ਭਾਰੀ ਠੰਡ ਦੇ ਦੌਰਾਨ ਅੰਗੀਠੀ ਬਾਲ ਕੇ ਸੌਣ ਨਾਲ ਹੋ ਰਹੀਆਂ ਮੌਤਾਂ

01/05/2023 1:14:51 AM

ਉੱਤਰ ਪ੍ਰਦੇਸ਼ ’ਚ ਇਨ੍ਹੀਂ ਦਿਨੀਂ ਭਾਰੀ ਠੰਡ ਨੇ ਜਨਜੀਵਨ ਅਸਤ ਵਿਅਸਤ ਕਰ ਦਿੱਤਾ ਹੈ। ਇਕ ਪਾਸੇ ਸੜਕ ਹਾਦਸਿਆਂ ’ਚ ਮੌਤਾਂ ਹੋ ਰਹੀਆਂ ਹਨ ਤਾਂ ਦੂਜੇ ਪਾਸੇ ਸਰਦੀ ਤੋਂ ਬਚਣ ਲਈ ਘਰਾਂ ’ਚ ਅੰਗੀਠੀ ਬਾਲ ਕੇ ਸੌਂ ਰਹੇ ਲੋਕ ਜਾਨ ਗੁਆ ਰਹੇ ਹਨ :

* 27 ਦਸੰਬਰ, 2022 ਨੂੰ ਨੈਨੀਤਾਲ (ਉੱਤਰਾਖੰਡ) ਦੇ ਤੱਲੀਤਾਲ ਇਲਾਕੇ ’ਚ ਠੰਡ ਤੋਂ ਬਚਣ ਲਈ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਰਹੇ ਪਤੀ- ਪਤਨੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੋਵਾਂ ਦੀ ਜਾਨ ਤਾਂ ਬਚ ਗਈ ਪਰ ਔਰਤ ਦੇ ਗਰਭ ’ਚ ਪਲ ਰਹੇ 8 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ।

*29 ਦਸੰਬਰ, 2022 ਨੂੰ ਤ੍ਰਾਵੜੀ (ਹਰਿਆਣਾ) ਦੇ ਇਕ ਮਕਾਨ ’ਚ ਅੰਗੀਠੀ ਬਾਲ ਕੇ ਸੌਂ ਰਹੇ 16 ਸਾਲਾ ਲੜਕੇ ਅਤੇ ਉਸ ਦੀ 10 ਮਹੀਨੇ ਦੀ ਭਾਣਜੀ ਦੀ ਅੰਗੀਠੀ ਦੀ ਗੈਸ ਚੜ੍ਹਣ ਨਾਲ ਮੌਤ ਹੋ ਗਈ।

* 30 ਦਸੰਬਰ, 2022 ਨੂੰ ਬਰੇਲੀ (ਉੱਤਰ ਪ੍ਰਦੇਸ਼) ਦੇ ਇਕ ਰੈਸਟੋਰੈਂਟ ਦੇ ਕਮਰੇ ’ਚ ਅੰਗੀਠੀ ਬਾਲ ਕੇ ਸੁੱਤੇ 3 ਮੁਲਾਜ਼ਮਾਂ ’ਚੋਂ ਇਕ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ ਅਤੇ 2 ਨੂੰ ਬੇਹੋਸ਼ੀ ਦੀ ਹਾਲਤ ’ਚ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

* 31 ਦਸੰਬਰ, 2022 ਨੂੰ ਰਾਨੀਖੇਤ (ਉੱਤਰਾਖੰਡ) ਦੇ ਪਿੰਡ ‘ਪੰਤ ਕੋਟਲੀ’ ’ਚ ਘਰ ’ਚ ਸੌਂ ਰਹੇ 16 ਸਾਲਾ ਲੜਕੇ ਦੀ ਮੌਤ ਅੰਗੀਠੀ ਦੀ ਗੈਸ ਚੜ੍ਹਣ ਨਾਲ ਹੋ ਗਈ ਜਦਕਿ ਉਸ ਦੇ 2 ਚਚੇਰੇ ਭਰਾ ਬੇਹੋਸ਼ ਹੋ ਗਏ।

* 2 ਜਨਵਰੀ, 2023 ਨੂੰ ਮੇਰਠ (ਉੱਤਰ ਪ੍ਰਦੇਸ਼) ’ਚ ਬਿਨਾਂ ਵੈਂਟੀਲੇਸ਼ਨ ਵਾਲੇ ਇਕ ਮਕਾਨ ’ਚ ਰਹਿਣ ਵਾਲੇ ਨੇਪਾਲੀ ਜੋੜੇ ਅਤੇ ਉਨ੍ਹਾਂ ਦੀ 4 ਸਾਲ ਦੀ ਧੀ ਦੀ, ਜਿਸ ਦਾ ਉਸੇ ਦਿਨ ਜਨਮ ਦਿਨ ਸੀ, ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਨਾਲ ਮੌਤ ਹੋ ਗਈ।

* 3 ਜਨਵਰੀ, 2023 ਨੂੰ ਫਗਵਾੜਾ (ਪੰਜਾਬ) ਦੇ ਪਿੰਡ ‘ਰਿਹਾਣਾ ਜੱਟਾਂ’ ਦੇ ਨੇ਼ੜੇ ਇਕ ਢਾਬੇ ’ਚ ਠੰਡ ਤੋਂ ਬਚਣ ਲਈ ਦਰਵਾਜ਼ਾ ਬੰਦ ਕਰ ਕੇ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਰਹੇ ਦੋ ਵਿਅਕਤੀਆਂ ਦੀ ਗੈਸ ਚੜ੍ਹਣ ਨਾਲ ਜਾਨ ਚਲੀ ਗਈ।

* 3 ਜਨਵਰੀ, 2023 ਨੂੰ ਹੀ ਪਟਿਆਲਾ (ਪੰਜਾਬ) ਦੇ ‘ਮਲਕਾਨਾ ਪੱਤੀ’ ਇਲਾਕੇ ’ਚ ਠੰਡ ਤੋਂ ਬਚਣ ਲਈ ਅੰਗੀਠੀ ਨਾਲ ਅੱਗ ਸੇਕ ਰਹੇ ਪਿਤਾ-ਪੁੱਤਰ ਝੁਲਸ ਗਏ।

* 3 ਜਨਵਰੀ, 2023 ਨੂੰ ਹੀ ਗੁਰੂਗ੍ਰਾਮ (ਹਰਿਆਣਾ) ’ਚ ਡੀ. ਐੱਲ. ਐੱਫ. ਫੇਜ਼-3 ਥਾਣਾ ਇਲਾਕੇ ’ਚ ਇਕ ਮਕਾਨ ਦੇ ਸਰਵੈਂਟ ਕੁਆਰਟਰ ’ਚ ਇਕ ਘਰੇਲੂ ਸਹਾਇਕ ਅਤੇ ਸਹਾਇਕਾ ਦੀ ਬੰਦ ਕਮਰੇ ’ਚ ਬਾਲੀ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਨਾਲ ਜਾਨ ਚਲੀ ਗਈ।

ਕ੍ਰਿਟੀਕਲ ਕੇਅਰ ਮਾਹਿਰਾਂ ਦਾ ਕਹਿਣਾ ਹੈ ਕਿ ਹਵਾ ਆਉਣ-ਜਾਣ ਦੇ ਲਈ ਕੋਈ ਵਿਵਸਥਾ ਨਾ ਹੋਣ ਦੇ ਕਾਰਨ ਕਾਰਬਨ ਮੋਨੋਆਕਸਾਈਡ ਦੀ ਵੱਧ ਅਤੇ ਆਕਸੀਜਨ ਦੀ ਕਮੀ ਹੋ ਜਾਣ ਨਾਲ ਅਜਿਹੇ ਹਾਦਸੇ ਹੋ ਰਹੇ ਹਨ। ਇਸ ਲਈ ਕਦੀ ਵੀ ਬੰਦ ਕਮਰੇ ’ਚ ਅੰਗੀਠੀ ਜਾਂ ਕਾਂਗੜੀ ਬਾਲ ਕੇ ਨਹੀਂ ਸੌਣਾ ਚਾਹੀਦਾ।

-ਵਿਜੇ ਕੁਮਾਰ


Mandeep Singh

Content Editor

Related News