ਦੇਸ਼ ਨੂੰ ‘ਘੁਣ ਵਾਂਗ ਖਾ ਰਹੇ’ ‘ਭ੍ਰਿਸ਼ਟ ਅਧਿਕਾਰੀ ਅਤੇ ਮੁਲਾਜ਼ਮ’
Sunday, Jan 28, 2024 - 06:43 AM (IST)
ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦੀ ‘ਜ਼ੀਰੋ ਟਾਲਰੈਂਸ’ ਨੀਤੀ ਦੇ ਦਾਅਵੇ ਦੇ ਬਾਵਜੂਦ ਚੰਦ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਰਿਸ਼ਵਤਖੋਰੀ ਦੇ ਮਾਮਲਿਆਂ ’ਚ ਕੋਈ ਕਮੀ ਨਜ਼ਰ ਨਹੀਂ ਆ ਰਹੀ। ਇਹ ਬੁਰਾਈ ਭਾਰਤੀ ਅਫਸਰਸ਼ਾਹੀ ’ਚ ਕਿੰਨੀਆਂ ਡੂੰਘੀਆਂ ਜੜ੍ਹਾਂ ਜਮਾ ਚੁੱਕੀ ਹੈ, ਇਹ ਇਸੇ ਮਹੀਨੇ ਦੀਆਂ ਹੇਠਲੀਆਂ ਚੰਦ ਘਟਨਾਵਾਂ ਤੋਂ ਸਪੱਸ਼ਟ ਹੈ :
* 3 ਜਨਵਰੀ ਨੂੰ ਚੌਕਸੀ ਵਿਭਾਗ ਵੱਲੋਂ ਧੁਬਰੀ (ਆਸਾਮ) ਜ਼ਿਲੇ ਦੇ ‘ਕੁਮਾਰਪਾਟਾ’ ਪਿੰਡ ’ਚ ਇਕ ਗ੍ਰਾਮ ਪ੍ਰਧਾਨ ‘ਮਨਵਰ ਇਸਲਾਮ’ ਨੂੰ ਸ਼ਿਕਾਇਤਕਰਤਾ ਕੋਲੋਂ ਉਸ ਦੀ ਜ਼ਮੀਨ ਵਰਗੀਕਰਨ ’ਚ ਸੋਧ ਦੇ ਬਦਲੇ ’ਚ 3 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ।
* 20 ਜਨਵਰੀ ਨੂੰ ਜੈਪੁਰ (ਰਾਜਸਥਾਨ) ’ਚ ਸੀ. ਬੀ. ਆਈ. ਨੇ ਸੈਂਟ੍ਰਲ ਜੀ. ਐੱਸ. ਟੀ. ਦੇ ਇੰਸਪੈਕਟਰ ਸਮੇਤ 3 ਦੋਸ਼ੀਆਂ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਇਕ ਆਈ. ਏ. ਐੱਸ. ਅਧਿਕਾਰੀ ਸਮੇਤ 2 ਅਧਿਕਾਰੀਆਂ ਨੂੰ 35,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 23 ਜਨਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ ਗਾਂਧੀ ਮਾਰਕੀਟ, ਲੁਧਿਆਣਾ ਸਥਿਤ ਆਈ. ਡੀ. ਐੱਫ. ਸੀ. ਬੈਂਕ ਦੇ ਕਲੈਕਸ਼ਨ ਮੈਨੇਜਰ ਬਿਕ੍ਰਮਜੀਤ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ 40,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 24 ਜਨਵਰੀ ਨੂੰ ਚੌਕਸੀ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ, ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ਅਧਿਕਾਰੀਆਂ ਨੇ ਫਤਹਿਪੁਰ ’ਚ ਭੂ-ਸੰਭਾਲ ਵਿਭਾਗ ਦੇ ਜੂਨੀਅਰ ਡ੍ਰਾਫਟਸਮੈਨ ਵਿਵੇਕ ਕੁਮਾਰ ਨੂੰ ਸ਼ਿਕਾਇਤਕਰਤਾ ਕੋਲੋਂ 1.1 ਲੱਖ ਰੁਪਏ ਦੀ ਸਬਸਿਡੀ ਜਾਰੀ ਕਰਨ ਦੇ ਬਦਲੇ ’ਚ 12,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਦਬੋਚਿਆ।
* 24 ਜਨਵਰੀ ਨੂੰ ਹੀ ਪ੍ਰਤਾਪਗੜ੍ਹ (ਰਾਜਸਥਾਨ) ’ਚ ਇਕ ਜੂਨੀਅਰ ਇੰਜੀਨੀਅਰ ਆਸ਼ੂਤੋਸ਼ ਸੁਥਾਰ ਨੂੰ ਇਕ ਲੈਬੋਰੇਟਰੀ ਦੇ ਨਿਰਮਾਣ ਲਈ ਇਕ ਠੇਕੇਦਾਰ ਦਾ 82 ਲੱਖ ਰੁਪਏ ਦਾ ਬਿੱਲ ਪਾਸ ਕਰਨ ਦੇ ਬਦਲੇ ’ਚ ਡੇਢ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।
* 25 ਜਨਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀਆਂ 14 ਟੀਮਾਂ ਨੇ ਤੇਲੰਗਾਨਾ ਸਰਕਾਰ ’ਚ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ ਦੇ ਸਕੱਤਰ ਸ਼ਿਵ ਬਾਲਾਕ੍ਰਿਸ਼ਨ ਦੇ ਸੂਬੇ ’ਚ 20 ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ 100 ਕਰੋੜ ਤੋਂ ਵੱਧ ਦੀ ਅਣਐਲਾਨੀ ਜਾਇਦਾਦ ਜ਼ਬਤ ਕੀਤੀ।
ਉਸ ਕੋਲੋਂ 40 ਲੱਖ ਰੁਪਏ ਨਕਦ, 2 ਕਿਲੋ ਸੋਨਾ, 60 ਮਹਿੰਗੀਆਂ ਘੜੀਆਂ, 14 ਸਮਾਰਟਫੋਨ, 10 ਲੈਪਟਾਪ ਦੇ ਇਲਾਵਾ ਅਚੱਲ ਜਾਇਦਾਦਾਂ ਨਾਲ ਸਬੰਧਤ ਕਈ ਦਸਤਾਵੇਜ਼ ਅਤੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਜ਼ਬਤ ਕੀਤੀਆਂ ਗਈਅਾਂ ਅਤੇ ਅਜੇ ਹੋਰ ਜਾਇਦਾਦ ਮਿਲਣ ਦੀ ਆਸ ਹੈ। ਉਸ ਦੇ ਨਾਂ ’ਤੇ ਮਿਲੇ 4 ਬੈਂਕ ਲਾਕਰਾਂ ਨੂੰ ਅਜੇ ਖੋਲ੍ਹਣਾ ਬਾਕੀ ਹੈ।
ਰਿਸ਼ਵਤਖੋਰੀ ਦੀਆਂ ਉਕਤ ਚੰਦ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਭ੍ਰਿਸ਼ਟ ਅਧਿਕਾਰੀ ਆਪਣੇ ਕਾਰਿਆਂ ਨਾਲ ਕਿਸ ਤਰ੍ਹਾਂ ਦੇਸ਼ ਦੀ ਅਰਥਵਿਵਸਥਾ ਨੂੰ ਘੁਣ ਵਾਂਗ ਖੋਖਲਾ ਕਰ ਰਹੇ ਹਨ।
ਇਸ ਲਈ ਅਜਿਹੇ ਅਧਿਕਾਰੀਆਂ ਵਿਰੁੱਧ ਫਾਸਟ ਟ੍ਰੈਕ ਅਦਾਲਤਾਂ ’ਚ ਮੁਕੱਦਮੇ ਚਲਾ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ, ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗੇ ਅਤੇ ਦੂਜੇ ਅਧਿਕਾਰੀਆਂ ਨੂੰ ਨਸੀਹਤ ਮਿਲੇ।
- ਵਿਜੇ ਕੁਮਾਰ