ਮਹਾਰਾਸ਼ਟਰ ’ਚ ਏਕਨਾਥ ਸ਼ਿੰਦੇ ਬਣੇ ਮੁੱਖ ਮੰਤਰੀ ‘ਕੁਫਰ ਟੂਟਾ ਖੁਦਾ-ਖੁਦਾ ਕਰਕੇ’
Friday, Jul 01, 2022 - 01:22 AM (IST)

ਮਹਾਰਾਸ਼ਟਰ ’ਚ ਜਾਰੀ ਸਿਆਸੀ ਸੰਕਟ ਦੇ ਦਰਮਿਆਨ ਜਦੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਮੁੱਖ ਮੰਤਰੀ ਊਧਵ ਠਾਕਰੇ ਨੂੰ 30 ਜੂਨ ਨੂੰ ਵਿਧਾਨ ਸਭਾ ’ਚ ਆਪਣਾ ਬਹੁਮਤ ਸਿੱਧ ਕਰਨ ਦਾ ਹੁਕਮ ਦੇਣ ਦੇ ਵਿਰੁੱਧ ਦਾਇਰ ਰਿੱਟ ਸੁਪਰੀਮ ਕੋਰਟ ਨੇ 29 ਜੂਨ ਨੂੰ ਰੱਦ ਕਰ ਕੇ 30 ਜੂਨ ਨੂੰ ਹੀ ਫਲੋਰ ਟੈਸਟ ਕਰਵਾਉਣ ਦਾ ਹੁਕਮ ਦਿੱਤਾ ਤਾਂ ਇਸ ਦੇ ਕੁਝ ਹੀ ਦੇਰ ਬਾਅਦ 29 ਜੂਨ ਰਾਤ ਨੂੰ ਡੇਢ ਵਜੇ ਊਧਵ ਠਾਕਰੇ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਇਸ ਦੇ ਬਾਅਦ ਜਾਪ ਰਿਹਾ ਸੀ ਕਿ 2 ਹਫਤਿਆਂ ਤੋਂ ਜਾਰੀ ਹਲਚਲ ਸਮਾਪਤੀ ਵੱਲ ਹੈ ਪਰ ਅੱਜ ਜੋ ਉਲਟਫੇਰ ਹੋਇਆ ਉਸ ਤੋਂ ਸਾਰੇ ਹੈਰਾਨ ਰਹਿ ਗਏ। ਭਾਜਪਾ ਨੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਤਾਜਪੋਸ਼ੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ 30 ਜੂਨ ਨੂੰ ਭਾਜਪਾ ਲੀਡਰਸ਼ਿਪ ਵੱਲੋਂ ਅਗਲੀ ਰਣਨੀਤੀ ਦੇ ਬਾਰੇ ’ਚ ਵਿਚਾਰ-ਵਟਾਂਦਰਾ ਕੀਤਾ ਜਾਂਦਾ ਰਿਹਾ। ਇਸੇ ਦਿਨ ਦੁਪਹਿਰ ਦੇ ਸਮੇਂ ਸ਼ਿੰਦੇ ਦੀ ਮੁੰਬਈ ਪਹੁੰਚ ਕੇ ਦੇਵੇਂਦਰ ਫੜਨਵੀਸ ਨਾਲ ਲੰਬੀ ਮੁਲਾਕਾਤ ਦੇ ਬਾਅਦ ਦੋਵਾਂ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਅਤੇ ਸ਼ਿੰਦੇ ਨੇ ਰਾਜਪਾਲ ਨੂੰ 49 ਵਿਧਾਇਕਾਂ ਦੇ ਸਮਰਥਨ ਦਾ ਪੱਤਰ ਸੌਂਪ ਕੇ ਸੂਬੇ ’ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ।
ਉਸ ਸਮੇਂ ਤੱਕ ਦੇਵੇਂਦਰ ਫੜਨਵੀਸ ਦੇ ਹੀ ਦੁਬਾਰਾ ਮੁੱਖ ਮੰਤਰੀ ਬਣਨ ਅਤੇ ਸ਼ਿੰਦੇ ਦੇ ਉਪ ਮੁੱਖ ਮੰਤਰੀ ਬਣਨ ਦੇ ਅੰਦਾਜ਼ੇ ਲਾਏ ਜਾ ਰਹੇ ਸਨ ਪਰ ਬਾਅਦ ’ਚ ਦੇਵੇਂਦਰ ਫੜਨਵੀਸ ਅਤੇ ਏਕਨਾਥ ਸ਼ਿੰਦੇ ਦੀ ਸਾਂਝੀ ਪ੍ਰੈੱਸ ਕਾਨਫਰੰਸ ’ਚ ਦੇਵੇਂਦਰ ਫੜਨਵੀਸ ਨੇ ਏਕਨਾਥ ਸ਼ਿੰਦੇ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸੇ ਦੇ ਅਨੁਸਾਰ ਸ਼ਿੰਦੇ ਨੇ ਮੁੱਖ ਮੰਤਰੀ ਅਤੇ ਬਾਅਦ ’ਚ ਨੱਢਾ ਦੇ ਕਹਿਣ ’ਤੇ ਫੜਨਵੀਸ ਨੇ ਉਪ ਮੁੱਖ ਮੰਤਰੀ ਦੀ ਸ਼ਾਮ ਸਾਢੇ ਸੱਤ ਵਜੇ ਸਹੁੰ ਚੁੱਕ ਲਈ ਹੈ, ਹਾਲਾਂਕਿ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਰਕਾਰ ’ਚ ਕੋਈ ਅਹੁਦਾ ਨਹੀਂ ਲੈਣਗੇ। ਹੁਣ ਭਾਜਪਾ ਸ਼ਿੰਦੇ ਦੀ ਅਗਵਾਈ ’ਚ ਬਾਗੀ ਸ਼ਿਵਸੈਨਾ ਵਿਧਾਇਕਾਂ ਦੀ ਮਦਦ ਨਾਲ 31 ਮਹੀਨਿਆਂ ਬਾਅਦ ਸੱਤਾ ’ਚ ਪਰਤ ਰਹੀ ਹੈ। 2019 ’ਚ ਜਦੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ 105 ਸੀਟਾਂ ਦੇ ਨਾਲ ਭਾਜਪਾ ਬਹੁਮਤ ਵਾਲੀ ਪਾਰਟੀ ਸੀ, ਉਦੋਂ ਫੜਨਵੀਸ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਉਹ ਲਗਭਗ 4 ਦਿਨ ਤਕ ਹੀ ਸੱਤਾ ’ਚ ਰਹਿ ਸਕੇ।
ਜ਼ਾਹਿਰ ਹੈ ਕਿ ਊਧਵ ਠਾਕਰੇ ਦੇ ਸੱਤਾ ਤੋਂ ਹਟ ਜਾਣ ਨਾਲ ਫੜਨਵੀਸ ਦਾ ਸ਼ਿਵਸੈਨਾ ਤੋਂ ਬਦਲਾ ਪੂਰਾ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਉਹ ਇਕ ਕਿੰਗ ਮੇਕਰ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਏ ਹਨ। ਬੇਸ਼ੱਕ ਏਕਨਾਥ ਸ਼ਿੰਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣਗੇ ਪਰ ਕੁਦਰਤੀ ਤੌਰ ’ਤੇ ਗੱਲ ਤਾਂ 49 ਵਿਧਾਇਕਾਂ ਵਾਲੇ ਦੀ ਬਜਾਏ 105 ਵਿਧਾਇਕਾਂ ਵਾਲੇ ਦੀ ਹੀ ਚੱਲੇਗੀ। ਸਵਾਲ ਉੱਠਦਾ ਹੈ ਕਿ ਹੁਣ ਊਧਵ ਠਾਕਰੇ ਦਾ ਕੀ ਹੋਵੇਗਾ। ਇਨ੍ਹਾਂ ਹਾਲਾਤ ਦੇ ਲਈ ਉਨ੍ਹਾਂ ਦੀਆਂ ਕੁਝ ਗਲਤੀਆਂ ਵੀ ਜ਼ਿੰਮੇਵਾਰ ਹੋ ਸਕਦੀਆਂ ਹਨ। ਊਧਵ ਠਾਕਰੇ ਆਪਣੇ ਪਿਤਾ ਵਾਂਗ ਲਚਕੀਲੇ ਨਹੀਂ ਹਨ ਅਤੇ ਉਨ੍ਹਾਂ ਦੀ ਗਲਫਤ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਾ ਕਿ ਕਦੋਂ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਸੂਰਤ ਅਤੇ ਉੱਥੋਂ ਗੁਹਾਟੀ ਚਲੇ ਗਏ। ਵਰਨਣਯੋਗ ਹੈ ਕਿ ਸ਼ਿੰਦੇ ਨੂੰ ਠਾਣੇ ਦੇ ਪ੍ਰਭਾਵਸ਼ਾਲੀ ਵਿਅਕਤੀ ਦੇ ਰੂਪ ’ਚ ਜਾਣਿਆ ਜਾਂਦਾ ਹੈ। ਹੁਣ ਜਦਕਿ ਜਲਦੀ ਹੀ ਠਾਣੇ ਨਗਰ ਨਿਗਮ ਅਤੇ ਮੁੰਬਈ ਕਾਰਪੋਰੇਸ਼ਨ ਦੀਆਂ ਚੋਣਾਂ ਆਉਣ ਵਾਲੀਆਂ ਹਨ ਜਿਨ੍ਹਾਂ ’ਚ ਏਕਨਾਥ ਸ਼ਿੰਦੇ ਦੇ ਬਹਾਨੇ ਭਾਜਪਾ ਨੂੰ ਸੱਤਾ ’ਚ ਆਪਣੀ ਵਾਪਸੀ ਦਾ ਜ਼ਰੂਰ ਮੌਕਾ ਮਿਲ ਸਕਦਾ ਹੈ।
ਜੋ ਵੀ ਹੋਵੇ ਇਕ ਵਾਰ ਫਿਰ ਮਹਾਰਾਸ਼ਟਰ ’ਚ ਸ਼ਿਵਸੈਨਾ ਦੀ ਫੁੱਟ ਉਜਾਗਰ ਹੋ ਗਈ ਹੈ। ਇਸ ਤੋਂ ਪਹਿਲਾਂ ਸ਼ਿਵਸੈਨਾ ’ਚ ਛਗਨ ਭੁਜਬਲ, ਨਾਰਾਇਣ ਰਾਣੇ ਅਤੇ ਊਧਵ ਠਾਕਰੇ ਦੇ ਚਚੇਰੇ ਭਰਾ ਰਾਜ ਠਾਕਰੇ ਨੇ ਬਗਾਵਤ ਕੀਤੀ ਸੀ ਅਤੇ ਊਧਵ ਦੇ ਹੀ ਸਾਥੀ ਨੇ ਉਨ੍ਹਾਂ ਨੂੰ ਸੱਤਾ ’ਚ ਬਿਠਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਬਾਅਦ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ। ਇਸੇ ਦਰਮਿਆਨ ਸ਼ਿੰਦੇ ਨੇ 2-3 ਜੁਲਾਈ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਹੈ ਜਿਸ ’ਚ ਉਹ ਬਹੁਮਤ ਸਿੱਧ ਕਰਨਗੇ ਅਤੇ ਨਵੇਂ ਸਪੀਕਰ ਦੀ ਚੋਣ ਵੀ ਕੀਤੀ ਜਾਵੇਗੀ। ਭਾਜਪਾ ਨੇ ਖੁਦ ਪਿੱਛੇ ਰਹਿ ਕੇ ਏਕਨਾਥ ਸ਼ਿੰਦੇ ਦੇ ਧੜੇ ਨੂੰ ਸੱਤਾ ਸੌਂਪ ਕੇ ਚੰਗਾ ਹੀ ਕੀਤਾ ਹੈ ਕਿਉਂਕਿ ਇਸ ਗੱਲ ਦਾ ਕੀ ਭਰੋਸਾ ਕਿ ਏਕਨਾਥ ਸ਼ਿੰਦੇ ਦੀ ਸਰਕਾਰ ਟਿਕੇਗੀ ਵੀ ਜਾਂ ਨਹੀਂ ਅਤੇ ਜੇਕਰ ਡਿੱਗੇਗੀ ਤਾਂ ਬਦਨਾਮੀ ਉਸੇ ਦੀ ਹੋਵੇਗੀ। ਬਹਰਹਾਲ ਇਸ ਸਬੰਧ ’ਚ ਅਸਲੀ ਫੈਸਲਾ ਤਾਂ ਜਨਤਾ ਦੇ ਹੀ ਹੱਥ ’ਚ ਹੈ ਅਤੇ ਊਧਵ ਨੂੰ ਵੀ ਪਤਾ ਲੱਗ ਜਾਵੇਗਾ ਕਿ ਸੂਬੇ ਦੀ ਜਨਤਾ ਉਨ੍ਹਾਂ ਦੇ ਨਾਲ ਹੈ ਜਾਂ ਨਹੀਂ। ਇਸ ਦਰਮਿਆਨ ਇਕ ਹੋਰ ਘਟਨਾਕ੍ਰਮ ’ਚ ਸ਼ਿੰਦੇ ਅਤੇ ਫੜਨਵੀਸ ਦੇ ਸਹੁੰ ਚੁੱਕਣ ਦੇ ਜਲਦੀ ਹੀ ਬਾਅਦ ਇਨਕਮ ਟੈਕਸ ਵਿਭਾਗ ਨੇ 2004, 2009, 2014 ਅਤੇ 2020 ’ਚ ਦਾਇਰ ਚੋਣਾਂ ਦੇ ਹਲਫਨਾਮਿਆਂ ਦੇ ਸਬੰਧ ’ਚ ਸ਼ਰਦ ਪਵਾਰ ਨੂੰ ਨੋਟਿਸ ਫੜਾ ਦਿੱਤਾ ਹੈ। ਹੁਣ ਅੱਗੇ-ਅੱਗੇ ਦੇਖੋ ਹੁੰਦਾ ਹੈ ਕੀ।
ਵਿਜੇ ਕੁਮਾਰ