ਨਹੀਂ ਰੁਕ ਰਿਹਾ ਰਾਜਧਾਨੀ ਦਿੱਲੀ ''ਚ ਲਗਾਤਾਰ ਅਪਰਾਧਾਂ ਦਾ ਸਿਲਸਿਲਾ

10/15/2017 12:45:16 AM

ਦੇਸ਼ ਦੀ ਰਾਜਧਾਨੀ ਹੋਣ ਦੇ ਨਾਤੇ ਦਿੱਲੀ ਦੇ ਆਮ ਲੋਕਾਂ ਦੇ ਜ਼ਿਆਦਾ ਸੁਰੱਖਿਅਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਸਥਿਤੀ ਇਸ ਦੇ ਪੂਰੀ ਤਰ੍ਹਾਂ ਉਲਟ ਹੈ ਅਤੇ ਇਹ ਅਪਰਾਧਾਂ ਦੀ ਰਾਜਧਾਨੀ ਬਣ ਕੇ ਰਹਿ ਗਈ ਹੈ, ਜੋ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 05 ਅਕਤੂਬਰ ਨੂੰ ਦੱਖਣੀ ਦਿੱਲੀ ਦੇ ਮਾਲਵੀਆ ਨਗਰ 'ਚ ਸਥਿਤ ਇਕ ਸਕੂਲ ਦੇ ਪਖਾਨੇ 'ਚ 6 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਦੇ ਮਾਮਲੇ 'ਚ ਪੁਲਸ ਨੇ ਦੋਸ਼ੀ ਹਾਊਸ ਕੀਪਿੰਗ ਸਟਾਫ ਨੂੰ ਗ੍ਰਿਫਤਾਰ ਕੀਤਾ। ਰਿਪੋਰਟਾਂ ਮੁਤਾਬਿਕ ਇਹ ਘਟਨਾ ਉਦੋਂ ਵਾਪਰੀ, ਜਦੋਂ ਪਹਿਲੀ ਜਮਾਤ ਦੀ ਵਿਦਿਆਰਥਣ ਟਾਇਲਟ ਗਈ ਹੋਈ ਸੀ। 
* 06 ਅਕਤੂਬਰ ਨੂੰ ਉੱਤਰ-ਪੱਛਮੀ ਦਿੱਲੀ ਦੇ ਮੁਕੰਦਪੁਰ ਚੌਕ 'ਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 
* 06 ਅਕਤੂਬਰ ਨੂੰ ਹੀ ਮਾਇਆਪੁਰੀ ਥਾਣਾ ਖੇਤਰ 'ਚ ਦੁਕਾਨ ਤੋਂ ਪਨੀਰ ਖਰੀਦਣ ਗਈ ਔਰਤ ਤੋਂ ਬਦਮਾਸ਼ਾਂ ਨੇ ਸੋਨੇ ਦੀ ਚੇਨ ਤੇ ਮੋਬਾਈਲ ਲੁੱਟ ਲਿਆ। 
* 06 ਅਕਤੂਬਰ ਨੂੰ ਹੀ ਪੰਜਾਬੀ ਬਾਗ ਥਾਣਾ ਖੇਤਰ ਵਿਚ ਸਕੂਟੀ ਸਵਾਰ 3 ਬਦਮਾਸ਼ਾਂ ਨੇ ਇਕ ਨੌਜਵਾਨ ਤੋਂ ਬੈਗ, ਮੋਬਾਈਲ ਤੇ ਨਕਦੀ ਲੁੱਟ ਲਈ।
* 06 ਅਕਤੂਬਰ ਨੂੰ ਹੀ ਨਰੇਲਾ 'ਚ ਝਪਟਮਾਰੀ ਦੀ ਘਟਨਾ ਵਾਪਰੀ ਅਤੇ ਡਾਬੜੀ ਇਲਾਕੇ 'ਚ ਬਦਮਾਸ਼ ਨੇ ਇਕ ਮੁਟਿਆਰ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ।
* 06 ਅਕਤੂਬਰ ਨੂੰ ਹੀ ਦਿੱਲੀ ਦੀ ਆਜ਼ਾਦਪੁਰ ਮੰਡੀ ਵਿਚ 2 ਬਦਮਾਸ਼ਾਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ 10 ਲੱਖ ਰੁਪਏ ਲੁੱਟ ਲਏ। ਪੀੜਤ ਵਿਅਕਤੀ ਮੰਡੀ ਦੇ ਇਕ ਆੜ੍ਹਤੀ ਕੋਲ ਕੰਮ ਕਰਦਾ ਹੈ। 
* 07 ਅਕਤੂਬਰ ਨੂੰ ਰਾਜਧਾਨੀ ਦੇ ਮਾਨਸਰੋਵਰ ਇਲਾਕੇ 'ਚ ਇਕ 82 ਸਾਲਾ ਔਰਤ, ਉਸ ਦੀਆਂ 3 ਧੀਆਂ ਅਤੇ ਇਕ ਗਾਰਡ ਦੀ ਹੱਤਿਆ ਕਰ ਦਿੱਤੀ ਗਈ। 
* 07 ਅਕਤੂਬਰ ਨੂੰ ਹੀ ਆਊਟਰ ਦਿੱਲੀ ਦੇ ਪੱਛਮ-ਵਿਹਾਰ ਵਿਚ ਚੋਰ ਘਰ ਦੇ ਅੰਦਰੋਂ ਕਾਰ ਦੀ ਚਾਬੀ ਲੈ ਕੇ ਇਕ ਕਾਰੋਬਾਰੀ ਦੀ ਸਕੌਡਾ ਕਾਰ ਲੈ ਉੱਡੇ। 
* 07 ਅਕਤੂਬਰ ਦੀ ਦੇਰ ਰਾਤ ਨੂੰ ਹੋਂਡਾ ਸਿਟੀ ਕਾਰ 'ਚ ਆਏ ਚੋਰ ਨਰੇਲਾ ਦੇ ਸੈਕਟਰ-10 ਵਿਚ ਸਥਿਤ ਮਾਰਕੀਟ ਦੀਆਂ ਅੱਧਾ ਦਰਜਨ ਤੋਂ ਜ਼ਿਆਦਾ ਦੁਕਾਨਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
* 08 ਅਕਤੂਬਰ ਨੂੰ ਦੱਖਣ-ਪੂਰਬੀ ਦਿੱਲੀ 'ਚ ਨਿਊ ਫਰੈਂਡਜ਼ ਕਾਲੋਨੀ ਥਾਣਾ ਖੇਤਰ ਵਿਚ ਇਕ ਮੁਟਿਆਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਕਾਤਿਲ ਨੇ ਲਾਸ਼ ਨੂੰ ਬੈੱਡਸ਼ੀਟ 'ਚ ਲਪੇਟਿਆ ਤੇ ਘਰ ਤੋਂ ਦੂਰ ਸੜਕ ਕਿਨਾਰੇ ਸੁੱਟ ਦਿੱਤਾ ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ।
* 08 ਅਕਤੂਬਰ ਨੂੰ ਹੀ ਉੱਤਰ-ਪੱਛਮੀ ਦਿੱਲੀ ਦੇ ਰੋਹਿਣੀ ਵਿਚ ਇਕ ਵਿਅਕਤੀ ਨੇ ਕਰਵਾਚੌਥ ਦਾ ਵਰਤ ਨਾ ਰੱਖਣ 'ਤੇ ਆਪਣੀ ਪਤਨੀ ਨੂੰ ਛੁਰਾ ਮਾਰ ਦਿੱਤਾ ਤੇ ਫਿਰ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
* 09 ਅਕਤੂਬਰ ਦੀ ਰਾਤ ਨੂੰ ਜਨਮ ਦਿਨ ਦੀ ਇਕ ਪਾਰਟੀ ਦੇ ਸਿਲਸਿਲੇ ਵਿਚ ਨਵੀਂ ਦਿੱਲੀ ਦੇ ਇਕ ਹੋਟਲ ਵਿਚ ਸੱਦੀਆਂ ਗਈਆਂ 2 ਭੈਣਾਂ ਨਾਲ ਗੈਂਗਰੇਪ ਕੀਤਾ ਗਿਆ। 
* 11 ਅਕਤੂਬਰ ਨੂੰ ਦੱਖਣੀ ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿਚ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੇ ਨੰਗਲ ਦੇਵਟ ਰੋਡ ਉੱਤੇ ਟੈਕਸੀ ਦੀ ਉਡੀਕ ਕਰ ਰਹੀ 34 ਸਾਲਾ ਔਰਤ ਨੂੰ ਧੂਹ ਕੇ ਝਾੜੀਆਂ ਵਿਚ ਲਿਜਾਣ ਦੀ ਕੋਸ਼ਿਸ਼ ਕੀਤੀ।
* 11 ਅਕਤੂਬਰ ਨੂੰ ਹੀ ਰੋਹਿਣੀ ਇਲਾਕੇ ਵਿਚ ਬਿਹਾਰ ਦੇ ਭਾਜਪਾ ਵਿਧਾਇਕ ਜੀਬੇਸ਼ ਕੁਮਾਰ ਨੂੰ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਬੰਦੂਕ ਦੀ ਨੋਕ 'ਤੇ ਲੁੱਟ ਲਿਆ।
* 12 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰ ਦਿੱਲੀ ਸਕੱਤਰੇਤ ਦੇ ਬਾਹਰੋਂ ਚੋਰੀ ਹੋ ਗਈ, ਜੋ ਸ਼ਨੀਵਾਰ ਨੂੰ ਬਰਾਮਦ ਕਰ ਲਈ ਗਈ।
ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਜੇ ਰਾਜਧਾਨੀ 'ਚ ਮੁੱਖ ਮੰਤਰੀ ਦੀ ਕਾਰ ਤਕ ਸੁਰੱਖਿਅਤ ਨਹੀਂ ਹੈ ਤਾਂ ਹੋਰ ਕਿਸੇ ਦੀ ਸੁਰੱਖਿਆ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। 
ਹੋਰਨਾਂ ਅਪਰਾਧਾਂ ਤੋਂ ਇਲਾਵਾ ਰਾਜਧਾਨੀ ਵਿਚ ਰੋਜ਼ਾਨਾ 6 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਇਨ੍ਹਾਂ 'ਚੋਂ 2 ਕੇਸ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਪੀੜਤ ਨਾਬਾਲਗ ਹੁੰਦੀਆਂ ਹਨ। ਦੂਜੇ ਪਾਸੇ ਰੋਜ਼ਾਨਾ 10 ਬੱਚੀਆਂ ਸਮੇਤ 16 ਤੋਂ ਜ਼ਿਆਦਾ ਬੱਚਿਆਂ ਨੂੰ ਅਗਵਾ ਕੀਤੇ ਜਾਣ ਦੀ ਖ਼ਬਰ ਹੈ। ਇਥੇ ਹੀ ਬਸ ਨਹੀਂ, ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿਚ ਰੋਜ਼ਾਨਾ 2 ਬੱਚੀਆਂ ਨਾਲ ਬਲਾਤਕਾਰ ਹੁੰਦਾ ਹੈ। 
ਉਕਤ ਘਟਨਾਵਾਂ ਦਿੱਲੀ ਦਾ ਬੇਹੱਦ ਨਾਂਹ-ਪੱਖੀ ਅਕਸ ਪੇਸ਼ ਕਰਦੀਆਂ ਹਨ, ਲਿਹਾਜ਼ਾ ਸਰਕਾਰ ਤੇ ਪੁਲਸ ਮਹਿਕਮੇ ਨੂੰ ਇਸ ਸਬੰਧ 'ਚ ਗੰਭੀਰਤਾ ਨਾਲ ਕਾਰਵਾਈ ਕਰਦਿਆਂ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਜ਼ਰੀਏ ਇਸ ਰੁਝਾਨ 'ਤੇ ਰੋਕ ਲਾਉਣ ਦੀ ਫੌਰਨ ਲੋੜ ਹੈ। 
—ਵਿਜੇ ਕੁਮਾਰ


Vijay Kumar Chopra

Chief Editor

Related News