ਗਊਆਂ ਤੇ ਬਲਦ ਬੁੱਚੜਖਾਨੇ ਲਿਜਾ ਰਹੇ ਪੰਜਾਬ ਪੁਲਸ ਦੇ ਮੁਲਾਜ਼ਮ ਸਮੇਤ 3 ਗ੍ਰਿਫ਼ਤਾਰ

Monday, Jan 13, 2025 - 05:03 PM (IST)

ਗਊਆਂ ਤੇ ਬਲਦ ਬੁੱਚੜਖਾਨੇ ਲਿਜਾ ਰਹੇ ਪੰਜਾਬ ਪੁਲਸ ਦੇ ਮੁਲਾਜ਼ਮ ਸਮੇਤ 3 ਗ੍ਰਿਫ਼ਤਾਰ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਗਊ ਰੱਖਿਆ ਦਲ ਦੀ ਮੁਸ਼ਤੈਦੀ ਨਾਲ ਗਊਆਂ ਅਤੇ ਬਲਦ ਬੁੱਚੜਖਾਨੇ ਲਿਜਾ ਕੇ ਪੰਜਾਬ ਪੁਲਸ ਦੇ ਮੁਲਾਜ਼ਮ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਰੋਬਿਨ ਮਸੀਹ ਪਿੰਡ ਮੱਲੀਆਂ, ਗੁਰਦਾਸਪੁਰ, ਧੰਨਪਤੀ ਵਾਸੀ ਪਿੰਡ ਦਿਓਵਾਲ ਗੁਰਦਾਸਪੁਰ ਅਤੇ ਪਰਵਿੰਦਰ ਕੁਮਾਰ ਵਾਸੀ ਸਮਾਣਾ ਪਟਿਆਲਾ ਵਜੋਂ ਹੋਈ ਹੈ। ਗਊ ਰੱਖਿਆ ਦਲ ਦੇ ਪੰਜਾਬ ਪ੍ਰਧਾਨ ਨਿਕਸ਼ਨ ਕੁਮਾਰ ਵਾਸੀ ਰੂਪਨਗਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ 4-5 ਦਿਨ ਤੋਂ ਕੁਝ ਗੱਡੀਆਂ ਵਾਲੇ ਪਵਾਤ ਪੁਲ ਕੋਲ ਬਣੇ ਸ਼ੈੱਡ ਵਿਚ ਬੈਠੇ ਹਨ ਜਿਨ੍ਹਾਂ ਨੇ ਬਾਹਰ ਬਲਦ ਤੇ ਗਊ ਬੰਨ੍ਹੇ ਹੋਏ ਹਨ। ਬਿਆਨਕਰਤਾ ਅਨੁਸਾਰ ਇਹ ਵਿਅਕਤੀ ਬਲਦ ਤੇ ਗਊਆਂ ਦੀ ਤਸਕਰੀ ਕਰਦੇ ਹਨ। ਅੱਜ ਅੱਧੀ ਰਾਤ ਜਦੋਂ ਉਹ ਆਪਣੇ ਸਾਥੀਆਂ ਸਮੇਤ ਪਵਾਤ ਪੁਲ ’ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਇੱਕ ਪਿਕਅੱਪ ਜੀਪ ਵਿਚ 2 ਵਿਅਕਤੀ ਬਲਦਾਂ ਨੂੰ ਲੱਦ ਰਹੇ ਸਨ ਜਦਕਿ 20 ਤੋਂ ਵੱਧ ਬਲਦ ਅਤੇ ਗਊਆਂ ਆਸਪਾਸ ਖੜੇ ਸਨ। ਜਦੋਂ ਉਨ੍ਹਾਂ ਨੂੰ ਗੱਡੀ ਵਿਚ ਬਲਦ ਭਰਨ ਬਾਰੇ ਪੁੱਛਿਆ ਤਾਂ ਗੱਡੀ ਦੇ ਡਰਾਇਵਰ ਨੇ ਆਪਣਾ ਨਾਮ ਰੋਬਿਨ ਮਸੀਹ ਜਦਕਿ ਬਾਕੀਆਂ ਨੇ ਆਪਣਾ ਨਾਮ ਧੰਨਪਤੀ ਤੇ ਪਰਵਿੰਦਰ ਕੁਮਾਰ ਦੱਸਿਆ। ਮੌਕੇ ’ਤੇ ਇਹ ਵਿਅਕਤੀ ਕੋਈ ਤਸੱਲੀਬਖ਼ਸ ਜਵਾਬ ਨਾ ਦੇ ਸਕੇ। 

ਬਿਆਨਕਰਤਾ ਅਨੁਸਾਰ ਅਸੀਂ ਗਊਆਂ ਤੇ ਬਲਦਾਂ ਦੀ ਹਿੰਦੂ ਧਰਮ ਅਨੁਸਾਰ ਪੂਜਾ ਕਰਦੇ ਹਾਂ ਪਰ ਇਹ ਵਿਅਕਤੀ ਇਨ੍ਹਾਂ ਦੀ ਹੱਤਿਆ ਕਰਨ ਲਈ ਬੁੱਚੜਖਾਨੇ ਲਿਜਾ ਰਹੇ ਸਨ ਜਿਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੂਚਨਾ ਮਿਲਦੇ ਹੀ ਥਾਣਾ ਮੁਖੀ ਪਵਿੱਤਰ ਸਿੰਘ, ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਘੁੰਮਣ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਨੇ ਇਹ ਗਊਆਂ ਅਤੇ ਬਲਦ ਤਸਕਰੀ ਕਰ ਬੁੱਚੜਖਾਨੇ ਲਿਜਾਣ ਵਾਲੇ ਤਿੰਨੇ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਗੱਡੀ ਵੀ ਆਪਣੇ ਕਬਜ਼ੇ ’ਚ ਲੈ ਲਈ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਗਊ ਤੇ ਬਲਦ ਉਨ੍ਹਾਂ ਕਿੱਥੇ ਲਿਜਾ ਕੇ ਵੇਚਣੇ ਸਨ ਅਤੇ ਇਸ ਮਾਮਲੇ ਵਿਚ ਹੋਰ ਵੀ ਕੋਈ ਇਨ੍ਹਾਂ ਦਾ ਸਾਥ ਦੇ ਰਿਹਾ ਹੈ ਜਾਂ ਨਹੀਂ।

ਪੁਲਸ ਮੁਲਾਜ਼ਮ ਨਾਕਿਆਂ ਤੋਂ ਕਢਵਾਉਂਦਾ ਸੀ ਗਊਆਂ ਨਾਲ ਲੱਦੇ ਵਾਹਨ

ਮਾਛੀਵਾੜਾ ਪੁਲਸ ਵਲੋਂ ਗਊਆਂ ਤੇ ਬਲਦਾਂ ਦੀ ਤਸਕਰੀ ਕਰ ਬੁੱਚੜਖਾਨੇ ਲਿਜਾਣ ਦੇ ਮਾਮਲੇ ਵਿਚ ਜੋ 3 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ ਉਨ੍ਹਾਂ ’ਚੋਂ ਇਕ ਵਿਅਕਤੀ ਧੰਨਪਤੀ ਜੋ ਕਿ ਪੁਲਸ ਵਿਚ ਹੋਮਗਾਰਡ ਵਜੋਂ ਤਾਇਨਾਤ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ, ਪੰਜਾਬ ਪ੍ਰਧਾਨ ਨਿਕਸ਼ਨ ਕੁਮਾਰ, ਹਿੰਦੂ ਤਖ਼ਤ ਦੇ ਪ੍ਰੈੱਸ ਸਕੱਤਰ ਕਮਲਜੀਤ ਸਿੰਘ, ਸਕੱਤਰ ਹਰੀ ਓਮ, ਸਲਾਹਕਾਰ ਸੰਦੀਪ ਸ਼ਰਮਾ, ਅਰੁਣ ਕੁਮਾਰ, ਅਮਿਤ ਕੁਮਾਰ ਅਤੇ ਗੌਤਮ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਸ ਦਾ ਇਹ ਮੁਲਾਜ਼ਮ ਗਊਆਂ ਦੀ ਤਸਕਰੀ ਵਿਚ ਅਹਿਮ ਰੋਲ ਨਿਭਾਅ ਰਿਹਾ ਸੀ ਅਤੇ ਇਹ ਆਪਣੇ ਪੁਲਸ ਪਹਿਚਾਣ ਪੱਤਰ ਰਾਹੀਂ ਨਾਕਿਆਂ ਤੋਂ ਗਊਆਂ ਨਾਲ ਭਰੇ ਵਾਹਨ ਕਢਵਾਉਂਦਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਕ ਪ੍ਰਮੁੱਖ ਸਰਗਣਾ ਜੋ ਕਿ ਗਊ ਮਾਸ ਦੀ ਤਸਕਰੀ ਕਰਦਾ ਹੈ, ਉਸਦੀ ਇਸ ਪੁਲਸ ਕਰਮੀ ਨਾਲ ਪੂਰੀ ਗੰਢਤੁੱਪ ਹੈ ਅਤੇ ਉਸ ਦੇ ਲਈ ਇਹ ਗਊਆਂ ਤੇ ਬਲਦਾਂ ਦੀ ਤਸਕਰੀ ਕਰਦਾ ਆ ਰਿਹਾ ਹੈ। ਉਕਤ ਆਗੂਆਂ ਨੇ ਦੱਸਿਆ ਕਿ ਪਹਿਲਾਂ ਇਹ ਪੁਲਸ ਮੁਲਾਜ਼ਮ ਗਊਆਂ ਨਾਲ ਭਰੇ ਵਾਹਨ ਲੰਘਾਉਂਦਾ ਸੀ ਪਰ ਹੁਣ ਇਸ ਨੇ ਆਪਣੀ ਨਵੀਂ ਗੱਡੀ ਖਰੀਦ ਕੇ ਗਊਆਂ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਗਊ ਰੱਖਿਆ ਦਲ ਦੇ ਆਗੂਆਂ ਨੇ ਕਿਹਾ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਅਤੇ ਇਸ ਵਿਚ ਜੋ ਹੋਰ ਮੁਲਜ਼ਮ ਹਨ ਉਨ੍ਹਾਂ ਨੂੰ ਪਰਚੇ ਵਿਚ ਨਾਮਜ਼ਦ ਕਰ ਗ੍ਰਿਫ਼ਤਾਰ ਕੀਤਾ ਜਾਵੇ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੋ ਵੀ ਮਾਮਲੇ ’ਚ ਹੋਰ ਵੀ ਦੋਸ਼ੀ ਹੋਇਆ ਉਸ ਨੂੰ ਨਾਮਜ਼ਦ ਕਰ ਕਾਬੂ ਕੀਤਾ ਜਾਵੇਗਾ।

ਜੰਮੂ ਕਸ਼ਮੀਰ ਹੁੰਦੀ ਹੈ ਗਊ ਮਾਸ ਦੀ ਤਸਕਰੀ

ਪੰਜਾਬ ਵਿਚ ਸੜਕਾਂ ’ਤੇ ਘੁੰਮਦੇ ਬਲਦ ਤੇ ਗਊਆਂ ਤੋਂ ਇਲਾਵਾ ਜੋ ਪਸ਼ੂ ਦੁੱਧ ਨਹੀਂ ਦਿੰਦੇ ਉਨ੍ਹਾਂ ਨੂੰ ਗਊ ਤਸਕਰ ਇਕੱਠਾ ਕਰ ਲੈਂਦੇ ਹਨ ਅਤੇ ਫਿਰ ਵਾਹਨਾਂ ਰਾਹੀਂ ਇੱਕ ਜਗ੍ਹਾ ਗੁਪਤ ਬੁੱਚਡ਼ਖਾਨੇ ਵਿਚ ਇਨ੍ਹਾਂ ਦਾ ਕਤਲ ਕੀਤਾ ਜਾਂਦਾ ਹੈ। ਪੁਲਸ ਜਾਂਚ ਦੌਰਾਨ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਗਊ ਮਾਸ ਦੀ ਤਸਕਰੀ ਏਸੀ ਵਾਹਨਾਂ ਰਾਹੀਂ ਜੰਮੂ ਕਸ਼ਮੀਰ ਵਿਖੇ ਕੀਤੀ ਜਾਂਦੀ ਹੈ ਜਿੱਥੇ ਇਸ ਨੂੰ ਭਾਰੀ ਕੀਮਤ ਵਿਚ ਵੇਚਿਆ ਜਾ ਰਿਹਾ ਹੈ। ਹੋਰ ਤਾਂ ਹੋਰ ਗਊਆਂ ਨੂੰ ਇਕੱਠੇ ਕਰ ਜਿਨ੍ਹਾਂ ਵਾਹਨਾਂ ਵਿਚ ਲੱਦਿਆ ਜਾਂਦਾ ਹੈ ਉਨ੍ਹਾਂ ਦੀ ਬਾਡੀ ਵੀ ਸਪੈਸ਼ਲ ਤਿਆਰ ਕੀਤੀ ਜਾਂਦੀ ਹੈ ਜਿਸ ਵਿਚ ਉਨ੍ਹਾਂ ਨੂੰ ਬੰਨ੍ਹਿਆ ਜਾ ਸਕੇ ਅਤੇ ਤਰਪਾਲਾਂ ਪਾ ਕੇ ਢਕਿਆ ਜਾ ਸਕੇ।


author

Gurminder Singh

Content Editor

Related News