ਪ੍ਰਚੰਡ ਸਮਰਥਨ ਤੇ ਖਿਲਰੀ ਵਿਰੋਧੀ ਧਿਰ ਦੇ ਕਾਰਨ ਦ੍ਰੌਪਦੀ ਮੁਰਮੂ ਬਣੀ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ

Friday, Jul 22, 2022 - 01:52 AM (IST)

ਜਿਵੇਂ ਕਿ ਪਹਿਲਾਂ ਹੀ ਸੰਭਾਵਨਾ ਸੀ, ਰਾਜਗ ਉਮੀਦਵਾਰ ਦ੍ਰੌਪਦੀ ਮੁਰਮੂ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਨੂੰ ਹਰਾ ਕੇ ਦੇਸ਼ ਦੀ  ਪਹਿਲੀ  ਆਦਿਵਾਸੀ ਮਹਿਲਾ ਰਾਸ਼ਟਰਪਤੀ ਹੋਣ ਦਾ ਮਾਣ ਹਾਸਲ ਕਰ ਲਿਆ ਹੈ ਅਤੇ 25 ਜੁਲਾਈ ਨੂੰ ਉਹ 15ਵੇਂ ਰਾਸ਼ਟਰਪਤੀ ਦੀ ਸਹੁੰ  ਚੁੱਕੇਗੀ। 
ਦ੍ਰੌਪਦੀ ਮੁਰਮੂ ਦਾ ਜਨਮ 20 ਜੂਨ, 1958 ਨੂੰ  ਓਡਿਸ਼ਾ ਦੇ  ਬਹੁਤ  ਹੀ  ਪੱਛੜੇ ਮਯੂਰਭੰਜ ਜ਼ਿਲੇ ਦੇ ਗਰੀਬ ਸੰਥਾਲ ਪਰਿਵਾਰ ’ਚ ਹੋਇਆ। ਸ਼ੁਰੂ ਤੋਂ ਹੀ ਸਮਾਜ ਸੇਵਾ ਨਾਲ ਜੁੜੀ ਰਹਿਣ ਵਾਲੀ ਦ੍ਰੌਪਦੀ ਮੁਰਮੂ ਦੇ ਪਿਤਾ ਅਤੇ ਦਾਦਾ ਦੋਵੇਂ ਹੀ ਆਪਣੇ ਪਿੰਡ ਦੇ ਪ੍ਰਧਾਨ ਰਹੇ ਹਨ। 
ਦ੍ਰੌਪਦੀ ਮੁਰਮੂ ਨੇ ਸਿੱਖਿਆ ਹਾਸਲ ਕਰਨ ਦੇ ਬਾਅਦ ਆਪਣਾ ਕਰੀਅਰ ਇਕ ਅਧਿਆਪਿਕਾ ਦੇ ਤੌਰ ’ਤੇ ਸ਼ੁਰੂ ਕੀਤਾ ਅਤੇ 1997 ’ਚ ‘ਰਾਏਰੰਗਪੁਰ ਨਗਰ ਪੰਚਾਇਤ’ ਦੀਆਂ ਕੌਂਸਲ ਚੋਣਾਂ ’ਚ ਜਿੱਤ ਦਰਜ ਕਰ ਕੇ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ।
ਓਡਿਸ਼ਾ ’ਚ ਸਰਵਸ੍ਰੇਸ਼ਠ ਵਿਧਾਇਕ ਦੇ ‘ਨੀਲਕੰਠ ਪੁਰਸਕਾਰ’ ਨਾਲ ਸਨਮਾਨਿਤ ਦ੍ਰੌਪਦੀ ਮੁਰਮੂ ਬੀਜੂ ਜਨਤਾ ਦਲ ਅਤੇ ਭਾਜਪਾ ਦੀ ਸੰਯੁਕਤ ਸਰਕਾਰ ’ਚ 2000 ਤੋਂ 2004 ਦੇ ਦਰਮਿਆਨ ਵਣਜ, ਟ੍ਰਾਂਸਪੋਰਟ, ਮੱਛੀ ਪਾਲਣ ਅਤੇ ਪਸ਼ੂ ਸਰੋਤ ਵਿਭਾਗ ’ਚ ਮੰਤਰੀ, ਭਾਜਪਾ ਦੇ ਓਡਿਸ਼ਾ ਅਨੁਸੂਚਿਤ ਜਨਜਾਤੀ ਮੋਰਚੇ ਦੀ ਉਪ ਪ੍ਰਧਾਨ ਅਤੇ ਬਾਅਦ ’ਚ ਪ੍ਰਧਾਨ ਬਣੀ ਅਤੇ ਭਾਜਪਾ ਦੇ ਆਦਿਵਾਸੀ ਮੋਰਚੇ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੈਂਬਰ ਵੀ ਰਹੀ ਹੈ। 

ਹਾਲਾਂਕਿ ਰਾਸ਼ਟਰਪਤੀ ਅਹੁਦੇ ਲਈ 2017 ’ਚ ਵੀ ਇਨ੍ਹਾਂ ਦੇ ਨਾਂ ’ਤੇ ਵਿਚਾਰ ਕੀਤਾ ਗਿਆ ਸੀ ਪਰ ਉਦੋਂ ਸ਼੍ਰੀ ਰਾਮਨਾਥ ਕੋਵਿੰਦ ਦੇ ਨਾਂ ’ਤੇ ਸਹਿਮਤੀ ਬਣੀ ਸੀ। 
ਉਨ੍ਹਾਂ ਨੂੰ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਹੋਣ ਦਾ ਸਿਹਰਾ ਵੀ ਪ੍ਰਾਪਤ ਹੈ। ਦ੍ਰੌਪਦੀ ਮੁਰਮੂ ਨੇ ਆਮ ਲੋਕਾਂ ਦੇ ਨਾਲ-ਨਾਲ ਵਿਸ਼ੇਸ਼ ਤੌਰ ’ਤੇ ਆਦਿਵਾਸੀ ਭਾਈਚਾਰੇ ਦੀ ਭਲਾਈ ਦੇ ਲਈ ਕਾਫੀ ਕੰਮ ਕੀਤਾ ਹੈ। 
ਦ੍ਰੌਪਦੀ ਮੁਰਮੂ ਦਾ ਰਾਸ਼ਟਰਪਤੀ ਚੁਣਿਆ ਜਾਣਾ ਲਗਭਗ ਤੈਅ ਹੀ ਸੀ, ਕਿਉਂਕਿ ਨਾ ਸਿਰਫ ਉਨ੍ਹਾਂ ਨੂੰ ਰਾਜਗ ਅਤੇ ਵਿਰੋਧੀ ਧਿਰ ਦੀਆਂ 27 ਤੋਂ ਵੱਧ ਪਾਰਟੀਆਂ ਦਾ ਸਮਰਥਨ ਮਿਲਿਆ ਸਗੋਂ ਵਿਰੋਧੀ ਧਿਰ ਦੀਆਂ ਕਈ ਪਾਰਟੀਆਂ ਨੇ ਵੀ ਉਨ੍ਹਾਂ ਦੇ ਪੱਖ ’ਚ ਵੋਟ ਪਾਈ ਅਤੇ ਕਈ ਵਿਧਾਇਕਾਂ ਨੇ ਖੁੱਲ੍ਹ ਕੇ ਇਸ ਨੂੰ ਪ੍ਰਗਟ ਵੀ ਕੀਤਾ। 
ਅਸਾਮ ’ਚ 22 ਵਿਧਾਇਕਾਂ ਨੇ ਕ੍ਰਾਸ ਵੋਟਿੰਗ ਦਾ ਦਾਅਵਾ ਕੀਤਾ ਹਾਲਾਂਕਿ ਉੱਤਰ ਪ੍ਰਦੇਸ਼ ’ਚ ਅਖਿਲੇਸ਼ ਯਾਦਵ ਨੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ ਪਰ ਉੱਥੇ ਸਪਾ ਦੇ ਲਗਭਗ 4 ਵਿਧਾਇਕਾਂ ਨੇ ਦ੍ਰੌਪਦੀ ਮੁਰਮੂ ਦੇ ਪੱਖ ’ਚ ਵੋਟ ਪਾਈ। 
ਗੁਜਰਾਤ ਅਤੇ ਝਾਰਖੰਡ ’ਚ ਰਾਕਾਂਪਾ ਦੇ ਇਕ ਮਾਤਰ ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ। ਹਰਿਆਣਾ ਅਤੇ ਓਡਿਸ਼ਾ ’ਚ ਵੀ ਕਾਂਗਰਸ ਵਿਧਾਇਕਾਂ ਨੇ ਬਾਗੀ ਤੇਵਰ ਦਿਖਾਏ।  ਛੱਤੀਸਗੜ੍ਹ, ਮਹਾਰਾਸ਼ਟਰ, ਮੇਘਾਲਿਆ ਆਦਿ ਤੋਂ ਵੀ ਕ੍ਰਾਸ ਵੋਟਿੰਗ ਹੋਣ ਦੀਆਂ ਖਬਰਾਂ  ਹਨ।
ਹੋਰਨਾਂ ਵਿਰੋਧੀ ਪਾਰਟੀਆਂ ਸ਼ਿਵਸੈਨਾ, ਤ੍ਰਿਣਮੂਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਆਦਿ ਦੇ ਮੈਂਬਰਾਂ ਨੇ ਸ਼੍ਰੀ ਸਿਨ੍ਹਾ ਦਾ ਸਾਥ ਛੱਡ ਕੇ ਦ੍ਰੌਪਦੀ ਮੁਰਮੂ ਦੇ ਪੱਖ ’ਚ  ਵੋਟਿੰਗ ਕੀਤੀ ਜਿਸ ਨਾਲ ਵਿਰੋਧੀ ਪਾਰਟੀਆਂ ਦੀ ਫੁੱਟ ਵੀ ਉਜਾਗਰ ਹੋਈ। ਮਾਹਿਰਾਂ ਦੇ ਅਨੁਸਾਰ ਕ੍ਰਾਸ ਵੋਟਿੰਗ ਕਰਨ ਵਾਲਿਆਂ ਨੇ ਆਪਣੇ  ਹਲਕੇ ਦੀ ਜਨਤਾ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਪੱਛੜੇ ਅਤੇ ਆਦਿਵਾਸੀ ਸਮਾਜ ਦੇ ਨਾਲ ਹਨ। 

ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਯਸ਼ਵੰਤ ਸਿਨ੍ਹਾ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਐਲਾਨੇ ਜਾਣ ਦੇ ਸਮੇਂ ਤੋਂ ਹੀ ਇਕ ਵਰਗ ਵੱਲੋਂ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਅਤੇ ਮਾਰਕਸੀ ਸੰਸਦ ਮੈਂਬਰ ਵਿਕਾਸ ਰੰਜਨ ਭੱਟਾਚਾਰੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ : 
‘‘ਵਿਰੋਧੀ ਏਕਤਾ ਬਣਾਈ ਰੱਖਣ ਦੇ ਕਾਰਨ ਮਾਰਕਸੀ ਪਾਰਟੀ ਨੂੰ ਯਸ਼ਵੰਤ ਸਿਨ੍ਹਾ ਦਾ ਸਮਰਥਨ ਕਰਨਾ ਪਵੇਗਾ ਪਰ ਉਹ ਇਸ ਚੋਣ ਤੋਂ ਖੁਸ਼ ਨਹੀਂ ਹਨ। ਯਸ਼ਵੰਤ ਸਿਨ੍ਹਾ ਸ੍ਰੇਸ਼ਠ ਉਮੀਦਵਾਰ ਵੀ ਨਹੀਂ ਹਨ ਇਸ ਲਈ ਜੇਕਰ ਕੋਈ ਸਰਵ-ਪ੍ਰਵਾਨਿਤ ਉਮੀਦਵਾਰ ਚੁਣਿਆ ਜਾਂਦਾ ਤਾਂ ਚੰਗਾ ਹੁੰਦਾ।’’
ਫਿਲਹਾਲ, ਅਧਿਕਾਰਕ ਤੌਰ ’ਤੇ ਦ੍ਰੌਪਦੀ ਮੁਰਮੂ ਨੂੰ ਜੇਤੂ ਐਲਾਨ ਕੀਤੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਦੇ ਨਾਲ-ਨਾਲ ਪੂਰੇ ਦੇਸ਼ ਅਤੇ ਓਡਿਸ਼ਾ ’ਚ ਜਸ਼ਨ ਦਾ ਮਾਹੌਲ ਬਣ ਗਿਆ ਅਤੇ ਉਨ੍ਹਾਂ ਦੀ ਜਿੱਤ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਜ਼ੋਰ-ਸ਼ੋਰ ਨਾਲ ਖੁਸ਼ੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। 
ਜਿੱਤ ਦੇ ਐਲਾਨ ਦੇ ਬਾਅਦ ਪੂਰੇ ਪਿੰਡ ’ਚ ਵੰਡਣ ਦੇ ਲਈ 20,000 ਲੱਡੂ ਤਿਆਰ ਕਰਵਾਏ ਗਏ ਅਤੇ ਜੇਤੂ ਜਲੂਸ ਕੱਢਣ ਦੀ ਤਿਆਰੀ ਕਰ ਲਈ ਗਈ। ਇਸ ਮੌਕੇ ’ਤੇ ਆਤਿਸ਼ਬਾਜ਼ੀ ਦੀ ਵੀ ਵਿਵਸਥਾ ਕੀਤੀ ਗਈ। ਪਿੰਡ ’ਚ ਸਾਫ-ਸਫਾਈ ਦੇ ਇਲਾਵਾ ਰੰਗੀਨ ਲਾਈਟਾਂ ਲਾਈਆਂ ਗਈਆਂ ਹਨ ਅਤੇ ਘਰਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ। ਸਪੱਸ਼ਟ ਤੌਰ ’ਤੇ ਭਾਜਪਾ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਦ੍ਰੌਪਦੀ ਮੁਰਮੂ ਦੀ ਚੋਣ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਪੱਛੜੇ ਤੇ ਆਦਿਵਾਸੀ ਵੋਟਾਂ ਨੂੰ ਧਿਆਨ ’ਚ ਰੱਖ ਕੇ ਕੀਤੀ। ਦੂਜੇ ਪਾਸੇ ਵਿਰੋਧੀ ਧਿਰ ਵਲੋਂ ਆਪਣੇ ਉਮੀਦਵਾਰ ਦੀ ਚੋਣ ’ਚ ਸਰਬਸੰਮਤੀ ਨਾ ਬਣਾ ਸਕਣਾ ਇਸ ਦੇ ਉਮੀਦਵਾਰ ਦੇ ਪਛੜਣ ਦਾ ਕਾਰਨ ਰਿਹਾ ਜਿਸ ਦਾ ਸੰਕੇਤ ਵੀ ਮਾਕਪਾ ਨੇਤਾ ਵਿਕਾਸ ਰੰਜਨ ਭੱਟਾਚਾਰੀਆ ਨੇ ਦੇ ਦਿੱਤਾ ਸੀ।
ਹੁਣ ਭਾਜਪਾ ਨੇ ਉਪ ਰਾਸ਼ਟਰਪਤੀ ਦੀ ਅਗਲੇ ਮਹੀਨੇ ਹੋਣ ਵਾਲੀ ਚੋਣ ਦੇ ਲਈ ਇਸੇ ਰਣਨੀਤੀ ਦੇ ਅਨੁਸਾਰ ਜਗਦੀਪ ਧਨਖੜ ਨੂੰ ਉਮੀਦਵਾਰ ਬਣਾਇਆ ਹੈ ਜਿਨ੍ਹਾਂ ਦਾ ਜਾਟ ਭਾਈਚਾਰੇ ’ਚ ਚੰਗਾ ਪ੍ਰਭਾਵ ਹੈ। ਇਸ ਲਈ ਜੇਕਰ ਵਿਰੋਧੀ ਪਾਰਟੀਆਂ ਨੇ ਦੇਸ਼ ਦੀ ਸਿਆਸਤ ’ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ ਤਾਂ ਉਨ੍ਹਾਂ ਨੂੰ ਵੀ ਸਮੇਂ ਦੀ ਨਬਜ਼ ਪਛਾਣ ਕੇ ਚੱਲਣਾ ਹੋਵੇਗਾ।

ਵਿਜੇ ਕੁਮਾਰ
 


Karan Kumar

Content Editor

Related News