ਬਜ਼ੁਰਗ ਹੁਣ ਹੋ ਰਹੇ ਨੇ ''ਘੋਰ ਅਣਦੇਖੀ ਦੇ ਸ਼ਿਕਾਰ''
Tuesday, Jun 21, 2016 - 01:40 AM (IST)
ਜ਼ਿੰਦਗੀ ਦੇ ਤਿੰਨ ਪੜਾਵਾਂ—ਬਚਪਨ, ਜਵਾਨੀ ਤੇ ਬੁਢਾਪੇ ''ਚੋਂ ਬੁਢਾਪਾ ਸਭ ਤੋਂ ਵੱਧ ਦੁਖਦਾਈ ਹੈ। ਇਸ ਅਵਸਥਾ ''ਚ ਵਿਅਕਤੀ ਨੂੰ ਕਈ ਰੋਗ ਘੇਰ ਲੈਂਦੇ ਹਨ ਅਤੇ ਜਦੋਂ ਉਸ ਨੂੰ ਸਹਾਰੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉਦੋਂ ਜ਼ਿਆਦਾਤਰ ਔਲਾਦਾਂ ਦੀ ਅਣਦੇਖੀ ਕਾਰਨ ਉਹ ਖੁਦ ਨੂੰ ਬਹੁਤ ਜ਼ਿਆਦਾ ਲਾਚਾਰ, ਇਕੱਲਾ ਤੇ ਬੇਸਹਾਰਾ ਮਹਿਸੂਸ ਕਰਦਾ ਹੈ।
ਹੁਣੇ-ਹੁਣੇ ਦਿੱਲੀ ''ਚ ਰਹਿਣ ਵਾਲੀ 85 ਸਾਲਾ ਇਕ ਬਜ਼ੁਰਗ ਮਾਤਾ ਦਾ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ, ਜਿਸ ''ਚ ਉਸ ਦੀ 60 ਸਾਲਾ ਧੀ ਉਸ ਨੂੰ ਬੇਰਹਿਮੀ ਨਾਲ ਕੁੱਟਦੀ ਨਜ਼ਰ ਆ ਰਹੀ ਹੈ।
ਇਸੇ ਸਿਲਸਿਲੇ ''ਚ ''ਹੈਲਪ ਏਜ ਇੰਡੀਆ'' ਨਾਮੀ ਐੱਨ. ਜੀ. ਓ. ਵਲੋਂ ਹੁਣੇ-ਹੁਣੇ ਕਰਵਾਏ ਗਏ ਇਕ ਅਧਿਐਨ ''ਚ ਇਹ ਦੁਖਦਾਈ ਖੁਲਾਸਾ ਹੋਇਆ ਹੈ ਕਿ ਦੇਸ਼ ''ਚ ਹਰੇਕ 5 ਬਜ਼ੁਰਗਾਂ ''ਚੋਂ ਇਕ ਬਜ਼ੁਰਗ ਨੂੰ ਆਪਣੇ ਹੀ ਘਰ ''ਚ ਕਿਸੇ ਨਾ ਕਿਸੇ ਰੂਪ ''ਚ ਆਪਣੇ ਬੱਚਿਆਂ ਹੱਥੋਂ ਮਾੜੇ ਵਰਤਾਓ ਅਤੇ ਅਪਮਾਨ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਬਜ਼ੁਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕਾਨੂੰਨ ਹੋਣ ''ਤੇ ਵੀ ਮਾੜੇ ਵਰਤਾਓ ਦੇ ਸ਼ਿਕਾਰ ਬਜ਼ੁਰਗ ਆਪਣੇ ਬੱਚਿਆਂ ਵਿਰੁੱਧ ਪੁਲਸ ਜਾਂ ਅਦਾਲਤ ''ਚ ਇਸ ਲਈ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ ਕਿਉਂਕਿ ਇਸ ਨਾਲ ਪਰਿਵਾਰ ਦੀ ਬਦਨਾਮੀ ਹੋਵੇਗੀ ਅਤੇ ਉਹ ਚੁੱਪ-ਚੁਪੀਤੇ ਜ਼ੁਲਮ ਸਹਿੰਦੇ ਰਹਿੰਦੇ ਹਨ। ਦਿੱਲੀ ''ਚ ਅਜਿਹੇ ਬਜ਼ੁਰਗਾਂ ਦੀ ਗਿਣਤੀ 92 ਫੀਸਦੀ ਅਤੇ ਚੇਨਈ ''ਚ 64 ਫੀਸਦੀ ਹੈ।
ਇਸੇ ਤਰ੍ਹਾਂ ਅਧਿਐਨ ''ਚ ਇਹ ਤੱਥ ਵੀ ਸਾਹਮਣੇ ਆਇਆ ਕਿ ਔਲਾਦਾਂ ਵਲੋਂ ਆਪਣੇ ਬਜ਼ੁਰਗਾਂ ਦਾ ਸ਼ੋਸ਼ਣ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਹੈ ਤੇ ਇਸ ਮਾਮਲੇ ''ਚ ਜ਼ਿਆਦਾਤਰ ਧੀਆਂ-ਪੁੱਤ ਅਤੇ 61 ਫੀਸਦੀ ਮਾਮਲਿਆਂ ''ਚ ਨੂੰਹਾਂ ਹੀ ਜ਼ਿੰਮੇਵਾਰ ਨਿਕਲੀਆਂ। 53.2 ਫੀਸਦੀ ਮਾਮਲਿਆਂ ''ਚ ਜਾਇਦਾਦ ਤੇ ਵਿਰਾਸਤ ਦੇ ਅਧਿਕਾਰ ਨੂੰ ਲੈ ਕੇ ਉਨ੍ਹਾਂ ਨਾਲ ਮਾੜਾ ਵਰਤਾਓ ਕੀਤਾ ਜਾਂਦਾ ਹੈ।
ਦਿੱਲੀ ਦੇ 77.6 ਫੀਸਦੀ ਨੌਜਵਾਨਾਂ ਦਾ ਮੰਨਣਾ ਹੈ ਕਿ ਬਜ਼ੁਰਗ ਆਪਣੀ ਇੱਛਾ ਮੁਤਾਬਿਕ ਪੈਸਾ ਨਹੀਂ ਖਰਚ ਕਰ ਸਕਦੇ, ਜਦਕਿ 51 ਫੀਸਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਬਜ਼ੁਰਗਾਂ ਨਾਲ ਮਾੜਾ ਵਰਤਾਓ ਹੁੰਦਾ ਦੇਖਿਆ ਹੈ।
ਐੱਨ. ਜੀ. ਓਜ਼ ਨੂੰ ਆਉਣ ਵਾਲੇ ਫੋਨਾਂ ''ਚੋਂ ਬਹੁਤੇ ਜਾਇਦਾਦ ਅਤੇ ਰੁਪਏ-ਪੈਸੇ ਨਾਲ ਸਬੰਧਤ ਹੀ ਹੁੰਦੇ ਹਨ ਤੇ ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਫੋਨ ਪੀੜਤ ਬਜ਼ੁਰਗਾਂ ਵਲੋਂ ਨਹੀਂ ਸਗੋਂ ਉਨ੍ਹਾਂ ਦੇ ਸ਼ੁਭਚਿੰਤਕਾਂ ਜਾਂ ਗੁਆਂਢੀਆਂ ਵਲੋਂ ਕੀਤੇ ਜਾਂਦੇ ਹਨ।
ਬਹੁਤੇ ਬਜ਼ੁਰਗ ਖੁਦ ਇਸ ਡਰੋਂ ਫੋਨ ਨਹੀਂ ਕਰਦੇ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਤੋਂ ਅਜਿਹਾ ਕਰਨ ਦਾ ਬਦਲਾ ਲੈਣਗੇ। ਸਾਡੇ ਸਾਹਮਣੇ ਅਜਿਹੀਆਂ ਧੀਆਂ ਦੇ ਮਾਮਲੇ ਵੀ ਆਏ, ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਉਨ੍ਹਾਂ ਦੇ ਆਖਰੀ ਸਾਲਾਂ ''ਚ ਤੰਗ-ਪ੍ਰੇਸ਼ਾਨ ਕੀਤਾ।
ਔਲਾਦਾਂ ਵਲੋਂ ਬਜ਼ੁਰਗਾਂ ਨੂੰ ਘਰੋਂ ਕੱਢ ਦੇਣ ਦੀਆਂ ਸ਼ਿਕਾਇਤਾਂ ਵੀ ਆਮ ਹਨ। ''ਹੈਲਪ ਏਜ'' ਨੂੰ ਹਰ ਮਹੀਨੇ ਕਈ ਕਾਲਜ਼ ਅਜਿਹੇ ਬਜ਼ੁਰਗਾਂ ਵਲੋਂ ਆਉਂਦੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਘਰੋਂ ਬੇਘਰ ਕਰਕੇ ਸੜਕਾਂ ''ਤੇ ਭਟਕਣ ਲਈ ਛੱਡ ਦਿੱਤਾ ਹੈ।
ਸੰਜੋਗ ਨਾਲ ਜੇ ਕੁਝ ਭਲੇ ਲੋਕਾਂ ਦੀ ਨਜ਼ਰ ਅਜਿਹੇ ਕਿਸੇ ਬਜ਼ੁਰਗ ''ਤੇ ਪੈ ਜਾਂਦੀ ਹੈ ਤਾਂ ਉਸ ਦੀ ਸਹਾਇਤਾ ਕਰਨ ਲਈ ਉਹ ''ਹੈਲਪ ਏਜ'' ਨੂੰ ਫੋਨ ਕਰ ਦਿੰਦੇ ਹਨ, ਜਿਨ੍ਹਾਂ ਨੂੰ ਅਸਥਾਈ ਤੌਰ ''ਤੇ ''ਓਲਡ ਏਜ ਹੋਮ'' ''ਚ ਠਹਿਰਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਬਜ਼ੁਰਗਾਂ ਦੀ ਦੇਖਭਾਲ ਲਈ ਕੰਮ ਕਰਦੀ ਸੰਸਥਾ ''ਏਜ ਵੈੱਲ ਫਾਊਂਡੇਸ਼ਨ'' ਦੇ ਬਾਨੀ ''ਹਿਮਾਂਸ਼ੂ ਰਥ'' ਦਾ ਕਹਿਣਾ ਹੈ ਕਿ ਪਰਿਵਾਰ ਹੱਥੋਂ ਮਾੜੇ ਵਰਤਾਓ ਤੋਂ ਬਜ਼ੁਰਗਾਂ ਨੂੰ ਸੁਰੱਖਿਆ ਦੇਣ ਵਾਲਾ ''ਸੀਨੀਅਰ ਸਿਟੀਜ਼ਨਜ਼ ਐਕਟ-2007'' ਮੌਜੂਦ ਹੋਣ ਦੇ ਬਾਵਜੂਦ ਬਹੁਤੇ ਬਜ਼ੁਰਗਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਹ ਇਹ ਜਾਣਦੇ ਹਨ ਕਿ ਆਪਣਾ ਅਧਿਕਾਰ ਹਾਸਲ ਕਰਨ ਲਈ ਉਹ ਕੀ ਕਰ ਸਕਦੇ ਹਨ ਤੇ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹੁਣ ਤਕ ਬਹੁਤ ਘੱਟ ਲੋਕਾਂ ਨੇ ਇਸ ਦੀ ਵਰਤੋਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਕਾਨੂੰਨ ਦੇ ਤਹਿਤ ਦੋਸ਼ੀ ਨੂੰ ਤਿੰਨ ਮਹੀਨੇ ਕੈਦ ਦੀ ਵੀ ਵਿਵਸਥਾ ਹੈ। ਆਪਣਾ ਗੁਜ਼ਾਰਾ ਕਰਨ ''ਚ ਅਸਮਰੱਥ ਬਜ਼ੁਰਗ ਆਪਣੇ ਪਰਿਵਾਰਕ ਮੈਂਬਰਾਂ ਤੋਂ ਗੁਜ਼ਾਰਾ ਭੱਤਾ ਮੰਗ ਸਕਦੇ ਹਨ ਅਤੇ ਬੇਔਲਾਦ ਬਜ਼ੁਰਗ ਆਪਣੇ ਉਨ੍ਹਾਂ ਰਿਸ਼ਤੇਦਾਰਾਂ ''ਤੇ ਗੁਜ਼ਾਰਾ ਭੱਤਾ ਲੈਣ ਦਾ ਦਾਅਵਾ ਵੀ ਕਰ ਸਕਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਜਾਇਦਾਦ ''ਤੇ ਕਬਜ਼ਾ ਕੀਤਾ ਹੋਇਆ ਹੋਵੇ ਜਾਂ ਜਿਹੜੀ ਉਨ੍ਹਾਂ ਨੂੰ ਵਿਰਾਸਤ ''ਚ ਮਿਲਣ ਵਾਲੀ ਹੋਵੇ।
ਇਸ ਕਾਨੂੰਨ ਦੇ ਤਹਿਤ ਪੀੜਤ ਬਜ਼ੁਰਗ ਲਈ ਭੋਜਨ, ਕੱਪੜੇ, ਮਕਾਨ, ਇਲਾਜ ਅਤੇ ਗੁਜ਼ਾਰੇ ਲਈ ਵੱਧ ਤੋਂ ਵੱਧ 10,000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਹਾਸਲ ਕਰ ਸਕਣ ਤਕ ਦੀ ਵਿਵਸਥਾ ਵੀ ਹੈ।
ਫਿਲਹਾਲ ਇਸ ਸਬੰਧ ''ਚ ਜੋ ਤਸੱਲੀ ਵਾਲੀ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਆਪਣੇ ਮਾਂ-ਪਿਓ ਵਲੋਂ ਪਰਿਵਾਰ ਦੇ ਬਜ਼ੁਰਗਾਂ ਨਾਲ ਕੀਤੇ ਜਾਣ ਵਾਲੇ ਮਾੜੇ ਵਰਤਾਓ ਦੇ ਸਬੰਧ ''ਚ ਦੱਸਣ ਲਈ ਹੁਣ ਕਿਤੇ-ਕਿਤੇ ਉਨ੍ਹਾਂ ਦੇ ਪੋਤੇ-ਪੋਤੀਆਂ ਹੀ ਅੱਗੇ ਆਉਣ ਲੱਗੇ ਹਨ।
ਸਾਡੇ ਲਈ ਇਹ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ ਕਿ ਇਕ ਦਿਨ ਅਸੀਂ ਵੀ ਬੁੱਢੇ ਹੋਣਾ ਹੈ ਤੇ ਉਦੋਂ ਸਾਡੇ ਨਾਲ ਸਾਡੇ ਬੱਚੇ ਵੀ ਉਹੋ ਜਿਹਾ ਹੀ ਵਰਤਾਓ ਕਰਨਗੇ, ਜਿਹੋ ਜਿਹਾ ਅਸੀਂ ਆਪਣੇ ਬਜ਼ੁਰਗਾਂ ਨਾਲ ਕਰ ਰਹੇ ਹਾਂ। ਇਸ ਲਈ ਜਿੰਨੀ ਛੇਤੀ ਅਸੀਂ ਆਪਣੇ ਅੰਦਰ ਬਜ਼ੁਰਗਾਂ ਪ੍ਰਤੀ ਸਨਮਾਨ ਦੇ ਸੰਸਕਾਰ ਪੈਦਾ ਕਰ ਲਵਾਂਗੇ, ਓਨਾ ਹੀ ਚੰਗਾ ਹੋਵੇਗਾ।
—ਵਿਜੇ ਕੁਮਾਰ
