ਸ਼ਹਿ ਅਤੇ ਮਾਤ ਦੀ ਖੇਡ ’ਚ ਏਕਨਾਥ ਸ਼ਿੰਦੇ ਨੇ ਪਲਟ ਦਿੱਤੀ ਊਧਵ ਠਾਕਰੇ ਦੀ ਬਾਜ਼ੀ

06/24/2022 1:00:54 AM

ਬਾਲਾ ਸਾਹਿਬ ਠਾਕਰੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ’ਚ ਅੰਗਰੇਜ਼ੀ ਰੋਜ਼ਾਨਾ ‘ਫ੍ਰੀ ਪ੍ਰੈੱਸ ਜਰਨਲ’ ਦੇ ਲਈ ਕਾਰਟੂਨ ਬਣਾਇਆ ਕਰਦੇ ਸਨ। ਇਕ ਕਾਰਟੂਨਿਸਟ ਦੇ ਇਲਾਵਾ ਉਹ ਇਕ ਚੰਗੇ  ਬੁਲਾਰੇ ਅਤੇ ਲੇਖਕ ਵੀ ਸਨ। ਆਪਣੇ ਮੁਸਲਿਮ ਵਿਰੋਧੀ ਵਿਚਾਰਾਂ ਅਤੇ ਹਿਟਲਰ ਦੀ ਸ਼ਲਾਘਾ ਕਰਨ ਲਈ ਵੀ  ਜਾਣੇ ਜਾਂਦੇ ਸਨ। ਬਾਲਾ ਸਾਹਿਬ ਠਾਕਰੇ ਨੇ ਮੁੰਬਈ ’ਚ ‘ਮਰਾਠੀ ਮਾਨੂਸ’ ਦੇ ਨਾਅਰੇ  ਨਾਲ 19 ਜੂਨ, 1966 ਨੂੰ ‘ਸ਼ਿਵਸੈਨਾ’ ਦੀ ਸਥਾਪਨਾ ਕੀਤੀ। ਉਨ੍ਹਾਂ ਦਾ ਇਹ ਕਥਨ ਕਿ ਮਹਾਰਾਸ਼ਟਰ ਮਰਾਠੀਆਂ ਦਾ ਹੈ ਸਥਾਨਕ ਲੋਕਾਂ ’ਚ ਬੇਹੱਦ  ਮਸ਼ਹੂਰ ਹੋਇਆ। ਠਾਕਰੇ ਨੇ ਮਹਾਰਾਸ਼ਟਰ ’ਚ ਸ਼ਾਖਾ ਪ੍ਰਣਾਲੀ ਸ਼ੁਰੂ ਕਰ ਕੇ ਸਥਾਨਕ ਲੋਕਾਂ ਦੀ ਇਕ ਸੈਨਾ ਬਣਾਈ ਜਿਨ੍ਹਾਂ ਨੂੰ ‘ਸ਼ਿਵਸੈਨਿਕ’ ਨਾਂ ਦਿੱਤਾ ਗਿਆ। ਇਨ੍ਹਾਂ ਦੀ ਵਰਤੋਂ ਉਹ ਕੱਪੜਾ ਮਿੱਲਾਂ ਅਤੇ ਉਦਯੋਗਿਕ ਇਕਾਈਆਂ ’ਚ ਮਰਾਠੀਆਂ ਨੂੰ ਨੌਕਰੀ ਦਿਵਾਉਣ ’ਚ ਕਰਦੇ ਹੁੰਦੇ ਸਨ।

 ਇਹ ਸ਼ਿਵਸੈਨਿਕ ਆਪਣੇ ਢੰਗ ਨਾਲ ਲੋਕਾਂ ਦੀ ਸਮੱਸਿਆ ਸੁਲਝਾਉਂਦੇ ਅਤੇ ਤਾਕਤ ਦੀ ਵਰਤੋਂ ਸਮੇਤ ਹਰ ਢੰਗ ਅਪਣਾਉਂਦੇ ਜਿਸ ਨਾਲ ਇਨ੍ਹਾਂ ਦੀ ਪ੍ਰਸਿੱਧੀ ਵਧੀ ਅਤੇ ਇਨ੍ਹਾਂ ਦਾ ਆਵਾਸ ‘ਮਾਤੋਸ਼੍ਰੀ’ ਸ਼ਿਕਾਇਤਾਂ ਸੁਲਝਾਉਣ ਵਾਲੇ ਲੋਕਾਂ ਦਾ ਪਿਆਰਾ ਟਿਕਾਣਾ ਬਣ ਗਿਆ। ਜਲਦੀ ਹੀ ਸ਼ਿਵਸੈਨਾ ਨੇ ਜੜ੍ਹਾਂ ਜਮਾ ਲਈਆਂ ਅਤੇ 1980 ਦੇ ਦਹਾਕੇ ’ਚ ‘ਬ੍ਰਹਨਮੁੰਬਈ ਨਗਰ ਨਿਗਮ’ (ਬੀ. ਐੱਮ. ਸੀ.)  ’ਤੇ ਕਬਜ਼ਾ  ਕਰ ਲਿਆ ਅਤੇ 1995 ’ਚ ਭਾਜਪਾ ਨਾਲ ਗਠਜੋੜ ਕਰ ਕੇ ਪਹਿਲੀ ਵਾਰ ਸੱਤਾ ਦਾ ਸਵਾਦ ਚਖਿਆ। ਉਨ੍ਹਾਂ ਦੇ ਕੋਲ ਕੋਈ ਸਰਕਾਰੀ ਅਹੁਦਾ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਸਖਤ ਸੁਰੱਖਿਆ ਵਾਲੀ ਰਿਹਾਇਸ਼ ‘ਮਾਤੋਸ਼੍ਰੀ’ ’ਚ ਨੇਤਾਵਾਂ,  ਫਿਲਮੀ ਸਿਤਾਰਿਆਂ, ਖਿਡਾਰੀਆਂ ਅਤੇ ਉਦਯੋਗ ਜਗਤ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਦਾ ਆਉਣਾ-ਜਾਣਾ ਲੱਗਾ ਹੀ ਰਹਿੰਦਾ ਸੀ। 

ਸ਼ਿਵਸੈਨਾ ਨੂੰ ਕਈ ਵਾਰ ਅੰਦਰੂਨੀ ਬਗਾਵਤ ਦਾ ਸਾਹਮਣਾ ਕਰਨਾ ਪਿਆ। ਪਹਿਲੀ ਵਾਰ ਦਸੰਬਰ, 1991 ’ਚ ਛਗਨ ਭੁਜਬਲ ਨੇ 8 ਵਿਧਾਇਕਾਂ ਦੇ ਨਾਲ ਪਾਰਟੀ ਛੱਡ ਦਿੱਤੀ ਸੀ ਅਤੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਸ਼ਿਵਸੈਨਾ ’ਚ ਦੂਜੀ ਫੁਟ ਜੁਲਾਈ, 2005 ’ਚ ਹੋਈ ਜਦੋਂ  ਪਾਰਟੀ ਦੀ ਕਮਾਨ ਊਧਵ ਠਾਕਰੇ ਨੂੰ ਮਿਲੀ। ਊਧਵ ਨਾਲ ਨਾਰਾਜ਼ ਨਾਰਾਇਣ ਰਾਣੇ ਨੇ 100 ਵਿਧਾਇਕਾਂ ਨਾਲ ਪਾਰਟੀ ਤੋੜ ਦਿੱਤੀ। ਉਸ ਦੇ ਬਾਅਦ  ਹੋਈਆਂ ਚੋਣਾਂ ’ਚ ਰਾਣੇ ਦੇ ਨਾਲ ਗਏ ਸਾਰੇ ਵਿਧਾਇਕਾਂ ਨੇ ਉਪ-ਚੋਣ ’ਚ ਜਿੱਤ ਹਾਸਲ ਕਰ ਕੇ ਸ਼ਿਵਸੈਨਾ ਨੂੰ ਤਕੜਾ ਝਟਕਾ ਦਿੱਤਾ। ਇਸ ਦੇ ਕੁਝ ਹੀ ਮਹੀਨੇ ਬਾਅਦ ਦਸੰਬਰ, 2005 ’ਚ ਊਧਵ ਦੇ ਚਚੇਰੇ ਭਰਾ ਰਾਜ  ਠਾਕਰੇ ਨੇ ਵੀ ਸ਼ਿਵਸੈਨਾ ਛੱਡ ਕੇ 9 ਮਾਰਚ, 2006 ਨੂੰ ਆਪਣੀ ਵੱਖਰੀ ਸਿਆਸੀ ਪਾਰਟੀ ‘ਮਹਾਰਾਸ਼ਟਰ ਨਵਨਿਰਮਾਣ ਸੇਨਾ’ ਬਣਾ ਲਈ।  ਅਤੇ ਹੁਣ 21 ਜੂਨ ਨੂੰ ਪਾਰਟੀ ਚੌਥੀ ਵਾਰ ਫੁਟ ਦਾ ਸ਼ਿਕਾਰ ਹੋਈ ਜਦੋਂ ਊਧਵ ਠਾਕਰੇ ਦੀ ਸਰਕਾਰ ’ਚ ਸ਼ਹਿਰੀ ਵਿਕਾਸ ਮੰਤਰੀ ਏਕਨਾਥ ਸ਼ਿੰਦੇ ਬਗਾਵਤ ਕਰ ਕੇ ਸ਼ਿਵਸੈਨਾ ਦੇ  ਅਤੇ ਹੋਰ ਆਜ਼ਾਦ ਵਿਧਾਇਕਾਂ  ਨੂੰ ਲੈ ਕੇ ਸੂਰਤ ਸ਼ਹਿਰ ਜਾ ਪੁੱਜੇ  ਅਤੇ ਉੱਥੋਂ ਉਨ੍ਹਾਂ ਨੂੰ ਅਸਾਮ ’ਚ ਗੋਹਾਟੀ ਦੇ ਇਕ ਹੋਟਲ ’ਚ ਪਹੁੰਚਾ ਦਿੱਤਾ। ਸ਼ਿੰਦੇ ਅਤੇ ਉਨ੍ਹਾਂ ਦੇ ਸਾਥੀ ਊਧਵ ਠਾਕਰੇ ’ਤੇ ਹਿੰਦੂਤਵ  ਦੇ ਏਜੰਡੇ ਤੋਂ ਭਟਕਣ ਅਤੇ ਰਾਕਾਂਪਾ ਅਤੇ ਕਾਂਗਰਸ ਨਾਲ ਬੇਮੇਲ ਗਠਜੋੜ ਦਾ ਦੋਸ਼ ਲਾਉਂਦੇ ਹੋਏ ਊਧਵ ਠਾਕਰੇ ਤੋਂ ਰਾਕਾਂਪਾ ਅਤੇ ਕਾਂਗਰਸ ਦੇ ਨਾਲ ਗਠਜੋੜ ਤੋੜ ਕੇ ਦੁਬਾਰਾ ਭਾਜਪਾ ਨਾਲ ਗਠਜੋੜ  ਕਰਨ  ਦੀ  ਮੰਗ  ਕਰ  ਰਹੇ  ਹਨ। 

22 ਜੂਨ ਨੂੰ ਜਿੱਥੇ ਊਧਵ ਠਾਕਰੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਖਾਲੀ ਕਰ ਕੇ ਵਾਪਸ ਆਪਣੀ ਜੱਦੀ ਰਿਹਾਇਸ਼ ‘ਮਾਤੋਸ਼੍ਰੀ’ ’ਚ ਰਹਿਣ ਚਲੇ ਗਏ ਉੱਥੇ ਹੀ ਉਨ੍ਹਾਂ ਨੇ ਸ਼ਾਮ ਦੇ ਸਮੇਂ ਇਮੋਸ਼ਨਲ ਕਾਰਡ ਖੇਡਦੇ ਹੋਏ ਕਿਹਾ ਕਿ ਬਾਗੀ ਵਿਧਾਇਕ ਸਾਹਮਣੇ ਆ ਕੇ ਉਨ੍ਹਾਂ ਨੂੰ ਮਿਲਣ ਅਤੇ ਅਸਤੀਫਾ ਦੇਣ ਲਈ ਕਹਿਣ ਤਾਂ ਉਹ ਮੁੱਖ ਮੰਤਰੀ ਅਹੁਦੇ ਦੇ ਨਾਲ-ਨਾਲ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਲਈ ਵੀ ਤਿਆਰ ਹਨ। ਆਖਿਰ 23 ਜੂਨ ਦਾ ਦਿਨ ਢਲਦੇ-ਢਲਦੇ ਊਧਵ ਠਾਕਰੇ ਵੱਲੋਂ ਸੱਦੀ ਹੋਈ ਆਪਣੇ ਵਿਧਾਇਕਾਂ ਦੀ ਬੈਠਕ ’ਚ 55 ’ਚੋਂ ਸਿਰਫ 12 ਵਿਧਾਇਕਾਂ ਦੀ ਹਾਜ਼ਰੀ ਦੇ ਕਾਰਨ ‘ਸ਼ਿਵਸੈਨਾ’ ‘ਸ਼ਿੰਦੇ ਸਿਵਸੈਨਾ’ ’ਚ ਬਦਲਦੀ ਦਿਖਾਈ ਦਿੱਤੀ। ਸੰਜੇ ਰਾਊਤ ਦਾ ਕਹਿਣਾ ਹੈ ਕਿ ਜਿਸ ਨੇ ਜਾਣਾ ਹੈ ਚਲਾ ਜਾਵੇ ਪਰ ਅਸਲੀ ਸਮੱਸਿਆ ਇਹ ਆਉਣ ਵਾਲੀ ਹੈ ਕਿ ‘ਸ਼ਿਵਸੈਨਾ’ ਦਾ ਨਾਂ ਅਤੇ ਚੋਣ ਨਿਸ਼ਾਨ ਕਿਸ ਨੂੰ ਮਿਲੇਗਾ। ਇਸ ਦਰਮਿਆਨ ਜਿੱਥੇ ਸੰਜੇ ਰਾਊਤ ਨੇ ਕਿਹਾ ਹੈ ਕਿ, ‘‘ਅਸੀਂ ਗਠਜੋੜ ’ਚੋਂ ਬਾਹਰ ਨਿਕਲਣ  ਨੂੰ ਤਿਆਰ ਹਾਂ ਪਰ ਬਾਗੀਆਂ ਨੂੰ 24 ਘੰਟਿਆਂ ’ਚ ਮੁੰਬਈ ਪਰਤ ਕੇ ਊਧਵ ਦੇ ਸਾਹਮਣੇ ਆਪਣੀ ਗੱਲ ਰੱਖਣੀ ਹੋਵੇਗੀ।’’ ਹਾਲਾਂਕਿ ਉਨ੍ਹਾਂ ਨੇ ਧਮਕੀ ਵੀ ਦੇ ਦਿੱਤੀ ਹੈ ਕਿ ‘‘ਜੋ ਵਿਧਾਇਕ ਚਲੇ ਗਏ ਹਨ ਉਨ੍ਹਾਂ ਨੂੰ ਮਹਾਰਾਸ਼ਟਰ ’ਚ ਆਉਣਾ ਤੇ ਘੁੰਮਣਾ ਬੜਾ ਮੁਸ਼ਕਲ ਹੋਵੇਗਾ।’’ 

ਵਿਧਾਇਕਾਂ ਦੀ ਨਾਰਾਜ਼ਗੀ ਦਾ ਮੁੱਖ ਕਾਰਨ ਇਹ ਹੈ ਕਿ ਊਧਵ ਉਨ੍ਹਾਂ ਦੀ ਗੱਲ ਸੁਣਨ ਲਈ ਕਦੀ ਮੁਹੱਈਆ ਨਹੀਂ  ਰਹੇ ਜਦਕਿ ਊਧਵ ਦਾ ਕਹਿਣਾ ਹੈ ਕਿ 2 ਸਾਲ ਤਾਂ ਕੋਵਿਡ ਸੀ ਅਤੇ ਅਜੇ ਵੀ ਉਹ ਕੋਵਿਡ ਨਾਲ ਪੀੜਤ ਹੋਣ ਕਾਰਨ ਕਿਸੇ ਨੂੰ ਮਿਲ ਨਹੀਂ ਰਹੇ ਸਨ। ਓਧਰ ਏਕਨਾਥ ਸ਼ਿੰਦੇ ਕਾਫੀ ਸਮੇਂ ਤੋਂ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ। ਜ਼ਾਹਿਰ ਹੈ ਕਿ ਭਾਜਪਾ ਦਾ ਸਮਰਥਨ ਵੀ ਉਸ ਨਾਲ ਹੋਵੇਗਾ ਕਿਉਂਕਿ ਉਹ ਵੀ ਸ਼ੁਰੂ ਤੋਂ  ਹੀ ਮਹਾਰਾਸ਼ਟਰ ਦੀ ਸੱਤਾ ’ਚ ਪਰਤਣਾ ਚਾਹੁੰਦੀ ਸੀ। ਇਸ ਦਾ ਸੰਕੇਤ ਇਨ੍ਹਾਂ ਗੱਲਾਂ ਤੋਂ ਮਿਲਦਾ ਹੈ ਕਿ ਨਾਰਾਜ਼ ਵਿਧਾਇਕਾਂ ਨੂੰ ਲੈ ਕੇ ਸ਼ਿੰਦੇ ਪਹਿਲਾਂ ਸੂਰਤ ਗਿਆ ਅਤੇ ਫਿਰ ਉੱਥੋਂ ਉਹ ਗੁਹਾਟੀ ਪਹੁੰਚਿਆ ਜੋ ਦੋਵੇਂ ਹੀ ਭਾਜਪਾ ਸ਼ਾਸਿਤ ਸੂਬੇ ਹਨ।  

ਵਰਨਣਯੋਗ ਹੈ ਕਿ ਸ਼ਿਵਸੈਨਾ ਨੇ 2019 ਦੀਆਂ ਚੋਣਾਂ ’ਚ ਪਹਿਲੀ ਵਾਰ ਭਾਜਪਾ ਨਾਲੋਂ ਵੱਖ ਹੋ ਕੇ ਚੋਣ ਲੜੀ ਸੀ ਕਿਉਂਕਿ ਉਨ੍ਹਾਂ ਨੂੰ ਡਰ ਲੱਗਣ ਲੱਗਾ ਸੀ ਕਿ ਸ਼ਿਵਸੈਨਾ ਜੋ ਮੁੱਦੇ ਚੁੱਕ ਰਹੀ ਹੈ ਉਨ੍ਹਾਂ ਹੀ ਮੁੱਦਿਆਂ ਨੂੰ ਭਾਜਪਾ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਕੁਲ ਮਿਲਾ ਕੇ ਊਧਵ ਠਾਕਰੇ ਵੱਲੋਂ 19 ਜੂਨ ਨੂੰ ਪਾਰਟੀ ਦੀ 56ਵੀਂ ਵਰ੍ਹੇਗੰਢ ’ਤੇ ਕੀਤਾ  ਇਹ ਦਾਅਵਾ 4 ਦਿਨ ਬਾਅਦ 23 ਜੂਨ ਨੂੰ ਹੀ ਗਲਤ ਸਿੱਧ ਹੁੰਦਾ ਦਿਖਾਈ ਦੇ ਰਿਹਾ ਹੈ ਕਿ ਪਾਰਟੀ ਹਰ ਸੰਕਟ ’ਚੋਂ ਸੁਰਖਰੂ ਹੋ ਕੇ ਨਿਕਲੀ ਹੈ ਅਤੇ 21 ਜੂਨ ਨੂੰ ਸ਼ੁਰੂ ਹੋਈ  ਬਗਾਵਤ ਨੇ 2 ਦਿਨਾਂ ਦੇ ਅੰਦਰ ਹੀ ਊਧਵ ਠਾਕਰੇ ਦੀ  ਬਾਜ਼ੀ ਨੂੰ ਪਲਟ ਦਿੱਤਾ ਹੈ। ਇਸ ਲਈ ਇਹ ਕਹਿਣਾ ਸਹੀ ਹੈ ਕਿ ਕ੍ਰਿਕਟ ਦੇ ਵਾਂਗ  ਸਿਆਸਤ ਵੀ ਅਨਿਸ਼ਚਿਤਤਾਵਾਂ ਦੀ ਖੇਡ ਹੈ। ਇਸ ’ਚ ਕਦੋਂ ਕੀ ਹੋ ਜਾਵੇ, ਕਿਹਾ ਨਹੀਂ ਜਾ ਸਕਦਾ।

ਵਿਜੇ ਕੁਮਾਰ


Karan Kumar

Content Editor

Related News