ਮਣੀਪੁਰ ਦੇ ਜਾਤੀ ਸੰਘਰਸ਼ ਕਾਨੂੰਨ ਵਿਵਸਥਾ ਤੋਂ ਵੀ ਵੱਧ ਭਾਵਨਾਤਮਕ ਤੇ ਆਰਥਿਕ ਸਮੱਸਿਆ

06/19/2023 2:39:11 AM

ਮਣੀਪੁਰ ’ਚ ਮੈਤੇਈ ਭਾਈਚਾਰੇ ਨਾਲ ਚੱਲ ਰਹੇ ਟਕਰਾਅ ਦਰਮਿਆਨ ‘ਦਿ ਇੰਡੀਜੀਨਸ ਟ੍ਰਾਈਬਲ ਲੀਡਰਜ਼ ਫੋਰਮ’ (ਆਈ. ਟੀ. ਐੱਲ. ਐੱਫ.) ਵੱਲੋਂ ਜਾਰੀ ਕੀਤੇ ਗਏ ਅਧਿਕਾਰਕ ਬਿਆਨ ’ਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਣੀਪੁਰ ਦੌਰੇ ਦੌਰਾਨ ਕੀਤੀ ਗਈ ਸ਼ਾਂਤੀ ਦੀ ਅਪੀਲ ਦੇ 2 ਹਫਤਿਆਂ ਬਾਅਦ ਵੀ ਕੁਕੀ ਜਨਜਾਤੀ ਭਾਈਚਾਰੇ ਦੇ ਪਿੰਡਾਂ ’ਚ ਲਗਾਤਾਰ ਹਮਲੇ ਹੋ ਰਹੇ ਹਨ। ਉਨ੍ਹਾਂ ਹਮਲਿਆਂ ਕਾਰਨ ਆਦਿਵਾਸੀ ਆਬਾਦੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।

ਆਈ. ਟੀ. ਐੱਲ. ਐੱਫ. ਆਗੂਆਂ ਮੁਤਾਬਕ ਮੈਤੇਈ ਭਾਈਚਾਰੇ ਦੇ ਅੱਤਵਾਦੀਆਂ ਵੱਲੋਂ ਉਨ੍ਹਾਂ ’ਤੇ ਹਮਲਿਆਂ ਨੂੰ ਵੇਖਦੇ ਹੋਏ ਸੂਬੇ ’ਚ ਸ਼ਾਂਤੀ ਦੀ ਬਹਾਲੀ ਲਈ ਹੁਣ ਰਾਸ਼ਟਰਪਤੀ ਰਾਜ ਹੀ ਇਕੋ-ਇਕ ਰਾਹ ਬਚਿਆ ਹੈ।

ਇਸ ਦੌਰਾਨ ‘ਸੁਗਰੂ ਕਾਂਗਚੁਪ’ ਅਤੇ ‘ਖੋਪੀਬੰਗ’ ਇਲਾਕਿਆਂ ’ਚ ਕੁਕੀ ਆਦਿਵਾਸੀਆਂ ਦੇ ਪਿੰਡਾਂ ’ਚ ਹਮਲਿਆਂ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ। ਕੁਕੀ ਪਿੰਡਾਂ ’ਚ ਹੋਏ ਹਮਲਿਆਂ ਦੌਰਾਨ ਮਾਰੇ ਗਏ ਮੈਤੇਈ ਭਾਈਚਾਰੇ ਦੇ ਵਰਕਰਾਂ ਦੀ ਮੌਤ ’ਤੇ ਬਚਾਅ ਕਰਦੇ ਹੋਏ ਆਈ. ਟੀ. ਐੱਲ. ਐੱਫ. ਨੇ ਕਿਹਾ ਹੈ ਕਿ ਇਹ ਵਰਕਰ ਆਪਣੇ ਪਿੰਡਾਂ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਮ੍ਰਿਤਕ ਪਾਏ ਗਏ ਹਨ।

ਇਸ ਤੋਂ ਇਹ ਵੱਡਾ ਸਵਾਲ ਉੱਠਦਾ ਹੈ ਕਿ ਮੈਤੇਈ ਭਾਈਚਾਰੇ ਦੇ ਇਹ ਮੈਂਬਰ ਕੁਕੀ ਆਦਿਵਾਸੀਆਂ ਦੇ ਪਿੰਡਾਂ ’ਚ ਮ੍ਰਿਤਕ ਕਿਉਂ ਮਿਲੇ। ਇਸ ਦਾ ਸਾਫ ਮਤਲਬ ਹੈ ਕਿ ਇਹ ਲੋਕ ਕੁਕੀ ਆਦਿਵਾਸੀਆਂ ਦੇ ਪਿੰਡਾਂ ’ਚ ਲਗਾਤਾਰ ਹੋ ਰਹੀਆਂ ਹਮਲਿਆਂ ਦੀਆਂ ਘਟਨਾਵਾਂ ’ਚ ਸ਼ਾਮਲ ਸਨ।

ਕੁਕੀ ਜਨਜਾਤੀ ਲੋਕ ਜੋ ਪਿੰਡਾਂ ’ਚ ਬਚ ਗਏ ਹਨ, ਉਨ੍ਹਾਂ ਕੋਲ ਸਿਰਫ ਕੁਝ ਕੱਪੜੇ ਅਤੇ ਆਪਣੇ ਮਾਰੇ ਗਏ ਕਰੀਬੀਆਂ ਦੀਆਂ ਯਾਦਾਂ ਹੀ ਬਚੀਆਂ ਹਨ। ਅਜੇ ਵੀ ਇਲਾਕੇ ’ਚ ਸ਼ਾਂਤੀ ਨਹੀਂ ਹੈ ਅਤੇ ਲੋਕਾਂ ਨੂੰ ਹੋਰ ਵਧੇਰੇ ਮੌਤਾਂ ਦਾ ਖਦਸ਼ਾ ਹੈ।

3 ਮਈ ਤੋਂ ਜਾਰੀ ਇਹ ਸੰਕਟ ਸ਼ਾਂਤੀ ਅਪੀਲ ਦੇ ਬਾਵਜੂਦ ਖਤਮ ਨਹੀਂ ਹੋ ਰਿਹਾ ਅਤੇ ਮੈਤੇਈ ਭਾਈਚਾਰਾ ਕੁਕੀ ਲੋਕਾਂ ’ਤੇ ਭਾਰੀ ਪੈ ਰਿਹਾ ਹੈ।

ਇਹ ਸਮੱਸਿਆ ਅਮਨ ਕਾਨੂੰਨ ਤੋਂ ਵੀ ਵੱਧ ਕੇ ਭਾਵਨਾਤਮਕ ਅਤੇ ਆਰਥਿਕ ਹੈ ਜਿਸ ਕਾਰਨ ਕੁਕੀ ਭਾਈਚਾਰੇ ਦੇ ਲੋਕ ਆਪਣੇ ਲਈ ਵੱਖ ਰਾਜ ਤਕ ਦੀ ਲੋੜ ਮਹਿਸੂਸ ਕਰਨ ਲੱਗੇ ਹਨ ਪਰ ਇਹ ਸੂਬਾ ਤਾਂ ਆਕਾਰ ’ਚ ਪਹਿਲਾਂ ਹੀ ਬਹੁਤ ਛੋਟਾ ਹੋਣ ਕਾਰਨ ਇਸ ਦੀ ਕੋਈ ਤੁੱਕ ਪ੍ਰਤੀਤ ਨਹੀਂ ਹੁੰਦੀ।

ਬੀਤੇ ਸਮੇਂ ’ਚ ਜਦੋਂ ਆਸਾਮ ’ਚ ਇਸ ਤਰ੍ਹਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਇਹ ਕਾਫੀ ਸਮੇਂ ਤੱਕ ਚੱਲਿਆ ਸੀ ਅਤੇ ਉਦੋਂ ਵੀ ਸਭ ਧਿਰਾਂ ਨੂੰ ਇਕੱਠਿਆਂ ਬਿਠਾ ਕੇ ਗੱਲਬਾਤ ਕਰਨ ਪਿੱਛੋਂ ਹੀ ਸਮੱਸਿਆ ਹੱਲ ਹੋਈ ਸੀ। ਇੱਥੇ ਮੁੱਖ ਸਮੱਸਿਆ ਆਰਥਿਕ ਵਿਕਾਸ ਅਤੇ ਰੋਜ਼ਗਾਰ ਨਾਲ ਜੁੜੀ ਹੋਈ ਹੈ। ਇਸ ਵਾਰ ਮਣੀਪੁਰ ’ਚ ਵੀ ਸਭ ਧਿਰਾਂ (ਮੈਤੇਈ, ਕੁਕੀ ਅਤੇ ਨਾਗਾ) ਨੂੰ ਨਾਲ ਲੈ ਕੇ ਚੱਲਣ ਨਾਲ ਹੀ ਇਹ ਸਮੱਸਿਆ ਹੱਲ ਹੋ ਸਕੇਗੀ।


Mukesh

Content Editor

Related News