ਨੂੰਹ-ਪੁੱਤ ਨੇ ਜਾਨਵਰਾਂ ਵਾਂਗ ਕੁੱਟੀ ਵਿਧਵਾ ਮਾਂ, ਗੁਆਂਢੀਆਂ ਨੇ ਛੁਡਵਾਇਆ
Wednesday, Jan 15, 2025 - 03:44 PM (IST)
ਅਬੋਹਰ (ਸੁਨੀਲ) : ਸਥਾਨਕ ਰਾਮਦੇਵ ਨਗਰੀ ਦੀ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਨੂੰ ਬੀਤੀ ਰਾਤ ਉਸਦੇ ਹੀ ਪੁੱਤਰ ਅਤੇ ਨੂੰਹ ਨੇ ਘਰੇਲੂ ਝਗੜੇ ਕਾਰਨ ਇੱਕ ਕਮਰੇ 'ਚ ਬੰਧਕ ਬਣਾ ਕੇ ਰੱਖਣ ਤੋਂ ਬਾਅਦ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਗੁਆਂਢੀਆਂ ਨੇ ਉਸ ਨੂੰ ਉਨ੍ਹਾਂ ਦੇ ਚੰਗੁਲ ਤੋਂ ਛੁਡਵਾਇਆ ਅਤੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਗੁਆਂਢੀਆਂ ਨੇ ਦੱਸਿਆ ਕਿ ਵਿਧਵਾ ਨੂੰ ਉਸਦੇ ਪੁੱਤਰ ਅਤੇ ਨੂੰਹ ਨੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸਦਾ ਪੇਸ਼ਾਬ ਹੀ ਵਿਚਾਲੇ ਨਿਕਲ ਗਿਆ। ਇਲਾਜ ਅਧੀਨ ਕਰੀਬ 70 ਸਾਲਾ ਔਰਤ, ਸ਼ੀਲਾ ਦੇਵੀ ਪਤਨੀ ਸਵ. ਸਤਪਾਲ ਨੇ ਦੱਸਿਆ ਕਿ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦੀ ਹੈ।
ਉਸਦੇ 2 ਪੁੱਤਰ ਹਨ। ਇਨ੍ਹਾਂ ਵਿੱਚੋਂ ਵੱਡੇ ਪੁੱਤਰ ਨੇ ਘਰ ਦਾ ਅੱਧਾ ਹਿੱਸਾ ਛੋਟੇ ਪੁੱਤਰ ਨੂੰ ਦੇ ਕੇ ਵੱਖ ਕਰ ਦਿੱਤਾ ਹੈ, ਜਦੋਂ ਕਿ ਬਾਕੀ ਹਿੱਸੇ ਵਿੱਚ ਉਸਦਾ ਵੱਡਾ ਪੁੱਤਰ ਅਤੇ ਉਸਦੀ ਪਤਨੀ ਰਹਿੰਦੇ ਹਨ ਅਤੇ ਉਹ ਵੀ ਆਪਣੇ ਵੱਡੇ ਪੁੱਤਰ ਨਾਲ ਰਹਿੰਦੀ ਹੈ। ਔਰਤ ਨੇ ਦੱਸਿਆ ਕਿ ਉਸਦੀ ਨੂੰਹ ਮਾਇਆ ਰਾਣੀ ਪਤਨੀ ਜੈਪਾਲ ਉਰਫ਼ ਕਾਲੂ ਇੱਕ ਬਿਊਟੀ ਪਾਰਲਰ 'ਚ ਕੰਮ ਕਰਦੀ ਹੈ, ਜਿਸ ਕਾਰਨ ਉਹ ਅਕਸਰ ਲੇਟ ਹੋ ਜਾਂਦੀ ਹੈ ਅਤੇ ਉਹ ਖ਼ੁਦ ਵੀ ਮਿਹਨਤ-ਮਜ਼ਦੂਰੀ ਕਰਨ ਜਾਂਦੀ ਹੈ। ਇਸ ਘਰ ਦੀ ਸਿਰਫ਼ ਇੱਕ ਹੀ ਚਾਬੀ ਹੈ ਅਤੇ ਉਹ ਅਕਸਰ ਆਪਣੀ ਨੂੰਹ ਨੂੰ ਕਹਿੰਦੀ ਹੈ ਕਿ ਘਰ ਦੀਆਂ ਦੋ ਚਾਬੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਜਦੋਂ ਉਹ ਸ਼ਾਮ ਨੂੰ ਘਰ ਆਵੇ ਤਾਂ ਉਸਨੂੰ ਗੁਆਂਢੀਆਂ ਦੇ ਘਰ ਬੈਠਣ ਲਈ ਮਜਬੂਰ ਨਾ ਹੋਣਾ ਪਵੇ।
ਇਸ ਤੋਂ ਗੁੱਸੇ ਵਿੱਚ ਆ ਕੇ ਬੀਤੀ ਰਾਤ ਉਸਦੇ ਪੁੱਤਰ ਅਤੇ ਨੂੰਹ ਨੇ ਉਸਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਕੁੱਟਮਾਰ ਕੀਤੀ। ਉਸ ਦਾ ਰੌਲਾ ਸੁਣ ਕੇ, ਗੁਆਂਢੀ ਉਸਦੇ ਘਰ ਪਹੁੰਚੇ ਅਤੇ ਉਸਨੂੰ ਉਸਦੇ ਪੁੱਤਰ ਅਤੇ ਨੂੰਹ ਦੇ ਚੁੰਗਲ ਤੋਂ ਛੁਡਾਇਆ ਅਤੇ ਆਪਣੇ ਘਰ ਲੈ ਗਏ। ਜਦੋਂ ਗੁਆਂਢੀਆਂ ਨੇ ਔਰਤ ਦੇ ਚਿਹਰੇ ਤੋਂ ਖੂਨ ਵਗਦਾ ਦੇਖਿਆ ਤਾਂ ਉਨ੍ਹਾਂ ਨੇ 112 ਹੈਲਪਲਾਈਨ ’ਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਔਰਤ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਦੂਜੇ ਪਾਸੇ, ਸ਼ੀਲਾ ਦੀ ਨੂੰਹ ਮਾਇਆ ਦੇਵੀ, ਜੋ ਹਸਪਤਾਲ 'ਚ ਦਾਖ਼ਲ ਹੈ, ਨੇ ਕਿਹਾ ਕਿ ਉਸਦੀ ਸੱਸ ਅਕਸਰ ਗੁਆਂਢੀਆਂ ਦੇ ਪ੍ਰਭਾਵ ਹੇਠ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਹੈ ਅਤੇ ਇੱਕ ਸਾਲ ਵਿੱਚ ਤਿੰਨ ਪੁਲਸ ਪੰਚਾਇਤਾਂ ਹੋ ਚੁੱਕੀਆਂ ਹਨ। ਗੁਆਂਢੀ ਇਸਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ ਤਾਂ ਜੋ ਉਹ ਇੱਥੋਂ ਛੱਡ ਕੇ ਚਲੇ ਜਾਣ। ਬੀਤੇ ਦਿਨ ਵੀ ਉਸਦੀ ਸੱਸ ਨੇ ਗੁਆਂਢੀਆਂ ਦੇ ਬਹਿਕਾਵੇ ਵਿੱਚ ਆ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਪਤੀ ਨੇ ਉਸਨੂੰ ਬਚਾਇਆ।