‘3 ਹਫਤਿਆਂ ’ਚ 2 ਨਸ਼ਾ ਸਮੱਗਲਰਾਂ ਨੂੰ ਦਿੱਤੀ ਫਾਂਸੀ’ ‘ਸਿੰਗਾਪੁਰ ਸਰਕਾਰ ਨੇ ਕੀਤਾ ਫੈਸਲਾ’
Thursday, May 18, 2023 - 04:41 AM (IST)
![‘3 ਹਫਤਿਆਂ ’ਚ 2 ਨਸ਼ਾ ਸਮੱਗਲਰਾਂ ਨੂੰ ਦਿੱਤੀ ਫਾਂਸੀ’ ‘ਸਿੰਗਾਪੁਰ ਸਰਕਾਰ ਨੇ ਕੀਤਾ ਫੈਸਲਾ’](https://static.jagbani.com/multimedia/2023_5image_04_40_5634009157.jpg)
ਨਸ਼ੇ ਦੀ ਆਦਤ ਅੱਜ ਦੁਨੀਆ ਭਰ ਲਈ ਵੱਡਾ ਸਰਾਪ ਬਣ ਚੁੱਕੀ ਹੈ। ਇਸ ਨਾਲ ਨਾ ਸਿਰਫ ਲੋਕਾਂ ਦੀ ਸਿਹਤ ਵਿਗੜ ਰਹੀ ਹੈ ਸਗੋਂ ਅਪਰਾਧਾਂ ’ਚ ਵੀ ਭਾਰੀ ਵਾਧਾ ਹੋ ਰਿਹਾ ਹੈ। ਇਸ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪਣੇ-ਆਪਣੇ ਤਰੀਕੇ ਨਾਲ ਇਸ ਬੁਰਾਈ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੀਆਂ ਹੋਈਆਂ ਹਨ ਪਰ ਨਸ਼ਾ ਮਾਫੀਆ ਆਪਣੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਜਮਾ ਚੁੇਕਾ ਹੈ ਕਿ ਇਹ ਬੁਰਾਈ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ।
ਨਸ਼ਾ ਖਾਤਮੇ ’ਤੇ ਸਿੰਗਾਪੁਰ ਸਰਕਾਰ ਨੇ ਜ਼ੀਰੋ ਸਹਿਣਸ਼ੀਲਤਾ ਦਾ ਰੁਖ ਅਪਣਾਇਆ ਹੈ ਅਤੇ ਇਹ ਸਭ ਤੋਂ ਵੱਧ ਸਖਤ ਨਸ਼ਾ ਵਿਰੋਧੀ ਕਾਨੂੰਨਾਂ ਵਾਲੇ ਕੁਝ ਦੇਸ਼ਾਂ ’ਚੋਂ ਇਕ ਹੈ।
ਇਕ ਪਾਸੇ ਉਥੇ ਨਸ਼ੀਲੀਆਂ ਦਵਾਈਆਂ ਦੀ ਆਦਤ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣ ਲਈ ਨਸ਼ਾਮੁਕਤੀ ਕੇਂਦਰਾਂ ’ਤੇ ਫੋਕਸ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਨਸ਼ਿਆਂ ਦੀ ਸਮੱਗਲਿੰਗ ’ਚ ਸ਼ਾਮਲ ਪਾਏ ਜਾਣ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾ ਰਹੀ ਹੈ।
ਨਿਯਮਾਂ ਅਨੁਸਾਰ ਉੱਥੇ ਅੱਧਾ ਕਿਲੋ ਗਾਂਝਾ ਬਰਾਮਦ ਹੋਣ ’ਤੇ ਹੀ ਕਿਸੇ ਦੋਸ਼ੀ ਨੂੰ ਮੌਤ ਦੀ ਸਜ਼ਾ ਤੱਕ ਦਿੱਤੀ ਜਾ ਸਕਦੀ ਹੈ ਅਤੇ ਇਸੇ ਨੀਤੀ ਤਹਿਤ ਨਸ਼ਾ ਸਮੱਗਲਿੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਭਾਰਤੀ ਮੂਲ ਦੇ ‘ਤੰਗਾਰਾਜੂ ਸੁਪੱਈਆ’ ਨੂੰ ਬੀਤੀ 26 ਅਪ੍ਰੈਲ ਨੂੰ ਸਿੰਗਾਪੁਰ ਦੀ ਚਾਂਗੀ ਜੇਲ ’ਚ ਫਾਂਸੀ ਦਿੱਤੀ ਗਈ।
ਇਹ ਸਿੰਗਾਪੁਰ ’ਚ ਪਿਛਲੇ 6 ਮਹੀਨਿਆਂ ’ਚ ਦਿੱਤੀ ਗਈ ਪਹਿਲੀ ਫਾਂਸੀ ਸੀ ਅਤੇ ਹੁਣ ਇਸ ਦੇ ਸਿਰਫ 3 ਹਫਤੇ ਬਾਅਦ ਹੀ 17 ਮਈ ਨੂੰ ਉੱਥੇ ਇਕ ਹੋਰ ਨਸ਼ਾ ਸਮੱਗਲਰ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ।
ਹਾਲਾਂਕਿ ਸਿਰਫ 3 ਹਫਤਿਆਂ ਅੰਦਰ ਦਿੱਤੀਆਂ ਗਈਆਂ ਦੋ ਫਾਂਸੀਆਂ ਤੋਂ ਬਾਅਦ ਸਿੰਗਾਪੁਰ ’ਚ ਮੌਤ ਦੀ ਸਜ਼ਾ ਖਤਮ ਕਰਨ ਸਬੰਧੀ ਮੰਗ ਤੇਜ਼ ਹੋਈ ਹੈ ਪਰ ਸ਼ਾਇਦ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਉੱਥੋਂ ਦੇ ਪ੍ਰਸ਼ਾਸਨ ਨੂੰ ਇਹੀ ਤਰੀਕਾ ਕਾਰਗਰ ਲੱਗਾ ਹੋਵੇ।
- ਵਿਜੇ ਕੁਮਾਰ