‘ਉੱਤਰੀ ਭਾਰਤ ’ਚ ਫੈਲ ਰਿਹਾ ਨਸ਼ਿਆਂ ਦਾ ਜਾਲ’ ‘ਨੌਜਵਾਨਾਂ ਦੀ ਸਿਹਤ ਅਤੇ ਪਰਿਵਾਰ ਹੋ ਰਹੇ ਤਬਾਹ’
Sunday, Jan 17, 2021 - 03:25 AM (IST)

ਨਸ਼ੇ ਦੀ ਆਦਤ ਨਾਲ ਪੀੜਤ ਵਿਅਕਤੀ ਆਪਣੇ ਹੀ ਪਰਿਵਾਰ ਅਤੇ ਸਮਾਜ ’ਤੇ ਬੋਝ ਬਣ ਕੇ ਰਹਿ ਜਾਂਦਾ ਹੈ ਅਤੇ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਨੂੰ ਬਿਲਕੁੱਲ ਹੀ ਸਨਮਾਨ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਿਆ ਜਾਂਦਾ।
ਸ਼ਰਾਬ, ਗਾਂਜਾ, ਜਰਦਾ, ਬ੍ਰਾਊਨ ਸ਼ੂਗਰ, ਕੋਕੀਨ, ਚਰਸ, ਸਮੈਕ ਅਤੇ ਦੂਸਰੇ ਨਸ਼ਿਆਂ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਖੋਖਲਾ ਹੋ ਜਾਂਦਾ ਹੈ। ਤੰਬਾਕੂ ਦੀ ਵਰਤੋਂ ਨਾਲ ਫੇਫੜਿਆਂ ਅਤੇ ਮੂੰਹ ਤਾਂ ਕੈਂਸਰ, ਟੀ. ਬੀ. ਅਤੇ ਸਾਹ ਦੀਆਂ ਬੀਮਾਰੀਆਂ ਹੁੰਦੀਆਂ ਹਨ।
ਨਸ਼ੇ ਸਰੀਰ ’ਚ ਉਤੇਜਨਾ ਵਧਾ ਕੇ ਵਿਅਕਤੀ ਨੂੰ ਪਾਗਲਪਨ ਦੀ ਹੱਦ ਤੱਕ ਲੈ ਜਾਣ ਦੇ ਇਲਾਵਾ ਹਿੰਸਾ, ਜਬਰ-ਜ਼ਨਾਹ, ਹੱਤਿਆ, ਕੁੱਟ-ਮਾਰ ਆਦਿ ਕਈ ਜੁਰਮਾਂ ਅਤੇ ਦੂਸਰੀਆਂ ਗੈਰ-ਕਾਨੂੰਨੀ ਸਰਗਰਮੀਆਂ ਅਤੇ ਪਰਿਵਾਰ ਦੀ ਤਬਾਹੀ ਦਾ ਕਾਰਨ ਬਣ ਰਹੇ ਹਨ।
ਉਂਝ ਤਾਂ ਨਸ਼ਿਆਂ ਦਾ ਇਹ ਮਹਾਰੋਗ ਆਮ ਤੌਰ ’ਤੇ ਸਮੁੱਚੇ ਦੇਸ਼ ’ਚ ਹੀ ਫੈਲ ਚੁੱਕਾ ਹੈ ਪਰ ਵਿਸ਼ੇਸ਼ ਤੌਰ ’ਤੇ ਇਸ ਸਮੇਂ ਉੱਤਰੀ ਭਾਰਤ ਦੇ ਸੂਬੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਇਸ ਦੀ ਲਪੇਟ ’ਚ ਆਏ ਹੋਏ ਹਨ। ਇਨ੍ਹਾਂ ਸੂਬਿਆਂ ’ਚ ਕਿੰਨੇ ਵੱਡੇ ਪੱਧਰ ’ਤੇ ਨਸ਼ੇ ਦੀ ਸਮੱਗਲਿੰਗ ਹੋ ਰਹੀ ਹੈ, ਇਹ ਇਸੇ ਮਹੀਨੇ ਦੀਆਂ ਹੇਠਾਂ ਦਿੱਤੀਆਂ 13 ਪ੍ਰਮੁੱਖ ਘਟਨਾਵਾਂ ਤੋਂ ਸਪੱਸ਼ਟ ਹੈ :
* 1 ਜਨਵਰੀ ਨੂੰ ਰਾਜਸਥਾਨ ’ਚ ‘ਸਪੈਸ਼ਲ ਆਪ੍ਰੇਸ਼ਨ ਗਰੁੱਪ’ ਨੇ ਝਾਲਾਵਾੜ ਤੋਂ ਜੈਪੁਰ ਲਿਆਂਦੀ ਜਾ ਰਹੀ ਲਗਭਗ 70 ਲੱਖ ਰੁਪਏ ਮੁੱਲ ਦੀ 690 ਗ੍ਰਾਮ ਸਮੈਕ ਬਰਾਮਦ ਕੀਤੀ।
* 3 ਜਨਵਰੀ ਨੂੰ ਹਰਿਆਣਾ ਦੇ ‘ਚੌਟਾਲਾ’ ਪਿੰਡ ’ਚ 30,000 ਨਸ਼ੀਲੀਆਂ ਗੋਲੀਆਂ ਦੇ ਨਾਲ ਰਾਜਸਥਾਨ ਦੇ ਸੰਗਰੀਆ ਦਾ ਇਕ ਨੌਜਵਾਨ ਫੜਿਆ ਗਿਆ।
* 4 ਜਨਵਰੀ ਨੂੰ ਹਰਿਆਣਾ ’ਚ ਕੁੰਡਲੀ-ਮਾਨੇਸਰ-ਪਲਵਲ ਹਾਈਵੇ ’ਤੇ ‘ਪਚਗਾਂਵ’ ’ਚ ਇਕ ਟਰੱਕ ’ਚੋਂ 11 ਕਰੋੜ ਰੁਪਏ ਮੁੱਲ ਦਾ 2233 ਕਿਲੋ ਗਾਂਜਾ ਜ਼ਬਤ ਕੀਤਾ ਗਿਆ।
* 4 ਜਨਵਰੀ ਨੂੰ ਹੀ ਰਾਜਸਥਾਨ ਪੁਲਸ ਨੇ ਨਸੀਰਾਬਾਦ ਤੋਂ 8 ਲੱਖ ਰੁਪਏ ਮੁੱਲ ਦੀ ਸਾਢੇ 3 ਕਿਲੋ ਅਫੀਮ ਦੇ ਨਾਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
* 5 ਜਨਵਰੀ ਨੂੰ ਹਰਿਆਣਾ ਦੇ ‘ਚੌਟਾਲਾ’ ਪਿੰਡ ’ਚ ਰਤਨਪੁਰਾ ਬਾਈਪਾਸ ’ਤੇ 6500 ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ।
* 5 ਜਨਵਰੀ ਨੂੰ ਹੀ ਉੱਤਰ ਪ੍ਰਦੇਸ਼ ਦੇ ਮੇਰਠ ’ਚ ਇਕ ਨਸ਼ਾ ਸਮੱਗਲਰ ਨੂੰ 180 ਕਿਲੋ ਚਰਸ ਦੇ ਨਾਲ ਫੜਿਆ ਗਿਆ।
* 5 ਜਨਵਰੀ ਵਾਲੇ ਦਿਨ ਹੀ ਜੰਮੂ-ਕਸ਼ਮੀਰ ’ਚ ਪੁੰਛ ਜ਼ਿਲੇ ਦੇ ‘ਡੱਬੀ’ ਪਿੰਡ ’ਚ 300 ਗ੍ਰਾਮ ਹੈਰੋਇਨ ਦੇ ਨਾਲ ਇਕ ਵਿਅਕਤੀ ਫੜਿਆ ਗਿਆ।
* 6 ਜਨਵਰੀ ਨੂੰ ਇਕ ਵਾਰ ਫਿਰ ਹਰਿਆਣਾ ਦੇ ‘ਚੌਟਾਲਾ’ ਪਿੰਡ ’ਚ ਇਕ ਟਰੱਕ ’ਚੋਂ 1900 ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ। ਗ੍ਰਿਫਤਾਰ ਮੁਲਜ਼ਮਾਂ ਦੇ ਅਨੁਸਾਰ ਰਾਜਸਥਾਨ ਦੇ ਜੋਧਪੁਰ ਦੇ ‘ਭਾਪ’ ਸਥਿਤ ਹੋਟਲ ‘ਮੈਡੀਕਲ ਨਸ਼ੇ’ ਦੇ ਕੇਂਦਰ ਬਣੇ ਹੋਏ ਹਨ।
* 14 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ’ਚ ਕੁੱਲੂ ਜ਼ਿਲੇ ਦੇ ਬੰਜਾਰ ’ਚ ਲਗਭਗ 4 ਕਰੋੜ ਰੁਪਏ ਮੁੱਲ ਦੀ 122.588 ਕਿਲੋ ਚਰਸ (ਹਸ਼ੀਸ਼) ਅਤੇ 295 ਕਿਲੋ ਗਾਂਜਾ ਬਰਾਮਦ ਕਰ ਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
* 14 ਜਨਵਰੀ ਨੂੰ ਹੀ ਹਰਿਆਣਾ ’ਚ ਹਿਸਾਰ ਦੀ ‘ਸਪੈਸ਼ਲ ਟਾਸਕ ਫੋਰਸ’ ਨੇ ਕਰਨਾਲ ਦੇ ਅੰਧੇੜਾ ਪਿੰਡ ’ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 37.50 ਲੱਖ ਰੁਪਏ ਮੁੱਲ ਦੀ 30 ਕਿਲੋ 340 ਗ੍ਰਾਮ ਅਫੀਮ ਬਰਾਮਦ ਕੀਤੀ।
* 15 ਜਨਵਰੀ ਨੂੰ ਹਰਿਆਣਾ ਦੇ ਸਿਰਸਾ ’ਚ ‘ਐਂਟੀ ਨਾਰਕੋਟਿਕ ਸੈੱਲ’ ਨੇ ‘ਬੜਾਗੁੱਡਾ’ ਥਾਣਾ ਖੇਤਰ ’ਚ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 53,000 ਨਸ਼ੀਲੀਆਂ ਗੋਲੀਆਂ ਅਤੇ 384 ਬੋਤਲਾਂ ਸ਼ਰਾਬ ਜ਼ਬਤ ਕੀਤੀ।
* 15 ਜਨਵਰੀ ਨੂੰ ਹੀ ਪੰਜਾਬ ’ਚ ਫਿਰੋਜ਼ਪੁਰ ਸਰਹੱਦ ’ਤੇ ‘ਬੀ. ਓ. ਪੀ. ਪਛਾਰੀਆ’ ਦੇ ਨੇੜੇ ਫੈਂਸਿੰਗ ਦੇ ਕੋਲ ਖੇਤ ’ਚ ਲੁਕਾ ਕੇ ਰੱਖੀ ਗਈ ਲਗਭਗ 20 ਕਰੋੜ ਰੁਪਏ ਮੁੱਲ ਦੀ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
* 16 ਜਨਵਰੀ ਨੂੰ ਉੱਤਰਾਖੰਡ ’ਚ ਹਰਿਦੁਆਰ ਦੀ ਭਗਵਾਨਪੁਰ ਥਾਣਾ ਪੁਲਸ ਨੇ 3 ਲੱਖ ਰੁਪਏ ਦੀ ਸਮੈਕ ਦੇ ਨਾਲ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ।
ਅੰਕੜਿਆਂ ਦੇ ਅਨੁਸਾਰ ਦੇਸ਼ ’ਚ 2019 ’ਚ ਦਰਜ ਨਸ਼ਾ ਸਮੱਗਲਿੰਗ ਦੇ ਕੁੱਲ 71,678 ਮਾਮਲਿਆਂ ’ਚੋਂ 29,838 ਮਾਮਲੇ (41 ਫੀਸਦੀ) ਇਨ੍ਹਾਂ ਸੂਬਿਆਂ ’ਚ ਦਰਜ ਕੀਤੇ ਗਏ ਸਨ, ਜਿਸ ਤੋਂ ਸਪੱਸ਼ਟ ਹੈ ਕਿ ਉੱਤਰ-ਪੱਛਮ ਦੇ ਇਹ ਸੂਬੇ ਨਸ਼ੇ ਦਾ ਗੜ੍ਹ ਬਣ ਚੁੱਕੇ ਹਨ।
ਜੰਮੂ-ਕਸ਼ਮੀਰ ਦੇ ਡੀ. ਆਈ. ਜੀ. ਦਿਲਬਾਗ ਸਿੰਘ ਅਨੁਸਾਰ ਨਸ਼ੇ ਦਾ ਧੰਦਾ ਇੱਥੇ ਅੱਤਵਾਦ ਦੇ ਬਾਅਦ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ।
ਇਸ ਖਤਰਨਾਕ ਧੰਦੇ ’ਚ ਆਮ ਅਪਰਾਧੀਆਂ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਅਤੇ ਉਨ੍ਹਾਂ ਦੇ ਸਬੰਧੀ ਤੱਕ ਸ਼ਾਮਲ ਪਾਏ ਜਾ ਰਹੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਸਖਤ ਤੋਂ ਸਖਤ ਕਦਮ ਚੁੱਕੇ ਬਿਨਾਂ ਇਸ ਸਮੱਸਿਆ ਨਾਲ ਨਜਿੱਠਣਾ ਪ੍ਰਸ਼ਾਸਨ ਲਈ ਬਹੁਤ ਔਖਾ ਹੋਵੇਗਾ।
ਜੇਕਰ ਇਸ ਸਮੱਸਿਆ ’ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਾਲਾਂ ’ਚ ਇਹ ਬੇਕਾਬੂ ਹੋ ਕੇ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖੋਖਲਾ ਕਰ ਦੇਵੇਗੀ ਕਿਉਂਕਿ ਨਸ਼ੇ ਦੀ ਆਦਤ ਦੇ ਸ਼ਿਕਾਰ ਲੋਕਾਂ ’ਚ ਸਭ ਤੋਂ ਵੱਧ ਗਿਣਤੀ ਨੌਜਵਾਨ ਵਰਗ ਦੀ ਹੈ ਜਿਨ੍ਹਾਂ ਨੂੰ ਦੇਸ਼ ਦੇ ਭਵਿੱਖ ਦੇ ਰੂਪ ’ਚ ਦੇਖਿਆ ਜਾਂਦਾ ਹੈ।
-ਵਿਜੇ ਕੁਮਾਰ