ਲੁਧਿਆਣਾ ''ਚ ਭਿਆਨਕ ਅਗਨੀਕਾਂਡ 30 ਤੋਂ ਜ਼ਿਆਦਾ ਲੋਕ ਦੱਬੇ ਹੋਣ ਦਾ ਖਦਸ਼ਾ

11/21/2017 7:47:19 AM

ਸ਼ਹਿਰੀ ਆਬਾਦੀ ਨਾਲ ਲੱਗਦੇ ਇੰਡਸਟਰੀਅਲ ਏਰੀਆ ਏ ਲੁਧਿਆਣਾ 'ਚ ਸੂਫੀਆਂ ਚੌਕ ਨੇੜੇ 20 ਨਵੰਬਰ ਨੂੰ ਸਵੇਰੇ 6.45 ਵਜੇ ਦੇ ਲੱਗਭਗ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀ ਐਮਰਸਨ ਪੋਲੀਮਰ ਫੈਕਟਰੀ ਦੀ ਛੇ ਮੰਜ਼ਿਲਾ ਇਮਾਰਤ ਦੀ ਉੱਪਰਲੀ ਮੰਜ਼ਿਲ 'ਚ ਅੱਗ ਲੱਗ ਗਈ, ਜਿਸ ਨੇ ਉਥੇ ਪਏ ਕੈਮੀਕਲ ਨੂੰ ਆਪਣੀ ਲਪੇਟ 'ਚ ਲੈ ਲਿਆ। ਸਿੱਟੇ ਵਜੋਂ ਪੂਰੀ ਇਮਾਰਤ ਅੱਗ ਦੀਆਂ ਲਪਟਾਂ 'ਚ ਘਿਰ ਗਈ। ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਇਹ ਅੱਗ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਹੀ ਲੱਗੀ ਹੈ। ਜਿਸ ਸਮੇਂ ਅੱਗ ਲੱਗੀ, ਉਦੋਂ ਫੈਕਟਰੀ ਬੰਦ ਸੀ ਅਤੇ ਅਜੇ ਕੰਮ ਸ਼ੁਰੂ ਵੀ ਨਹੀਂ ਹੋਇਆ ਸੀ। ਦੇਖਦੇ ਹੀ ਦੇਖਦੇ ਫੈਕਟਰੀ ਵਿਚ ਹਫੜਾ-ਦਫੜੀ ਮਚ ਗਈ ਤੇ ਲੋਕ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ ਤੇ ਪੂਰੀ ਇਮਾਰਤ ਧੂੰਏਂ ਨਾਲ ਭਰ ਗਈ। ਦੱਸਿਆ ਜਾਂਦਾ ਹੈ ਕਿ ਕੁਝ ਘੰਟਿਆਂ ਮਗਰੋਂ ਜਦੋਂ ਇਹ ਮੰਨ ਲਿਆ ਗਿਆ ਕਿ ਅੱਗ ਬੁਝ ਚੁੱਕੀ ਹੈ, ਉਦੋਂ ਹੀ ਕੁਝ ਅੱਗ-ਬੁਝਾਊ ਮੁਲਾਜ਼ਮਾਂ ਤੇ ਅਧਿਕਾਰੀਆਂ ਸਮੇਤ ਕੁਝ ਲੋਕ ਇਮਾਰਤ ਦੇ ਅੰਦਰ ਗਏ ਤਾਂ ਸਾਰੀ ਇਮਾਰਤ ਡਿੱਗ ਗਈ। ਅੱਗ ਦਾ ਤਾਪਮਾਨ ਇੰਨਾ ਜ਼ਿਆਦਾ ਸੀ ਕਿ ਲੈਂਟਰ ਤੇ ਬੀਮ ਵਿਚ ਪਿਆ ਸਰੀਆ ਤਕ ਪਿਘਲ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ 3 ਧਮਾਕੇ ਵੀ ਹੋਏ ਸਨ। 
ਇਮਾਰਤ 'ਚ 15 ਫਾਇਰ ਮੁਲਾਜ਼ਮਾਂ ਤੇ ਫੈਕਟਰੀ ਵਰਕਰਾਂ ਸਮੇਤ 30 ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਸ ਅਗਨੀਕਾਂਡ ਦੇ ਸਿੱਟੇ ਵਜੋਂ ਆਸ-ਪਾਸ ਦੇ ਲੱਗਭਗ ਇਕ ਦਰਜਨ ਮਕਾਨ ਵੀ ਪ੍ਰਭਾਵਿਤ ਹੋਏ ਹਨ।
ਇਕ ਖਬਰ ਮੁਤਾਬਕ ਇਮਾਰਤ ਅੰਦਰ ਭਾਰੀ ਮਾਤਰਾ 'ਚ ਪਲਾਸਟਿਕ ਦਾ ਸਾਮਾਨ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ 'ਚ ਫਾਇਰ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਖਬਰ ਲਿਖੇ ਜਾਣ ਤਕ 8 ਵਿਅਕਤੀਆਂ ਦੀਆਂ ਲਾਸ਼ਾਂ ਮਲਬੇ 'ਚੋਂ ਬਾਹਰ ਕੱਢੀਆਂ ਜਾ ਚੁੱਕੀਆਂ ਸਨ, ਜਦਕਿ ਬਾਕੀਆਂ ਦੀ ਭਾਲ ਅਜੇ ਵੀ ਜਾਰੀ ਸੀ।
ਮਲਬੇ 'ਚ ਫਾਇਰ ਬ੍ਰਿਗੇਡ ਮੁਲਾਜ਼ਮਾਂ ਤੋਂ ਇਲਾਵਾ ਕਈ ਹੋਰਨਾਂ ਲੋਕਾਂ ਦੇ ਫਸੇ ਹੋਣ ਦੀ ਵੀ ਖਬਰ ਹੈ, ਜਦਕਿ ਇਮਾਰਤ ਅੰਦਰ ਮੌਜੂਦ ਲੋਕਾਂ ਦੀ ਸਹੀ ਗਿਣਤੀ ਬਾਰੇ ਕੋਈ ਜਾਣਕਾਰੀ ਇਹ ਲਾਈਨਾਂ ਲਿਖੇ ਜਾਣ ਤਕ ਨਹੀਂ ਮਿਲ ਸਕੀ ਸੀ।
ਬਚਾਅ ਲਈ ਐੱਨ. ਡੀ. ਆਰ. ਐੱਫ., ਬੀ. ਐੱਸ. ਐੱਫ. ਅਤੇ ਜਲੰਧਰ ਤੋਂ ਪੀ. ਏ. ਪੀ., ਮਿਲਟਰੀ ਤੇ ਐਂਬੂਲੈਂਸ ਦੀਆਂ ਟੀਮਾਂ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ। ਮਲਬੇ 'ਚ ਦੱਬੇ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਨੇਤਾ ਲਕਸ਼ਮਣ ਦ੍ਰਵਿੜ ਦੀ ਮੌਤ ਹੋਣ ਦੀ ਵੀ ਖ਼ਬਰ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਰਘਟਨਾ ਦਾ ਸ਼ਿਕਾਰ ਹੋਈ ਇਮਾਰਤ ਪੁਰਾਣੀ ਅਤੇ 1997 ਤੋਂ ਪਹਿਲਾਂ ਦੀ ਬਣੀ ਹੋਣ ਕਾਰਨ ਫਿਲਹਾਲ ਇਹ ਦੱਸ ਸਕਣਾ ਔਖਾ ਹੈ ਕਿ ਇਸ ਦੀ ਉਸਾਰੀ ਵਿਚ ਜ਼ਰੂਰੀ ਨਿਯਮਾਂ ਆਦਿ ਦਾ ਪਾਲਣ ਕੀਤਾ ਗਿਆ ਸੀ ਜਾਂ ਨਹੀਂ। 
ਅੱਜ ਸ਼ਹਿਰਾਂ ਦੀ ਆਬਾਦੀ ਬਹੁਤ ਵਧ ਗਈ ਹੈ ਅਤੇ ਉੱਚੀਆਂ-ਉੱਚੀਆਂ ਇਮਾਰਤਾਂ ਬਣ ਰਹੀਆਂ ਹਨ, ਜਿਥੋਂ ਤਕ ਪਹੁੰਚਣ ਲਈ ਫਾਇਰ ਬ੍ਰਿਗੇਡ ਕੋਲ ਲੰਮੀਆਂ ਪੌੜੀਆਂ ਤਕ ਨਹੀਂ ਹਨ ਅਤੇ ਅੱਗ-ਬੁਝਾਊ ਕੇਂਦਰ ਘੱਟ ਹੋਣ ਦੇ ਨਾਲ-ਨਾਲ ਆਧੁਨਿਕ ਅੱਗ-ਬੁਝਾਊ ਗੱਡੀਆਂ ਦੀ ਵੀ ਘਾਟ ਹੈ, ਜਿਸ ਕਾਰਨ ਰਾਹਤ ਕਾਰਜਾਂ 'ਚ ਦੇਰ ਹੋਣੀ ਸੁਭਾਵਿਕ ਹੈ। ਪੁਰਾਣੇ ਸ਼ਹਿਰਾਂ ਵਿਚ ਗਲੀਆਂ ਤੰਗ ਹਨ ਤੇ ਪਾਣੀ ਦਾ ਸਮੁੱਚਾ ਪ੍ਰਬੰਧ ਵੀ ਨਹੀਂ ਹੈ। 
ਇਸ ਲਈ ਲੋੜ ਪੈਣ 'ਤੇ ਪਾਣੀ ਲੈਣ ਵਾਸਤੇ ਵਰਤੇ ਜਾਣ ਵਾਲੇ ਫਾਇਰ ਹਾਈਡ੍ਰੈਂਟ ਦੀ ਸਥਾਈ ਜਾਂਚ ਕਰਨ, 200-200 ਫੁੱਟ ਉੱਚੀਆਂ ਪੌੜੀਆਂ ਅਤੇ ਅੱਗ ਬੁਝਾਉਣ ਲਈ ਫੋਮ ਛੱਡਣ ਵਾਲੀਆਂ ਆਧੁਨਿਕ ਗੱਡੀਆਂ ਦਾ ਪ੍ਰਬੰਧ ਕਰਨ, ਫਾਇਰ ਬ੍ਰਿਗੇਡ ਮਹਿਕਮੇ ਵਿਚ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਘਾਟ ਦੂਰ ਕਰਨ ਅਤੇ ਸਟਾਫ ਨੂੰ ਸਮੁੱਚੀ ਸਿਖਲਾਈ ਦੇਣ ਦੀ ਬਿਨਾਂ ਦੇਰੀ ਲੋੜ ਹੈ। 
ਇਸ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਤਾਂ ਵਿਸਥਾਰਤ ਜਾਂਚ ਹੋਣ 'ਤੇ ਹੀ ਲੱਗ ਸਕੇਗਾ, ਹਾਲ ਦੀ ਘੜੀ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਘਟਨਾ ਦੀ ਜਾਂਚ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਵੇ ਤੇ ਜਾਂਚ ਵਿਚ ਦੋਸ਼ੀ ਸਿੱਧ ਹੋਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਦੂਜਿਆਂ ਨੂੰ ਸਬਕ ਮਿਲੇ ਤੇ ਭਵਿੱਖ ਵਿਚ ਅਜਿਹੇ ਨੁਕਸਾਨ ਤੋਂ ਬਚਿਆ ਜਾ ਸਕੇ।                      
-ਵਿਜੇ ਕੁਮਾਰ


Related News