਂ ਪਹਿਲੀ ਵਾਰ ਜੋਸ਼ੂਆ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਪਿੱਛੋਂ ਵਾਰ-ਵਾਰ ਜਬਰ-ਜ਼ਨਾਹ ਅਤੇ 5 ਵਾਰ ਉਸ ਦਾ ਗਰਭਪਾਤ ਕਰਵਾਇਆ ਗਿਆ।

* 9 ਜਨਵਰੀ ਨੂੰ ਨੇਪਾਲ ਦੀ ਸੀ. ਬੀ. ਆਈ. ਨੇ ਰਾਜਧਾਨੀ ਕਾਠਮਾਂਡੂ ਦੇ ਬਾਹਰੀ ਇਲਾਕੇ ਤੋਂ 2005 ਦੇ ਸ਼ੁਰੂ ’ਚ ‘ਬੁੱਧ ਬੁਆਏ’ ਕਹੇ ਜਾਣ ਵਾਲੇ ਵਿਵਾਦਤ ਅਧਿਆਤਮਿਕ ਗੁਰੂ ‘ਰਾਮ ਬਹਾਦੁਰ ਬੋਮਜਨ’ ਨੂੰ ਗ੍ਰਿਫਤਾਰ ਕੀਤਾ। ਉਹ ਜੁਲਾਈ 2020 ’ਚ ਇਕ ਨਾਬਾਲਿਗ ਪੈਰੋਕਾਰ ਵੱਲੋਂ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਦਾਇਰ ਸ਼ਿਕਾਇਤ ਪਿੱਛੋਂ ਫਰਾਰ ਚੱਲ ਰਿਹਾ ਸੀ।

ਗੌਤਮ ਬੁੱਧ ਦੇ ਅਵਤਾਰ ਵਜੋਂ ਪੂਜਿਆ ਅਤੇ ਮੰਨਿਆ ਜਾਣ ਵਾਲਾ ‘ਰਾਮ ਬਹਾਦੁਰ ਬੋਮਜਨ’ 2005 ’ਚ ਮਹੀਨਿਆਂ ਤੱਕ ਬਿਨਾਂ ਭੋਜਨ-ਪਾਣੀ ਜਾਂ ਨੀਂਦ ਦੇ ਧਿਆਨ ਕਰਨ ਦਾ ਦਾਅਵਾ ਕਰਨ ਪਿੱਛੋਂ ਚਰਚਾ ’ਚ ਆਇਆ ਸੀ ਅਤੇ ਆਪਣਾ ਧਿਆਨ ਖਤਮ ਕਰਨ ਪਿੱਛੋਂ ਉਸ ਨੇ ਵੱਖ-ਵੱਖ ਜ਼ਿਲਿਆਂ ’ਚ ਆਪਣੇ ਆਸ਼ਰਮ ਕਾਇਮ ਕਰ ਲਏ ਸਨ। ਉਸ ਦੇ ‘ਆਸ਼ਰਮ’ ਤੋਂ 5 ਚੇਲੀਆਂ ਦੇ ਲਾਪਤਾ ਹੋਣ ਦਾ ਵੀ ਦੋਸ਼ ਹੈ।

* 19 ਜਨਵਰੀ ਨੂੰ ਕੇਰਲ ਦੇ ਤਿਰੂਵਨੰਤਪੁਰਮ ਜ਼ਿਲੇ ’ਚ 13 ਸਾਲਾ ਲੜਕੇ ਨੂੰ ਆਪਣੇ ਜਾਲ ’ਚ ਫਸਾ ਕੇ ਉਸ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ’ਚ ਪੇਂਟੇਕੋਸਟਲ ਚਰਚ ਦੇ 50 ਸਾਲਾ ਪਾਦਰੀ ਰਵਿੰਦਰਨਾਥ ਨੂੰ ਗ੍ਰਿਫਤਾਰ ਕੀਤਾ ਗਿਆ।

ਪੀੜਤ ਲੜਕੇ ਨੂੰ ਪਾਦਰੀ ਬਹਿਲਾ-ਫੁਸਲਾ ਕੇ ਆਪਣੇ ਘਰ ਲੈ ਗਿਆ। ਉੱਥੇ ਪਾਦਰੀ ਨੇ ਉਸ ਨੂੰ ਕੇਕ ਖਵਾਉਣ ਪਿੱਛੋਂ ਮੋਬਾਇਲ ’ਤੇ ਇਤਰਾਜ਼ਯੋਗ ਤਸਵੀਰਾਂ ਦਿਖਾਈਆਂ ਅਤੇ ਫਿਰ ਉਸ ਨਾਲ ਕੁਕਰਮ ਕਰ ਦਿੱਤਾ।

* 22 ਜਨਵਰੀ, 2024 ਨੂੰ ਦਿੱਲੀ ਹਾਈਕੋਰਟ ਨੇ ਫਰਾਰ ਆਪੇ ਬਣੇ ਅਧਿਆਤਮਕ ਉਪਦੇਸ਼ਕ ਵੀਰੇਂਦਰ ਦੇਵ ਦੀਕਸ਼ਿਤ ਵੱਲੋਂ ਦਿੱਲੀ ’ਚ ਸੰਚਾਲਿਤ ਇਕ ਆਸ਼ਰਮ ਦੇ ਨਿਰੀਖਣ ਦਾ ਹੁਕਮ ਦਿੱਤਾ, ਜਿੱਥੇ ਕਈ ਕੁੜੀਆਂ ਅਤੇ ਔਰਤਾਂ ਨੂੰ ਨਾਜਾਇਜ਼ ਤੌਰ ’ਤੇ ਬੰਧਕ ਬਣਾ ਕੇ ਰੱਖਿਆ ਗਿਆ ਹੈ। ਇਸ ਬਾਰੇ ਦਾਇਰ ਰਿੱਟ ’ਚ ਇਕ ਔਰਤ ਨੇ ਕਿਹਾ ਕਿ ਉਸ ਦੀ ਬੇਟੀ ਉੱਥੇ ਕੁਝ ਲੋਕਾਂ ਦੇ ਪ੍ਰਭਾਵ ’ਚ ਰਹਿ ਰਹੀ ਹੈ।

ਇਸ ’ਤੇ ਜਸਟਿਸ ਸੁਰੇਸ਼ ਕੁਮਾਰ ਕੈਤ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਦੀਕਸ਼ਿਤ ਵਿਰੁੱਧ ਜਬਰ-ਜ਼ਨਾਹ ਦੇ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਸਰਕਾਰ ਨੂੰ ਇਸ ਮਾਮਲੇ ’ਚ ਸਥਿਤੀ ਰਿਪੋਰਟ ਦਾਖਲ ਕਰਨ ਦਾ ਹੁਕਮ ਦਿੱਤਾ। ਸੀ. ਬੀ. ਆਈ. ਦੇ ਵਕੀਲ ਨੇ ਕਿਹਾ ਕਿ ਦੀਕਸ਼ਿਤ ਵਿਰੁੱਧ ਜਬਰ-ਜ਼ਨਾਹ ਦੇ ਦੋਸ਼ ’ਚ 2 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਉਸ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਹਨ।

* 21 ਜਨਵਰੀ ਨੂੰ ਹੀ ਸੁਲਤਾਨਪੁਰ ਲੋਧੀ (ਪੰਜਾਬ) ਪੁਲਸ ਨੇ ਇਕ ਗ੍ਰੰਥੀ ਵਿਰੁੱਧ 2 ਨਾਬਾਲਿਗ ਲੜਕੀਆਂ ਦੇ ਅਸ਼ਲੀਲ ਫੋਟੋ ਸੋਸ਼ਲ ਮੀਡੀਆ ’ਤੇ ਪਾਉਣ ਅਤੇ ਸਰਕਾਰੀ ਰਾਹਤ ਦਿਵਾਉਣ ਦੇ ਬਹਾਨੇ ਉਨ੍ਹਾਂ ’ਚੋਂ ਵੱਡੀ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ।

ਹਾਲਾਂਕਿ ਜ਼ਿਆਦਾਤਰ ਸੰਤ ਅਜਿਹੇ ਨਹੀਂ ਹਨ ਪਰ ਯਕੀਨੀ ਹੀ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ। ਇਸ ਲਈ ਇਸ ਮਾਮਲੇ ’ਚ ਲੋਕਾਂ, ਖਾਸ ਕਰ ਕੇ ਔਰਤਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। 

- ਵਿਜੇ ਕੁਮਾਰ


author

Anmol Tagra

Content Editor

Related News